ਦਾਣਾ-ਪਾਣੀ (ਕਹਾਣੀ)

ਬਲਵਿੰਦਰ ਸਿੰਘ ਕਾਲੀਆ   

Email: balwinder.kalia@gmail.com
Cell: +91 99140 09160
Address:
ਲੁਧਿਆਣਾ India
ਬਲਵਿੰਦਰ ਸਿੰਘ ਕਾਲੀਆ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਦੋਂ ਵੀ ਦੇਸ਼ ਜਾਂ ਰਾਜ ਵਿਚ ਚੋਣਾਂ ਦਾ ਸਮਾਂ ਹੁੰਦਾ ਹੈ ਤਾਂ ਹਰ ਆਮ ਵਿਅਕਤੀ ਨਵੀਂ ਚੁਣੀ ਜਾਣ ਵਾਲੀ ਸਰਕਾਰ ਤੋਂ ਦੇਸ਼ ਨੂੰ ਦਰਪੇਸ਼ ਤਮਾਮ ਸਮੱਸਿਆਵਾਂ ਦੇ ਹੱਲ ਦੀ ਆਸ ਲਗਾਉਣ ਲੱਗ ਜਾਂਦਾ। ਹਰ ਆਮ ਵਿਅਕਤੀ ਆਪਣੇ ਅੰਦਰ ਕਿਸੇ ਨਾ ਕਿਸੇ ਸਮੱਸਿਆ ਦੇ ਸੰਭਾਵੀ ਹੱਲ ਦਾ ਕਿਸੇ ਨਾ ਕਿਸੇ ਤਰ੍ਹਾਂ ਦਾ ਹੱਲ ਲੈ ਕੇ ਬੈਠਾ ਹੁੰਦਾ- ਜੇ ਸਰਕਾਰ ਐਂ ਕਰ ਦੇਵੇ ਤਾਂ ਐਂ ਪੱਕਾ ਹੋ ਸਕਦਾ, ਜੇ ਕਿਤੇ ਆਹ ਹੋ ਜਾਵੇ ਤਾਂ ਆਹ ਸਮੱਸਿਆ ਤਾਂ ਸਮਝੋ ਜੜ੍ਹੋਂ ਖਤਮ, ਜੇ ਫਲਾਣੀ ਗੱਲ ਕਿਤੇ ਸੱਚ ਹੋ ਜਾਵੇ ਤਾਂ ਢਿਮਕੀ ਬਿਮਾਰੀ ਦਾ ਸਫਾਇਆ, ਤੇ ਹੋਰ ਪਤਾ ਨੀਂ ਕੀ ਕੁਝ ਹੁੰਦਾ ਹੈ ਆਮ ਬੰਦੇ ਦੇ ਮਨ ਤੇ ਦਿਲ ਵਿਚ ਜੋ ਉਹ ਹਰ ਨਵੀਂ ਚੁਣੀ ਜਾਣ ਵਾਲੀ ਸਰਕਾਰ ਦੁਆਰਾ ਪੂਰਾ ਕੀਤਾ ਜਾਣਾ ਲੋਚਦਾ ਹੈ। ਪਰ ਅਫਸੋਸ ਜਿਹਨਾਂ ਲੋਕਾਂ ਨੇ ਸਰਕਾਰ ਬਣਾਉਣੀ ਹੁੰਦੀ ਹੈ ਉਹਨਾਂ ਦੇ ਮਨਾਂ, ਦਿਲਾਂ ਵਿਚ ਅਜਿਹੀ ਕੋਈ ਵੀ ਸਮੱਸਿਆ ਨਹੀਂ ਹੁੰਦੀ ਜਿਸ ਦਾ ਉਹਨਾਂ ਪੱਕਾ ਹੱਲ ਕਰਨਾ ਹੋਵੇ ਸਗੋਂ ਉਹਨਾਂ ਦੇ ਮੁੱਖ ਏਜੰਡੇ ਵਿਚ ਤਾਂ ਦੂਸਰੀਆਂ ਪਾਰਟੀਆਂ ਨੂੰ ਕਿਵੇਂ ਹਰਾਉਣਾ, ਕਿਵੇਂ ਦੂਜੀਆਂ ਪਾਰਟੀਆਂ ਦੇ ਬੰਦੇ ਪੱਟਣੇ, ਕਿਵੇਂ ਵੋਟਰਾਂ ਨੂੰ ਭਰਮਾਉਣਾ, ਕਿਵੇਂ ਕੋਈ ਧਾਰਮਿਕ, ਸਮਾਜਿਕ ਮੁੱਦਾ ਵੋਟਾਂ ਦੇ ਦਿਨਾਂ ਵਿਚ ਉਛਾਲਣਾ ਤੇ ਕਿਵੇਂ ਕਿਹੜੇ ਵਰਗ ਨੂੰ ਲਾਰਿਆਂ ਦਾ ਮੀਂਹ ਪਾ ਕੇ ਨਿਹਾਲ ਕਰਨਾ ਤੇ ਆਪਣੇ ਝੰਡੇ ਚੁਕਾ ਕੇ ਜ਼ਿੰਦਾਬਾਦ ਤੇ ਮੁਰਦਾਬਾਦ ਦੇ ਰੰਗ ਵਿਚ ਜ਼ਮਾਨੇ ਨੂੰ ਰੰਗਣਾ ਹੀ ਹੁੰਦਾ ਹੈ।  
‘ਆਹ ਵੇਖੋ ਮੁੱਖ ਮੰਤਰੀ ਸਾਬ ਨੇ ਬਿਆਨ ਦਿੱਤਾ ਬਈ ਹੁਣ ਅਸੀਂ ਨੌਜਵਾਨਾਂ ਨੂੰ ਬਾਹਰਲੇ ਦੇਸ਼ਾਂ ਵੱਲ ਨਹੀਂ ਜਾਣ ਦਿਆਂਗੇ, ਇਹੋ ਨਹੀਂ ਸਗੋਂ ਬਾਹਰ ਗਏ ਹੋਇਆਂ ਨੂੰ ਵੀ ਵਾਪਸ ਬੁਲਾਵਾਂਗੇ ਤੇ ਇਥੇ ਪੰਜਾਬ ਵਿਚ ਇੰਨਾ ਵਧੀਆ ਮਾਹੌਲ ਕਰ ਦੇਣਾ ਬਈ ਉਲਟਾ ਅੰਗਰੇਜ਼ ਇਥੇ ਪੜ੍ਹਣ ਤੇ ਕੰਮ ਕਰਨ ਆਇਆ ਕਰਨਗੇ’ ਸੱਥ ਵਿਚ ਬੈਠੇ ਸੇਵਾ ਮੁਕਤ ਮਾਸਟਰ ਗੁਰਦੇਵ ਸਿੰਘ ਨੇ ਆਪਣੇ ਹੱਥ ਵਿਚ ਫੜੇ ਅਖਬਾਰ ਤੋਂ ਇਹ ਸਭ ਬਾਕੀ ਸਾਥੀਆਂ ਨੂੰ ਪੜ੍ਹ ਕੇ ਸੁਣਾਇਆ। 
‘ਓਹ ਰਹਿਣ ਦੇ ਭਰਾਵਾ, ਹਾਲੇ ਤਾਂ ਬੈਂਕ ਦਾ ਕਰਜ਼ਾ ਵੀ ਨੀਂ ਮੋੜਿਆ ਜੇ ਹੁਣੇ ਜੁਆਕਾਂ ਨੂੰ ਵਾਪਸ ਬੁਲਾਉਣ ਲੱਗ ਪਈ ਸਰਕਾਰ ਤਾਂ ਜਿਹੜਾ ਲੱਖਾਂ ਰੁਪਏ ਕਰਜ਼ਾ ਚੱਕ ਕੇ ਜੁਆਕਾਂ ਨੂੰ ਬਾਹਰ ਭੇਜਿਆ ਉਹ ਕੀਹਨੇ ਤੇ ਕਿਵੇਂ ਮੋੜਣਾ?’ ਨੇੜੇ ਬੈਠਾ ਕਰਤਾਰ ਸਿੰਘ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ।
‘ਲਓ ਜੀ! ਕਰਤਾਰ ਸਿੰਓਂ ਤਾਂ ਇਉਂ ਡਰ ਗਿਆ ਜਿਵੇਂ ਅੱਜ ਹੀ ਕੈਨੇਡਾ, ਅਮਰੀਕੇ ਵਾਲੇ ਜੁਆਕਾਂ ਦੇ ਜ਼ਹਾਜ ਭਰ ਕੇ ਵਾਪਸ ਭੇਜਣੇ ਸ਼ੁਰੂ ਕਰ ਦੇਣਗੇ। ਉਹ ਭਰਾਵਾ ਇਹ ਤਾਂ ਗੱਲਾਂ ਹੁੰਦੀਆਂ ਸਰਕਾਰਾਂ ਦੀਆਂ। ਜਿਹੜਾ ਕੁਝ ਕਹਿ ਕੇ ਕੋਈ ਸਰਕਾਰ ਬਣੀਂ ਹੁੰਦੀ ਆ ਉਸ ਨੇ ਉਹੋ ਜਿਹੇ ਬਿਆਨ ਇੱਕ ਅੱਧੀ ਵਾਰ ਤਾਂ ਦੇਣੇ ਹੀ ਹੁੰਦੇ, ਤੂੰ ਤਾਂ ਉਈਂ ਦਿਲ ’ਤੇ ਲਾ ਗਿਆ।’ ਸਾਬਕਾ ਸਰਪੰਚ ਨੇ ਲੀਡਰਾਂ ਬਾਰੇ ਆਪਣਾ ਤਜਰਬਾ ਸਾਂਝਾ ਕਰਦਿਆਂ ਕਿਹਾ। 
‘ਐਂ ਤਾਂ ਮੋਦੀ ਕਹਿੰਦਾ ਸੀ ਬਈ ਹਰੇਕ ਦੇ ਖਾਤੇ ‘ਚ 15-15 ਲੱਖ ਆਊ, ਆ ਗਿਆ? ਸੁਖਬੀਰ ਕਹਿੰਦਾ ਸੀ ਪਾਣੀ ‘ਚ ਬੱਸਾਂ ਚਲਾਊਂ, ਚੱਲ ਪੀਆਂ, ਪੁਰਾਣੀ ਸਰਕਾਰ ਕਹਿੰਦੀ ਸੀ ਘਰ ਘਰ ਰੁਜ਼ਗਾਰ ਦੇਣਾ, ਹਰੇਕ ਘਰ ਦਾ ਇੱਕ ਇੱਕ ਬੰਦਾ ਨੌਕਰੀ ‘ਤੇ ਲੱਗੂ….’  
ਪਰਗਟ ਦੀ ਗੱਲ ਨੂੰ ਵਿਚੋਂ ਕੱਟਦਿਆਂ ਭਿੰਦੀ ਅਮਲੀ ਨੇ ਬੋਲਣਾ ਸ਼ੁਰੂ ਕੀਤਾ, ‘ਲਾ ਓ ਚਾਚਾ ਸਿਆਂ ਸਾਰਾ ਕੁਝ ਸੱਚ ਤਾਂ ਕਹਿੰਦੇ ਸੀ ਉਹ ਵਿਚਾਰੇ! ਮੈਨੂੰ ਤਾਂ ਮਿਲਗੀ ਸੀ ਬਈ ਨੌਕਰੀ ਮੈਂ ਤਾਂ ਲੱਗ ਗਿਆ ਸੀ ਕੰਨਗੋ, ਰਿਟਾਇਰ ਵੀ ਹੋ ਗਿਆ, ਹੁਣ ਤਾਂ ਸੁੱਖ ਨਾਲ ਪੈਨਸ਼ਨ ਬਥੇਰੀ ਆ ਜਾਂਦੀ ਆ,  ਉਹ ਮੋਦੀ ਆਲੇ ਪੰਦਰਾਂ ਲੱਖ ਦੀ ਤਾਂ ਆਪਾਂ ਐਫ.ਡੀ ਕਰਾ ਤੀ ਸੀ, ਮੇਰੇ ਖਾਤੇ ’ਚ ਤਾਂ ਉਹ ਵੀ ਆ ਗਿਆ ਸੀ, ਆਹ ਆਪਣੇ ਸੁਖਵੀਰ ਦੀ ਬਸ ਵਿਚ ਤਾਂ ਮੈਂ ਰੋਜ਼ ਹੀ ਝੂਟੇ ਲੈ ਆਉਣਾ, ਮੇਰਾ ਤਾਂ ਉਹਨੇ ਪੱਕਾ ਪਾਸ ਹੀ ਬਣਵਾ ਦਿੱਤਾ, ਕਿਰਾਏ ਭਾੜੇ ਦੀ ਵੀ ਚਿੰਤਾ ਨੀਂ ਆਪਾਂ ਨੂੰ ਤਾਂ, ਫਿਰ ਵੀ ਸਟਾਫ ਮੈਂਬਰਾਂ ਦਾ ਤਾਂ ਅਗਲਾ ਖਿਆਲ ਰੱਖਦਾ ਈ ਆ…।’
‘ਬਸ! ਬਸ! ਬਹੁਤਾ ਰੌਲਾ ਨੀਂ ਪਾਈਦਾ ਪੈਸੇ ਦਾ, ਕਿਤੇ ਡਾਕਾ ਨਾ ਪਵਾਲੀਂ ਆਪਣੇ ਘਰ’ ਕੋਲ ਬੈਠੇ ਜੈਲੇ ਨੇ ਮਖੌਲ ਕੀਤਾ। 
‘ਤੁਸੀਂ ਤਾਂ ਉਈਂ ਭਕਾਈ ਮਾਰੀ ਜਾਨੇ ਓ, ਮਾਸਟਰ ਜੀ ਨੂੰ ਤਾਂ ਪੁੱਛ ਲਓ ਅੱਗੇ ਕੀ ਕਹਿੰਦੀ ਆ ਖਬਰ’।  ਤੇਜੇ ਪਟਵਾਰੀ ਨੇ ਸਿਆਣਪ ਤੋਂ ਕੰਮ ਲੈਂਦਿਆਂ ਸਭ ਨੂੰ ਚੁੱਪ ਕਰਾਇਆ।
“ਖਬਰ ਨੇ ਅੱਗੇ ਤਾਂ ਕੀ ਕਹਿਣਾ ਪਟਵਾਰੀ ਸਾਬ, ਬਸ ਇਹ ਤਾਂ ਬਿਆਨ ਹੀ ਹੁੰਦੇ, ਕਰਨਾ  ਕਰਾਉਣਾ ਤਾਂ ਕੀ ਹੁੰਦਾ ਸਰਕਾਰਾਂ ਨੇ। ਨਾਲੇ ਇਹ ਕੋਈ ਨਿੱਕਾ ਮੁੱਦਾ ਤਾਂ ਹੈ ਨੀਂ ਜਿਹੜਾ ਚੁਟਕੀ ਨਾਲ ਹੱਲ ਹੋ ਜੂ, ਇਹਦੇ ਲਈ ਸਾਲਾਂ ਦੀ ਮਿਹਨਤ ਚਾਹੀਦੀ ਆ, ਤੁਸੀਂ ਹਿਸਾਬ ਲਾ ਲਓ ਆਪਣੇ ਦੇਸ਼ ਚੋਂ  ‘ਕੱਲੇ ਕੈਨੇਡਾ ਨੂੰ ਹੀ ਹਰ ਸਾਲ ਡੇਢ ਲੱਖ ਮੁੰਡੇ-ਕੁੜੀਆਂ ਜਹਾਜ਼ ਚੜ੍ਹਦੇ ਤੇ ਹੋਰਾਂ ਦੇਸ਼ਾਂ ਨੂੰ ਵੀ ਕੁਝ ਨਾ ਕੁਝ ਜ਼ਰੂਰ ਜਾਂਦੇ ਹੋਣਗੇ, ਚਲ ਜੇ ਦੋ ਲੱਖ ਹੀ ਹਰ ਸਾਲ ਲਾ ਲਈਏ ਤਾਂ ਸੋਚੋ ਕੀ ਸਾਡੀਆਂ ਸਰਕਾਰਾਂ ਹਰ ਸਾਲ ਦੋ ਲੱਖ ਨੌਜਵਾਨਾਂ ਨੂੰ ਆਪਣੇ ਦੇਸ਼ ਵਿਚ ਨੌਕਰੀ ਦੇਣ ਦੇ ਸਮਰੱਥ ਨੇ, ਇਹਨਾਂ ਤੋਂ ਤਾਂ ਪਹਿਲਾਂ ਨੌਕਰੀ ਕਰਦੇ ਨੀਂ ਸਾਂਭੇ ਜਾਂਦੇ, ਉਹਨਾਂ ਨੂੰ ਆਨੀ-ਬਹਾਨੀਂ ਕੱਢਣ ਨੂੰ ਫਿਰਦੇ, ਪੱਕੀਆਂ ਤਨਖਾਹਾਂ ਦੇਣ ਨੂੰ ਤਿਆਰ ਨੀਂ, ਸਾਰੀ ਭਰਤੀ ਠੇਕੇ ’ਤੇ, ਪੰਜਾਹ ਕਿਸਮ ਦੇ ਤਾਂ ਇਹਨਾਂ ਸਰਕਾਰਾਂ ਨੇ ਵਰਗ ਬਣਾਤੇ ਠੇਕੇ ਵਾਲੇ ਮੁਲਾਜ਼ਮਾਂ ਦੇ, ਪੈਨਸ਼ਨਾਂ ਇਹਨਾਂ ਨੇ ਬੰਦ ਕਰਤੀਆਂ, ਉਤੋਂ ਕਹਿੰਦੇ ਆ ਅਸੀਂ ਬਾਹਰਲੇ ਦੇਸ਼ਾਂ ਨੂੰ ਨੌਜਵਾਨ ਜਾਣੋ ਬੰਦ ਕਰਦਾਂਗੇ, ਅੰਗਰੇਜ਼ ਇਧਰ ਨੌਕਰੀ ਕਰਨ ਆਉਣਗੇ…’ ਮਾਸਟਰ ਜੀ ਨੇ ਆਪਣੇ ਮਨ ਭੜਾਸ ਕੱਢੀ।
‘ਵੈਸੇ ਹੈ ਤਾਂ ਇਹ ਮਾੜਾ ਕੰਮ ਹੀ, ਜਿਹੜਾ ਪੰਜਾਬ ਦੇ ਪੜ੍ਹੇ ਲਿਖੇ ਜੁੁਆਕ ਬਾਹਰ ਜਾ ਰਹੇ ਨੇ,  ਉਧਰ ਜਾ ਕੇ ਕੇਸ ਕਟਾ ਦਿੰਦੇ ਆ, ਆਪਣੀ ਬੋਲੀ ਭੁੱਲ ਜਾਂਦੇ ਆ, ਹੌਲੀ ਹੌਲੀ ਮੈਨੂੰ ਤਾਂ ਲੱਗਦਾ ਪੰਜਾਬੀ ਨੇ ਇਉਂ ਹੀ ਖਤਮ ਹੋ ਜਾਣਾ।’ ਗਿਆਨੀ ਗੁਰਨਾਮ ਸਿੰਘ ਨੇ ਆਪਣੀ ਚਿੰਤਾ ਪ੍ਰਗਟਾਈ। 
