ਅੰਤਰਰਾਜੀ ਮਿੰਨੀ ਕਹਾਣੀ ਸਮਾਗਮ ਆਯੋਜਿਤ (ਖ਼ਬਰਸਾਰ)


ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਅਤੇ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ ਵੱਲੋਂ ਦੋ ਰੋਜ਼ਾ 28 ਵਾਂ ਅੰਤਰਰਾਜੀ ਮਿੰਨੀ ਕਹਾਣੀ ਸਮਾਗਮ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ.) ਅੰਮ੍ਰਿਤਸਰ ਅਤੇ ਅਦਾਰਾ ਤ੍ਰੈਮਾਸਿਕ ‘ਮਿੰਨੀ’ ਦੇ ਸਹਿਯੋਗ ਨਾਲ ਮਾਨਾਂਵਾਲਾ ਬ੍ਰਾਂਚ ਪਿੰਗਲਵਾੜਾ ਅੰਮ੍ਰਿਤਸਰ ਦੇ ਮਾਤਾ ਮਹਿਤਾਬ ਕੌਰ ਹਾਲ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿਚ ਭਾਰਤ ਦੇ ਵੱਖ ਵੱਖ ਰਾਜਾਂ ਤੋਂ ਮਿੰਨੀ ਕਹਾਣੀ ਲੇਖਕਾਂ, ਆਲੋਚਕਾਂ ਅਤੇ ਸਹਿਯੋਗੀਆਂ ਨੇ ਭਾਗ ਲਿਆ। ਪਹਿਲੇ ਦਿਨ ਦੇ ਪਹਿਲੇ ਸ਼ੈਸਨ ਦੀ ਸ਼ੁਰੂਆਤ ਵਿਚ ਮੰਚ ਦੇ ਕਨਵੀਨਰ ਹਰਭਜਨ ਖੇਮਕਰਨੀ ਨੇ ਜੀ ਆਇਆ ਨੂੰ ਕਿਹਾ। ਇਸ ਤੋਂ ਬਾਅਦ ਮੰਚ ਦੇ ਸਰਪ੍ਰਸਤ ਡਾ. ਸ਼ਿਆਮ ਸੁੰਦਰ ਦੀਪਤੀ ਨੇ ਪ੍ਰੋਗਰਾਮ ਦੀ ਰੂਪ ਰੇਖਾ ਸਾਂਝੀ ਕੀਤੀ ਅਤੇ ਵੱਖ ਵੱਖ ਦਿਨ ਹੋਣ ਵਾਲੇ ਸ਼ੈਸਨ ਬਾਰੇ ਚਾਨਣਾ ਪਾਇਆ ਅਤੇ ਤ੍ਰੈਮਾਸਿਕ ‘ਮਿੰਨੀ’ ਦੇ 34 ਸਾਲਾਂ ਦੇ ਸਫ਼ਰ ਅਤੇ ਮੰਚ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।ਇਸ ਤੋਂ ਬਾਅਦ ਮਿੰਨੀ ਕਹਾਣੀਆਂ ਪੜ੍ਹਨ ਦੇ ਸ਼ੁਰੂ ਹੋਏ ਦੌਰ ਵਿਚ ਰਾਧੇ ਸ਼ਿਆਮ ਭਾਰਤੀਯ ਕਰਨਾਲ, ਅੰਤਰਾ ਕਰਵੜੇ ਇੰਦੌਰ, ਅਸ਼ੋਕ ਦਰਦ ਬਨੀਖੇਤ, ਸੀਮਾ ਭਾਟੀਆ, ਡਾ. ਸਾਧੂ ਰਾਮ ਲੰਗੇਆਣਾ, ਵਿਵੇਕ, ਗੁਰਮੀਤ ਮਰਾੜ, ਪਰਮਜੀਤ ਕੌਰ ਸੇਖੂਪੁਰਾ, ਦਵਿੰਦਰ ਪਟਿਆਲਵੀ, ਮਨਮੋਹਨ ਸਿੰਘ ਬਾਸਰਕੇ, ਸ਼ੌਕੀਨ ਸਿੰਘ, ਸਤਨਾਮ ਸਿੰਘ ਜੱਸੜ, ਅਵਤਾਰ ਕਮਾਲ, ਗੁਰਮੀਤ ਰਾਮਪੁਰੀ, ਸੁਖਦਰਸ਼ਨ ਗਰਗ, ਸਨੇਹ ਗੋਸਵਾਮੀ, ਇੰਜ. ਇਕਬਾਲ ਸਿੰਘ, ਹਰਜੀਤ ਸਿੰਘ, ਗੁਰਜੀਤ ਕੌਰ ਅਜਨਾਲਾ, ਡਾ. ਪ੍ਰਸ਼ੋਤਮ ਦੂਬੇ ਇੰਦੌਰ, ਮੇਜਰ ਸ਼ਕਤੀ ਰਾਜ ਕੌਸ਼ਿਕ ਸਿਰਸਾ, ਸੁਭਾਸ਼ ਨੀਰਵ ਦਿੱਲੀ, ਅਜੀਤ ਨਬੀਪੁਰੀ, ਡਾ ਹਰਜਿੰਦਰਪਾਲ ਕੌਰ ਕੰਗ, ਕੰਵਲਜੀਤ ਭੋਲਾ ਲੰਡੇ, ਜਸਵੀਰ ਭਲੂਰੀਆ ਤੇ ਰੁਪਿੰਦਰ ਸੰਧੂ ਨੇ ਆਪੋ ਆਪਣੀਆ ਮਿੰਨੀ ਕਹਾਣੀਆਂ ਦਾ ਪਾਠ ਕੀਤਾ। ਇਸ ਸ਼ੈਸ਼ਨ ਦੇ ਆਲੋਚਕ ਪੈਨਲ ਵਿਚ ਸ਼ਾਮਿਲ ਸੁਰਿੰਦਰ ਕੈਲੇ ਸੰਪਾਦਕ ‘ਅਣੂ’, ਕਾਂਤਾ ਰਾਏ ਭੋਪਾਲ ਸੰਪਾਦਕ ‘ਲਘੂਕਥਾ ਵਿਰਤ’ ਤੇ ਡਾ. ਸ਼ੀਲ ਕੌਸ਼ਿਕ ਸਿਰਸਾ ਨੇ ਮਿੰਨੀ ਕਹਾਣੀਆਂ ਦੇ ਵੱਖ ਵੱਖ ਪੱਖਾਂ ਨੂੰ ਉਭਾਰਦਿਆ ਕਿਹਾ ਕਿ ਹੁਣ ਮਿੰਨੀ ਕਹਾਣੀ ਵਿਚ ਨਵੇਂ ਪ੍ਰਯੋਗ ਕਰਨ ਦੀ ਲੋੜ ਹੈ। ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਮੈਡਮ ਅਰਤਿੰਦਰ ਸੰਧੂ, ਸੰਪਾਦਕ ‘ਸਾਹਿਤਕ ਏਕਮ’ ਨੇ ਵੀ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਜ਼ਿਕਰ ਕੀਤਾ ਕਿ ਮਿੰਨੀ ਕਹਾਣੀ ਦੀ ਹਰਮਨਪਿਆਰਤਾ ਵਧ ਰਹੀ ਹੈ ਅਤੇ ਇਹ ਥੋੜੇ ਸ਼ਬਦਾਂ ਵਿਚ ਵੱਡੀ ਗੱਲ ਕਰ ਜਾਂਦੀ ਹੈ।

ਦੂਜੇ ਸੈਸ਼ਨ ਦੇ ਮਿੰਨੀ ਕਹਾਣੀ ਪਾਠ ਤੇ ਚਰਚਾ ਵਿਚ ਡਾ. ਨਾਇਬ ਸਿੰਘ ਮੰਡੇਰ, ਗੁਰਪ੍ਰੀਤ ਜਖਵਾਲੀ, ਡਾ. ਸ਼ੀਲ ਕੌਸ਼ਿਕ, ਵਸੁਧਾ ਗਾਡਗਿਲ ਇੰਦੌਰ, ਲਾਜਪਤ ਰਾਏ ਗਰਗ ਪੰਚਕੂਲਾ, ਬਲਰਾਮ ਅਗਰਵਾਲ ਦਿੱਲੀ, ਬੂਟਾ ਖਾਨ ਸੁੱਖੀ, ਪਰਗਟ ਸਿੰਘ ਜੰਬਰ, ਰਣਜੀਤ ਆਜ਼ਾਦ ਕਾਂਝਲਾ, ਸਤਪਾਲ ਖੁੱਲਰ, ਸੀਮਾ ਵਰਮਾ, ਗੁਰਪ੍ਰੀਤ ਕੌਰ, ਡਾ. ਨਵਜੋਤ ਕੌਰ ਲਵਲੀ, ਕਾਂਤਾ ਰਾਏ, ਸੁਰਿੰਦਰ ਕੈਲੇ, ਅੰਜੂ ਖਰਬੰਦਾ, ਡਾ. ਅਸ਼ੋਕ ਵੈਰਾਗੀ, ਮਦਨ ਲਾਲ ਤੇ ਊਸ਼ਾ ਦੀਪਤੀ ਨੇ ਮਿੰਨੀ ਕਹਾਣੀਆਂ ਦਾ ਪਾਠ ਕੀਤਾ।