ਮਾਸਟਰ ਕਰਤਾਰ ਸਿੰਘ ‘ਰੋਡੇ’ ਦਾ ਪਲੇਠਾ ਕਾਵਿ-ਸੰਗ੍ਰਹਿ ‘ਏਕਾ ਦੂਆ’ ਲੋਕ ਅਰਪਣ (ਖ਼ਬਰਸਾਰ)


ਹੇਵਰਡ  --  ਬੀਤੇ ਦਿਨੀਂ ਸਰੀ ਕੈਨੇਡਾ ਵਿਖੇ ਮਾਸਟਰ ਕਰਤਾਰ ਸਿੰਘ ‘ਰੋਡੇ’ ਜੀ ਦਾ ਪਲੇਠਾ ਕਾਵਿ-ਸੰਗ੍ਰਹਿ ‘ਏਕਾ ਦੂਆ’ ਉਨ੍ਹਾਂ ਦੇ ਪਰਿਵਾਰ ਵਲੋਂ ਬੜੇ ਚਾਅ ਅਤੇ ਹੁਲਾਸ ਨਾਲ਼ ਇਕ ਸਾਹਿਤਕ ਮਿਲਣੀ ਆਯੋਜਿਤ ਕੀਤੀ ਗਈ। ਹਰਿੰਦਰ ਕੌਰ ਸੋਹੀ ਨੇ ਮੰਚ ਦਾ ਕਾਜ ਭਾਰ ਸੰਭਾਲਦੇ ਹੋਏ ਪ੍ਰਧਾਨਗੀ ਮੰਡਲ ਵਿੱਚ ਨਾਵਲਕਾਰ ਜਰਨੈਲ ਸਿੰਘ ਸੇਖਾ, ਡਾ. ਸਾਧੂ ਸਿੰਘ, ਅਜਮੇਰ ਰੋਡੇ ਅਤੇ ਮਾਸਟਰ ਕਰਤਾਰ ਸਿੰਘ ‘ਰੋਡੇ’ ਨੂੰ  ਸ਼ੁਸ਼ੋਭਿਤ ਕੀਤਾ। ਇਸ ਉਪਰੰਤ ਪੁਸਤਕ ਦੀ ਜਾਣ ਪਛਾਣ ਕਰਵਾਉਂਦੇ ਕਿਹਾ,  “ਪਿੰਡ ‘ਰੋਡੇ’ ਤੋਂ ਲੈ ਕੇ ‘ਕੈਨੇਡਾ’ ਤੱਕ ਦੇ ਅਨੁਭਵ ਵਾਲੀ ਇਹ ਕਵਿਤਾ ਵੱਖ-ਵੱਖ ਵਿਸ਼ਿਆਂ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੈ ਤੇ ਅੱਜ ਦੇ ਸੰਚਾਲਨ ਲਈ ਮੈਂ ਸਿਰਫ਼ ‘ਏਕਾ ਦੂਆ’ ਪੁਸਤਕ ਵਿਚਲੇ ਸ਼ਿਅਰ ਹੀ ਬੋਲਾਂਗੀ।”  

ਪ੍ਰੋ. ਹਰਿੰਦਰਜੀਤ ਸਿੰਘ ਸੰਧੂ ਨੇ ਆਏ ਹੋਏ ਮਹਿਮਾਨਾਂ ਨੂੰ ਜੀਅ ਆਇਆਂ ਕਿਹਾ ਅਤੇ ਆਪਣੇ ਪਿਤਾ ਜੀ ਦੀ ਪੁਸਤਕ ਵਿੱਚੋਂ ‘ਸੱਚੋ-ਸੱਚ’ ਕਵਿਤਾ ਹਾਜ਼ਰ ਸਰੋਤਿਆਂ ਨਾਲ਼ ਸਾਂਝੀ ਕੀਤੀ। ਮੇਜਰ ਸਿੰਘ ਰੰਧਾਵਾ (ਡਾ.) ਨੇ ਪੁਸਤਕ ਬਾਰੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਇਸ ਸੰਗ੍ਰਹਿ ਦੀ ਬਹੁਤੀ ਕਵਿਤਾ ਮਾਸਟਰ ਜੀ ਨੇ ਉਮਰ ਦੇ 67ਵੇਂ ਵਰ੍ਹੇ ਵਿਚ ਕੈਨੇਡਾ ਪਰਵਾਸ ਧਾਰਨ ਕਰਨ ਤੋਂ ਬਾਅਦ ਲਿਖੀ ਹੈ।