ਅੰਤਰਰਾਸ਼ਟਰੀ ਬਜੁਰਗ ਦਿਵਸ (ਲੇਖ )

ਜਸਵਿੰਦਰ ਸਿੰਘ ਰੁਪਾਲ   

Email: rupaljs@gmail.com
Cell: +91 98147 15796
Address: 162,ਗਲੀ ਨੰਬਰ 3, ਸ਼ਹੀਦ ਜਸਦੇਵ ਸਿੰਘ ਨਗਰ ਡਾਕ : ਗੁਰੂ ਨਾਨਕ ਇਜੀਨੀਅਰਿੰਗ ਕਾਲਜ, ਗਿੱਲ ਰੋਡ
ਲੁਧਿਆਣਾ India 141006
ਜਸਵਿੰਦਰ ਸਿੰਘ ਰੁਪਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜੀਵਨ-ਯਾਤਰਾ ਦਾ ਅਖੀਰਲਾ ਸਫਰ ਜਿੱਥੇ ਬਹੁਤ ਸਾਰੀਆ ਚੁਣੌਤੀਆਂ ਭਰਪੂਰ ਹੁੰਦਾ ਹੈ, ਉੱਥੇ ਇੱਕ ਵੱਖਰੇ ਰੰਗ ਦਾ, ਵੱਖਰੇ ਅੰਦਾਜ ਦਾ ਵੀ ਹੁੰਦਾ ਹੈ। ਆਮ ਤੌਰ ਤੇ 60 ਜਾਂ 65 ਸਾਲ ਤੋਂ ਆਰੰਭ ਹੋਇਆ ਇਹ ਸਫਰ “ਇੱਕ ਲੰਮੀ ਗੂੜ੍ਹੀ ਨੀਂਦ” ਤੇ ਆਣ ਕੇ ਖਤਮ ਹੁੰਦਾ ਹੈ। ਜਿਥੇ ਕੁਝ ਭਾਗਾਂ ਵਾਲੇ ਇਸ ਸਫਰ ਦਾ ਆਨੰਦ ਵੀ ਮਾਣਦੇ ਹਨ, ਪਰ ਬਹੁ-ਗਿਣਤੀ ਇਸ ਸਮੇਂ ਦੁੱਖਾਂ, ਤਕਲੀਫਾਂ, ਉਦਾਸੀਆਂ, ਸ਼ਿਕਵੇ-ਸ਼ਿਕਾਇਤਾਂ ਅਤੇ ਬੇਚਾਰਗੀ ਵਿੱਚ ਇਸ ਸਫਰ ਨੂੰ ਰੋ ਰੋ ਕੱਟਦੇ ਹਨ। ਹਰ ਸਾਲ ਅਕਤੂਬਰ ਮਹੀਨੇ ਦਾ ਪਹਿਲਾ ਦਿਨ (1 ਅਕਤੂਬਰ) ਇਸ ਸਫਰ ਦੇ ਪਾਂਧੀਆਂ ਨੂੰ ਸਮਰਪਿਤ ਕੀਤਾ ਗਿਆ ਹੈ।ਸਭ ਤੋਂ ਪਹਿਲਾਂ ਇਸ ਅੰਤਰ-ਰਾਸ਼ਟਰੀ ਦਿਵਸ ਬਾਰੇ ਜਾਣੀਏ….
                     ਸੰਯੁਕਤ ਰਾਸ਼ਟਰ ਇਸ ਦਿਨ ਸਾਰੇ ਰਾਸ਼ਟਰਾਂ ਨੂੰ ਬਜੁਰਗ ਵਿਅਕਤੀਆਂ ਅਤੇ ਬੁਢਾਪੇ ਪ੍ਰਤੀ ਪੈਦਾ ਹੋਈਆਂ ਗਲਤ-ਮਾਨਤਾਵਾਂ ਪ੍ਰਤੀ ਧਿਆਨ ਦਿਵਾਉਣ, ਇਹਨਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ, ਇਹਨਾਂ ਨੂੰ ਪੇਸ਼ ਵੱਖ ਵੱਖ ਚੁਣੌਤੀਆਂ ਦਾ ਸਾਹਮਣਾ ਕਰਨ, ਅਤੇ ਬਜੁਰਗ ਵਿਅਕਤੀਆਂ ਨੂੰ ਆਪਣੀ ਸਮਰੱਥਾ ਅਤੇ ਅਧਿਕਾਰਾਂ ਬਾਰੇ ਜਾਗ੍ਰਤ ਕਰਨ ਲਈ ਇਹ ਦਿਨ ਮਨਾਉਂਦਾ ਹੈ।14 ਦਸੰਬਰ 1990 ਨੂੰ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ ਆਪਣੇ ਮਤੇ ਰਾਹੀਂ 1 ਅਕਤੂਬਰ ਦੇ ਦਿਨ ਨੂੰ ਬਜੁਰਗਾਂ ਦੇ ਦਿਨ ਵਜੋਂ ਐਲਾਨ ਕੀਤਾ ਸੀ।ਇਹ ਵੀਆਨਾ ਦੇ ਬੁਢਾਪੇ ਬਾਰੇ ਅੰਤਰਰਾਸ਼ਟਰੀ ਐਕਸ਼ਨ ਪਲੈਨ ਦੇ ਸਿੱਟੇ ਵਜੋਂ ਸੀ,ਜਿਸ ਨੂੰ ਬੁਢਾਪੇ ਬਾਰੇ ਬਣੀ ਵਿਸਵ-ਅਸੈਂਬਲੀ ਨੇ 1982 ਵਿੱਚ ਸਵੀਕਾਰ ਕਰ ਲਿਆ ਸੀ ਅਤੇ ਬਾਅਦ ਵਿੱਚ ਯੂ.ਐਨ.ਦੀ ਜਨਰਲ ਅਸੈਂਬਲੀ ਨੇ ਵੀ ਇਸਦੀ ਪ੍ਰੋੜਤਾ ਕਰ ਦਿੱਤੀ ਸੀ।
                    ਪਿਛਲੇ ਦਹਾਕਿਆਂ ਵਿੱਚ ਵਿਸ਼ਵ-ਜਨਸੰਖਿਆ ਦੀ ਬਣਤਰ ਵਿੱਚ ਵੱਡੀ ਤਬਦੀਲੀ ਆਈ ਹੈ। ਔਸਤ ਉਮਰ 46 ਸਾਲ ਤੋਂ ਵੱਧ ਕੇ 68 ਸਾਲ ਹੋਈ ਹੈ।2019 ਵਿੱਚ ਵਿਸ਼ਵ ਦੇ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਗਿਣਤੀ 703 ਮਿਲੀਅਨ ਸੀ ,ਜੋ ਕਿ ਇੱਕ ਅਨੁਮਾਨ ਅਨੁਸਾਰ 2050 ਤੱਕ ਇਹ ਲੱਗਭੱਗ 1.5 ਬਿਲੀਅਨ ਤੋਂ ਵੱਧ (ਦੁੱਗਣੇ ਤੋਂ ਵੀ ਵੱਧ ),ਹੋ ਜਾਵੇਗੀ। ਤ੍ਰਾਸਦੀ ਇਹ ਵੀ ਕਿ ਇਸ ਦੀ ਦੋ-ਤਿਹਾਈ ਤੋਂ ਵੀ ਵੱਧ (1.1 ਬਿਲੀਅਨ) ਘੱਟ-ਵਿਕਸਿਤ ਅਤੇ ਅਵਿਕਸਿਤ ਦੇਸ਼ਾਂ ਵਿੱਚ ਹੋੇੲਗੀ। ਇਸ ਤਰਾਂ ਵਿਸਵ-ਜਨਸੰਖਿਆ ਦਾ ਵੱਡਾ ਹਿੱਸਾ ਸਾਡੇ ਸਭ ਦਾ ਧਿਆਨ ਮੰਗਦਾ ਹੈ।
                       ਸਾਨੂੰ ਬਜੁਰਗ ਵਿਅਕਤੀਆਂ ਲਈ ਇਹ ਦਿਨ ਇਸ ਲਈ ਮਨਾਉਣਾ ਚਾਹੀਦਾ ਹੈ ਕਿਉਂਕਿ ਪਹਿਲੀ ਗੱਲ ਉਹ ਸਭ ਸਾਡੇ ਸਤਿਕਾਰ ਦੇ ਪਾਤਰ ਹਨ। ਦੂਜੀ, ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਸਿੱਖਿਅਤ ਕਰਨਾ ਚਾਹੁੰਦੇ ਹਾਂ ਅਤੇ ਤੀਸਰੀ ਇਹ ਕਿ ਅਸੀਂ ਸਭ ਕੁਝ ਨਹੀਂ ਜਾਣਦੇ ਜਦਕਿ ਉਹਨਾਂ ਕੋਲ ਜੀਵਨ-ਤਜਰਬੇ ਦਾ ਵੱਡਾ ਖਜਾਨਾ  ਹੈ।
ਸੰਯੁਕਤ ਰਾਸ਼ਟਰ ਹਰ ਸਾਲ ਇਸ ਦਿਨ ਨੂੰ ਮਨਾਉਣ ਲਈ ਇੱਕ ਥੀਮ (ਉਦੇਸ਼) ਦਿੰਦਾ ਹੈ,ਸਾਰੀਆਂ ਗਤੀਵਿਧੀਆਂ ਇਸ ਥੀਮ ਤੇ ਹੀ ਕੇਂਦਰਿਤ ਹੁੰਦੀਆਂ ਹਨ।
2022 ਦਾ ਇਹ ਥੀਮ ਹੈ- The Resilence and Contributon of Older Women
ਭਾਵ ਬਜੁਰਗ ਔਰਤਾਂ ਦਾ ਲਚਕੀਲਾਪਣ ਅਤੇ ਯੋਗਦਾਨ
ਸੋ ਅੰਤਰਰਾਸ਼ਟਰੀ ਬਜੁਰਗਾਂ ਦੇ ਦਿਨ ਦਾ 2022 ਦਾ ਥੀਮ ਵਿਸ਼ਵ-ਚੁਣੌਤੀਆਂ ਦਾ ਬਜੁਰਗ ਔਰਤਾਂ ਵੱਲੋਂ ਲਚਕੀਲੇਪਣ ਰਾਹੀਂ  ਸਾਹਮਣਾ ਕਰਨ ਅਤੇ  ਉਹਨਾਂ ਦੇ ਯੋਗਦਾਨ ਨੂੰ ਵਡਿਆਉਣ ਅਤੇ ਯਾਦ ਕਰਨਾ ਹੈ। ਜਿਸ ਵਿੱਚ-
ਬਜੁਰਗ ਔਰਤਾਂ ਦੇ ਵਾਤਾਵਰਣ, ਸਮਾਜਿਕ, ਆਰਥਿਕ ਅਤੇ ਉਮਰ-ਭਰ ਦੀਆਂ ਝੱਲੀਆਂ ਅਸਮਾਨਤਾਵਾਂ ਪ੍ਰਤੀ ਉਹਨਾਂ ਦੀ ਲਚਕੀਲੀ ਪਹੁੰਚ ਨੂੰ ਉਜਾਗਰ ਕਰਨਾ।