‘ਮਾੜਾ ਤਾਂ ਚਲੋ ਹੈ ਹੀ, ਪਰ ਜਦੋਂ ਦੇਸ਼ ਦੀਆਂ ਸਰਕਾਰਾਂ ਨੇ ਹਾਲਾਤ ਹੀ ਇਸ ਤਰ੍ਹਾਂ ਦੇ ਬਣਾ ਦਿੱਤੇ ਬਈ ਲੋਕਾਂ ਬਾਰੇ ਸੋਚੋ ਹੀ ਨਾ ਆਪਣੇ ਮਹਿਲ ਬਣਾਓ, ਬਂੈਕਾਂ ਭਰੋ, ਸਰਕਾਰੇ ਦਰਬਾਰੇ ਕੁਝ ਕੁ ਹੀ ਲੋਕਾਂ ਦਾ ਦਬਦਬਾ, ਸੰਪਤੀ, ਪੈਸੇ ਤੇ ਇਹਨਾਂ ਦਾ ਕਬਜ਼ਾ, ਨੌਕਰੀਆਂ ਖਤਮ, ਕੰਮ ਧੰਦੇ ਚੌਖਟ, ਫਿਰ ਆਮ ਬੰਦਾ ਕਰੇ ਤਾਂ ਕੀ ਕਰੇ। ਪੜ੍ਹ ਲਿਖ ਕੇ ਆਪਣੀ ਜ਼ਿੰਗਦੀ ਜਿਉਣ ਲਈ ਜੁਆਕਾਂ ਨੇ ਕਿਤੇ ਤਾਂ ਜਾਣਾ ਹੀ ਆ ਭਾਈ। ਜਿਹੜੀ ਬੋਲੀ ਸਿੱਖ ਕੇ ਉਹਨਾਂ ਨੂੰ ਕੰਮ ਮਿਲੂ, ਜ਼ਿੰਦਗੀ ਜਿਉਣ ਲਈ ਪੈਸਾ ਮਿਲੂ, ਉਹ ਬੋਲੀ ਤਾਂ ਉਹ ਸਿੱਖਣਗੇ ਤੇ ਬੋਲਣਗੇ ਹੀ, ਉਹਨਾਂ ਨੂੰ ਸਾਡੀਆਂ ਚਿੰਤਾਵਾਂ ਜਾਂ ਭਾਵਕ ਅਪੀਲਾਂ ਨਾਲ ਰੋਕਿਆ ਨਹੀਂ ਜਾ ਸਕਦਾ। ਹਾਂ ਸਾਰੇ ਦੇਸ਼ ਵਿਚ ਹੀ ਕੰਮ ਧੰਦੇ ਦਾ ਢਾਂਚਾ ਬਦਲੇ, ਪੈਸੇ ਦੀ ਨਾਬਰਾਬਰੀ, ਬੇਇਨਸਾਫੀ, ਵਿਤਕਰੇ ਖਤਮ ਹੋਣ ਫਿਰ ਹੋ ਸਕਦਾ ਕੋਈ ਨਾ ਛੱਡੇ ਆਪਣੀ ਧਰਤੀ ਤੇ ਨਾ ਭੁੱਲੇ ਮਾਂ ਬੋਲੀ।’ ਮਾਸਟਰ ਜੀ ਨੇ ਆਪਣਾ ਪੱਖ ਪੇਸ਼ ਕੀਤਾ।
‘ਪਰ ਪੰਜਾਬੀ ਬੋਲੀ ਨੂੰ ਤਾਂ ਖਤਰਾ ਮਾਸਟਰ ਜੀ, ਮਾਂ ਬੋਲੀ ਤਾਂ ਨੀਂ ਬੰਦੇ ਨੂੰ ਭੁੱਲਣੀ ਚਾਹੀਦੀ, ਜੇ ਸਾਡੇ ਬੱਚੇ ਪੰਜਾਬੀ ਹੀ ਭੁੱਲ ਗਏ, ਕੱਲ੍ਹ ਨੂੰ ਸਾਡੇ ਧਾਰਮਿਕ ਗ੍ਰੰਥ, ਪੋਥੀਆਂ, ਸਾਖੀਆਂ, ਪੁਰਾਣੇ ਸਭਿਆਚਾਰ ਬਾਰੇ ਕਿਸ ਨੇ ਪੜ੍ਹਣਾ।’ ਗਿਆਨੀ ਜੀ ਨੇ ਮੁੜ ਆਪਣੀ ਗੱਲ ਦੀ ਪ੍ਰੋੜਤਾ ਕੀਤੀ। 
‘ਪਰ ਗਿਆਨੀ ਜੀ ਆਪਣੀ ਮਾਂ ਬੋਲੀ ਕੋਈ ਵੀ ਵਿਅਕਤੀ ਧੁਰ ਦਿਲੋਂ ਕਦੇ ਵੀ ਨਹੀਂ ਭੁੱਲਿਆ ਕਰਦਾ, ਸਿਰਫ ਲੋੜਾਂ ਹੁੰਦੀਆਂ ਨੇ ਆਪੋ ਆਪਣੀਆਂ, ਉਹਨਾਂ ਲੋੜਾਂ ਕਰਕੇ ਵਿਅਕਤੀ ਉਹੋ ਜਿਹੀ ਬੋਲੀ ਬੋਲਣ ਲੱਗ ਪੈਂਦਾ, ਪਰ ਸਿਆਣੇ ਬੰਦੇ ਨਵੀਂ ਬੋਲੀ ਉਥੇ ਹੀ ਬੋਲਦੇ ਨੇ ਜਿਥੇ ਉਸ ਦੀ ਲੋੜ ਹੋਵੇ ਮੇਰਾ ਮਤਲਬ ਕੰਮ ‘ਤੇ ਪਰ ਕਮਲੇ ਉਹ ਨਵੀਂ ਬੋਲੀ ਘਰਾਂ ਤੇ ਸੱਥਾਂ ਤੱਕ ਵੀ ਲੈ ਆਉਂਦੇ ਨੇ, ਉਹ ਆਪਣੀ ਨਵੀਂ ਸਿੱਖੀ ਬੋਲੀ ਦਾ ਦਿਖਾਵਾ ਕਰਨ ਲਈ ਆਪਣੇ ਅਨਪੜ੍ਹ, ਪੇਂਡੂ ਸਾਥੀਆਂ, ਬਜ਼ੁਰਗਾਂ ਨਾਲ ਵੀ ਨਵੀਂ ਬੋਲੀ ਵਿਚ ਹੀ ਗੱਲ ਕਰਨ ਨੂੰ ਤਰਜ਼ੀਹ ਦਿੰਦੇ ਨੇ। ਦੂ੍ਰਰ ਕੀ ਜਾਣਾ ਆਹ ਸਾਡਾ ਛੋਟਾ,  ਜਿਹੜਾ ਚੰਡੀਗੜ੍ਹ ਰਹਿੰਦਾ, ਉਹਦੇ ਜੁਆਕ ਉਥੇ ਹਿੰਦੀ ਬੋਲਦੇ ਆ, ਕਹਿੰਦੇ ਜੀ ਜੁਆਕਾਂ ਦੇ ਸਕੂਲ ਵਿਚ ਹਿੰਦੀ ਬੋਲੀ ਜਾਂਦੀ ਆ, ਨਾਲੇ ਆਂਢ ਗੁਆਂਢ ਵਿਚ ਬਹੁਤੇ ਲੋਕ ਹਿੰਦੀ ਬੋਲਣ ਵਾਲੇ ਰਹਿੰਦੇ ਆ, ਇਸ ਕਰਕੇ ਉਥੇ ਜੁਆਕ ਹਿੰਦੀ ਹੀ ਬੋਲਦੇ ਆ ਸਾਰੇ। ਤੇ ਗੁੱਸਾ ਨਾ ਕਰਿਓ ਆਹ ਤੁਹਾਡੇ ਛੋਟੇ,  ਲੁਧਿਆਣੇ ਆਲੇ  ਭਾਈ ਦੇ ਜੁਆਕ ਵੀ ਤਾਂ ਪੰਜਾਬੀ ਦੇ ਘੱਟ ਹੀ ਨੇੜੇ ਲੱਗਦੇ ਆ, ਮੈਨੂੰ ਨੀਂ ਲੱਗਦਾ ਉਹਨਾਂ ਨੂੰ ਉਣੰਜਾ, ਉਣਾਸੀ ਦਾ ਪਤਾ ਹੋਊ, ਭੂਆ ਨੂੰ ਭੂਈ, ਚਾਚੇ ਨੂੰ ਚਾਚੂ, ਭੈਣ ਨੂੰ ਦੀ ਤੇ ਚਾਚੇ-ਤਾਏ ਤਾਂ ਉਹਨਾਂ ਅੰਕਲ ਵਿਚ ਹੀ ਖਪਾ ਦਿੱਤੇ। ਬਾਹਰ ਕੈਨੇਡਾ, ਅਮਰੀਕਾ ਗਏ ਜੁਆਕਾਂ ਤੋਂ ਤਾਂ ਆਪਾਂ ਕਾਹਦੀ ਆਸ ਰੱਖ ਸਕਦੇ ਆਂ’ ਮਾਸਟਰ ਨੇ ਹਕੀਕਤ ਬਿਆਨ ਕੀਤੀ।
ਗਿਆਨੀ ਜੀ ਤਾਂ ਕੱਚੇ ਜਿਹੇ ਹੋ ਕੇ ਘਰ ਨੂੰ ਤੁਰ ਗਏ। 
‘ਭਿੰਦਾ ਸਿਆਂ ਤੇਰੀ ਪਾਣੀ ਆਲੀ ਬਸ ਦੇਈ ਜਾਂਦੀ ਆ ਝੂਟੇ ਫਿਰ?’ ਪਾਲੇ ਬਾਬੇ ਨੇ ਅਮਲੀ ਦੀ ਸੁਸਤੀ ਦੂਰ ਕਰਨ ਦਾ ਉਪਰਾਲਾ ਕੀਤਾ।
‘ਓ ਕਾਹਨੂੰ ਬਾਬਾ, ਝੂਟੇ ਤਾਂ ਉਦੋਂ ਹੀ ਆਉਂਦੇ ਜਦੋਂ ਮਾਲ ਪੱਤਾ ਛਕਿਆ ਹੋਵੇ, ਨਾਲੇ ਹੁਣ ਤਾਂ ਐਡੇ ਐਡੇ ਲੈਕਚਰ ਸੁਣ ਕੇ ਜਮ੍ਹਾਂ ਠੰਢਾ ਹੋ ਗਿਆ ਕੰਮ, ਹੁਣ ਤਾਂ ਐਂ ਸਮਝ ਬਈ ਬੱਸ ਹਰੀਕੇ ਪੱਤਣ ਗਾਰੇ ’ਚ ਧੁਸੀ ਪਈ ਆ ਤੇ ਸਾਰਾ ਅਕਾਲੀ ਦਲ ਪਜਾਮੇ ਲਾਹ ਕੇ ਗਾਰੇ ‘ਚ ਵੜਿਆ ਫਿਰਦਾ ਉਹਨੂੰ ਬਾਹਰ ਕੱਢਣ ਲਈ’
‘ਫਿਰ ਬਣੂ ਕੁਸ਼?’ 
‘ਲਾ ਬਣਨਾ ਕੀ ਆ, ਬਸ ਨੇ ਤਾਂ ਕੀ ਨਿਕਲਣਾ ਮੈਨੂੰ ਲੱਗਦਾ ਬੰਦਿਆਂ ਨੂੰ ਕੱਢਣ ਲਈ ਆਪਾਂ ਨੂੰ ਨਾ ਜਾਣਾ ਪਵੇ!’

ਸਾਰੇ ਜਣੇ ਹੌਲੀ ਹੌਲੀ ਉੱਠ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ, ਤੇ ਮੈਂ ਉਥੇ ਹੀ ਦਰੀ ’ਤੇ ਲੰਮਾ ਪੈ ਗਿਆ ਤੇ ਸੋਚਣ ਲੱਗਾ ਕਿ ਕੀ ਜਿਹੜੇ ਸਾਡੇ ਜੁਆਕ ਬਾਹਰਲੇ ਦੇਸ਼ਾਂ ਨੂੰ ਜਾਂਦੇ ਨੇ ਉਹ ਕੁਝ ਗਲਤ ਕਰਦੇ ਆ ਆਪਣੇ ਦੇਸ਼ ਲਈ? ਮਨ ਨੇ ਜਵਾਬ ਦਿੱਤਾ ਨਹੀਂ ਕੋਈ ਗਲਤ ਨੀਂ ਕਰਦੇ, ਪਹਿਲੀ ਗੱਲ ਤਾਂ ਇਹ ਕਿ ਉਹ ਕਿਹੜਾ ਬਿਨਾਂ ਲੋੜੋਂ ਜਾਂਦੇ ਆ ਆਪਣੇ ਘਰ ਬਾਰ ਛੱਡ ਕੇ, ਉਹ ਤਾਂ ਮਜਬੂਰ ਹੋ ਕੇ ਜਾਂਦੇ ਨੇ, ਬੇਰੁਜ਼ਗਾਰੀ, ਵਿਚਾਰਗੀ ਦੀ ਹਾਲਤ ਕਾਰਨ ਜਾਂਦੇ ਨੇ। ਨਾਲੇ ਬਾਹਰ ਉਹ ਕਿਹੜਾ ਭੂਆ ਕੋਲ ਜਾਂ ਨਾਨਕੀਂ ਛੁੱਟੀਆਂ ਮਨਾਉਣ ਗਏ ਹੁੰਦੇ ਆ, ਉਥੇ ਜਾ ਕੇ ਉਹ ਵਿਚਾਰੇ ਤਾਂ ਦਿਨੇ ਪੜ੍ਹਾਈਆਂ ਕਰਦੇ ਤੇ ਰਾਤਾਂ ਨੂੰ ਕੰਮ , ਬੇਗਾਨੀ ਧਰਤੀ ਤੇ ਓਪਰੀ ਭਾਸ਼ਾ, ਓਪਰੋ ਲੋਕਾਂ ਵਿਚ ਸਖਤ ਮਿਹਨਤਾਂ ਕਰਕੇ ਆਪਣੇ ਆਪ ਨੂੰ ਪੈਰਾਂ ’ਤੇ ਖੜ੍ਹਾ ਕਰਦੇ ਨੇ, ਘਰਦਿਆਂ ਦੁਆਰਾ ਚੁੱਕਿਆ ਕਰਜ਼ਾ ਉਤਾਰਦੇ ਨੇ, ਫਿਰ ਆਪਣੇ ਭੈਣ ਭਰਾਵਾਂ, ਮਾਤਾ ਪਿਤਾ ਨੂੰ ਵੀ ਬਾਹਰ ਬੁਲਾਉਣ ਦੀ ਕੋਸ਼ਿਸ਼ ਕਰਦੇ ਨੇ। ਕਰਜ਼ੇ ਚੁੱਕ ਕੇ ਆਪਣੇ ਮਕਾਨ ਜਾਂ ਹੋਰ ਲੋੜੀਂਦੀਆਂ ਸਹੂਲਤਾਂ ਪੈਦਾ ਕਰਕੇ, ਕਿਤੇ ਜਾ ਕੇ ਸੌਖੇ ਹੁੰਦੇ ਨੇ। ਮੈਨੂੰ ਲੱਗਦੇ ਉਹ ਤਾਂ ਆਪਣੇ ਦੇਸ਼ ਜਾਂ ਰਾਜ ਦਾ ਭਲਾ ਹੀ ਕਰਦੇ ਨੇ, ਇਥੇ ਰਹਿੰਦੇ ਤਾਂ ਸਰਕਾਰਾਂ ਤੋਂ ਰੁਜ਼ਗਾਰ ਦੀ ਮੰਗ ਕਰਦੇ, ਹੁਣ ਸਗੋਂ ਉਹਨਾਂ ਨੇ ਆਪਣੇ ਹਿੱਸੇ ਵਾਲੇ ਰੁਜ਼ਗਾਰ ਦੂਸਰਿਆਂ ਲਈ ਖਾਲੀ ਛੱਡ ਦਿੱਤੇ ਨੇ। ਜੇ ਅੱਜ ਉਹਨਾਂ ਜੁਆਕਾਂ ਰਾਹੀਂ ਪੈਸਾ ਬਾਹਰ ਜਾ ਰਿਹਾ ਤਾਂ ਕੱਲ੍ਹ ਨੂੰ ਉਹੀ ਪੈਸਾ ਉਨ੍ਹਾਂ ਆਪਣੇ ਦੇਸ਼ ਵੀ ਤਾਂ ਭੇਜਣਾ ਹੁੰਦਾ, ਸਾਰਿਆਂ ਦੇ ਸਾਰੇ ਪਰਿਵਾਰ ਤਾਂ ਪੰਜਾਬ ਜਾਂ ਭਾਰਤ ਛੱਡ ਕੇ ਬਾਹਰ ਨਹੀਂ ਚਲੇ ਜਾਂਦੇ, ਬਹੁਤਿਆਂ ਦੇ ਪਰਿਵਾਰ ਤਾਂ ਇਧਰ ਹੁੰਦੇ ਹੀ ਨੇ, ਉਹ ਆਪਣੇ ਪਰਿਵਾਰਾਂ ਨੂੰ ਪੈਸੇ ਭੇਜਦੇ ਨੇ, ਉਹਨਾਂ ਦੇ ਪੈਸੇ ਨਾਲ ਹੀ ਇਧਰਲੇ ਪਰਿਵਾਰ ਵੱਡੀਆਂ ਵੱਡੀਆਂ ਕੋਠੀਆਂ ਬਣਾਉਂਦੇ ਨੇ, ਕਈ ਆਪਣੇ ਨਿੱਕੇ ਮੋਟੇ ਰੁਜ਼ਗਾਰ ਚਲਾਉਂਦੇ ਨੇ। ਜੇ ਸਾਡੇ ਇਹ ਜੁਆਕ ਬਾਹਰ ਹੀ ਨਾ ਜਾਂਦੇ ਤਾਂ ਨਵਿਆਂ ਲਈ ਉਹ ਕਿਸ ਤਰ੍ਹਾਂ ਮੱਦਦਗਾਰ ਬਣਦੇ। ਇਥੇ ਰਹਿੰਦੇ ਉਹ ਵੀ ਬੇਰੁਜ਼ਗਾਰੀ, ਬੇਕਾਰੀ ਤੇ ਨਸ਼ਿਆਂ ਆਦਿ ਦੇ ਭੈੜਾਂ ਵਿਚ ਫਸ ਕੇ ਰਹਿ ਜਾਂਦੇ ਤੇ ਇਥੋਂ ਦੀਆਂ ਮੌਜੂਦਾ ਸਮੱਸਿਆਵਾਂ ਵਿਚ ਹੋਰ ਵਾਧਾ ਕਰਦੇ।  ਮੈਂ ਸੋਚ ਰਿਹਾ ਸੀ ਕਿ ਇਸ ਤਰ੍ਹਾਂ ਇਧਰ ਉਧਰ ਜਾਣ ਨਾਲ ਕੋਈ ਭਾਸ਼ਾ ਖਤਮ ਨਹੀਂ ਹੁੰਦੀ ਸਗੋਂ ਉਸ ਦਾ ਹੋਰ ਪਾਸਾਰਾ ਵੀ ਤਾਂ ਹੁੰਦਾ ਹੈ। ਜੇ ਕੋਈ ਪਰਿਵਾਰ ਜਾਂ ਕੋਈ ਨਵੀਂ ਪੀੜ੍ਹੀ ਆਪਣੇ ਪੁਰਖਿਆਂ ਦੀ ਮਾਂ ਬੋਲੀ ਭੁੱਲ ਰਹੀ ਹੈ ਤਾਂ ਕੋਈ ਦੂਸਰੇ ਰਾਜ ਤੋਂ ਦੂਜੇ ਰਾਜ ਵਿਚ ਆਇਆ ਪਰਿਵਾਰ ਵੀ ਤਾਂ ਉਸ ਨਵੇਂ ਰਾਜ ਦੀ ਭਾਸ਼ਾ ਸਿੱਖ ਹੀ ਤਾਂ ਰਿਹਾ ਹੈ। ਪੰਜਾਬ ਦੇ ਸਕੂਲਾਂ ਵਿਚ ਲੱਖਾਂ ਬੱਚੇ ਦੂਜੇ ਸੂਬਿਆਂ ਤੇ ਦੂਜੀ ਮਾਂ ਬੋਲੀ ਵਾਲੇ ਪੰਜਾਬੀ ਨੂੰ ਪੜ੍ਹ-ਸਿੱਖ ਤੇ ਅਪਣਾ ਵੀ ਤਾਂ ਰਹੇ ਨੇ। ਮੈਨੂੰ ਤਾਂ ਸਗੋਂ ਇੰਝ ਲੱਗਦੇ ਕਿ ਅੱਜ ਹਰੇਕ ਵਰਗ, ਕੌਮ ਜਾਂ ਸਮਾਜ ਨੂੰ ਆਪਣੀ ਵਿਚਾਰਧਾਰਾ ਜਾਂ ਬੋਲੀ ਦੂਜਿਆਂ ਤੱਕ ਪਹੁੰਚਾਉਣ ਲਈ ਵਿਗਿਆਨ ਜ਼ਿਆਦਾ ਮੌਕੇ ਦੇ ਰਿਹਾ ਹੈ। ਜਿਸ ਦੀ ਵਿਚਾਰਧਾਰਾ ਉੱਤਮ ਹੈ, ਉਹ ਆਪਣੇ ਆਪ ਹੀ ਵਧੇਗੀ, ਫੈਲੇਗੀ, ਉਸ ਨੂੰ ਲੋਕ ਅਪਣਾਉਣਗੇ, ਅੰਤ ਨੂੰ ਉਸ ਬੋਲੀ, ਵਿਚਾਰਧਾਰਾ ਦਾ ਜ਼ਿਆਦਾ ਬੋਲਬਾਲਾ ਹੋਵੇਗਾ, ਅੱਜ ਦਾ ਵਿਗਿਆਨ ਤਾਂ ਸਗੋਂ ਹੋਰ ਵੀ ਨਵੀਂਆਂ ਪੁਲਾਂਘਾਂ ਪੁੱਟ ਰਿਹਾ ਹੈ, ਆਉਣ ਵਾਲੇ ਸਮੇਂ ਵਿਚ ਕਿਸੇ ਨੂੰ ਵੀ ਆਪਣੀ ਮਾਂ ਬੋਲੀ ਦਾ ਤਿਆਗ ਕਰਨ ਦੀ ਲੋੜ ਨਹੀਂ ਪਵੇਗੀ ਤੇ ਨਾ ਹੀ ਕੋਈ ਦੂਸਰੀ ਵਿਸ਼ੇਸ਼ ਭਾਸ਼ਾ ਸਿੱਖਣ ਲਈ ਮਜਬੂਰ ਹੋਣਾ ਪਵੇਗਾ ਕਿਉਂਕਿ ਵਿਗਿਆਨ ਇੱਕ ਅਜਿਹੀਆਂ ਐਨਕਾਂ/ਯੰਤਰ  ਤਿਆਰ ਕਰਨ ਵਿਚ ਜੁਟਿਆ ਹੋਇਆ ਹੈ ਜਿਸ ਨੂੰ ਲਗਾ ਕੇ ਤੁਹਾਨੂੰ ਸਾਹਮਣੇ ਵਾਲੇ ਦੁਆਰਾ ਕਿਸੇ ਵੀ ਦੂਜੀ ਭਾਸ਼ਾ ਵਿਚ ਕੀਤੀ ਗੱਲ ਤੁਹਾਡੀ ਆਪਣੀ ਭਾਸ਼ਾ ਵਿਚ ਸੁਣੇਗੀ, ਸਮਝ ਆਵੇਗੀ, ਜਾਂ ਲਿਖੀ ਹੋਈ ਦਿਖਾਈ ਦੇਵੇਗੀ। ਤੁਸੀਂ ਆਪਣੀ ਭਾਸ਼ਾ ਵਿਚ ਬੇਝਿਜਕ ਬੋਲਣਾ ਹੈ ਦੂਸਰੇ ਆਪਣੇ ਆਪ ਆਪਣੀ ਭਾਸ਼ਾ ਵਿਚ ਸਮਝਦੇ ਰਹਿਣਗੇ, ਹੈ ਕਿ ਨਾ ਵਿਗਿਆਨ ਦਾ ਨਵਾਂ ਤੋਹਫਾ, ਕੋਈ ਭਾਸ਼ਾ ਮਰੇਗੀ ਵੀ ਨਹੀਂ ਤੇ ਨਾ ਹੀ ਕਿਸੇ ਵਿਸ਼ੇਸ਼ ਭਾਸ਼ਾ ਨੂੰ ਸਿੱਖਣ ਲਈ ਕਿਸੇ ਨੂੰ ਮਜਬੂਰ ਹੋਣਾ ਪਵੇਗਾ, ਸ਼ਾਇਦ ਆਉਣ ਵਾਲੇ ਸਮੇਂ ਵਿਚ ਆਈਲੈਟਸ ਸੈਂਟਰਜ਼ ਵੀ ਬੰਦ ਹੀ ਜਾਣ, ਬਿਨਾਂ ਟੈਸਟ ਜਿਹੜੇ ਦੇਸ਼ ਮਰਜ਼ੀ ਜਾਓ ਤੇ ਰਹੋ, ਹਾਂ ਉਹ ਨਵਾਂ ਬਣ ਰਿਹਾ ਯੰਤਰ/ਐਨਕਾਂ ਤੁਹਾਡੇ ਕੋਲ ਹੋਣੀਆਂ ਜ਼ਰੂਰੀ ਹੋ ਸਕਦੀਆਂ ਹਨ। 
ਆਪੋ ਆਪਣੇ ਘਰਾਂ ਤੋਂ ਚਾਹ-ਪਾਣੀ ਪੀ ਕੇ ਹੌਲੀ ਹੌਲੀ ਮੁੜ ਪੁਰਾਣੇ-ਨਵੇਂ ਸਾਥੀ ਸੱਥ ਵਿਚ ਆ ਕੇ ਬੈਠਣੇ ਸ਼ੁਰੂ ਹੋ ਗਏ। 
ਭਿੰਦੇ ਅਮਲੀ ਨੇ ਮੇਰੇ ਉਪਰ ਟੇਢਾ ਜਿਹਾ ਹੋ ਕੇ ਆਪਣੇ ਹੱਥ ਵਿਚ ਫੜੀ ਡੱਬੀ ਮੇਰੇ ਮੂਹਰੇ ਕਰਦਿਆਂ ਕਿਹਾ ‘ਚਾਚਾ ਮਰ ਗਿਆ ਕਿ ਹੈਗਾਂ? ਜੇ ਹੈਗਾਂ ਤਾਂ ਆਹ ਵੇਖ ਕਿਆ ਬਾਤ ਆ ਮਾਲ ਦੀ, ਲੈ ਲਾ ਜੇ ਕੈੜਾ ਹੋਣਾ,  ਨਾਲੇ ਉੱਠ ਕੇ ਬੈਠ ਐਂ ਤਾਂ ਤੇਰੇ ਦੁਆਲੇ ਜਦੋਂ ਦਸ ਬੰਦੇ ਆ ਕੇ ਬਹਿ ਗੇ ਸੱਚੀਂ ਲੱਗੇਂਗਾ ਜਿਵੇਂ ਮਰਿਆ ਪਿਆ ਹੁੰਨਾ, 

ਮੈਂ ਉੱਠ ਕੇ ਬੈਠ ਗਿਆ। ਐਨੇ ਨੂੰ ਪਰਗਟ ਨੇ ਫਿਰ ਪੁਰਾਣਾ ਕਿੱਸਾ ਛੇੜਦਿਆਂ ਗੱਲ ਸ਼ੁਰੂ ਕੀਤੀ, ‘ ਵੈਸੇ ਆਹ ਜਿਹੜੇ ਬਾਹਰਲੇ ਮੁਲਕਾਂ ਨੂੰ ਜਾਂਦੇ ਇਹ ਦੇਸ਼ ਦਾ ਤਾਂ ਕੁਝ ਨੀਂ ਸੰਵਾਰਦੇ’
ਮਾਸਟਰ ਗੁਰਦੇਵ ਸਿੰਘ ਤੋਂ ਰਿਹਾ ਨਾ ਗਿਆ, ‘ਇਹ ਤਾਂ ਪਰਗਟ ਸਿੰਘ ਜੀ ਤੁਸੀਂ ਗਲਤ ਕਹਿੰਦੇ ਓ, ਕਿਉਂ ਨੀਂ ਕਰਦੇ ਦੇਸ਼ ਲਈ ਕੁਝ, ਆਹ ਆਪਣੇ ਪਿੰਡ ਹੀ ਵੇਖ ਲਓ, ਆਹ ਸਾਧੂ ਸਿਓਂ ਕਿ ਮੁੰਡੇ ਨੇ ਸਰਕਾਰੀ ਸਕੂਲ ਤੇ ਵੀਹ ਲੱਖ ਰੁਪਈਆ ਲਾ ਤਾ ਹਾਲੇ ਹੋਰ ਲਾਉਣਾ ਸੀ ਵਿਚੇ ਰੋਕ ਤਾ ਕੰਮ ਘੁੜੰਮ ਚੌਧਰੀਆਂ ਨੇ, ਅਖੇ ਜੀ ਅਸੀਂ ਨੀਂ ਲਾਉਣ ਦੇਣਾ ਮੇਨ ਗੇਟ। ਅੱਜ ਮੇਨ ਗੇਟ ਲਾਉਣ ਨੂੰ ਕਹਿੰਦੇ ਓ ਕੱਲ੍ਹ ਨੂੰ ਉਹਨੂੰ ਜਿੰਦਾ ਲਾਵੋਗੇ, ਅਸੀਂ ਛੁੱਟੀ ਬਾਅਦ ਉਥੇ ਦਰੱਖਤਾਂ ਥੱਲੇ ਤਾਸ਼ ਖੇਡਣ ਜਾਣਾ ਹੁੰਦਾ ਫਿਰ ਕਿਵੇਂ ਜਾਵਾਂਗੇ, ਨਾਲੇ ਪਿਛਲੇ ਮੁਹੱਲੇ ਵਾਲੇ ਜਿਹੜੇ ਸਕੂਲ ਦੇ ਵਿਚ ਦੀ ਲੰਘ ਕੇ ਇਧਰ ਓਧਰ ਚਲੇ ਜਾਂਦੇ ਆ, ਉਹਨਾਂ ਨੂੰ ਕਿੰਨਾ ਗੇੜ ਪਾ ਕੇ ਉਪਰ ਦੀ ਗਲੀਆਂ ਰਾਹੀਂ ਆਉਣਾ ਪਿਆ ਕਰਨਾ, ਇਹ ਤਾਂ ਕਬਜ਼ਾ ਹੀ ਕਰ ਲੈਣਗੇ ਸਕੂਲ ਤੇ ਚਾਰ ਪੈਸੇ ਲਾ ਕੇ, ਸਾਨੂੰ ਨੀਂ ਲੋੜ ਇਹੋ ਜਿਹੇ ਕੰਮ ਦੀ,   ਅਗਲਿਆਂ ਕੰਮ ਬੰਦ ਕਰਤਾ।’
‘ਇਹ ਤਾਂ ਆਪਣੇ ਪਿੰਡ ਦੀ ਛੋਟੀ ਗੱਲ ਆ, ਇੱਕ ਵਾਰ ਕਹਿੰਦੇ ਆਪਣਾ ਪੰਜਾਬੀ ਭਰਾ ਅਮਰੀਕਾ ਤੋਂ ਪੰਜਾਬ ਆ ਕੇ ਸਰਕਾਰ ਨੂੰ ਮਿਲਿਆ, ਕਹਿੰਦਾ ਮੈਂ ਪੰਜ ਸੌ ਕਰੋੜ ਲਾਉਣਾ ਕਿਸੇ ਪ੍ਰਾਜੈਕਟ ’ਤੇ,  ਤੁਸੀਂ ਦੱਸੋ ਕਿਹੜਾ ਕੰਮ ਸ਼ੁਰੂ ਕਰਾਂ ਤੇ ਤੁਸੀਂ ਮੇਰੀ ਇਸ ਵਿਚ ਕੀ ਮੱਦਦ ਕਰੋਗੇ, ਅੱਗੋਂ ਸਰਕਾਰ ਆਲੇ ਚੌਧਰੀ ਪਤਾ ਕੀ ਕਹਿੰਦੇ, ਕਹਿੰਦੇ ਸਾਨੂੰ ਵਿਚੋਂ ਦਸ ਪ੍ਰਤੀਸ਼ਤ ਤੂੰ ਦੇ ਦੇ, ਬਾਕੀ ਕੰਮ ਜਿਹੜਾ ਮਰਜ਼ੀ ਸ਼ੁਰੂ ਕਰ ਲਾ, ਸਾਨੂੰ ਕੀ।  ਉਹਦੀ ਮੱਦਦ ਤਾਂ ਕੀ ਕਰਨੀ ਸੀ ਉਲਟਾ ਵਿਚੋਂ ਹਿੱਸਾ ਮੰਗਣ ਲੱਗ ਪਏ। ਅਗਲਾ ਉਲਟੇ ਪੈਰੀਂ ਵਾਪਸ ਚਲਾ ਗਿਆ, ਤੇ ਕਰੇ ਤਾਂ ਕੀ ਕਰੇ ਕੋਈ ਆਪਣੇ ਦੇਸ਼ ਜਾਂ ਰਾਜ ਦੀ ਮੱਦਦ।’ ਸਾਬਕਾ ਸਰਪੰਚ ਨੇ ਵੀ ਆਪਣੀ ਜਾਣਕਾਰੀ ਅਨੁਸਾਰ ਮਾਸਟਰ ਦੀ ਹਾਂ ’ਚ ਹਾਂ ਮਿਲਾਈ।

‘ਗੱਲ ਤਾਂ ਇਉਂ ਹੋਈ ਬਈ ਇਹ ਤਾਂ ਦਾਣਾ-ਪਾਣੀ ਆ ਭਾਈ, ਜੀਹਦਾ ਜਿਥੇ ਲਿਖਿਆ ਉਹਨੂੰ ਉਥੇ ਜਾ ਕੇ ਚੁਗਣਾ ਪੈਂਦਾ, ਕੋਈ ਆਪਣੇ ਦੇਸ਼ ਵਿਚ ਪਰਦੇਸੀ ਬਣਿਆ ਘੁੰਮਦਾ ਤੇ ਕੋਈ ਸੱਤ ਸਮੁੰਦਰੋਂ ਪਾਰ। ਬਾਕੀ ਬਾਬੇ ਨਾਨਕ ਨੇ ਤਾਂ ਸਾਨੂੰ ਸਰਬਤ ਦਾ ਭਲਾ ਮੰਗਣ ਲਈ ਕਿਹਾ, ਜਾਤਾਂ ਪਾਤਾਂ, ਧਰਮਾਂ,ਮਜ੍ਹਬਾਂ ਦੇ ਵਖਰੇਵਿਆਂ ਤੋਂ ਉਪਰ ਉੱਠ ਕੇ ਸਾਨੂੰ ਮਨੁੱਖਤਾ ਦੀ ਭਲਾਈ ਲਈ ਕੰਮ ਕਰਦੇ ਰਹਿਣਾ ਚਾਹੀਦਾ। ਜਿਥੇ ਵੀ ਰਹੀਏ ਉਥੇ ਇਨਸਾਨੀਅਤ ਦੀ ਮਹਿਕ ਖਿਲਾਰੀਏ, ਉਥੇ ਸਾਂਝੀਵਾਲਤਾ ਦਾ ਹੋਕਾ ਦੇਈਏ। ਸਭ ਦਾ ਸਤਿਕਾਰ ਕਰੀਏ। ਜਦ ਤੱਕ ਸਾਡੀਆਂ ਸਰਕਾਰਾਂ ਆਪਣੇ ਮੁਲਕਾਂ ਵਿਚ ਆਪਣੀ ਆਬਾਦੀ ਅਨੁਸਾਰ ਰੁਜ਼ਗਾਰ ਦੇ ਸਾਧਨ ਪੈਦਾ ਨਹੀਂ ਕਰਦੀਆਂ ਤਦ ਤੱਕ ਆਮ ਬੰਦੇ ਦੀ ਭਟਕਣਾ, ਬਨਵਾਸ, ਪਰਵਾਸ ਇਸੇ ਤਰ੍ਹਾਂ ਚੱਲਦਾ ਹੀ ਰਹਿਣਾ।’ ਗਿਆਨੀ ਗੁਰਨਾਮ ਸਿੰਘ ਨੇ ਸੌ ਦੀ ਇੱਕ ਸੁਣਾਈ।
‘ਪਰ ਗਿਆਨੀ ਜੀ ਭਾਵੇਂ ਰੁਜ਼ਗਾਰ ਦੇ ਸਾਧਨ ਪੂਰੇ ਹੋ ਵੀ ਜਾਣ, ਅੱਜ ਵਿਗਿਆਨ ਨੇ ਪੂਰੀ ਦੁਨੀਆ ਨੂੰ ਜੋ ਸਹੂਲਤਾਂ ਦਿੱਤੀਆਂ ਨੇ ਉਹਨਾਂ ਦੇ ਹੁੰਦਿਆਂ ਪੂਰੇ ਵਿਸ਼ਵ ਵਿਚੋਂ ਲੋਕਾਂ ਦਾ ਇਧਰ ਉਧਰ ਜਾਣਾ ਕਦੇ ਵੀ ਰੋਕਿਆ ਨਹੀਂ ਜਾ ਸਕਦਾ। ਜਦੋਂ ਜਹਾਜ਼ ਨਹੀਂ ਸੀ ਹੁੰਦੇ ਲੋਕਾਂ ਦੀ ਮਜਬੂਰੀ ਸੀ ਕਿ ਉਹ ਸਮੁੰਦਰਾਂ ਤੋਂ ਪਾਰ ਜਾ ਨਹੀਂ ਸੀ ਸਕਦੇ, ਪਰ ਅੱਜ ਵਿਗਿਆਨ ਨੇ ਸਾਰੀ ਦੁਨੀਆਂ ਨੂੰ ਇੱਕ ਪਿੰਡ ਬਣਾ ਕੇ ਰੱਖ ਦਿੱਤਾ, ਇਸ ਤੋਂ ਵੀ ਅੱਗੇ ਵਿਗਿਆਨ ਨੇ ਹਾਲੇ ਹੋਰ ਵੀ ਧਰਤੀਆਂ, ਅੰਬਰ ਲੱਭਣੇ ਨੇ ਤੇ ਲੋਕਾਂ ਉਥੇ ਵੀ ਪੈਰ ਧਰਨੇ, ਤੇ ਪੰਜਾਬੀਆਂ ਉਥੇ ਵੀ ਪੈੜਾਂ ਪਾਉਣੀਆਂ।’ ਮਾਸਟਰ ਜੀ ਨੇ ਗੱਲ ਨੂੰ ਹੋਰ ਖੋਲ੍ਹ ਕੇ ਸਮਝਾਇਆ। 
“ਐਵੇਂ ਤਾਂ ਨੀਂ  ਬਾਬੇ ਨਾਨਕ ਨੇ ਕਿਹਾ ਸੀ - ‘ਲਖ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ’  ਹਾਲੇ ਤਾਂ ਪੂਣੀ ਵੀ ਨੀਂ ਕੱਤੀ ਇਸ ਹਿਸਾਬ ਵਿਗਿਆਨ ਨੇ ਮਾਸਟਰ ਜੀ।’  ਗਿਆਨੀ ਜੀ ਨੇ ਗੰਭੀਰ ਹੁੰਦਿਆਂ ਕਿਹਾ। 
‘ਹਾਂ ਜੀ ਗਿਆਨੀ ਜੀ ਵੇਖੋ ਕਿਹੜੀ ਧਰਤੀ ’ਤੇ ਕੀਹਦੇ ਹਿੱਸੇ ਦਾ ਕੀ ਪਿਆ, ਤੇ ਕੌਣ ਕਿਥੋਂ ਕੀ ਚੁਗਣ ਜਾਂਦੈ, ਦਾਣਾ-ਪਾਣੀ ਤੇ ਅੰਨ-ਜਲ ਦੀ ਗੱਲ ਆ ਜੀ ਤੁਸੀਂ ਠੀਕ ਕਿਹਾ’। ਇਹ ਕਹਿੰਦੀਆਂ ਮਾਸਟਰ ਜੀ ਨੇ ਗਿਆਨੀ ਜੀ ਦੀ ਹਾਂ ਵਿਚ ਹਾਂ ਮਿਲਾਈ।
ਇੰਨੇ ਨੂੰ ਭਿੰਦੀ ਅਮਲੀ ਦੇ ਫੋਨ ਦੀ ਘੰਟੀ ਵੱਜ ਗਈ। 
‘ਆਹ ਵੇਖੋ ਭਾਈ ਕੀਹਦੀਆਂ ਘੰਟੀਆਂ ਵੱਜਣ ਲੱਗ ਪਈਆਂ?’ ਭਿੰਦੀ ਨੇ ਬਾਕੀਆਂ ਵੱਲ ਵੇਖਦਿਆਂ ਕਿਹਾ।
‘ਉਹ ਭਿੰਦਾ ਸਿੰਆਂ ਵਾਕਿਆ ਈ ਤੇਰਾ ਮਾਲ ਵਧੀਆ ਬਈ ਅੱਜ, ਓਵਰ ਹੋ ਗਿਆ ਲੱਗਦਾ ਕੰਮ! ਕਿਸੇ ਦੀਆਂ ਨੀਂ ਤੇਰੀਆਂ ਘੰਟੀਆਂ ਨੇ, ਤੂੰ ਚੱਕ ਆਪਣਾ ਫੋਨ’ ਮੈਂ ਭਿੰਦੀ ਦਾ ਗੋਡਾ ਹਿਲਾਉਂਦਿਆਂ ਕਿਹਾ।
‘ਅੱਛਾ ਚਾਚਾ ਸਿੰਆਂ’ ਕਹਿ ਕੇ ਭਿੰਦੀ ਕਾਹਲੀ ਕਾਹਲੀ ਆਪਣੀਆਂ ਜੇਬਾਂ ਵਿਚ ਹੱਥ ਮਾਰਨ ਲੱਗਾ ਉਹਨੂੰ ਇਹ ਪਤਾ ਨੀਂ ਸੀ ਲੱਗ ਰਿਹਾ ਕਿ ਫੋਨ ਕਿਹੜੀ ਜੇਬ ’ਚ ਆ। ਅਖੀਰ ਨੂੰ ਉਸ ਨੇ ਫੋੋਨ ਲੱਭ ਹੀ ਲਿਆ, ਤੇ ਨੰਬਰ ਵੇਖ ਕੇ ਕਹਿਣ ਲੱਗਾ, “ਓ ਖੜ੍ਹਜੋ ਖੜ੍ਹਜੋ ਬਈ ਆਪਣੇ ਭਤੀਜ ਦਾ ਫੋਨ ਆ ਬਾਹਰੋਂ।’
ਤੇ ਫੋਨ ਆਨ ਕਰਦਿਆਂ ਬੋਲਿਆ, ‘ ਓ ਹਾਂ ਬਈ ਭਤੀਜ! ਰਾਜ਼ੀ ਆਂ, … ਹਾਂ ਹਾਂ ਸਾਡੀ ਤਾਂ ਕਾਟੋ ਫੁੱਲਾਂ ’ਤੇ ਖੇਡਦੀ ਆ, ਤੂੰ ਸੁਣਾ… ਭਤੀਜ ਖੜ੍ਹਜਾ ਯਾਰ, ਮੈਂ ਸਪੀਕਰ ਅੋਨ ਕਰਦਾਂ, ਹਾਂ, ਇਥੇ ਸਾਡੀ ਵਿਧਾਨ ਸਭਾ ’ਚ ਗਰਾਰੀ  ਫਸੀ ਹੋਈ ਆ, ਬਈ ਆਪਣੇ ਜੁਆਕਾਂ ਨੂੰ ਬਾਹਰ ਜਾਣਾ ਚਾਹੀਦਾ ਕਿ ਨਹੀਂ, ਸਰਕਾਰਾਂ ਕੀ ਕਰਦੀਆਂ ਕੀ ਨਈਂ ਕਰਦੀਆਂ.. ਹਨਾਂ, ਤੂੰ ਦੱਸ ਬਈ, ਆ ਸਾਰੇ ਬੈਠੇ ਆ ਸੱਥ ’ਚ ਤੇਰੇ ਚਾਚੇ-ਤਾਏ, ਬਾਬੇ ਹੋਰੀਂ, ਬਈ ਕੀ ਹੋਣਾ ਚਾਹੀਦਾ, ਕੀ ਨਈਂ, ਚੱਲ ਬੋਲ।’
‘ਹਾਂ ਜੀ, ਬਜ਼ੁਰਗੋ, ਸਤਿ ਸ੍ਰੀ ਅਕਾਲ ਸਭ ਨੂੰ, ਠੀਕ ਠਾਕ ਓ ਸਭ?’
