ਚੁੱਲਾ ਹਾਰਾ ਦਾਤੀ ਰੰਬਾ ਹਲ ਵੀ ਅਲੋਪ ਹੋ ਚੱਲੇ।
ਬੇਰੀ ਕਿੱਕਰ ਬੋਹੜ ਟਾਹਲੀਆਂ ਦਿਸਣੋ ਹੱਟਗੇ ਮਲੇ।
ਨਾਂ ਬੱਲਦਾਂ ਗਲ ਟੱਲੀਆਂ ਟੱਣਕਣ ਨਾਂ ਚਾਟੀ ਚੱਲੇ ਮਧਾਣੀ,
ਕੌਣ ਜਾਣਦਾ ਕੀ ਸੀ ਗੱਡੇ ਕਿਸ ਕੰਮ ਆਉਂਦੇ ਸੀ ਫਲ੍ਹੇ।
ਬੋਤੇ ਘੋੜੇ ਬੱਲਦ ਸਿੰਗਾਰ ਕੇ ਮੇਲਿਆਂ ਦੇ ਵਿਚ ਜਾਣਾ,
ਧੂਵੇ ਚਾਦਰੇ ਕੱਢਵੀ ਜੁੱਤੀ ਜਵਾਨੀ ਦੇ ਸੀ ਸ਼ੌਕ ਅਵੱਲੇ।
ਚੱਰਖਾ ਗੁਝ ਅਟੇਰਨ ਤੱਕਲਾ ਕੀ ਹੁੰਦੇ ਸਨ ਗਲੋਟੇ,
ਵਿਚ ਸਕੂਲਾਂ ਪੁੱਛਣਗੇ ਮਾਸਟਰ ਹੱਥ ਉਠਾ ਦੱਸੋ ਬੱਲੇ।
ਗੀਤ ਸਿਠਣੀਆ ਗਾ ਗਾ ਕੁੜੀਆਂ ਵਿਆਹਾਂ ਚ ਕਰਨੀ ਮਸਤੀ,
ਮੰਜੇ ਮੂਹਧੇ ਮਾਰ ਸਾਲੀਆ ਜੀਜੇ ਨੱਪ ਲੈਣੇ ਥੱਲੇ।
ਪੱਗ ਵਾਂਗ ਸੀ ਟੌਹਰ ਚੁੰਨੀ ਦੀ ਘੁੰਡ ਕੱਢ ਰੱਖਣ ਨੂੰਹਾਂ,
ਕਿਹੜੀ ਧੀ ਤੇ ਕਿਹੜੀ ਨੂੰਹ ਹੈ ਹੁਣ ਪਤਾ ਨਾ ਚੱਲੇ।
ਕੱਠੇ ਰਲ ਕੇ ਫਸਲਾਂ ਗੁਡਣਾਂ ਕਰ ਬੀੜ੍ਹੀ ਕਰਨੀ ਵਾਢੀ,
ਮੁਧਕਰ ਫੇਰਨੇ ਬੋਰੀ ਚੱਕਣਾ ਜੋਰ ਜਵਾਨੀ ਧਰਤੀ ਹੱਲੇ।
ਜੁਗ ਮਸ਼ੀਨੀ ਆ ਗਿਆ ਸਿੱਧੂ ਲੋਕ ਵੀ ਬਣੇ ਮਸ਼ੀਨਾਂ,
ਕੋਈ ਨਾਂ ਕਿਸੇ ਦਾ ਦੁੱਖ ਵੰਡਾਵੇ ਸਭ ਜ਼ਖਮ ਉਚੇੜਨ ਅੱਲੇ।