ਹੇਮਕੁੰਟ ਤੋਂ ਨਾਂਦੇੜ (ਲੰਬੀ ਕਵਿਤਾ) ਕਿਸ਼ਤ-1 (ਲੜੀਵਾਰ )

ਜਗਜੀਤ ਸਿੰਘ ਗੁਰਮ   

Email: gurmjagjit@ymail.com
Cell: +91 99145 16357 , 99174 01668
Address: 1008/29/2 1008/29/2, ਗਲੀ ਨੰ: 8, ਬਾਲ ਸਿੰਘ ਨਗਰ, ਜੋਧੇਵਾਲ ਬਸਤੀ
ਲੁਧਿਆਣਾ India 141007
ਜਗਜੀਤ ਸਿੰਘ ਗੁਰਮ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ



ਜਗਜੀਤ ਸਿੰਘ ਗੁਰਮ ਪੰਜਾਬੀ ਸਾਹਿਤ ਵਿਚ ਆਪਣੀ ਵਿਲੱਖਣ ਪਹਿਚਾਣ ਰੱਖਦਾ ਹੈ। ਸਾਹਿਤ ਨੂੰ ਹਰ ਪੱਖੋਂ ਸਮਰਪਿਤ ਇਹ ਕਲਮਕਾਰ ਤਨ, ਮਨ ਤੇ ਧੰਨ ਨਾਲ ਹਮੇਸ਼ਾ ਸੇਵਾ ਵਿਚ ਲੱਗਿਆ ਹੋਇਆ ਦਰਵੇਸ਼, ਨਿਮਾਣਾ ਤੇ ਇਮਾਨਦਾਰ ਲਿਖਾਰੀ ਹੈ ਜਿਸ ਨੇ ਸਿਰਫ਼ ਆਪਣੇ ਜੀਵਨ ਦੇ ਅਸੂਲ ਬਣਾਏ ਹੀ ਨਹੀਂ ਬਲਕਿ ਪੂਰੀ ਤਵੱਜੋਂ ਨਾਲ ਹੰਢਾਏ ਵੀ ਹਨ। ਸਾਹਿਤ ਨੂੰ ਸੱਚੇ-ਸੁੱਚੇ ਸ਼ਬਦਾਂ ਤੇ ਨਿਰਪੱਖ ਸੋਚ ਨਾਲ ਇਸ ਨੇ ਵੱਡੀ ਘਾਲ਼ਣਾ ਕੀਤੀ ਹੈ। ‘ਹੇਮਕੁੰਟ ਤੋਂ ਨਾਂਦੇੜ’ ਇਸ ਦੀ ਸੋਚ ਤੇ ਉਦਮ ਨੂੰ ਪਹਿਰਾ ਦਿੰਦਾ ਹੈ। ਇਸ ਵਿਸ਼ੇ ਨੂੰ ਕਾਵਿ ਰੂਪ ਵਿਚ ਲਿਖਣਾ ਕੋਈ ਛੋਟੀ ਗੱਲ ਨਹੀਂ ਹੈ ਜਦਕਿ ਇਸ ਨੇ ਕਾਵਿ ਦੀਆਂ ਮਿਲਾਂਤ ਤੁਕਾਂ ਨੂੰ ਵੀ ਮੁੱਖ ਰੱਖ ਕੇ ਬੜੀ ਮਿਹਨਤ ਨਾਲ ਇਸ ਕਾਰਜ ਨੂੰ ਸਿਰੇ ਚੜ੍ਹਾਇਆ ਹੈ। ਇਸ ਕਿਤਾਬ ਵਿਚ ਜਿੱਥੇ ਧਾਰਮਿਕਤਾ ਪੱਖੋਂ ਉਦਮ ਕੀਤਾ ਗਿਆ ਹੈ ਉਥੇ ਪੰਜਾਬੀਅਤ, ਗੁਰਮੁਖੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਨੂੰ ਬੜੇ ਖ਼ੂਬਸੂਰਤ ਢੰਗ ਨਾਲ ਬਿਆਨ ਕੀਤਾ ਗਿਆ ਹੈ। ਮੈਨੂੰ ਵਿਸ਼ਵਾਸ ਹੈ ਕਿ ਇਹ ਕਿਤਾਬ ਪੂਰੇ ਭਾਈਚਾਰੇ ਵਿਚ ਇਕ ਨਿਵੇਕਲੀ ਥਾਂ ਬਣਾਏਗੀ। ਮੇਰੀ ਅਰਦਾਸ ਹੈ ਕਿ ਇਸ ਸਿਰੜੀ ਕਲਮ ਵੱਲੋਂ ਹੋਰ ਵੀ ਕੁਝ ਉਲੀਕਿਆ ਜਾਵੇ ਤਾਂ ਜੋ ਅਸੀਂ ਆਪਣੇ ਪੁਰਾਤਨ ਨੂੰ ਵਧੇਰੇ ਜਾਣ ਸਕੀਏ।                                                                                                                                 ਡਾ.ਮਨੋਜਪ੍ਰੀਤ 