ਇਸ ਕਵਿਤਾ ਵਿਚ ਵਿਭਿੰਨ ਪ੍ਰਕਾਰ ਦੇ ਵਿਸ਼ੇ ਛੂਹੇ ਗਏ ਹਨ ਜਿਨ੍ਹਾਂ ਵਿੱਚ ਅਜੋਕੇ ਪੰਜਾਬ ਦੀ ਰਹਿਤਲ ’ਚ ਪਸਰੇ ਰਾਜਨੀਤਕ, ਸਮਾਜਿਕ, ਧਾਰਮਿਕ ਦੰਭ ਦੇ ਪ੍ਰਗਟਾਵੇ, ਮਾਨਵੀ ਰਿਸ਼ਤਿਆਂ ਉੱਪਰ ਉਨ੍ਹਾਂ ਦੇ ਦੁਰ-ਪ੍ਰਭਾਵ ਅਤੇ ਕੈਨੇਡਾ ਵਿਚ ਪੰਜਾਬੀ ਪਰਵਾਸੀਆਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਹਨ। ਲਾਜ ਨੀਲਮ ਸੈਣੀ ਨੇ ਕਿਹਾ ਕਿ ਮਾਸਟਰ ਜੀ ਨੇ ਜ਼ਿੰਦਗੀ ਦੀਆਂ ਨੱਬੇ ਬਹਾਰਾਂ ਮਾਣ ਕੇ ਇਹ ਪੁਸਤਕ ਪ੍ਰਕਾਸ਼ਿਤ ਕਰਵਾਈ ਹੈ। ਉਹ 91ਵੇਂ ਵਰ੍ਹੇ ਵਿੱਚ ਪਰਵੇਸ਼ ਕਰ ਗਏ ਹਨ ਅਤੇ ਆਪਣੇ ਸਾਦਾ ਜੀਵਨ ਅਤੇ ਉੱਚੇ-ਸੁੱਚੇ ਵਿਚਾਰਾਂ ਕਾਰਣ ਅਜੇ ਤੱਕ ਪੂਰੇ ਸੰਤੁਲਨ ਵਿੱਚ ਹਨ। ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਵਲੋਂ ਪ੍ਰਕਾਸ਼ਿਤ ਇਸ ਪੁਸਤਕ ਵਿੱਚ ਅੱਠ ਰੁਬਾਈਆਂ ਅਤੇ ਅਠੱਤੀ ਕਵਿਤਾਵਾਂ ਅਤੇ ਗੀਤ ਦਰਜ ਹਨ। ਇਸ ਸੰਗ੍ਰਹਿ ਦੀ ਕਵਿਤਾ ਸੱਚੇ-ਸੁੱਚੇ ਅਹਿਸਾਸਾਂ ਦੀ ਕਵਿਤਾ ਹੈ, ਜੋ ਮਾਨਵੀ ਕਦਰਾਂ ਕੀਮਤਾਂ ਤੇ ਪਹਿਰਾ ਦਿੰਦੀ ਹੈ ਅਤੇ ਸਮਾਜਿਕ ਬੁਰਾਈਆਂ ਦੀ ਨਿੰਦਾ ਕਰਦੇ ਹੋਏ ਇੱਕ ਨਰੋਏ ਸਮਾਜ ਦੇ ਨਿਰਮਾਣ ਦੀ ਉਸਾਰੀ ਕਰਨਾ ਚਾਹੁੰਦੀ ਹੈ। ਸਰਲ ਭਾਸ਼ਾ ਵਿੱਚ ਲਿਖੀ ਗਈ ਪੁਸਤਕ ਵਿਚਲੇ ਗੀਤ ਲੋਕਗੀਤ ਦਾ ਝਾਉਲਾ ਵੀ ਪਾਉਂਦੇ ਹਨ ਅਤੇ ਲੋਕਗੀਤ ਬਣਨ ਦੀ ਸਮਰੱਥਾ ਰੱਖਦੇ ਹਨ:
ਜੰਮ-ਜੰਮ ਆਵੀਂ ਪੇਕੇ ਭੈਣੇਂ, ਜਿਊਂਦਾ ਰਹੇ ਤੇਰਾ ਵੀਰ ਕੁੜੇ।
ਰਹਿੰਦੀ ਦੁਨੀਆਂ ਤੀਕਰ ਰਹਿਸੀ, ਪਿੰਡ ਵਿੱਚ ਤੇਰਾ ਸੀਰ ਕੁੜੇ।
ਸਤਵੰਤ ਸਿੰਘ ਦੀਪਕ ਨੇ ਕਿਹਾ ਕਿ ‘ਏਕਾ ਦੂਆ’ ਪੁਸਤਕ ਜ਼ਿੰਦਗੀ ਦਾ ਸੱਚ ਹੈ ਅਤੇ ਮੇਰੇ ਅਧਿਆਪਕ ਦੀ ਇਹ ਪੁਸਤਕ ‘ਗਾਗਰ ਵਿੱਚ ਸਾਗਰ’ ਭਰਨ ਦੇ ਸਮਾਨ ਹੈ। ਡਾ. ਪ੍ਰਿਤਪਾਲ ਸਿੰਘ ਸੋਹੀ ਨੇ ਪੁਸਤਕ ਦੀ ਭਰਵੀਂ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਮਾਸਟਰ ਜੀ ਨੇ ਨੱਬੇ ਸਾਲ ਦਾ ਲੰਮਾ ਪੈਂਡਾ ਤੈਅ ਕਰਦੇ ਹੋਏ ਇਹ ਪੁਸਤਕ ਲਿਖੀ ਹੈ। ਉਨ੍ਹਾਂ ਨੇ ਅੰਗਰੇਜ਼ਾਂ ਦਾ ਸਮਾਂ ਵੀ ਦੇਖਿਆ ਅਤੇ ਖਾੜਕੂ ਲਹਿਰ ਨੂੰ ਵੀ ਹੰਢਾਇਆ। ਇਸ ਲਈ ਇਹ ਪੁਸਤਕ ਜ਼ਿੰਦਗੀ ਦਾ ਸੱਚ ਹੈ। ਅਜਮੇਰ ਰੋਡੇ ਨੇ ਕਵਿਤਾ ਦੇ ਭਾਵੁਕ ਅਰਥਾਂ ਦਾ ਮਹੱਤਵ ਸਮਝਾਉਂਦੇ ਹੋਏ ਕਿਹਾ ਕਿ ਇਹ ਕਵਿਤਾ ਅਣਭੋਲ ਅਨੁਭਵ ਵਿੱਚੋਂ ਉਪਜੀ ਮਹਿਸੂਸ ਹੁੰਦੀ ਹੈ। ਡਾ. ਸਾਧੂ  ਸਿੰਘ ਨੇ ਕਿਹਾ ਕਿ ਇਹ ਪੁਸਤਕ ਕਵੀ ਨੇ ਸਵ. ਚਾਚੇ ਭਾਨ ਸਿੰਘ ਨੂੰ ਸਮਰਪਣ ਕੀਤੀ ਹੈ। ਇਹ ਉਹ ਚਾਚਾ ਹੈ ਜੋ ਭਤੀਜੇ ਦੀ ਉਂਗਲ ਨੂੰ ਘਿਸਣ ਤੋਂ ਬਚਾਉਣ ਲਈ ਕਲਮ ਦੀ ਥਾਂ ਕਾਲ਼ੇ ਰੀਠੇ ’ਚ ਅੱਧ ਤਾਈਂ ਗਲ਼ੀ ਕੱਢ ਕੇ ਉਸ ਵਿੱਚ ਬਾਂਸ ਦੀ ਪਤਲੀ ਜਿਹੀ ਡੰਡੀ ਪਾ ਕੇ ਧਰਤੀ ’ਤੇ ਵਿਛੀ ਸੁਆਹ ਉੱਤੇ ਪੈਂਤੀ ਅਤੇ ਮੁਹਾਰਨੀ ਲਿਖਣ ਦਾ ਅਭਿਆਸ ਕਰਾਉਂਦਾ ਸੀ। ਉਸ ਚਾਚੇ ਦੀ ਰੂਹ ਅੱਜ ਵਧਾਈ ਦੀ ਪਾਤਰ ਹੈ।