‘ਹਾਂ ਬਈ ਮੱਲਾ, ਠੀਕ ਆ, ਠੀਕ  ਆ , ਤੂੰ ਦੱਸ ..’ ਸਭ ਨੇ ਇਕੋ ਸੁਰ ’ਚ ਇਕੱਠਿਆਂ ਜਵਾਬ ਦਿੰਦਿਆਂ ਕਿਹਾ।
‘ਬਜ਼ੁਰਗੋ ਮੈਂ ਤਾਂ ਕੀ ਦੱਸਣਾ ਤੁਸੀਂ ਸਿਆਣੇ ਓ ਸਭ ਪਰ ਫਿਰ ਵੀ ਮੈਂ ਤਾਂ ਇਹੋ ਕਹਾਂਗਾ ਬਈ ਆਪਣੀਆਂ ਸਰਕਾਰਾਂ ਤੋਂ ਆਜ਼ਾਦੀ ਤੋਂ ਬਾਅਦ 70-75 ਸਾਲਾਂ ਤੱਕ ਵੀ ਆਪਣੇ ਦੇਸ਼ ਦੀਆਂ ਲੋੜਾਂ ਅਨੁਸਾਰ ਰੁਜ਼ਗਾਰ ਤਾਂ ਪੈਦਾ ਨੀਂ ਹੋਇਆ, ਲੋੜੀਂਦੀਆਂ ਸੁੱਖ ਸਹੂਲਤਾਂ ਤਾਂ ਸਰਕਾਰ ਦੇ ਨੀਂ ਸਕੀ ਅੱਜ ਤੱਕ ਆਪਣੇ ਲੋਕਾਂ ਨੂੰ। ਹੁਣ ਉਸ ਨੂੰ ਘੱਟੋ ਘੱਟ ਇੰਨਾ ਤਾਂ ਜ਼ਰੂਰ ਕਰਨਾ ਚਾਹੀਦਾ ਬਈ ਉਹ ਬਾਹਰਲੇ ਮੁਲਕਾਂ ਦੀ ਲੋੜ ਅਨੁਸਾਰ ਹੀ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਤਿਆਰ ਕਰ ਲਵੇ, ਡੌਂਕੀਆਂ ਲਾ ਲਾ ਕੇ, ਏਜੰਟਾਂ ਤੋਂ ਲੁੱਟ ਪੁੱਟ ਹੋ ਕੇ ਵੀ ਤਾਂ ਲੋਕ ਬਾਹਰਲੇ ਮੁਲਕਾਂ ਨੂੰ ਜਾ ਹੀ ਰਹੇ ਨੇ, ਕਿਉਂ ਨਾ ਦੇਸ਼ ਦੀ ਸਰਕਾਰ ਇਹ ਸਾਰਾ ਕੰਮ ਆਪਣੇ ਹੱਥ ਵਿਚ ਲੈ ਲਵੇ। ਸਾਰੇ ਦੇਸ਼ਾਂ ਨਾਲ ਆਪ ਸਿੱਧਾ ਸੰਪਰਕ ਕਰਕੇ ਉਹਨਾਂ ਦੀਆਂ ਲੋੜਾਂ ਪੁੱਛੇ ਕਿ ਉਹਨਾਂ ਨੂੰ ਸਾਡੇ ਦੇਸ਼ ਤੋਂ ਕਿਸ ਤਰ੍ਹਾਂ ਦੇ ਲੋਕ ਚਾਹੀਦੇ ਨੇ। ਅਰਬ ਮੁਲਕਾਂ ਵਿਚ ਸਾਡੇ ਲੋਕ ਮਜ਼ਦੂਰੀ ਕਰਨ ਜਾਂਦੇ ਨੇ, ਜੇ ਸਾਡੇ ਮੁਲਕ ’ਚ ਇੰਨਾ ਵੀ ਕੰਮ ਨਹੀਂ ਤਾਂ ਘੱਟੋ ਘੱਟ ਅਜਿਹੇ ਲੋਕਾਂ ਨੂੰ ਇੱਕ ਨੰਬਰ ਵਿਚ ਤੇ ਘੱਟ ਖਰਚੇ ਤੇ ਇਹਨਾਂ ਮੁਲਕਾਂ ਵਿਚ ਸਰਕਾਰ ਆਪ ਭੇਜਣ ਦਾ ਕੰਮ ਤਾਂ ਕਰੇ। ਅਮਰੀਕਾ, ਕੈਨੇਡਾ, ਆਸਟਰੇਲੀਆ ਤੇ ਹੋਰ ਅਜਿਹੇ ਮੁਲਕਾਂ ਦੀਆਂ ਲੋੜਾਂ ਅਨੁਸਾਰ ਸਾਡੇ ਸਕੂਲਾਂ, ਕਾਲਜਾਂ ਵਿਚ ਬੱਚਿਆਂ ਨੂੰ ਤਿਆਰ ਕੀਤਾ ਜਾਵੇ। ਬਾਹਰਲੇ ਮੁਲਕਾਂ ਵਿਚ ਸਾਡੀ ਸਰਕਾਰ ਦੇ ਸਹਾਇਤਾ-ਦਫਤਰ ਹੋਣ ਜਿਹੜੇ ਇਥੋਂ ਦੀ ਸਰਕਾਰ ਦੀਆਂ ਲੋੜਾਂ ਅਨੁਸਾਰ ਰੁਜ਼ਗਾਰ ਦੀ ਸੂਚੀ ਤਿਆਰ ਕਰਨ, ਆਪਣੀ ਸਰਕਾਰ ਉਸ ਸੂਚੀ ਅਨੁਸਾਰ ਬੱਚੇ ਤਿਆਰ ਕਰੇ, ਤੇ ਫਿਰ ਆਪ ਹੀ ਸਰਕਾਰੀ ਪੱਧਰ ’ਤੇ ਅਪਲਾਈ ਕਰਵਾ ਕੇ ਉਹਨਾਂ ਨੂੰ ਬਾਹਰਲੇ ਮੁਲਕਾਂ ਵਿਚ ਭੇਜਣ ਦਾ ਪ੍ਰਬੰਧ ਕਰੇ।ਬਾਹਰਲੇ ਮੁਲਕਾਂ ਵਿਚ ਸਥਾਪਤ ਆਪਣੇ ਦਫਤਰ ਇਥੇ ਆਉਣ ਵਾਲੇ ਲੋਕਾਂ ਦੀ ਅਗਵਾਈ ਕਰਨ, ਉਨ੍ਹਾਂ ਦੀ ਰਿਹਾਇਸ਼, ਕੰਮ ਲੱਭਣ ਵਿਚ ਮੱਦਦ, ਤੇ ਕਿਸੇ ਵੀ ਕਿਸਮ ਦੀ ਆ ਰਹੀ ਸਮੱਸਿਆ ਨੂੰ ਹੱਲ ਕਰਨ/ਕਰਵਾਉਣ ਵਿਚ ਆਪਣੇ ਲੋਕਾਂ ਦੀ ਮੱਦਦ ਕਰਨ। ਬਾਹਰਲੇ ਦੇਸ਼ਾਂ ਵਿਚ ਸਭ ਤੋਂ ਜ਼ਰੂਰੀ ਤਾਂ ਇਹ ਹੈ ਕਿ ਤੁਹਾਨੂੰ ਬਾਹਰਲੇ ਦੇਸ਼ ਦੀ ਭਾਸ਼ਾ ਚੰਗੀ ਤਰ੍ਹਾਂ ਜ਼ਰੂਰ ਆਉਣੀ ਚਾਹੀਦਾ ਹੈ, ਤਾਂ ਹੀ ਤੁਸੀਂ ਇਥੋਂ ਦੇ ਸਮਾਜ ਵਿਚ ਆਪਣੇ ਆਪ ਨੂੰ ਅਡਜਸਟ ਕਰ ਸਕੋਗੇ, ਤਾਂ ਹੀ ਚੰਗੀ ਤਰ੍ਹਾਂ ਇਥੇ ਕੰਮ ਕਰ ਸਕੋਗੇ। ਬਾਕੀ ਰਹੀ ਗੱਲ ਕੰਮ ਦੀ, ਇਥੇ ਹਰ ਤਰ੍ਹਾਂ ਦਾ ਕੰਮ ਹੈ, ਵੱਧ ਪੜ੍ਹਿਆਂ ਲਈ ਚੰਗੇ ਦਫਤਰੀ ਕੰਮ ਵੀ ਹਨ ਤੇ ਘੱਟ ਪੜ੍ਹਿਆਂ ਲਈ ਆਮ ਕੰਮ ਵੀ, ਇਧਰ ਅੰਗਰੇਜ਼ ਲੋਕ ਵੀ ਆਮ ਕੰਮ ਜਿਸ ਤਰ੍ਹਾਂ ਬਿਜਲੀ ਦਾ ਕੰਮ, ਮਕਾਨ ਉਸਾਰੀ ਦਾ ਕੰਮ, ਰੰਗ ਕਰਨ ਦਾ ਕੰਮ, ਟਰੱਕ, ਟਰਾਲੇ ਜਾਂ ਟੈਕਸੀ ਚਲਾਉਣੀ, ਪਲੰਬਰ, ਘਰਾਂ ਦੀ ਸਾਫ ਸਫਾਈ ਦੇ ਕੰਮ, ਘਰਾਂ ਵਿਚ ਜਾਂ ਪਾਰਕਾਂ ਵਿਚ ਘਾਹ,ਬੂਟਿਆਂ ਦੀ ਸਾਂਭ ਸੰਭਾਲ ਦੇ ਕੰਮ, ਗੱਡੀਆਂ ਦੀ ਮੁਰੰਮਤ ਦੇ ਕੰਮ, ਦੁਕਾਨਾਂ, ਸਟੋਰਾਂ, ਮਾਲਾਂ ਉਪਰ ਕੰਮ, ਹੋਟਲਾਂ, ਰੈਸਟੌਰੈਂਟਾਂ ਵਿਚ ਕੰਮ, ਖੇਤਾਂ ਵਿਚ ਕੰਮ, ਕਾਰਖਾਨੇ, ਵਰਕਸ਼ਾਪਾਂ ਵਿਚ ਕੰਮ ਤੇ ਹੋਰ ਅਨੇਕਾਂ ਅਜਿਹੇ ਕੰਮ ਸਿਰਫ ਇਥੋਂ ਦੇ ਆਦਮੀ ਹੀ ਨਹੀਂ ਕਰਦੇ ਸਗੋਂ ਇਹ ਸਾਰੇ ਕੰਮ ਇਥੋਂ ਦੀਆਂ ਅੰਗਰੇਜ਼ ਕੁੜੀਆਂ ਵੀ ਬੜੀ ਖੁਸ਼ੀ ਤੇ ਮਾਣ ਨਾਲ ਕਰਦੀਆਂ ਹਨ ਤੇ ਆਪਣੇ ਦੇਸ਼ੋਂ ਇਧਰ ਪੜ੍ਹਾਈ ਕਰਨ ਆਏ ਬਹੁਤ ਸਾਰੇ ਮੁੰਡੇ, ਕੁੜੀਆਂ ਵੀ ਅਜਿਹੇ ਹੀ ਕੰਮ ਕਰ ਰਹੇ ਹਨ। ਇਥੇ ਕੰਮ ਦੀ ਕਦਰ ਹੈ ਕੋਈ ਕੰਮ ਛੋਟਾ ਜਾਂ ਵੱਡਾ ਨਹੀਂ ਸਮਝਿਆ ਜਾਂਦਾ। ਤੇ ਅਜਿਹੇ ਕੰਮਾਂ ਦੀਆਂ ਇਥੇ ਹੋਰ ਬਹੁਤ ਸੰਭਾਵਨਾਵਾਂ ਹਨ। ਸੋ ਇਹਨਾਂ ਕੰਮਾਂ ਲਈ ਸਾਡੀ ਸਰਕਾਰ ਨੂੰ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਨਾਲ ਮਿਲ ਬੈਠ ਕੇ, ਗੱਲ ਕਰਕੇ ਸਾਡੇ ਆਪਣੇ ਮੁਲਕ ਵਿਚ ਨੌਜਵਾਨ ਤਿਆਰ ਕਰਨ ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਸਾਡੇ ਆਈ.ਟੀ.ਆਈ ਅਦਾਰੇ ਜਾਂ ਹੋਰ ਸੰਸਥਾਵਾਂ ਇਹਨਾਂ ਲੋੜਾਂ ਨੂੰ ਆਪਣੇ ਕੰਮ ਢੰਗ, ਪੜ੍ਹਾਈ ਨੂੰ ਆਧੁਨਿਕ ਬਣਾ ਕੇ ਪੂਰਾ ਕਰ ਸਕਦੇ ਹਨ ਤੇ ਸਾਡੀਆਂ ਸਰਕਾਰਾਂ ਨੂੰ ਇਹਨਾਂ ਅਦਾਰਿਆਂ ਦੀ ਪੜ੍ਹਾਈ ਨੂੰ ਬਾਹਰਲੇ ਮੁਲਕਾਂ ਤੋਂ ਮਾਨਤਾ ਵੀ ਦਿਵਾਉਣੀ ਚਾਹੀਦੀ ਹੈ। ਦਸਵੀਂ ਤੋਂ ਬਾਅਦ ਜਿਸ ਕਿਸੇ ਨੇ ਵੀ ਬਾਹਰਲੇ ਮੁਲਕ ਜਾਣਾ ਹੈ ਉਸ ਨੂੰ ਦੋ ਸਾਲ ਦਾ ਅਜਿਹਾ ਡਿਪਲੋਮਾ ਕਰਵਾਉਣਾ ਚਾਹੀਦਾ ਹੈ ਜਿਸ ਵਿਚ ਉਹ ਜਿਥੇ ਜਾਣਾ ਚਾਹੁੰਦਾ ਹੈ ਉਥੋਂ ਦੀ ਭਾਸ਼ਾ ਚੰਗੀ ਤਰ੍ਹਾਂ ਸਿੱਖੇ, ਕੰਪਿਊਟਰ ਸਿੱਖੇ,  ਕੋਈ ਵੀ ਇੱਕ ਕੰਮ/ਟਰੇਡ ਵਿਚ ਚੰਗੀ ਮੁਹਾਰਤ ਹਾਸਲ ਕਰੇ। ਉਹ ਮੁੰਡਾ ਜਾਂ ਕੁੜੀ ਚੰਗੀ ਤਰ੍ਹਾਂ ਕਾਰ ਚਲਾਉਣੀ ਸਿੱਖੇ, ਉਸ ਦਾ ਪੱਕਾ ਲਾਈਸੈਂਸ ਬਣੇ, ਪਾਸਪੋਰਟ ਬਣੇ। ਟਰੱਕ, ਟਰਾਲੇ ਚਲਾਉਣ ਦੇ ਇੱਛਕ ਨੂੰ ਅਜਿਹੀ ਟ੍ਰੇਨਿੰਗ ਦਿੱਤੀ ਜਾਵੇ ਤੇ ਲੋੜੀਂਦਾ ਲਾਈਸੈਂਸ ਜਾਰੀ ਕਰਵਾਇਆ ਜਾਵੇ। ਬਾਹਰਲੇ ਮੁਲਕਾਂ ਵਿਚ ਜਾ ਰਹੇ ਜਾਂ ਗਏ ਹੋਏ ਸਾਰੇ ਲੋਕਾਂ ਦਾ ਰਿਕਾਰਡ ਆਪਣੇ ਦੇਸ਼ ਦੇ ਬਾਹਰਲੇ ਮੁਲਕ ਵਿਚ ਬਣੇ ਦਫਤਰ ਵਿਚ ਜ਼ਰੂਰ ਹੋਵੇ, ਸਰਕਾਰਾਂ ਨੂੰ ਪਤਾ ਹੋਵੇ ਕਿ ਸਾਡੇ ਕਿੰਨੇ ਲੋਕ ਕਿਸ ਮੁਲਕ ਵਿਚ ਕਿਥੇ ਬੈਠੇ ਹਨ, ਕੀ ਕਰ ਰਹੇ ਹਨ, ਉਹਨਾਂ ਦੀ ਔਖੇ ਵੇਲੇ ਮੱਦਦ ਕਰਨ ਲਈ ਦੇਸ਼ ਤਿਆਰ ਬਰ ਤਿਆਰ ਰਹੇ। ਅਰਬ ਮੁਲਕਾਂ ਵਿਚ ਮਜ਼ਦੂਰੀ ਕਰਨ ਲਈ ਭੇਜੇ ਲੋਕਾਂ ਦੇ ਹੱਕਾਂ ਦੀ ਰਾਖੀ ਆਪਣੇ ਦੇਸ਼ ਦੀ ਸਰਕਾਰ ਕਰੇ/ਕਰਵਾਵੇ, ਉਹਨਾਂ ਨੂੰ ਸਹੀ ਤਨਖਾਹਾਂ ਤੇ ਹੋਰ ਸਹੂਲਤਾਂ ਦੇਣ ਲਈ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਨਾਲ ਰਾਬਤਾ ਬਣਾ ਕੇ ਰੱਖੇ। ਪਹਿਲੀ ਵਾਰ ਬਾਹਰਲੇ ਮੁਲਕ ਜਾ ਰਹੇ ਨੌਜਵਾਨਾਂ ਨੂੰ ਸਾਂਭਣ ਲਈ ਹਰ ਦੇਸ਼ ਦੇ ਹਰ ਵੱਡੇ ਸ਼ਹਿਰ ਜਾਂ ਘੱਟੋ ਘੱਟ ਮੁੱਖ ਏਅਰ ਪੋਰਟ ਦੇ ਨੇੜੇ ਆਪਣੇ ਮੁਲਕ ਵਲੋਂ 100-50 ਕਮਰਿਆਂ ਦਾ ਹੋਸਟਲ ਉਸਾਰਿਆ ਜਾਵੇ ਜਿਥੇ ਜਾ ਕੇ ਹਰ ਨਵਾਂ ਨੌਜਵਾਨ ਹਫਤਾ-ਦਸ ਦਿਨ ਰਹਿ ਸਕੇ ਤੇ ਉਪਰੰਤ ਆਪਣਾ ਕੰਮ/ਕਾਲਜ/ਰਿਹਾਇਸ਼ ਆਦਿ ਲੱਭ ਕੇ ਉਥੋਂ ਤੱਕ ਆਸਾਨੀ ਨਾਲ ਪਹੁੰਚ ਸਕੇ। ਬਾਹਰਲੇ ਮੁਲਕਾਂ ਵਿਚ ਆਪਣੇ ਦੇਸ਼ ਵਲੋਂ ਬਣਾਏ ਇਹ ਸਹਾਇਤਾ ਦਫਤਰ ਇਥੇ ਪਹੁੰਚੇ ਹਰ ਭਾਰਤੀ ਦੀ ਹਰ ਕੰਮ ਵਿਚ ਸੰਭਵ ਮੱਦਦ ਕਰਨ ਖਾਸ ਕਰਕੇ ਕਿਸੇ ਵੀ ਔਖੀ ਘੜੀ ਵਿਚ ਇਹ ਦਫਤਰ ਹਰੇਕ ਦੀ ਬਾਂਹ ਫੜਣ। ਸਾਡੀਆਂ ਸਰਕਾਰਾਂ ਨੂੰ ਆਪਣੇ ਦੇਸ਼ ਵਿਚ ਅਜਿਹਾ ਇੱਕ ਵਿਭਾਗ ਬਣਾਉਣਾ ਚਾਹੀਦਾ ਹੈ ਜਿਹੜਾ ਬਾਹਰਲੇ ਮੁਲਕਾਂ ਵਿਚ ਗਏ ਲੋਕਾਂ ਦੀਆਂ ਭਾਰਤ ਨਾਲ ਸਬੰਧਿਤ ਸਮੱਸਿਆਂਵਾਂ ਜਿਵੇਂ ਕਿ ਜਾਇਦਾਦਾਂ ਜਾਂ ਪਰਿਵਾਰਕ/ਸਮਾਜਿਕ ਝਗੜੇ, ਪੁਲਿਸ ਵੈਰੀਫਿਕੇਸ਼ਨਾਂ, ਪਾਸਪੋਰਟ ਨਿਵਆਉਣ ਆਦਿ ਦੇ ਕੰਮਾਂ ਵਿਚ ਉਹਨਾਂ ਦੀ ਮੱਦਦ ਕਰਨ, ਨਿਪਟਾਰੇ ਕਰਨ ਤੇ ਉਹਨਾਂ ਦੇ ਹੱਕਾਂ ਦੀ ਰਾਖੀ ਕਰਨ ਵਿਚ ਉਨ੍ਹਾਂ ਦੀ ਪੂਰੀ ਮੱਦਦ ਕਰੇ। ਜੇ ਸਰਕਾਰਾਂ ਅਜਿਹੇ ਸਾਰੇ ਕੰਮ ਆਪਣੇ ਹੱਥ ਲਏ ਲੈਣ ਤਾਂ ਬਾਹਰਲੇ ਮੁਲਕਾਂ ਵਿਚ ਜਾਣ ਲਈ ਹੁੰਦੀਆਂ ਠੱਗੀਆਂ, ਧੋਖੇ, ਖੱਜਲ ਖੁਆਰੀਆਂ ਨੂੰ ਰੋਕਿਆ ਜਾ ਸਕਦਾ ਹੈ। ਹਾਂ ਜਦੋਂ ਸਾਡੇ ਦੇਸ਼ ਦਾ ਸਮੱਚਾ ਕੰਮ ਕਾਰ, ਸਿਸਟਮ ਲੀਹ ’ਤੇ ਆ ਗਿਆ ਲੋਕ ਆਪਣੇ ਆਪ ਬਾਹਰਲੇ ਮੁਲਕਾਂ ਨੂੰ ਜਾਣਾ ਬੰਦ ਕਰ ਦੇਣਗੇ, ਪਰਵਾਸ ਮਜਬੂਰੀ ਹੈ ਸ਼ੌਕ ਨਹੀਂ ਬਜ਼ੁਰਗੋ! ਚੰਗਾ ਤੁਹਾਡਾ ਕਾਫੀ ਸਮਾਂ ਲੈ ਲਿਆ, ਮੈਂ ਆਪਣੇ ਕੰਮ ਵਾਲੇ ਥਾਂ ਦੇ ਨੇੜੇ ਪਹੁੰਚ ਗਿਆ ਹਾਂ, ਸਤਿ ਸ੍ਰੀ ਅਕਾਲ ਸਭ ਨੂੰ, ਚੰਗਾ ਚਾਚਾ, ਓ.ਕੇ, ਬਾਏ।’
‘ਓ ਓਕੇ, ਬਾਏ ਪੁੱਤਰਾ,    ਗੱਲਾਂ ਤਾਂ ਤੇਰੀਆਂ ਠੀਕ ਲੱਗਦੀਆਂ। ਪਰ ਕਰ ਕੇ ਵੇਖਾਂਗੇ ਭਗਵੰਤ ਮਾਨ ਨਾਲ ਗੱਲ ਜੇ ਉਹਦੀ ਅਕਲ ’ਚ ਆਈਆਂ।’
ਇਹ ਕਹਿੰਦਿਆਂ ਭਿੰਦੀ ਨੇ ਫੋਨ ਕੱਟ ਦਿੱਤਾ।
ਮੂੰਹ ਹਨੇਰਾ ਹੋ ਰਿਹਾ ਸੀ ਤੇ ਸਾਰੇ ਆਪੋ ਆਪਣੇ ਘਰਾਂ ਨੂੰ ਚੱਲ ਪਏ।