ਉਮਰ ਅਤੇ ਲਿੰਗ ਦੇ ਸੰਬੰਧ ਵਿੱਚ ਵਿਸ਼ਵ-ਪੱਧਰ ਦੇ ਸੁਧਰੇ ਹੋਏ ਅੰਕੜਿਆਂ ਦੇ ਮਹੱਤਵ ਪ੍ਰਤੀ ਜਾਗਰੂਕਤਾ ਲਿਆਉਣੀ।
ਯੂ.ਐਨ ਦੇ ਮੈਂਬਰ ਦੇਸ਼ਾਂ, ਅਤੇ ਹੋਰ ਸਿਵਲ ਸਮਾਜ ਵਿੱਚ, ਯੂ.ਐਨ. ਜਨਰਲ ਸੈਕਟਰੀ ਦੀ ਰਿਪੋਰਟ-“ਸਾਡਾ ਸਾਂਝਾ ਨਿਸ਼ਾਨਾ” ਵਿੱਚ ਲਿਖੇ ਅਨੁਸਾਰ ਲਿੰਗ-ਸਮਾਨਤਾ ਨੂੰ ਯਕੀਨੀ ਬਣਾਉਂਦੇ ਹੋਏ, ਸਾਰੀਆਂ ਨੀਤੀਆਂ ਵਿੱਚ ਬਜੁਰਗ ਔਰਤਾਂ ਨੂੰ ਕੇਂਦਰ ਵਿੱਚ ਰੱਖਣਾ।
           “ਤੰਦਰੁਸਤ ਬੁਢਾਪੇ ਦੇ ਦਹਾਕੇ” ਵਜੋਂ 2021-30 ਦਾ ਦਹਾਕਾ ਸਰਕਾਰਾਂ, ਸਿਵਲ ਸੁਸਾਇਟੀਆਂ, ਅੰਤਰਰਾਸ਼ਟਰੀ ਸੰਸਥਾਵਾਂ, ਵਿਸ਼ਾ ਮਾਹਿਰ, ਵਿਦਿਅਕ ਅਦਾਰੇ, ਮੀਡੀਆ ਅਤੇ ਨਿਜੀ ਖੇਤਰ ਨੂੰ ਬਜੁਰਗ ਵਿਅਕਤੀਆਂ ਦੀਆਂ ਜਿੰਦਗੀਆਂ ਨੂੰ ਹੋਰ ਸੋਹਣਾ ਬਣਾਉਣ ਲਈ ਵਿਸਲੇਸ਼ਕ-ਪਹੁੰਚ ਨਾਲ ਇੱਕ ਸਾਂਝੇ ਮੰਚ ਤੇ ਲਿਆਉਣ ਲਈ ਇੱਕ ਸੁਨਹਿਰੀ ਮੌਕੇ ਵਜੋਂ ਜਾਣਿਆ ਜਾਏਗਾ।
                ਹੁਣ ਕੁਝ ਵਿਚਾਰ ਸਾਡੇ ਅਪਣੇ ਦੇਸ਼ ਦੇ ਬਜੁਰਗਾਂ, ਖਾਸ ਕਰਕੇ ਬਜੁਰਗ ਔਰਤਾਂ ਬਾਰੇ। ਸਾਡੀਆਂ ਬਜੁਰਗ ਔਰਤਾਂ ਦੇ ਸਾਹਮਣੇ ਮੁੱਖ ਮਸਲੇ ਹਨ-
ਬਹੁਗਿਣਤੀ ਘੱਟ ਪੜ੍ਹੀ ਹੋਈ ਹੈ। ਇਸ ਲਈ ਉਹ ਆਪਣੇ ਭਵਿੱਖ ਬਾਰੇ ਨਿੱਜੀ, ਆਜਾਦ ਅਤੇ ਦੂਰ-ਅੰਦੇਸੀ ਨਾਲ  ਕੰਮ ਆਉਣ ਵਾਲੀ ਵਿਹਾਰਕ ਯੋਜਨਾ ਬਣਾਉਣ ਅਤੇ ਲਾਗੂ ਕਰਨ ਵਿੱਚ ਅਸਮਰੱਥ ਹਨ।
ਸਮਾਜ ਵਿੱਚ ਅੱਜ ਵੀ ਮਰਦ ਦੀ ਪ੍ਰਧਾਨਗੀ ਹੈ. ਜਿਸ ਕਾਰਨ ਸਮਾਜਿਕ ਅਤੇ ਆਰਥਿਕ ਮਸਲਿਆਂ ਤੇ ਫੈਸਲਾ  ਅਤੇ ਨੀਤੀਆਂ ਮਰਦ ਦੀਆਂ ਹੀ ਹੁੰਦੀਆਂ ਹਨ।
ਜਾਇਦਾਦ ਦਾ ਮਾਲਿਕ ਵਧੇਰੇ ਕਰਕੇ ਮਰਦ ਹੀ ਹੈ, ਜਮੀਨਾਂ, ਮਕਾਨ, ਗੱਡੀਆਂ, ਬੈਂਕ-ਖਾਤੇ ਅਤੇ ਹੋਰ ਸਭ ਮਰਦ ਦੇ ਨਾਮ ਹੈ। ਜੇ ਕਿਤੇ ਔਰਤ ਦੇ ਨਾਂ ਤੇ ਕੁਝ ਹੈ ਵੀ, ਤਦ ਵੀ ਉਸ ਨਕਦੀ ਜਾਂ ਜਾਇਦਾਦ ਬਾਰੇ ਅੰਤਿਮ ਫੈਸਲਾ ਮਰਦ ਦਾ ਹੀ ਹੈ। ਹੋਰ ਤਾਂ ਹੋਰ ਔਰਤ ਦੇ ਗਹਿਣੇ ਵੀ ਕਦੋਂ ਤੇ ਕਿੰਨੇ  ਵੇਚਣੇ ਹਨ, ਇਹ ਫੈਸਲਾ ਵੀ ਔਰਤ ਦੇ ਹੱਥ ਵਿੱਚ ਨਹੀਂ। 
ਇਸ ਸਭ ਕੁਝ ਕਾਰਨ ਬਜੁਰਗ ਔਰਤਾਂ ਪੂਰੀ ਤਰਾਂ ਆਪਣੇ ਪਤੀ ਤੇ ਜਾਂ ਉਸ ਦੀ ਮੌਤ ਹੋਣ ਤੇ ਪੁੱਤਾਂ ਤੇ ਨਿਰਭਰ ਹਨ।
 ਪਤੀ ਜਾਂ ਪੁੱਤ ਦੀ ਸਹਿਮਤੀ ਨਾਲ ਹੀ ਉਸ ਨੂੰ ਕੁਝ ਵੀ ਖਾਣ ਨੂੰ ,ਪਹਿਨਣ ਨੂੰ ਜਾਂ ਹੋਰ ਵਰਤਣ ਲੲi ਮਿਲ ਸਕਦਾ ਹੈ। ਉਸ ਦੀ ਆਪਣੀ ਪੁਰੀ ਮਰਜੀ ਕਿਤੇ ਘੱਟ ਹੀ ਚੱਲਦੀ ਹੈ।
ਭਾਰਤੀ ਸੱਭਿਆਚਾਰ ਨੇ ਔਰਤ ਨੂੰ ਮਮਤਾ ਦੀ ਮੂਰਤ, ਕੁਰਬਾਨੀ ਕਰਨ ਵਾਲੀ, ਸਹਿਣਸ਼ੀਲ ਆਦਿ ਵਿਸ਼ੇਸ਼ਣ ਦੇ ਕੇ ਉਸ ਨੂੰ ਨਿੱਜ ਬਾਰੇ ਸੋਚਣ ਹੀ ਨਹੀਂ ਦਿੱਤਾ। ਉਸ ਦੀ ਸਾਰੀ ਦੀ ਸਾਰੀ ਸੋਚ ਆਪਣੇ ਪਤੀ ਜਾਂ ਔਲਾਦ ਨੂੰ ਖੁਸ਼ ਦੇਖਣ ਅਤੇ ਉਹਨਾਂ ਦਾ ਖਿਆਲ ਰੱਖਣ ਵਿੱਚ ਹੀ ਬੀਤ ਜਾਂਦੀ ਹੈ।
ਉਹ ਆਪਣੀ ਬੀਮਾਰੀ ਦੇ ਇਲਾਜ ਕਰਵਾਉਣ ਨੂੰ ਵੀ ਆਪਣੇ ਪੁੱਤ/ਧੀ ਦੇ ਸ਼ੌਕ ਪੁਰਾ ਕਰਨ ਕਰਕੇ ਟਾਲ ਸਕਦੀ ਹੈ ਜਾਂ ਦੇਰੀ ਕਰ ਸਕਦੀ ਹੈ।
ਸ਼ਾਡੇ ਬਜੁਰਗਾਂ ਨੇ ਆਮ ਕਰਕੇ ਅਤੇ ਔਰਤਾਂ ਨੇ ਖਾਸ ਕਰਕੇ ਆਪਣੇ ਬੁਢਾਪੇ ਲਈ ਕੁਝ ਵੀ ਬੱਚਤ ਨਹੀਂ ਕੀਤੀ ਹੁੰਦੀ। ਉਹ ਆਪਣੀ ਜਾਇਦਾਦ ਆਪਣੇ ਬੱਚਿਆਂ ਵਿੱਚ ਵੰਡ ਕੇ ਖੁਸ਼ ਹੁੰਦੇ ਹਨ।ਇਸੇ ਲਈ ਉਹ ਪੁੱਤਰਾਂ ਅਤੇ ਨੂੰਹਾਂ ਤੋਂ ਸੇਵਾ ਅਤੇ ਸਤਿਕਾਰ ਦੀ ਉਮੀਦ ਰੱਖਦੇ ਹਨ।ਇਹ ਨਾ ਮਿਲਣ ਤੇ ਉਦਾਸ ੳਤੇ ਨਿਰਾਸ਼ ਹੁੰਦੇ ਹਨ।
ਮੈਡੀਕਲ ਬੀਮਾ ਕਰਵਾਉਣਾ ਨਾ ਤਾਂ ਸਰਕਾਰ ਵੱਲੋਂ ਜਰੂਰੀ ਹੈ, ਨਾ ਹੀ ਇਹ ਬਜੁਰਗ ਆਪ ਇਸ ਦੀ ਮਹੱਤਤਾ ਪ੍ਰਤੀ ਸੁਚੇਤ ਹਨ। ਜਿਸ ਕਰਕੇ ਬੱਚਤ ਨਾ ਹੋਣ ਕਰੇ ਉਹ ਮਹਿੰਗੇ ਇਲਾਜ ਕਰਵਾਉਣ ਤੋਂ ਬਾਂਝੇ ਰਹਿ ਜਾਂਦੇ ਹਨ, ਕਿਉਂਕਿ ਬੱਚਿਆਂ ਨੇ ਪੈਸੇ ਨੂੰ ਆਪਣੀਆਂ ਲੋੜਾਂ ਅਤੇ ਰੁਚੀਆਂ ਅਨੁਸਾਰ ਖਰਚਣਾ ਹੁੰਦਾ ਹੈ।
ਸਾਡੇ ਕਰਨ ਯੋਗ ਉਪਾਅ:- ਬਜੁਰਗ ਸਾਡਾ ਬਹੁਤ ਕੀਮਤੀ ਸਰਮਾਇਆ ਹੈ। ਸਾਨੂੰ ਸਾਰਿਆਂ ਨੂੰ ਮਿਲ ਕੇ ਉਹਨਾਂ ਦੀ ਤੰਦਰੁਸਤੀ ਅਤੇ ਖੁਸ਼ੀ ਲਈ ਯਤਨ ਕਰਨੇ ਚਾਹੀਦੇ ਹਨ।ਹਰ ਨੌਜਵਾਨ ਨੂੰ –
ਉਹਨਾਂ ਦੇ ਖਾਣ-ਪੀਣ ਅਤੇ ਸਿਹਤ ਦਾ ਪੂਰਾ ਖਿਆਲ ਰੱਖਣਾ ਚਾਹੀਦਾ ਹੈ। ਸਮੇਂ ਸਮੇਂ ਤੇ ਮੈਡੀਕਲ ਚੈਕ ਅਪ ਕਰਵਾਉਂਦੇ ਰਹਿਣਾ ਚਾਹੀਦਾ ਹੈ।ਉਹਨਾਂ ਦੇ ਕੱਪੜੇ, ਉਹਨਾਂ ਦੇ ਕਮਰੇ ਆਦਿ ਵੱਲ ਉਚੇਚਾ ਧਿਆਨ ਦੇਣ ਦੀ ਜਰੂਰਤ ਹੈ।
ਉਹ ਘਰ ਦੇ ਕਿਸੇ ਕੋਨੇ ਵਿੱਚ ਨਾ ਰਹਿਣ ਸਗੋਂ ਮੁੱਖ ਕਮਰੇ ਵਿੱਚ ਹੋਣ ਅਤੇ ਹਰ ਮਹਿਮਾਨ ਉਹਨਾਂ ਨੂੰ ਬਣਦਾ ਸਤਿਕਾਰ ਦੇਵੇ।
ਬਜੁਰਗਾਂ ਨੂੰ ਸੁਣਨਾ ਚਾਹੀਦਾ ਹੈ। ਆਪਣਾ ਸਮਾਂ ਉਹਨਾਂ ਨੂੰ ਦੇਣਾ ਚਾਹੀਦਾ ਹੈ। ਉਹਨਾਂ ਦੀ ਰਾਏ ਲਈ ਜਾਣੀ ਚਾਹੀਦੀ ਹੈ। ਉਹਨਾਂ ਨੂੰ ਪਰਿਵਾਰ ਅਤੇ ਸਮਾਜ ਦੇ ਕੰੰਮਾਂ ਵਿੱਚ ਭਰਪੂਰ ਬਣਦਾ ਸਨਮਾਨ ਅਤੇ ਸਥਾਨ ਦੇਣਾ ਚਾਹੀਦਾ ਹੈ।