ਉਨ੍ਹਾਂ ਹੋਰ ਕਿਹਾ ਕਿ ਕੁਝ ਕਵਿਤਾਵਾਂ ਵਿੱਚ ਉਰਦੂ ਭਾਸ਼ਾ ਦੇ ਝਲਕਾਰੇ ਕਵਿਤਾ ਨੂੰ ਚਾਰ ਚੰਨ ਲਾਉਂਦੇ ਹਨ। ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਆਪਣੇ ਵਿਚਾਰ ਪੇਸ਼ ਕਰਦੇ ਕਿਹਾ ਕਿ ਮਾਸਟਰ ਜੀ ਨੇ ਜੋ ਹੰਢਾਇਆ ਉਸਨੂੰ ਕਮਲਬੰਦ ਕਰਕੇ ‘ਏਕਾ ਦੂਆ’ ਦਾ ਨਾਮ ਦਿੱਤਾ ਹੈ। ਇਸ ਪੁਸਤਕ ਵਿੱਚ ਪੁਰਾਤਨ ਪਿੰਡਾਂ ਦੀ ਝਲ਼ਕ, ਮਨੋਰੰਜਨ ਅਤੇ ਸਿੱਖਿਆ ਦੇ ਨਾਲ਼-ਨਾਲ਼ ਗੰਧਲੀ ਰਾਜਨੀਤੀ ਤੋਂ ਪਰਦਾ ਚੁੱਕਦੀਆਂ ਕਵਿਤਾਵਾਂ ਵੀ ਹਨ। ਸਾਰੀ ਕਵਿਤਾ ਛੰਦ-ਬੱਧ ਹੈ। ਇਸ ਲਈ ਇਹ ਪਾਠਕ ਨੂੰ ਆਪਣੇ ਨਾਲ਼ ਤੋਰਨ ਵਿੱਚ ਸਫ਼ਲ ਹੈ।ਇਸ ਤੋਂ ਇਲਾਵਾ ਡਾ. ਪ੍ਰਿਤਪਾਲ ਸਿੰਘ ਗਿੱਲ, ਅੰਗਰੇਜ਼ ਬਰਾੜ, ਦਰਸ਼ਨ ਸੰਘਾ ਅਤੇ ਜਿੱਨੀ ਸਿਮਸ ਆਦਿ ਨੇ ਵੀ ਪੁਸਤਕ ਵਿਚਾਰ ਚਰਚਾ ਵਿੱਚ ਹਿੱਸਾ ਲਿਆ।
 ਮਾਸਰਟ ਕਰਤਾਰ ਸਿੰਘ ‘ਰੋਡੇ’ ਨੇ ਆਪਣੇ ਜੀਵਨ ਅਤੇ ਸਾਹਿਤਕ ਸਫ਼ਰ ਦੀ ਗੱਲ ਕਰਦੇ ਹੋਏ  ਆਪਣੇ ਫਰੀਡਮ ਫਾਈਟਰ  ਸਵ. ਚਾਚਾ ਭਾਨ ਸਿੰਘ ਜੀ ਨੂੰ ਯਾਦ ਕੀਤਾ ਜਿਨ੍ਹਾਂ ਲੱਕੜੀ ਦੀ ਸੁਆਹ ਕੱਪੜ ਛਾਣ ਕਰਕੇ ਧਰਤੀ ’ਤੇ ਵਿਛਾ ਕੇ ਉਨ੍ਹਾਂ ਨੂੰ ‘ੳ’ ਲਿਖਣਾ ਸਿਖਾਇਆ ਅਤੇ ਹੱਥ ਵਿੱਚ ਕਲਮ ਫੜਾਈ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਜੇ.ਬੀ.ਟੀ ਤੋਂ ਬਾਅਦ ਬੀ.