ਤਿੜਕੇ ਸ਼ੀਸੇ ਅੰਦਰ ਦਿਸਦੇ ਕਿੰਨੇ ਆਪਣੇ ਚਿਹਰੇ!
ਉਵੇਂ ਮਨ ਵਿੱਚ ਉੱਗ ਪਏ ਨੇ ਕੰਜਰ ਦੁੱਖ ਬਥੇਰੇ!
ਤਿੜਕ ਗਿਆ ਹੈ ਮਨ ਦਾ ਸ਼ੀਸਾ ਕਿਸੇ ਤਰ੍ਹਾਂ ਨਾ ਜੁੜਦਾ,
ਜੋੜਨ ਦੇ ਲਈ ਦੂਰ-ਦੂਰ ਤਕ ਕੱਢ ਆਇਆਂ ਹਾਂ ਗੇੜੇ।
ਮਨ ਲੋਗੜ ਦੀਆਂ ਤੰਦਾਂ ਵਾਂਗੂੰ ਤੂੰਬੇ-ਤੂੰਬੇ ਹੋਇਆ,
ਪਿੰਜਣ ਵਾਲਾ ਕੋਈ ਨਾ ਦਿਸਦਾ ਪੇਂਜਾ ਨੇੜੇ-ਤੇੜੇ।
ਵੈਦ ਹਕੀਮਾਂ ਝਾੜ-ਫੂਕ ਕੇ ਲੁਟ ਲਿਆ ਧੰਨ ਮੇਰਾ,
ਡਾਕਟਰ ਵੀ ਮੂੰਹ ਅੱਡੀ ਬੈਠੇ ਜ਼ਾਲਮ ਹੋਰ ਅਗੇਰੇ।
ਜਾਵਾਂ ਤਾਂ ਹੁਣ ਕਿੱਧਰ ਜਾਵਾਂ, ਜਾਨ ਮੇਰੀ ਤੇ ਪੈ ਗਈ,
ਆਪਣਾ ਵੀ ਕੋਈ ਨਜ਼ਰ ਨਾ ਆਵੇ ਲੋੜ ਪਈ ਤੋਂ ਨੇੜੇ।
ਰੱਬ ਕਿਤੇ ਨਾ ਦੀਹਦਾ ਮੈਨੂੰ ਅੱਖਾਂ ਢੂੰਡੀ ਜਾਵਣ,
ਮੰਦਰ- ਮਸਜਦ-ਗੁਰੁਦੁਆਰੇ ਪਾ ਆਇਆ ਹਾਂ ਫੇਰੇ।
ਦੁੱਖਾਂ ਦੀ ਦਲਦਲ ਵਿੱਚ ਫਸਿਆ ਮਨ ਜਦ ਮਾਰੇ ਚੀਕਾਂ,
ਦਿਲ ਵੀ ਹਰਕਤ ਕਰਦਾ ਕਰਦਾ ਭੁਲਦਾ ਜਾਂਦਾ ਖੇੜੇ।
ਤੂੰ-ਤੂੰ,ਮੈਂ-ਮੈਂ ਮਨ ਤੇ ਦਿਲ ਦੀ ਡੇਗ ਲਿਆ ਤਨ ਮੇਰਾ,
ਇਹ ਤਨ ਕੰਪਨ ਕਰਦਾ-ਕਰਦਾ ਰਾਗ ਅਜ਼ਲ ਦਾ ਛੇੜੇ।
ਮੌਤ ਬਹੋਨੇ ਰੱਤਾ ਸ਼ਾਲੂ ਪਹਿਨ ਪੱਚਰ ਕੇ ਫਿਰਦੀ,
ਕਹਿੰਦੀ ਸੱਜਣਾ ਬੰਨ ਲੈ ਸਿਰ ਤੇ ਲਿਸ਼-ਲਿਸ਼ ਕਰਦੇ ਸਿਹਰੇ।