ਸਿਰਜਣਧਾਰਾ ਦੀ ਮਹੀਨਾਵਾਰ ਮੀਟਿੰਗ
(ਖ਼ਬਰਸਾਰ)
ਸ਼ਨਿੱਚਰਵਾਰ ਨੂੰ ਪੰਜਾਬੀ ਭਵਨ ਦੇ ਵਿਹੜੇ ਵਿੱਚ ਸਿਰਜਣਧਾਰਾ ਦੀ ਮਹੀਨਾਵਾਰ ਮੀਟਿੰਗ ਉੱਘੇ ਨਾਵਲਕਾਰ ਕਰਮਜੀਤ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ 'ਚ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਸਰਕਾਰ ਤੋਂ ਹਰ ਅਦਾਰੇ ਅੰਦਰ ਹੋ ਰਹੇ ਦਫ਼ਤਰੀ ਕੰਮ ਕਾਰ ਨੂੰ ਪੂਰਨ ਤੌਰ 'ਤੇ ਪੰਜਾਬੀ ਵਿੱਚ ਕਰਨ ਦੀ ਨੀਤੀ ਨੂੰ ਯਕੀਨੀ ਬਣਾਏ ਜਾਣ ਦੀ ਜ਼ੋਰਦਾਰ ਮੰਗ ਕੀਤੀ ਗਈ। ਇਸ ਮੀਟਿੰਗ 'ਚ ਉੱਘੇ ਜਰਨਲਿਸਟ ਹਰਬੀਰ ਸਿੰਘ ਭੰਵਰ, ਹਰਭਜਨ ਸਿੰਘ ਕੋਹਲੀ ਤੇ ਅਜੀਤ ਸਿੰਘ ਅਰੋੜਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ, ਜਿਨ੍ਹਾਂ ਨੇ ਸਿਰਜਣਧਾਰਾ ਵੱਲੋਂ ਲੰਬੇ ਸਮੇਂ ਤੋਂ ਪੰਜਾਬੀ ਦੇ ਪ੍ਰਚਾਰ ਤੇ ਪਸਾਰ ਦੇ ਕੰਮਾਂ ਦੀ ਸ਼ਲਾਘਾ ਕੀਤੀ। ਸਾਹਿਤਕ ਵਿਚਾਰਾਂ ਦੇ ਨਾਲ ਨਾਲ ਕਵੀ ਦਰਬਾਰ ਵੀ ਕਰਵਾਇਆ ਗਿਆ, ਜਿਸ 'ਚ ਸਟੇਟ ਤੇ ਨੈਸ਼ਨਲ ਐਵਾਰਡੀ ਡਾ. ਗੁਰਚਰਨ ਕੌਰ ਕੋਚਰ ਨੇ ਆਪਣੀਆਂ ਗਜ਼ਲਾਂ ਦੇ ਕੁੱਝ ਸ਼ੇਅਰ ਸੁਣਾ ਕੇ ਚੰਗਾ ਰੰਗ ਬੰਨ੍ਹਿਆ। ਤੇਗ ਬਹਾਦਰ ਸਿੰਘ ਤੇਗ ਨੇ ਕੁੱਝ ਨਜ਼ਮਾਂ, ਸੁਖਦੇਵ ਸਿੰਘ ਲਾਜ਼ ਨੇ ਬੱਚਿਆਂ ਨੂੰ ਚੰਗਾ ਸਹਿਤ ਪੜ੍ਹਨ ਦੀ ਆਦਤ ਪਾਉਣ ਦੀ ਗੱਲ ਅਤੇ ਇੰਦਰਜੀਤ ਪਾਲ ਕੌਰ ਨੇ ਮਿੰਨੀ ਕਹਾਣੀ ਭਗਵਾਨ ਪੇਸ਼ ਕੀਤੀ। ਪਰਮਜੀਤ ਕੌਰ ਮਹਿਕ ਨੇ ਗ਼ਜ਼ਲ, ਗੁਰਸ਼ਰਨ ਸਿੰਘ ਨਰੂਲਾ ਨੇ ਗ਼ਜ਼ਲ, ਸੰਪੂਰਨ ਸਨਮ ਸਾਹਨੇਵਾਲ ਨੇ ਤਰੰਨਮ 'ਚ ਗੀਤ ਅਤੇ ਗੁਰਦੇਵ ਸਿੰਘ ਬਰਾੜ ਨੇ ਆਪਣੀ ਰਚਨਾ ਰਾਹੀਂ ਇਨਸਾਨੀਅਤ ਦੇ ਭਲੇ ਲਈ ਚੰਗੇ ਕਰਮ ਕਰਦੇ ਰਹਿਣ ਦੀ ਗੱਲ ਕੀਤੀ। ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰ ਤੇ ਕਵੀ ਅਮਰਜੀਤ ਸ਼ੇਰਪੁਰੀ ਨੇ ਕੀਤਾ। ਅਖ਼ੀਰ 'ਚ ਪ੍ਰਧਾਨ ਕਰਮਜੀਤ ਸਿੰਘ ਔਜਲਾ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ।