ਪੁਸਤਕ ---ਦਸ ਗੁਰੂ ਦਰਪਨ
ਲੇਖਕ ---ਨਿਰਮਲ ਸਿੰਘ ਟਪਿਆਲਾ
ਪ੍ਰਕਾਸ਼ਕ ----ਆਜ਼ਾਦ ਬੁੱਕ ਡੀਪੂ ਅੰਮ੍ਰਿਤਸਰ
ਪੰਨੇ -----334 ਮੁੱਲ ----350 ਰੁਪਏ
ਪੁਸਤਕ ਵਿਚ ਦਸ ਗੁਰੂ ਸਾਹਿਬਾਨ ਦੇ ਅਲੋਕਿਕ ਜੀਵਨ, ਰਚਨਾ ,ਲੋਕ ਭਲਾਈ ਕਾਰਜਾਂ ਤੇ ਇਤਿਹਾਸਕ ਸਿਰਜਨਾ ਵਾਂ ਬਾਰੇ ਸੁਆਲ ਜੁਆਬ ਹਨ ॥ ਲੇਖਕ ਨੇ ਪੁਸਤਕ ਲਿਖਣ ਦਾ ਮਕਸਦ ਛੋਟੇ ਬੱਚਿਆਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਾਉਣਾ ਹੈ । ਪਰ ਪੁਸਤਕ ਪੜ੍ਹ ਕੇ ਕੋਈ ਵੀ ਵਿਅਕਤੀ ਸਿਖ ਇਤਿਹਾਸ ਤੇ ਗੁਰ ਸਾਹਿਬਾਨ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ । ਪੁਸਤਕ ਦੀ ਤਿਆਰੀ ਲਈ ਲੇਖਕ ਨੇ ਮਹਾਂ ਕਵੀ ਭਾਈ ਸੰਤੋਖ ਸਿੰਘ ,ਗਿਆਨੀ ਸੋਹਨ ਸਿੰਘ ਸੀਤਲ ,ਭਾਈ ਗੁਰਇਕਬਾਲ ਸਿੰਘ, ਪ੍ਰੋ ਸਾਹਿਬ ਸਿੰਘ, ਪ੍ਰਿੰਸੀਪਲ ਸਤਿਬੀਰ ਸਿੰਘ , ਸੰਤ ਬਾਬਾ ਹਰਨਾਮ ਸਿੰਘ ਜੀ (ਹਜ਼ੂਰ ਸਾਹਿਬ ਵਾਲੇ ) ਡਾ ਅਮਰਜੀਤ ਸਿੰਘ, ਵੱਖ ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਮੇਤ ਦੋ ਦਰਜਨ ਦੇ ਕਰੀਬ ਵਿਦਵਨਾਂ ਦੀਆਂ ਇਤਿਹਾਸਕ ਕਿਤਾਬਾਂ ਤੋਂ ਸੇਧ ਲਈ ਹੈ । ਪਹਿਲੀ ਪਾਤਸ਼ਾਂਹੀ ਗੁਰੂ ਨਾਨਕ ਦੇਵ ਜੀ ਨਾਲ ਸੰਬਧਿਤ 501 ਸਵਾਲ, ਗੁਰੂ ਗੋਬਿੰਦ ਸਿੰਘ ਜੀ ਬਾਰੇ 492 ਸਵਾਲ, ਗੁਰੂ ਹਰਕ੍ਰਿਸ਼ਨ ਸਾਹਿਬ ਬਾਰੇ 63 ਸਵਾਲ ,ਗੁਰੂ ਅਰਜਨ ਦੇਵ ਜੀ ਬਾਰੇ 200 ਸੁਆਲ, ਨੈਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਬਾਰੇ 289 ਸੁਆਲ ਪੁਸਤਕ ਵਿਚ ਹਨ । ਗੁਰੂ ਅੰਗਦ ਦੇਵ ਜੀ, ਗੁਰੂ ਰਾਮਦਾਸ ਜੀ ,ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ ਵੀ ਭਰਪੂਰ ਜਾਣਕਾਰੀ ਮਿਲਦੀ ਹੈ । ਕੁਲ ਸਵਾਲ 2405 ਹਨ । ਹਰੇਕ ਗੁਰੂ ਜੀ ਦੇ ਜਨਮ ,ਵਿਆਹ, ਬੱਚੇ ,ਜੰਗਾੱ ਇਤਿਹਾਸਕ ਕੌਤਕ ,ਗੁਰਬਾਣੀ ਸਿਰਜਨਾ ,ਗੁਰੂ ਗਰੰਥ ਸਾਹਿਬ ਦੀ ਸੰਪਾਦਨਾ ,ਗੁਰੂ ਨਾਨਕ ਸਾਹਿਬ ਦਾ ਮੋਦੀ ਖਾਨਾ ,ਚਾਰ ਉਦਾਸੀਆਂ ,ਵੇਈਂ ਨਦੀ ਦਾ ਪ੍ਰਸੰਗ ,ਸਿਧ ਗੋਸ਼ਟਿ, ਪਾਂਧੇ ਕੋਲ ਪੜ੍ਹਨ ਜਾਣਾ ,ਭਾਈ ਮਰਦਾਨਾ ,ਪੰਜਵੇਂ ਗੁਰੂ ਜੀ ਦੀ ਸ਼ਹਾਦਤ ,ਨੌਵੇਂ ਸਤਿਗੁਰਾਂ ਦਾਂ ਸੀਸ ਭੇਟ ,ਖਾਲਸੇ ਦੀ ਸਿਰਜਨਾ, ਪੰਜ ਪਿਆਰਿਆਂ ਦਾ ਬਿਰਤਾਂਤ1 ,ਜੰਗ ਚਮਕੌਰ ,ਜੰਗ ਆਨੰਦਪੁਰ ਸਾਹਿਬ ,ਪਹਾੜੀ ਰਾਜਿਆਂ ਦਾ ਦਸਵੇਂ ਗੁਰੂ ਜੀ ਨਾਲ ਵਿਵਹਾਰ ,ਮਸੰਦ ਪ੍ਰਥਾ , ਸਚਖੰਡ ਜਾਣਾ, ਗੁਰੂਆਂ ਦੇ ਗੁਰਗਦੀ ਵੇਲੇ ਦੇ ਹਾਲਾਤ ,ਬਾਬਾ ਬੁੱਢਾ ਜੀ ,ਛੇਵੇਂ ਗੁਰੂ ਜੀ ਦੀਆਂ ਜੰਗਾਂ ਤੇ ਰਾਮ ਰਾਇ ਦਾ ਪ੍ਰਸੰਗ, ਮੁਗਲਾਂ ਦੇ ਜ਼ੁਲਮਾਂ ਦੀ ਦਾਸਤਾਨ ,ਤੇ ਹੋਰ ਬਹੁਤ ਕੁਝ ਬਾਰੇ ਸਿਖ ਇਤਹਾਸ ਤੇ ਸ਼ਖਸੀਅਤਾਂ ਉਪਰ ਪ੍ਰਸ਼ਨ ਉਤਰਾਂ ਰਾਹੀਂ ਰੌਸ਼ਨੀ ਪਾਈ ਗਈ ਹੈ । ਪੁਸਤਕ ਦੀ ਤਰਤੀਬ ਪ੍ਰਸੰਸਾ ਯੋਗ ਹੈ । ਸਿਰਲੇਖ ਨਾਲ ਸੁਆਲਾਂ ਨੂੰ ਦੇ ਕੇ ਆਸਾਨ ਬਨਾਇਆ ਗਿਆ ਹੈ । ਪੁਸਤਕ ਇਤਿਹਾਸ ਦੇ ਜਗਿਆਸੂ ਪਾਠਕਾਂ, ਵਿਦਿਅਕ ਅਦਾਰਿਆਂ, ਅਧਿਆਪਕਾਂ ,ਵਿਦਿਆਰਥੀਆਂ , ਤੇ ਸਿਖ ਪ੍ਰਚਾਰਕਾਂ ਵਾਸਤੇ ਬਹੁਤ ਲਾਹੇਵੰਦ ਹੈ ।