ਇਸ ਸ਼ੈਸ਼ਨ ਦੇ ਆਲੋਚਕ ਪੈਨਲ ਵਿਚ ਸ਼ਾਮਿਲ ਡਾ. ਹਰਪ੍ਰੀਤ ਸਿੰਘ ਰਾਣਾ, ਡਾ.ਦੀਪਾ ਕੁਮਾਰ ਦਿੱਲੀ ਯੂਨੀਵਰਸਿਟੀ, ਡਾ. ਪ੍ਰੋਸ਼ਤਮ ਦੂਬੇ ਅਤੇ ਅੰਤਰਾ ਕਰਵੜੇ ਨੇ ਮਿੰਨੀ ਕਹਾਣੀਆਂ ਅਤੇ ਲਘੂਕਥਾਵਾਂ ਦੇ ਵਿਸ਼ਾ ਵਸਤੂ ਅਤੇ ਸ਼ੈਲੀ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਅਤੇ ਕਿਹਾ ਕਿ ਰਚਨਾਵਾਂ ਵਿਚ ਮਨੁੱਖੀ ਮਾਨਸਿਕਤਾ ਨੂੰ ਬਾਖੂਬੀ ਚਿਤਰਿਆ ਜਾ ਰਿਹਾ ਹੈ। ਸ਼ੈਸਨ ਦੀ ਪ੍ਰਧਾਨਗੀ ਕਰ ਰਹੇ ਡਾ. ਅਸ਼ੋਕ ਭਾਟੀਆ ਨੇ ਮਿੰਨੀ ਕਹਾਣੀ ਤੇ ਹਿੰਦੀ ਲਘੂਕਥਾ ਦੀਆਂ ਕਈ ਕਮਜ਼ੋਰੀਆਂ ਨੂੰ ਉਭਾਰਿਆ ਅਤੇ ਕਿਹਾ ਕਿ ਰਾਜਨੀਤਿਕ ਚੇਤਨਾ ਨੂੰ ਲੈ ਕੇ ਇਸ ਵਿਧਾ ਵਿਚ ਘਾਟ ਹੈ, ਜਿਸ ਤੇ ਵੀ ਲੇਖਕਾਂ ਨੂੰ ਧਿਆਨ ਦੇਣ ਦੀ ਜਰੂਰਤ ਹੈ। ਤੀਜੇ ਸ਼ੈਸ਼ਨ ਦਾ ਆਗਾਜ਼ ਉਘੇ ਆਲੋਚਕ ਡਾ. ਕੁਲਦੀਪ ਸਿੰਘ ਦੀਪ ਦੇ ਪੇਪਰ ‘ਪੇਸ਼ਕਾਰੀ ਦਾ ਹੁਨਰ’ ਨਾਲ ਹੋਇਆ। ਜਿਸਨੂੰ ਲੇਖਕ ਇਕਾਗਰ ਹੋ ਕੇ ਸੁਣਦੇ ਰਹੇ। ਡਾ. ਦੀਪ ਨੇ ਰਚਨਾਵਾਂ ਨੂੰ ਮੰਚ ਤੇ ਪੇਸ਼ ਕਰਨ ਦੇ ਨੁਕਤੇ ਦੱਸੇ ਅਤੇ ਪੇਸ਼ਕਾਰੀ ਨੂੰ ਲੈ ਕੇ ਕਈ ਪੱਖਾਂ ਤੇ ਗੱਲਾਂ ਕੀਤੀਆਂ। ਇਸ ਤੋਂ ਬਾਅਦ ਮਿੰਨੀ ਕਹਾਣੀਆਂ ਪੜ੍ਹਨ ਦੇ ਦੌਰ ਵਿਚ ਮਹਿੰਦਰਪਾਲ ਬਰੇਟਾ, ਸੋਮਾ ਕਲਸੀਆਂ, ਜਗਦੀਸ਼ ਰਾਏ ਕੁਲਰੀਆਂ, ਰਾਜਿੰਦਰ ਰਾਣੀ, ਸੰਦੀਪ ਸੋਖਲ ਬਾਦਸ਼ਾਹਪੁਰੀ, ਮੰਗਤ ਕੁਲਜਿੰਦ ਅਮਰੀਕਾ, ਡਾ. ਸ਼ਿਆਮ ਸੁੰਦਰ ਦੀਪਤੀ, ਕੈਲਾਸ਼ ਠਾਕੁਰ, ਸੁਰਜੀਤ ਸਿੰਘ ਜੀਤ, ਜੋਗਾ ਸਿੰਘ ਧਨੌਲਾ, ਹਰਭਜਨ ਸਿੰਘ ਖੇਮਕਰਨੀ, ਅਸ਼ੋਕ ਭਾਟੀਆ, ਕੁਲਵਿੰਦਰ ਕੌਸ਼ਲ, ਦਰਸ਼ਨ ਸਿੰਘ ਬਰੇਟਾ ਤੇ ਗੁਰਸੇਵਕ ਸਿੰਘ ਰੋੜਕੀ ਨੇ ਰਚਨਾਵਾਂ ਪੜ੍ਹੀਆ। ਜਿੰਨ੍ਹਾਂ ਤੇ ਆਲੋਚਕ ਪੈਨਲ ਵਿਚ ਸ਼ਾਮਿਲ ਵਿਦਵਾਨ ਡਾ, ਬਲਰਾਮ ਅਗਰਵਾਲ, ਡਾ. ਨਾਇਬ ਸਿੰਘ ਮੰਡੇਰ ਤੇ ਡਾ. ਭਵਾਨੀ ਸ਼ੰਕਰ ਗਰਗ ਨੇ ਗੱਲ ਕਰਦੇ ਹੋਏ ਮਿੰਨੀ ਕਹਾਣੀ ਵਿਧਾ ਦੀਆਂ ਬਾਰੀਕ ਤੰਦਾਂ ਨੂੰ ਉਭਾਰਦਿਆਂ ਕਿਹਾ ਕਿ ਹੁਣ ਇਸ ਵਿਧਾ ਵੱਲ ਅਕਾਦਮਿਕ ਹਲਕਿਆਂ ਨੂੰ ਧਿਆਨ ਦੇਣ ਦੀ ਲੋੜ ਹੈ। ਉਨਾਂ ਨੇ ਡਾ.