ਐੱਡ ਕਰਕੇ  ਮਾਸਟਰ ਕੇਡਰ ਵਿੱਚ ਆ ਗਏ। ਪਹਿਲੀ ਰਚਨਾ ‘ਏਕਾ ਦੂਆ’ ਬਾਲ ਰਸਾਲੇ ‘ਪੰਖੜੀਆਂ’ ਵਿੱਚ ਛਪੀ। ਇਸ ਤੋਂ ਬਾਅਦ ਵਿਰਲਾ ਟਾਵਾਂ ਲਿਖਿਆ ਤੇ 1997 ਵਿੱਚ ਕੈਨੇਡਾ ਆ ਕੇ ਕਾਵਿ ਸਿਰਜਣਾ ਦਾ ਕੰਮ ਨਿੱਠ ਕੇ ਕੀਤਾ। ਇਸ ਉਪਰੰਤ ਨਾਮੀ ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਦੇ ਭਰਵੇਂ ਇਕੱਠ ਵਿੱਚ ਪੁਸਤਕ ਲੋਕ ਅਰਪਣ ਕੀਤੀ ਗਈ। ਸਮਾਗਮ ਦੇ ਅੰਤ ਵਿੱਚ ਪੋਤੇ ਹਰਮਨ ਸਿੰਘ ਸੰਧੂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਪੋਤੀ ਸ਼ੈਰੀ ਸੰਧੂ ਨੇ ਕਿਹਾ ਕਿ ਇਹ ਪੁਸਤਕ ਪਰਿਵਾਰ ਲਈ ਇੱਕ ਤਿਜੌਰੀ ਅਤੇ ਆਉਣ ਵਾਲੀ ਪੀੜ੍ਹੀ ਲਈ ਅਨਮੋਲ ਤੋਹਫ਼ਾ ਹੈ। ਉਨ੍ਹਾਂ ਨੂੰ ਆਪਣੇ ਦਾਦਾ ਜੀ ਉੱਪਰ ਬਹੁਤ ਮਾਣ ਹੈ। ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਸੁਖਵਿੰਦਰ ਕੌਰ ਸੰਧੂ (ਨੂੰਹ), ਸਪਨਾ, ਭੁਪਿੰਦਰ ਸਿੰਘ ਬਰਾੜ, ਗੁਰਤੇਜ ਗਿੱਲ ਅਤੇ ਸੁਖਵੀਰ ਕੌਰ ਗਿੱਲ ਨੇ ਪ੍ਰਬੰੰਧਕੀ ਕਾਰਜਾਂ ਵਿੱਚ ਵੱਧ-ਚੜ੍ਹ ਕੇ ਸਹਿਯੋਗ ਦਿੱਤਾ। ਗੁਰਦੀਪ ਭੁੱਲਰ ਨੇ ਸਾਉਂਡ ਸਿਸਟਮ ਦੀ ਜ਼ਿੰਮੇਵਾਰੀ ਨਿਭਾਈ। ਹੋਰਨਾਂ ਤੋਂ ਇਲਾਵਾ ਪ੍ਰਸਿੱਧ ਲੇਖਕ ਅਤੇ ਫਰੀਡਮ ਫਾਈਟਰ ਅਜੀਤ ਸੈਣੀ ਦੀ ਧੀ ਨਰਿੰਦਰ ਸੈਣੀ, ਜਵਾਈ ਯੋਗੀ ਸੈਣੀ, ਮੋਹਨ ਗਿੱਲ, ਸ਼ਰਨਜੀਤ ਕੌਰ ਸੰਧੂ, ਰਾਜ ਬਰਾੜ, ਪਰਮਿੰਦਰ ਕੌਰ ਸਵੈਚ, ਸਤੀਸ਼ ਗੁਲਾਟੀ (ਚੇਤਨਾ ਪ੍ਰਕਾਸ਼ਨ) ਅਤੇ ਅਮਰੀਕਾ ਤੋਂ ਪ੍ਰੋ. ਸੁਖਦੇਵ ਸਿੰਘ ਅਤੇ ਬਲਜਿੰਦਰ ਸਿੰਘ ਆਦਿ ਨੇ ਉਚੇਚੇ ਤੌਰ ’ਤੇ  ਸ਼ਿਰਕਤ ਕੀਤੀ।

ਲਾਜ ਨੀਲਮ ਸੈਣੀ