ਉਹਨਾਂ ਦੀ ਰੁਚੀ ਅਨੁਸਾਰ ਜਿਸ ਵੀ ਚੀਜ ਨੂੰ ਪਸੰਦ ਕਰਦੇ ਹਨ, ਉਸ ਤੇ ਖਰਚ ਕਰਨਾ ਚਾਹੀਦਾ ਹੈ
ਉਹਨਾਂ ਦੇ ਟੋਕਣ ਤੋਂ ਇੱਕਦਮ ਗੁੱਸੇ ਨਹੀਂ ਹੋਣਾ ਚਾਹੀਦਾ। ਜਦੋਂ ਉਹਨਾਂ ਨੂੰ ਪੂਰਾ ਮਾਣ-ਸਤਿਕਾਰ ਮਿਲੇਗਾ ਤਾਂ ਉਹ ਵੀ ਬੱਚਿਆਂ ਅਨੁਸਾਰ ਆਪਣੇ ਆਪ ਨੂੰ ਢਾਲ ਲੈਣਗੇ ਅਤੇ ਬੇਲੋੜੀ ਟੋਕਾ ਟਾਕੀ ਨਹੀਂ ਕਰਨਗੇ। 
    ਭਾਵੇਂ ਕੁਝ ਬਜੁਰਗ ਬਹੁਤ ਵਧੀਆ ਸਹੂਲਤਾਂ ਵੀ ਮਾਣ ਰਹੇ ਹਨ ਅਤੇ ਬੱਚਿਆ ਤੋਂ ਸਤਿਕਾਰ ਵੀ ਲੈ ਰਹੇ ਹਨ, ਪਰ ਅਜਿਹੇ ਭਾਗਾਂ ਵਾiਲ਼ਆਂ ਦੀ ਗਿਣਤੀ ਘੱਟ ਹੈ। ਬਹੁਤ ਵਾਰੀ ਅਸੀਂ ਜਾਇਦਾਦ ਦੇ ਝਗੜੇ ਕਾਰਨ ਬਜੁਰਗਾਂ ਨੂੰ ਬੇਇੱਜਤ ਹੁੰਦੇ ਦੇਖਦੇ, ਸੁਣਦੇ, ਪੜ੍ਹਦੇ ਹਾਂ। ਦਿਨੋ ਦਿਨ ਵਧ ਰਹੇ ਬਿਰਧ-ਆਸ਼ਰਮ ਇਸ ਗੱਲ ਦਾ ਪ੍ਰਮਾਣ ਹਨ ਕਿ ਨੌਜਵਾਨ ਇਹਨਾਂ ਬਜੁਰਗਾਂ ਦੀ ਲੋੜ ਨਹੀਂ ਸਮਝ ਰਹੇ।ਠੀਕ ਸਮੇਂ ਤੇ ਸੰਭਲਣਾ ਹੀ ਸਿਆਣਪ ਹੋਇਆ ਕਰਦੀ ਹੈ। ਜਿੱਥੇ ਸਰਕਾਰਾਂ ਨੂੰ ਅਜਿਹੀਆਂ ਨੀਤੀਆਂ ਬਣਾਉਣ ਅਤੇ ਲਾਗੂ ਕਰਨ ਦੀ ਲੋੜ ਹੈ ਜਿਸ ਨਾਲ ਬੁਢਾਪਾ ਤੰਦਰੁਸਤੀ ੳਤੇ ਖੁਸ਼ਹਾਲੀ ਵਾਲਾ ਹੋਵੇ, ਉੱਥੇ ਸਮਾਜ ਦੇ ਹਰ ਮੈਂਬਰ ਨੂੰ ਇਹਨਾਂ ਹੀਰਿਆਂ ਦੀ ਸੰਭਾਲ ਕਰਨੀ ਚਾਹੀਦੀ ਹੈ। ਇੱਕ ਵਾਰੀ ਇਹ ਬਿਰਤੀ ਪੈਦਾ ਹੋ ਗਈ, ਅਗਲੀਆਂ ਪੀੜ੍ਹੀਆਂ ਨੂੰ ਕੁਝ ਕਹਿਣ ਦੀ ਜਰੂਰਤ ਨਹੀਂ ਪਵੇਗੀ। ਬਜੁਰਗਾਂ ਨੂੰ ਭੌਤਿਕ ਸਹੂਲਤਾਂ , ਪਰਿਵਾਰ ਅਤੇ ਸਮਾਜ ਵਿੱਚ ਪੂਰਾ ਸਤਿਕਾਰ ਦੇ ਕੇ ਹੀ  ਇਸ ਅੰਤਰਰਾਸ਼ਟਰੀ ਦਿਵਸ ਨੂੰ ਮਨਾਉਣਾ ਅਸਲ ਵਿੱਚ ਸਫਲ ਮੰਨਿਆ ਜਾਏਗਾ।