ਸਾਡੇ ਪਿੰਡ ਰੱਬ ਵਸਦੈ (ਮਿੰਨੀ ਕਹਾਣੀ)

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਉੱਤਮ ਸਿੰਘ ਹਰੀਜਨ ਬਰਾਦਰੀ ਨਾਲ ਸਬੰਧਤ ਅਮ੍ਰਿਤਧਾਰੀ ਗੁਰਸਿੱਖ ਬਹੁਤ ਹੀ ਸਿੱਧਾ ਸਾਦਾ ਇਨਸਾਨ ਸੀ,ਦਿਹਾੜੀ ਦੱਪਾ ਕਰਕੇ ਆਪਣੇ ਪਰਿਵਾਰ ਨੂੰ ਪਾਲਣ ਕਰਕੇ ਬੇਸ਼ੱਕ ਗੁਰੂ ਘਰ ਨਿੱਤ ਤਾਂ ਹਾਜਰੀ ਨਹੀ ਸੀ ਲੱਗਦੀ ਪਰ ਗੁਰੂ ਉੱਪਰ ਪੂਰਾ ਵਿਸ਼ਵਾਸ ਕਰਦਾ ਸੀ।ਦੋ ਬੱਚੇ ਇੱਕ ਲੜਕੀ ਤੇ ਇੱਕ ਲੜਕਾ ਘਰ ਵਾਲੀ ਸਮੇਤ ਕੁੱਲ ਚਾਰ ਜੀਆਂ ਦਾ ਪਰਿਵਾਰ ਸੀ।ਘਰ ਕਰੀਬ ਤਿੰਨ ਕੁ ਮਰਲੇ ਵਿੱਚ ਕੱਚਾ ਹੀ ਸੀ। ਪਰ ਪਿੰਡ ਵਿੱਚ ਸਾਰੇ ਹੀ ਇਸ ਸੱਚੇ ਸੁੱਚੇ ਇਨਸਾਨ ਦੀ ਕਦਰ ਕਰਦੇ ਸਨ, ਬੇਸ਼ੱਕ ਮਸ਼ੀਨੀ ਯੁੱਗ ਕਰਕੇ ਦਿਹਾੜੀ ਦੱਪੇ ਦਾ ਕੰਮ ਕਾਫ਼ੀ ਘਟ ਗਿਆ ਸੀ ,ਪਰ ਫਿਰ ਵੀ ਇਹਦੀ ਇਮਾਨਦਾਰੀ ਕਰਕੇ ਪਿੰਡ ਵਾਲੇ ਉੱਤਮ ਸਿੰਘ ਨੂੰ ਕੋਈ ਨਾ ਕੋਈ ਕੰਮ ਦੇਈ ਰਖਦੇ ਜਿਸ ਨਾਲ ਉੱਤਮ ਸਿੰਘ ਦਾ ਵਧੀਆ ਗੁਜ਼ਾਰਾ ਹੋਈ ਜਾਂਦਾ ਸੀ।
        ਕੁੜੀ ਵੱਡੀ ਹੋ ਚੁੱਕੀ ਸੀ ਬਾਰਾਂ ਜਮਾਤਾਂ ਪੜਕੇ ਵਿਆਹੁਣ ਯੋਗ ਹੋ ਗਈ ਸੀ,ਪਰ ਗਰੀਬੀ ਕਾਰਨ ਉਸ ਨੂੰ ਬਾਰੋਂ ਉਠਾਉਣ ਲਈ ਉੱਤਮ ਸਿੰਘ ਬਹੁਤ ਫ਼ਿਕਰਮੰਦ ਸੀ, ਪਰ ਪਿੰਡ ਵਾਸੀਆਂ ਨੇ ਰਲਮਿਲ ਕੇ ਇਹ ਕਾਰਜ ਕਰਕੇ ਉੱਤਮ ਸਿੰਘ ਦੇ ਸਿਰ ਤੋਂ ਭਾਰ ਘਟਾ ਦਿੱਤਾ ਸੀ। ਮੁੰਡਾ ਛੋਟਾ, ਇੱਕੋ ਅਤੇ ਜ਼ਿਆਦਾ ਪਿਆਰਾ ਕਰਕੇ ਥੋੜੀਆਂ ਜਿਹੀਆਂ ਗ਼ਲਤ ਹਰਕਤਾਂ ਅਤੇ ਨਸ਼ਿਆਂ ਚ ਪੈਣ ਕਰਕੇ ਉੱਤਮ ਸਿੰਘ ਨੂੰ ਹਮੇਸ਼ਾ ਫ਼ਿਕਰ ਰਹਿੰਦਾ,ਹੌਲੀ ਹੌਲੀ ਉੱਤਮ ਸਿੰਘ ਬੁਢਾਪੇ ਵੱਲ ਵਧ ਰਿਹਾ ਸੀ। ਪਿੰਡ ਦੀ ਪੰਚਾਇਤ ਅਤੇ ਪਤਵੰਤਿਆਂ ਨੇ ਰਲਮਿਲ ਕੇ ਨਸ਼ਿਆਂ ਵਿੱਚ ਪਏ ਉੱਤਮ ਦੇ ਮੁੰਡੇ ਗੋਲ੍ਹੀ ਨੂੰ ਰਾਜਸਥਾਨ ਵਿਖੇ ਮਟੀਲੀ ਦੇ ਨਸ਼ਾ ਛੁਡਾਊ ਹਸਪਤਾਲ ਵਿਖੇ ਦਾਖਲ ਕਰਾ ਕੇ ਪੱਕੇ ਤੌਰ ਤੇ ਨਸ਼ਿਆਂ ਤੋਂ ਖਹਿੜਾ ਛੁਡਾ ਦਿੱਤਾ ਸੀ ਤੇ ਹੁਣ ਗੋਲ੍ਹੀ ਵਧੀਆ ਆਪਣੇ ਬਾਪ ਨਾਲ ਕੰਮ ਧੰਦੇ ਵਿੱਚ ਹੱਥ ਵਟਾਉਣ ਲੱਗ ਪਿਆ ਸੀ। ਇਨਾਂ ਦੋਵੇਂ ਕੰਮਾਂ ਵਿੱਚ ਉੱਤਮ ਸਿੰਘ ਆਪਣੇ ਪਿੰਡ ਦੀ ਪੰਚਾਇਤ ਅਤੇ ਪਤਵੰਤਿਆਂ ਦਾ ਬਹੁਤ ਰਿਣੀ ਸੀ, ਅਤੇ ਧੰਨਵਾਦ ਕਰਦਾ ਨਹੀਂ ਸੀ ਥੱਕਦਾ।
          ਪਰ ਇਸ ਵਾਰ ਆਈਆਂ ਬਹੁਤ ਬਾਰਸ਼ਾਂ ਨੇ ਉੱਤਮ ਸਿੰਘ ਦੇ ਕੱਚੇ ਘਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ,ਇੱਕੋ ਇੱਕ ਕੋਠਾ ਮੀਹਾਂ ਦੀ ਭੇਂਟ ਚੜ੍ਹ ਗਿਆ,ਜਿਸ ਨਾਲ ਉਸ ਦੀਆਂ ਆਸਾਂ ਤੇ ਪਾਣੀ ਫਿਰ ਗਿਆ,ਪਰ ਬਚਾਅ ਇਹ ਰਿਹਾ ਕਿ ਉਸ ਸਮੇਂ ਘਰ ਵਿੱਚ ਕੋਈ ਨਹੀਂ ਸੀ,ਉੱਤਮ ਸਿੰਘ ਤੇ ਗੋਲ੍ਹੀ ਦਿਹਾੜੀ ਗਏ ਸਨ ਤੇ ਉੱਤਮ ਸਿੰਘ ਦੇ ਘਰ ਵਾਲੀ ਈਸਰੋ ਸਰਪੰਚਾਂ ਦੇ ਘਰ ਸਫ਼ਾਈ ਕਰਨ ਗਈ ਕਰਕੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਸੀ।ਪਰ ਉੱਤਮ ਸਿੰਘ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ,ਦੋ ਤਿੰਨ ਮੰਜੇ ਟੁੱਟ ਗਏ,ਈਸਰੋ ਦੀ ਪੇਟੀ ਵਿੱਚ ਪਿਆ ਸਾਰਾ ਸਮਾਨ ਖਰਾਬ ਹੋ ਗਿਆ ਤੇ ਹੋਰ ਭਾਂਡੇ ਟੀਂਡੇ ਵੀ ਮਲਬੇ ਥੱਲੇ ਆ ਗਏ ਸਨ,ਅੰਤਾਂ ਦੀ ਮਹਿੰਗਾਈ ਅਤੇ ਗਰੀਬੀ ਮੂੰਹ ਅੱਡੀ ਖੜੀ ਸੀ,ਕਰੇ ਤਾਂ ਕੀ ਕਰੇ ਗ਼ਰੀਬ ਆਦਮੀ,ਇਹ ਖੋਲਾ ਹੁਣ ਕਿਵੇਂ ਪਊ?ਇਹ ਸੋਚਾਂ ਦਾ ਝੋਰਾ ਉੱਤਮ ਸਿੰਘ ਨੂੰ ਵੱਢ ਵੱਢ ਖਾ ਰਿਹਾ ਸੀ।
            ਪਰ ਜਿਉਂ ਹੀ ਪਿੰਡ ਵਿੱਚ ਉੱਤਮ ਸਿੰਘ ਦੇ ਘਰ ਢਹਿਣ ਦੀ ਖ਼ਬਰ ਮਿਲੀ ਤਾਂ ਪਿੰਡ ਵਾਲਿਆਂ ਤੇ ਪੰਚਾਇਤ ਨੇ ਰਲਮਿਲ ਕੇ ਪਹਿਲਾਂ ਤਾਂ ਓਹਦਾ ਗਰੀਬੀ ਦਾਵੇ ਵਾਲਾ ਥੋੜਾ ਬਹੁਤਾ ਘਰ ਵਾਲਾ ਸਮਾਨ ਨੰਬਰਦਾਰ ਦੇ ਘਰ ਰਖਵਾਇਆ ਤੇ,ਓਥੇ ਥੋੜੇ ਦਿਨ ਰਹਿਣ ਲਈ ਇੰਤਜ਼ਾਮ ਕੀਤਾ ਤੇ ਨੰਬਰਦਾਰ ਭਜਨ ਸਿੰਘ ਦੇ ਘਰੋਂ ਰੋਟੀ ਪਾਣੀ ਦਾ ਸਾਰਾ ਪ੍ਰਬੰਧ ਕੀਤਾ,ਫਿਰ ਸਾਰਿਆਂ ਨੇ ਉੱਜਰ ਕਰਕੇ ਇੱਕ ਪੱਕਾ ਕਮਰਾ,ਰਸੋਈ ਲੈਟਰੀਨ ਬਾਥਰੂਮ ਬਣਵਾ ਕੇ ਉੱਤਮ ਸਿੰਘ ਨੂੰ ਆਪਣੇ ਘਰ ਵਿੱਚ ਬਿਠਾ ਦਿੱਤਾ,ਉੱਤਮ ਸਿੰਘ ਖੁਸ਼ੀ ਦੇ ਹੰਝੂ ਵਹਾਉਂਦਾ ਹੋਇਆ ਸਾਰੇ ਪਿੰਡ ਦਾ ਤੇ ਸਮੁੱਚੀ ਪੰਚਾਇਤ ਦਾ ਦੋਂਨੇਂ ਹੱਥ ਜੋੜ ਕੇ ਗਲ ਵਿੱਚ ਪੱਲੂ ਪਾ ਕੇ ਧੰਨਵਾਦ ਕਰ ਰਿਹਾ ਸੀ, ਅਤੇ ਕਹਿ ਰਿਹਾ ਸੀ ਕਿ,ਕੌਣ ਕਹਿੰਦਾ ਹੈ ਕਿ ਰੱਬ ਹੈ ਨਹੀਂ, ਮੈਂ ਪ੍ਰਤੱਖ ਦਰਸ਼ਨ ਕਰ ਰਿਹਾ ਹਾਂ ਕਿਉਂਕਿ ਇਹ ਕਾਰਜ ਕੋਈ ਇਨਸਾਨ ਤਾਂ ਇਸ ਜ਼ਮਾਨੇ ਕਰ ਨਹੀਂ ਸਕਦਾ ਇਸ ਲਈ ਮੈਂ ਆਪਣੇ ਇਸ ਸਾਰੇ ਪਿੰਡ ਦੇ ਪਤਵੰਤਿਆਂ ਚੋਂ ਰੱਬ ਦੇ ਸ਼ਾਖਸ਼ਾਤ ਦਰਸ਼ਨ ਕਰ ਰਿਹਾ ਹਾਂ ਇਸ ਲਈ ਜਿਸ ਨੇ ਵੀ ਰੱਬ ਦੇ ਦਰਸ਼ਨ ਕਰਨੇ ਹੋਣ ਓਹ ਸਾਡੇ ਪਿੰਡ ਆ ਕੇ ਦਰਸ਼ਨ ਕਰ ਸਕਦਾ ਹੈ,ਰੱਬ ਤਾਂ ਸਾਡੇ ਪਿੰਡ ਵਿੱਚ ਵਸਦਾ ਹੈ, ਦੋਵੇਂ ਜੀਅ ਓਸ ਅਕਾਲਪੁਰਖ ਦਾ ਤੇ ਪਿੰਡ ਦੀ ਪੰਚਾਇਤ ਅਤੇ ਸਮੁੱਚੇ ਪਤਵੰਤਿਆਂ ਦਾ ਅੱਖਾਂ ਚੋਂ ਖੁਸ਼ੀ ਦੇ ਹੰਝੂਆਂ ਨਾਲ ਧੰਨਵਾਦ ਕਰ ਰਹੇ ਸਨ।