ਦੀਪ ਦੇ ਪੇਪਰ ਬਾਰੇ ਵੀ ਮੁੱਲਵਾਨ ਗੱਲਾਂ ਕੀਤੀਆਂ। ਇਸ ਸ਼ੈਸ਼ਨ ਦੀ ਪ੍ਰਧਾਨਗੀ ਵੀ ਡਾ. ਦੀਪ ਨੇ ਕੀਤੀ। ਸਮਾਗਮ ਦੇ ਦੂਜੇ ਦਿਨ ਦੀ ਸ਼ੁਰੂਆਤ ਪਿੰਗਲਵਾੜਾ ਸੰਸਥਾ ਦੇ ਵਾਰਡਾਂ ਦਾ ਦੌਰਾ ਕਰਨ ਨਾਲ ਹੋਈ। ਲੇਖਕਾਂ ਨੇ ਪਿੰਗਲਵਾੜਾ ਸੰਸਥਾ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਨੂੰ ਜਾਣਿਆ ਤੇ ਸਮਝਿਆ। ਇਸ ਤੋਂ ਮਗਰੋਂ ਤੁਰੰਤ ਸ਼ੁ੍ਰੂ ਹੋਏ ਪਹਿਲੇ ਸ਼ੈਸ਼ਨ ਵਿਚ ਪ੍ਰੋ. ਗੁਰਦੀਪ ਢਿਲੋਂ ਨੇ ‘ਪਹੁੰਚੇ ਹਾਂ ਕਿਸ ਮੁਕਾਮ ਤੇ’ ਮਿੰਨੀ ਕਹਾਣੀ ਦੇ ਸੰਦਰਭ ਵਿਚ ਪਰਚਾ ਪੜਦਿਆ ਪੰਜਾਬੀ ਮਿੰਨੀ ਕਹਾਣੀ ਦੇ ਪੰਜਾਹ ਸਾਲਾਂ ਦੇ ਸਫਰ ਤੇ ਇਤਿਹਾਸ ਬਾਰੇ ਚਾਨਣਾ ਪਾਇਆ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਿਧਾ ਤੇ ਹੋਰ ਕੰਮ ਕਰਨ ਦੀ ਜਰੂਰਤ ਹੈ। ਉਨਾਂ ਨੇ ਮਿੰਨੀ ਕਹਾਣੀ ਦੇ ਇਤਿਹਾਸਕਾਰੀ ਮਾਡਲ ਨੂੰ ਕੇਂਦਰ ਵਿਚ ਰੱਖ ਕੇ ਇਸ ਵਿਧਾ ਬਾਰੇ ਕਈ ਨੁਕਤੇ ਉਭਾਰੇ। ਜਿੰਨ੍ਹਾਂ ਤੇ ਚਰਚਾ ਕਰਦਿਆ ਡਾ. ਸੰਦੀਪ ਰਾਣਾ ਤੇ ਡਾ. ਨਾਇਬ ਸਿੰਘ ਮੰਡੇਰ ਨੇ ਉਨਾਂ ਨੁਕਤਿਆਂ ਨੂੰ ਵਿਸਥਾਰ ਦਿੱਤਾ।  ਡਾ. ਅਸ਼ੋਕ ਭਾਟੀਆ ਨੇ ‘ਪੰਜਾਬੀ ਤੇ ਹਿੰਦੀ ਮਿੰਨੀ ਕਹਾਣੀ ਦਾ ਆਪਸੀ ਤਾਲਮੇਲ’ ਤੇ ਗੱਲ ਕਰਦਿਆ ਕਿਹਾ ਕਿ ਹਿੰਦੀ ਲਘੂਕਥਾ ਨੇ ਪੰਜਾਬੀ ਮਿੰਨੀ ਕਹਾਣੀ ਤੋਂ ਵੀ ਕਈ ਵਾਰ ਸਿਖਿਆ ਹੈ। ਉਨਾਂ ਇਹ ਵੀ ਕਿਹਾ ਕਿ ਜਿਸ ਤਰਾਂ ਦੇ ਜਥੇਬੰਦਕ ਕਾਰਜ ਮਿੰਨੀ ਕਹਾਣੀ ਵਿਚ ਹੋ ਰਹੇ ਹਨ, ਉਸ ਤਰ੍ਹਾਂ ਦੇ ਯਤਨਾਂ ਦੀ ਹਿੰਦੀ ਵਿਚ ਘਾਟ ਹੈ। ਇਸ ਤੇ ਚਰਚਾ ਕਰਦਿਆਂ ਲਘੁਕਥਾ ਕਲਸ਼ ਦੇ ਸੰਪਾਦਕ ਯੋਗਰਾਜ ਪ੍ਰਭਾਕਰ ਤੇ ਸੁਭਾਸ਼ ਨੀਰਵ ਨੇ ਕਿਹਾ ਕਿ ਹਿੰਦੀ ਦੇ ਮੁਕਾਬਲੇ ਪੰਜਾਬੀ ਮਿੰਨੀ ਕਹਾਣੀ ਹੀ ਜਿਹੜੀ ਉਸਨੂੰ ਬਰਾਬਰ ਦੀ ਟੱਕਰ ਦੇ ਰਹੀ ਹੈ। ਹੋਰ ਕਿਸੇ ਖੇਤਰੀ ਭਾਸ਼ਾ ਵਿਚ ਅਜਿਹਾ ਨਹੀਂ ਹੈ।ਉਨਾਂ ਨੇ ਪੰਜਾਬੀ ਅਤੇ ਹਿੰਦੀ ਵਿਚ ਹੋਏ ਅਨੁਵਾਦ ਕਾਰਜਾਂ ਦਾ ਜ਼ਿਕਰ ਵੀ ਕੀਤਾ। ਸਮਾਗਮ ਦਾ ਆਖਰੀ ਸ਼ੈਸ਼ਨ ਪੁਸਤਕ ਰਿਲੀਜ ਅਤੇ ਸਨਮਾਨ ਸਮਾਰੋਹ ਸੀ। ਜਿਸ ਵਿਚ ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਮੁੱਖ ਮਹਿਮਾਨ ਅਤੇ ਡਾ. ਲਖਵਿੰਦਰ ਜੌਹਲ ਜਰਨਲ ਸੱਕਤਰ ਪੰਜਾਬ ਕਲਾ ਪ੍ਰੀਸ਼ਦ, ਡਾ. ਮਨਜਿੰਦਰ ਸਿੰਘ ਮੁਖੀ ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ. ਹਰਜਿੰਦਰ ਸਿੰਘ ਅਟਵਾਲ ਸਾਹਿਤ ਸੰਪਾਦਕ ਰੋਜ਼ਾਨਾ ਨਵਾਂ ਜ਼ਮਾਨਾ ਅਤੇ ਸ੍ਰ. ਸੁਰਿੰਦਰ ਸਿੰਘ ਸੁੰਨੜ ਸੰਪਾਦਕ ‘ਆਪਣੀ ਆਵਾਜ਼’ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਤੇ ਸੰਬੋਧਨ ਕਰਦਿਆ ਬੀਬੀ ਇੰਦਰਜੀਤ ਕੌਰ ਨੇ ਲੇਖਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਨੂੰ ਸੇਧ ਦੇਣ ਵਾਲੀਆਂ ਰਚਨਾਵਾਂ ਦੀ ਸਿਰਜਣਾ ਕਰਨ। ਲੇਖਕਾਂ, ਬੁੱਧੀਜੀਵੀਆਂ ਦੇ ਸਿਰ ਤੇ ਵੱਡੀ ਜਿੰਮੇਵਾਰੀ ਹੈ ਇਸ ਲਈ ਉਹ ਨਰੋਆ, ਸਿਹਤਮੰਦ ਤੇ ਉੱਚੀਆਂ-ਸੁੱਚੀਆਂ ਨੈਤਿਕ ਕਦਰਾਂ ਕੀਮਤਾਂ ਵਾਲੇ ਸਮਾਜ ਦੇ ਨਿਰਮਾਣ ਵਿਚ ਜੁਟਣ। ਉਨ੍ਹਾਂ ਪਿੰਗਲਵਾੜਾ ਸੰਸਥਾ ਦੇ ਕਾਰਜਾਂ ਅਤੇ ਸਾਹਿਤਕ ਖੇਤਰ ਕੀਤੇ ਜਾ ਰਹੇ ਬਾਰੇ ਵੀ ਵਿਸਥਾਰ ਵਿਚ ਦੱਸਿਆ। ਡਾ. ਲਖਵਿੰਦਰ ਜੌਹਲ ਨੇ ਕਿਹਾ ਕਿ ਉਹ ਸ਼ੁਰੂ ‘ਚ ਇਸ ਵਿਧਾ ਨਾਲ ਜੁੜੇ ਰਹੇ ਅਤੇ ਪ੍ਰਭਾਵਿਤ ਵੀ ਰਹੇ। ਉਨਾਂ ਕਿਹਾ ਕਿ ਉਹ ਅੱਜ ਇਸ ਸਮਾਗਮ ਵਿਚ ਜੁੜੇ ਲੇਖਕਾਂ ਨੂੰ ਦੇਖ ਕੇ ਬਹੁਤ ਖੁਸ਼ ਹੋਏ ਹਨ। ਉਨਾਂ ਇਹ ਵੀ ਕਿਹਾ ਕਿ ਮਿੰਨੀ ਕਹਾਣੀ ਅਜੋਕੇ ਸਮੇਂ ਵਿਚ ਪਾਠਕ ਨੂੰ ਨਾਲ ਜੋੜ ਕੇ ਰੱਖਣ ਵਾਲੀ ਵਿਧਾ ਹੈ। ਡਾ ਹਰਜਿੰਦਰ ਸਿੰਘ ਅਟਵਾਲ ਨੇ ਨਵਾਂ ਜ਼ਮਾਨਾ ਦੇ ਮਾਧਿਅਮ ਰਾਹੀਂ ਮਿੰਨੀ ਕਹਾਣੀ ਵਿਧਾ ਦੇ ਲਈ ਕੀਤੇ ਕੰਮਾਂ ਦਾ ਜ਼ਿਕਰ ਕੀਤਾ । ਉਨਾਂ ਕਿਹਾ ਕਿ ਇਸ ਵਿਧਾ ਵਿਚ ਸੰਭਾਵਨਾਵਾਂ ਹਨ ਤੇ ਨਵੇਂ ਲੇਖਕਾਂ ਦਾ ਝੁਕਾਅ ਵੀ ਇਸ ਵਲ ਹੈ। ਸ੍ਰ. ਸੁਰਿੰਦਰ ਸਿੰਘ ਸੁੰਨੜ ਨੇ ਕਿਹਾ ਕਿ ਮੈਨੂੰ ਮਿੰਨੀ ਕਹਾਣੀਆਂ ਪੜਨਾ ਚੰਗਾ ਲਗਦਾ ਹੈ। ਖਾਸ ਕਰਕੇ ਇਸ ਛੋਟੀ ਰਚਨਾ ਵਿਚ ਵੱਡਾ ਮੈਸੇਜ ਹੁੰਦਾ ਹੈ। ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਇਸ ਵਿਧਾ ਤੇ ਅਕਾਦਮਿਕ ਹਲਕਿਆਂ ਨੂੰ ਜਿੰਨ੍ਹਾਂ ਕੰਮ ਕਰਵਾਉਣ ਦੀ ਜਰੂਰਤ ਸੀ ਓਨਾ ਨਹੀਂ ਹੋਇਆ। ਉਨਾਂ ਕਿਹਾ ਕਿਉਹਿ ਇਸ ਵਿਧਾ ਤੇ ਖੋਜ ਕਾਰਜ ਅਤੇ ਇਸਨੂੰ ਪਾਠਕ੍ਰਮ ਦਾ ਹਿਸਾ ਬਣਾਉਣ ਲਈ ਯਤਨ ਕਰਨਗੇ। ਇਸ ਤੋਂ ਬਾਅਦ ਪੁਸਤਕ ਰਿਲੀਜ ਦੇ ਵਿਚ ਤ੍ਰੈਮਾਸਿਕ ‘ਮਿੰਨੀ” ਦਾ ਅੰਕ ਨੰਬਰ 136, ‘ਮਿੱਟੀ ਕੇ ਜਾਏ’, ਡਾ. ਅਸ਼ੋਕ ਭਾਟੀਆ ਦੀਆਂ ਚੋਣਵੀਆਂ ਮਿੰਨੀ ਕਹਾਣੀਆਂ, ਸੁਕੇਸ਼ ਸਾਹਨੀ ਦੀਆਂ ਚੋਣਵੀਆਂ ਮਿੰਨੀ ਕਹਾਣੀਆਂ (ਤਿੰਨੇ ਪੁਸਤਕਾਂ ਦਾ ਅਨੁਵਾਦ ਯੋਗਰਾਜ ਪ੍ਰਭਾਕਰ), ਮੈਗਜ਼ੀਨ ਆਪਣੀ ਆਵਾਜ਼ (ਸੰਪਾਦਕ : ਸੁਰਿੰਦਰ ਸਿੰਘ ਸੁੰਨੜ, ਡਾ ਲਖਵਿੰਦਰ ਜੌਹਲ), ਅਣੂ (ਸੰ: ਸੁਰਿੰਦਰ ਕੈਲੇ), ਛਿਣ (ਸੰ; ਤਿ੍ਰਪਤ ਭੱਟੀ, ਡਾ. ਰਾਣਾ ਤੇ ਪਟਿਆਲਵੀ), ਤ੍ਰੈਮਾਸਿਕ ‘ਸ਼ਬਦ ਤ੍ਰਿੰਜਣ’ ਦਾ ਨਵਾਂ ਅੰਕ (ਸੰ: ਮੰਗਤ ਕੁਲਜਿੰਦ), ਹੋਣਾ ਏਕ ਸ਼ਹਿਰ ਕਾ (ਸਨੇਹ ਗੋਸਵਾਮੀ), ਪਲ ਜੋ ਇੰਜ ਗੁਜ਼ਰੇ (ਲਾਜਪਤ ਰਾਏ ਗਰਗ), ਸਿਸਕਦੀਆਂ ਹਵਾਵਾਂ (ਹਰਭਜਨ ਖੇਮਕਰਨੀ), ਸੂਹੇ ਫੁੱਲਾਂ ਦੀਆਂ ਪੱਤੀਆਂ (ਦਰਸ਼ਨ ਸਿੰਘ ਬਰੇਟਾ), ਪ੍ਰੋ. ਰੂਪ ਦੇਵਗੁਣ ਦੀਆਂ ਚੋਣਵੀਆਂ ਮਿੰਨੀ ਕਹਾਣੀਆਂ (ਅਨੁ: ਜਗਦੀਸ਼ ਕੁਲਰੀਆਂ), ਸੋਨ ਸਵੇਰਾ (ਸੁਰਿੰਦਰ ਕੈਲੇ), ਤ੍ਰੈਮਾਸਿਕ ‘ਮੇਲਾ’ (ਸੰ: ਰਾਜਿੰਦਰ ਮਾਂਜੀ) ਅਤੇ ਡਾ. ਦੀਪਤੀ ਦੀਆਂ ਮਿੰਨੀ ਕਹਾਣੀਆਂ ਆਲੋਚਕਾਂ ਦੀ ਨਜ਼ਰ ਵਿਚ (ਸੰ: ਜਗਦੀਸ਼ ਕੁਲਰੀਆਂ) ਆਦਿ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ ਅਤੇ ਕਾਮਰੇਡ ਜਸਵੰਤ ਸਿੰਘ ਕਾਰ ਸ਼ਿੰਗਾਰ ਯਾਦਗਾਰੀ ਮਿੰਨੀ ਕਹਾਣੀ ਵਿਕਾਸ ਪੁਰਸਕਾਰ –ਲਘੂਕਥਾ ਡਾਟ ਕਾਮ ਪੱਤਿ੍ਰਕਾ, ਗੁਲਸ਼ਨ ਰਾਏ ਯਾਦਗਾਰੀ ਸਰਵੋਤਮ ਮਿੰਨੀ ਕਹਾਣੀ ਪੁਸਤਕ ਪੁਰਸਕਾਰ –ਮਿੰਨੀ ਕਹਾਣੀ ਸੰਗ੍ਰਹਿ ‘ਜ਼ਿੰਦਗੀ ਦੀ ਵਾਪਸੀ’ ਲਈ ਦਰਸ਼ਨ ਸਿੰਘ ਬਰੇਟਾ, ਅਮਰਜੀਤ ਸਿੰਘ ਸਰੀਂਹ ਏ ਐਸ ਆਈ ਯਾਦਗਾਰੀ ਮਿੰਨੀ ਕਹਾਣੀ ਆਲੋਚਕ ਪੁਰਸਕਾਰ-ਪ੍ਰੋ. ਗੁਰਦੀਪ ਸਿੰਘ ਢਿਲੋਂ, ਮਾਤਾ ਮਹਾਂਦੇਵੀ ਕੌਸ਼ਿਕ ਯਾਦਗਾਰੀ ਮਿੰਨੀ ਕਹਾਣੀ ਲੇਖਿਕਾ ਪੁਰਸਕਾਰ-ਡਾ. ਹਰਜਿੰਦਰਪਾਲ ਕੌਰ ਕੰਗ, ਸ਼੍ਰੀ ਗੋਪਾਲ ਵਿੰਦਰ ਮਿੱਤਲ ਯਾਦਗਾਰੀ ਮਿੰਨੀ ਕਹਾਣੀ ਖੋਜ ਪੁਰਸਕਾਰ-ਡਾ. ਨਾਇਬ ਸਿੰਘ ਮੰਡੇਰ, ਸ਼੍ਰੀ ਰਾਜਿੰਦਰ ਕੁਮਾਰ ਨੀਟਾ ਯਾਦਗਾਰੀ ਮਿੰਨੀ ਕਹਾਣੀ ਯੁਵਾ ਲੇਖਕ ਪੁਰਸਕਾਰ-ਬੂਟਾ ਖਾਨ ਸੁੱਖੀ ਅਤੇ ਸ੍ਰ. ਗੁਰਬਚਨ ਸਿੰਘ ਕੋਹਲੀ ਯਾਦਗਾਰੀ ਮਿੰਨੀ ਕਹਾਣੀ ਸਹਿਯੋਗੀ ਪੁਰਸਕਾਰ-ਜਸਪਾਲ ਸਿੰਘ ਅੰਮ੍ਰਿਤਸਰ ਨੂੰ ਦਿੱਤੇ ਗਏ। ਲਘੂਕਥਾ ਕਲਸ਼ ਪੱਤਿਰਕਾ ਦੇ ਸਹਿਯੋਗ ਨਾਲ ਪਹਿਲੀ ਵਾਰ ਸ਼ੁਰੂ ਕੀਤੇ ਪੁਰਸਕਾਰਾਂ ਵਿਚ ਸ਼੍ਰੀ ਰੌਸ਼ਨ ਫੂਲਵੀ ਯਾਦਗਾਰੀ ਮਿੰਨੀ ਕਹਾਣੀ ਲਾਈਫ਼ ਟਾਈਮ ਅਚੀਵਮੈਂਟ ਪੁਰਸਕਾਰ ਇਸ ਵਾਰ ਮਿੰਨੀ ਕਹਾਣੀ ਦੇ ਖੇਤਰ ਵਿਚ ਉਮਰ ਭਰ ਦੇ ਸਮੁੱਚੇ ਯੋਗਦਾਨ ਨੂੰ ਦੇਖਦੇ ਹੋਏ ਡਾ ਸ਼ਿਆਮ ਸੁੰਦਰ ਦੀਪਤੀ ਨੂੰ ਦਿਤਾ ਗਿਆ। ਇਸੇ ਤਰ੍ਹਾਂ ਰਵੀ ਪ੍ਰਭਾਕਰ ਲਘੂਕਥਾ ਸਮਾਰਕ ਪੁਰਸਕਾਰ-ਡਾ ਪ੍ਰੋਸ਼ਤਮ ਦੂਬੇ ਇੰਦੌਰ (ਮੱਧ ਪ੍ਰਦੇਸ਼) ਅਤੇ ਸ਼੍ਰੀਮਤੀ ਊਸ਼ਾ ਪ੍ਰਭਾਕਰ ਯਾਦਗਾਰੀ ਲਘੂਕਥਾ ਪੁਰਸਕਾਰ- ਭੋਪਾਲ ਦੀ ਲੇਖਿਕਾ ਸ਼੍ਰੀਮਤੀ ਕਲਪਨਾ ਭੱਟ ਨੂੰ ਪ੍ਰਦਾਨ ਕੀਤੇ ਗਏ। ਮੰਚ ਵੱਲੋਂ 32ਵੇਂ ਮਿੰਨੀ ਕਹਾਣੀ ਮੁਕਾਬਲੇ ਦੇ ਜੈਤੂਆਂ ਵਿਚ ਸੋਮਾ ਕਲਸੀਆਂ ਨੂੰ ਪਹਿਲਾ, ਰੁਪਿੰਦਰ ਸੰਧੂ ਨੂੰ ਦੂਜਾ, ਸੀਮਾ ਵਰਮਾ ਨੂੰ ਤੀਜਾ ਅਤੇ ਰਮਨਦੀਪ ਕੌਰ ਰੰਮੀ ਅਤੇ ਹੀਰਾ ਸਿੰਘ ਤੂਤ ਨੂੰ ਉਤਸ਼ਾਹਿਤ ਨਾਲ ਸਨਮਾਨਿਤ ਕੀਤਾ ਗਿਆ। ਦੋ ਦਿਨ ਚੱਲੇ ਵਾਲੇ ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਸੁਖਜੀਵਨ, ਬਲਵਿੰਦਰ ਸਿੰਘ ਭੱਟੀ, ਡਾ. ਪ੍ਰਸ਼ੋਤਮ ਲਾਲ, ਹਰਿੰਦਰ ਪਾਲ ਸਿੰਘ, ਯੋਗੇਸ਼ ਕੁਮਾਰ, ਯਾਦਵਿੰਦਰ ਸਿੰਘ ਸਿਧੂ, ਪ੍ਰਯਾਸ ਦੀਪਤੀ, ਸਰਦੂਲ ਸਿੰਘ ਚਹਿਲ, ਦਲਜੀਤ ਸਿੰਘ ਕੋਹਲੀ, ਮਨਜੀਤ ਸਿੰਘ ਸੈਣੀ, ਮਲਕੀਤ ਸਿੰਘ ਜ਼ੀਰਾ, ਪਰੇਮ ਕੁਮਾਰ ਗਰਗ, ਅਮਨ, ਗੁਰਮਨ ਸੰਧੂ ਆਦਿ ਵੀ ਹਾਜ਼ਰ ਸਨ। ਸਮਾਗਮ ਦਾ ਮੰਚ ਸੰਚਾਲਨ ਜਗਦੀਸ਼ ਰਾਏ ਕੁਲਰੀਆਂ ਨੇ ਕੀਤਾ। ਮਹਿੰਦਰਪਾਲ ਬਰੇਟਾ ਵੱਲੋਂ ਪ੍ਰੋਗਰਾਮ ਦਾ ਸ਼ੋਸ਼ਲ ਮੀਡੀਆ ਤੇ ਲਾਈਵ ਪ੍ਰਸਾਰਣ ਕੀਤਾ ਗਿਆ। ਪੂਰੇ ਮਿੰਨੀ ਪਰਿਵਾਰ ਨੇ ਸਮਾਗਮ ਨੂੰ ਕਾਮਯਾਬ ਕਰਨ ਵਿਚ ਕੋਈ ਕਸਰ ਨਹੀਂ ਰਹਿਣ ਦਿਤੀ। ਕੁਲਵਿੰਦਰ ਕੌਸ਼ਲ ਅਤੇ ਗੁਰਸੇਵਕ ਰੋੜਕੀ ਵਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ।ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਵੱਲੋਂ ਖਾਣੇ, ਰਹਿਣ ਅਤੇ ਸਮਾਗਮ ਦੇ ਸੰਚਾਲਨ ਦੇ ਪ੍ਰਬੰਧ ਕਾਬਿਲੇ-ਤਾਰੀਫ਼ ਸਨ।