ਮਰਦ-ਅਗੰਮੜਾ

ਜਦੋਂ
ਜ਼ੁਲਮ ਦੀ
ਹਨੇਰੀ ਝੁੱਲਦੀ ਹੈ
ਤਾਂ ਕੋਈ
ਮਰਦ-ਅਗੰਮੜਾ
ਜਨਮ ਲੈਂਦਾ ਹੈ
ਪਿਤਾ ਨੂੰ
ਮਜ਼ਲੂਮਾਂ ਦੀ
ਢੋਈ ਬਣਾਉਂਦਾ ਹੈ
ਆਪਣਾ ਰਾਹ
ਆਪ ਲੱਭਦਾ ਹੈ
ਆਪਣਾ ਸੂਰਜ
ਆਪ ਸਿਰਜਦਾ ਹੈ
ਕੱਚੀ ਗੜੀ ’ਚ
ਜਾਣ ਲਈ
ਹੌਸਲਾ ਚਾਹੀਦੈ
ਤਾਂ ਜੋ
ਨੀਹਾਂ ’ਚ
ਲਹੂ ਡੋਲਿਆ ਜਾ ਸਕੇ

ਫੇਰ
ਮਰਦ-ਅਗੰਮੜਾ
ਜ਼ਾਲਮ ਨੂੰ ਲਲਕਾਰਦਾ ਹੈ
ਹਥਿਆਰ ਉਠਾਉਂਦਾ ਹੈ
ਲੜਦਾ ਹੈ
ਮਰਦਾ ਹੈ
ਸਭ ਕੁੱਝ ਹਾਰਦਾ ਹੈ
ਸਭ ਕੁੱਝ ਵਾਰਦਾ ਹੈ
ਲੋਕਾਂ ਲਈ
ਐਵੇਂ ਨਹੀਂ
ਲਿਖੇ ਜਾਂਦੇ ਜ਼ਫ਼ਰਨਾਮੇ

ਹੇਮਕੁੰਟ ਤੋਂ ਨਾਂਦੇੜ
ਸੁਣੀ ਇਹ ਗਾਥਾ ਫੇਰ ਪੜੀ
ਤਾਹਿਉਂ ਸੁਰਤ ਪਹਾੜ ਚੜੀ
ਕੁਦਰਤ ਦੀ ਗੋਦੀ ਵਿਚ ਬਹਿ ਕੇ
ਸੰਗ ਬਰਫ਼ ਦੇ ਬਰਫ਼ ਹੋ ਗਿਆ
ਇਕ ਤਪੱਸਵੀ ਪਿਛਲੇ ਜਨਮ ਵਿਚ
ਹਰਫ਼ਾਂ ਦੇ ਸੰਗ ਹਰਫ਼ ਹੋ ਗਿਆ।
ਝੱਖੜ ਝੁਲਦੇ ਸੀਤ ਹਵਾਵਾਂ
ਉਹ ਸਿਦਕੀ ਨਾ ਜ਼ਰਾ ਡੋਲਿਆ
ਜੋਤ ਸ਼ਬਦ ਦੀ ਤਨ ਮਨ ਅੰਦਰ
ਬੋਲਿਆ ਜੋ ਵੀ ਸਹੀ ਤੋਲਿਆ
ਇਕ ਦਿਨ ਫੇਰ ਆਵਾਜ਼ ਇਹ ਆਈ
ਧਰਤੀ ਉਹ ਨਾ ਧਰਤ ਕਹਾਵੇ
ਥਾਂ-ਥਾਂ ਉਤੇ ਜਿੱਥੇ ਜ਼ੁਲਮ ਨੇ
ਦੀਪ ਸੱਚ ਦਾ ਬੁਝਦਾ ਜਾਵੇ
ਖੋਲੀਆਂ ਅੱਖਾਂ ਤੇ ਮੁਸਕਾਇਆ
ਉਠਿਆ ਫਿਰ ਭੰਨੀ ਅੰਗੜਾਈ
ਪਟਨੇ ਵਿਚ ਗੁਰ ਤੇਗ਼ ਬਹਾਦਰ
ਮਾਂ ਗੁਜਰੀ ਘਰ ਜੋਤ ਜਗਾਈ

ਦੂਰ-ਦੂਰ ਤਕ ਚਰਚੇ ਹੋਏ
ਨੂਰ ਹੈ ਇਕ ਧਰਤੀ ’ਤੇ ਆਇਆ
ਪੰਛੀ ਚਹਿਕੇ ਫੁੱਲ ਵੀ ਮਹਿਕੇ
ਬੱਦਲਾਂ ਨੇ ਆ ਘੇਰਾ ਪਾਇਆ
ਨਿੱਕੀ-ਨਿੱਕੀ ਭੂਰ ਸੀ ਵਰਸੀ
ਹਵਾ ਨੇ ਸਭ ਨੂੰ ਝੂਮਣ ਲਾਇਆ
ਚੰਨ, ਤਾਰਿਆਂ ਮਸਤੀ ਛਾਈ
ਸੂਰਜ ਹੋਇਆ ਦੂਣ ਸਵਾਇਆ
ਸੁਣ-ਸੁਣ ਚਰਚਾ ਪੀਰ ਫ਼ਕੀਰਾਂ
ਵਿਚ ਪਟਨੇ ਆ ਡੇਰਾ ