ਸਾਹਿਤ ਦੇ ਖੇਤਰ ਵਿੱਚ ਮਾਂ ਬੋਲੀ ਲਈ ਏਨੀ ਕਦਰ ਤੇ ਸ਼ਿੱਦਤ ਨਾਲ ਵਫਾ ਪਾਲ ਰਹੀ ਹਰਜੀਤ ਕੌਰ ਗਿੱਲ ਚਮਤਕਾਰੀ ਸਿਰਜਣਾਤਮਕ ਪ੍ਰਤਿਭਾ ਦੀ ਸਮਰੱਥ ਲੇਖਿਕਾ ਬਣ ਕੇ ਉੱਭਰ ਰਹੀ ਹੈ । ਉਸਦੀ ਫ਼ਿਤਰਤ ਵਿੱਚ ਉੱਚੀਆਂ ਸੋਚਾਂ , ਕਮਾਲ ਦੇ ਜਜ਼ਬੇ ਤੇ ਉੱਤਮ ਵਿਚਾਰਾਂ ਦੀ ਗੁੜ੍ਹਤੀ ਸਮਾਈ ਹੋਈ ਪ੍ਰਤੀਤ ਹੁੰਦੀ ਹੈ । ਉਹ ਆਪ ਹੀ ਲਿਖਦੀ ਹੈ ਕਿ ਮੇਰੀ ਲੇਖਣੀ ਮੇਰੇ ਅਹਿਸਾਸਾਂ ਦੀ ਖੁਸ਼ਬੋ ਹੈ ਇਹੀ ਕਾਰਨ ਹੈ ਕਿ ਉਹ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਬਾਤ ਆਪਣੇ ਲੇਖਾਂ ਵਿੱਚ ਪਾਉੰਦੀ ਹੀ ਨਹੀਂ ਸਗੋਂ ਪਾਠਕਾਂ ਦਾ ਹੁੰਗਾਰਾ ਵੀ ਸੁਣਦੀ ਤੇ ਵਾਚਦੀ ਹੈ ।
ਹਰਜੀਤ ਕੌਰ ਗਿੱਲ ਦੀ ਰਚਨਾ ਉਸਦੇ ਚਿੰਤਨ ਦੀ ਧਰਾਤਲ ਹੈ ਅਤੇ ਕਈ ਥਾਂਵਾਂ ਤੇ ਉਸਨੂੰ ਆਪਣੀ ਹੀ ਲੇਖਣੀ ਆਪਣੇ ਸਾਹਾਂ ਦੀ ਧੜਕਣ ਮਹਿਸੂਸ ਹੁੰਦੀ ਹੈ । ਇਹੀ ਕਾਰਨ ਹੈ ਕਿ ਉਹ ਅਜੇਹਾ ਮੁਹਾਂਦਰਾ ਸਿਰਜਣਾ ਚਾਹੁੰਦੀ ਹੈ ਜੋ ਮਨੁੱਖ ਨੂੰ ਖ਼ੁਸ਼ਹਾਲੀ ਦੀ ਮੰਜਿਲ ਵੱਲ ਲੈ ਜਾਵੇ । ਉਹ ਜ਼ਿੰਦਗੀ ਦੇ ਰੰਗ ਨੂੰ ਵੱਖ ਵੱਖ ਦ੍ਰਿਸ਼ਟੀਕੋਣਾਂ ਤੋਂ ਵਾਚਦੀ ਹੈ ਅਤੇ ਜ਼ਿੰਦਗੀ ਦੇ ਰੰਗਾਂ ਨੂੰ ਉਮਰ ਦੇ ਵੱਖ ਵੱਖ ਪੜਾਵਾਂ ਬਚਪਨ , ਜਵਾਨੀ ਪਰੋੜ ਅਵਸਥਾ ਅਤੇ ਬੁਢੇਪਾ ਆਦਿ ਨਾਲ ਸੁਮੇਲਦੀ ਰਹੱਸਵਾਦੀ ਵਿਚਾਰਧਾਰਾ ਨੂੰ ਰੂਪਮਾਨ ਕਰਦੀ ਹੈ ।
ਹਰਜੀਤ ਭਰਿਸ਼ਟ ਰਾਜਸੀ ਖੇਤਰ ਵਿੱਚ ਕੁੜੱਤਣ ਨੂੰ ਵੇਦਨਾ ਭਰਪੂਰ ਸ਼ੈਲੀ ਵਿੱਚ ਲੇਖਾਂ ਦਾ ਆਧਾਰ ਬਣਾਉੰਦੀ ਹੈ ਅਤੇ ਉਹ ਅਜੋਕੇ ਪੰਜਾਬ ਅਤੇ ਸਮੁੱਚੇ ਸਮਕਾਲ ਦੀ ਅਕਾਸੀ ਆਪਣੀਆਂ ਲਿਖਤਾਂ ਵਿੱਚ ਦਰਿਸ਼ਟੀਗੋਚਰ ਕਰਦੀ ਹੈ । ਇਸੇ ਸੰਕਲਪ ਅਧੀਨ ਨਸ਼ਿਆਂ ਦੀ ਗੱਲ ਕਰਦਿਆਂ ਚਿੰਤਾ ਭਰੀ ਸਥਿਤੀ ਵਿੱਚ ਇਸਦੇ ਕਾਰਨ ਅਸਰ ਅਤੇ ਇਲਾਜ ਤੇ ਪ੍ਰਤਿਬਿੰਬਤ ਹੁੰਦੀ ਹੈ । ਮਾਂ ਬੋਲੀ ਲਈ ਅਥਾਹ ਪਿਆਰ ਹੈ ਅਤੇ ਇਕ ਸੱਚੇ ਆਸ਼ਕ ਵਾਂਗ ਸ਼ੌਦਾਈ ਬਣ ਗਈ ਪ੍ਰਤੀਤ ਹੁੰਦੀ ਹੈ ਅਤੇ ਵਿਰਸੇ ਦੀ ਬਾਤ ਪਾਉੰਦੀ ਰੌਚਿਕ ਰੰਗ ਵਿੱਚ ਰੰਗੀ ਭਾਵਕ ਹੋ ਉਠਦੀ ਹੈ ....
ਤੇਰਾ ਮੇਰਾ ਬਣਦਾ ਨਾ ਮੇਚ ਮੁੰਡਿਆ
ਤੈਨੂੰ ਮੋਗੇ ਦੀ ਮੰਡੀ ‘ ਚ ਆਵਾਂ ਵੇਚ ਮੁੰਡਿਆ
ਹਰਜੀਤ ਕੌਰ ਗਿੱਲ ਭਵਿੱਖ ਦੀ ਪੰਜਾਬੀ ਹਿੰਮਤ ਦਾ ਨਕਸ਼ਾ ਉਲੀਕਦੀ ਹੈ ਅਤੇ ਮੁਹੱਬਤ ਇਸ ਸੀਰਤ ਦੀ ਵਡਮੁੱਲੀ ਤਾਕਤ ਬਣੀ ਹੈ ਇਹੀ ਕਾਰਨ ਹੈ ਕਿ ਉਸਦੇ ਨਿਬੰਧ ਦੀਵਾਲੀ ਨੂੰ ਬਨੇਰਿਆਂ ਤੇ ਜਗਣ ਵਾਲੇ ਚਿਰਾਗ਼ਾਂ ਵਰਗੇ ਹਨ । ਪੁਸਤਕ ਦੀ ਖ਼ੂਬਸੂਰਤ ਦਿੱਖ ਤੇ ਦੱਖ ਲੇਖਿਕਾ ਦੀ ਚੁੰਬਕੀ ਸ਼ਖ਼ਸੀਅਤ ਦੀ ਸੱਚੀ ਸੁੱਚੀ ਗਵਾਹ ਬਣੀ ਹੈ । ਸ਼ਾਲਾ ! ਉਹ ਨਿਰੰਤਰ ਲਿਖਦੀ ਰਹੇ ।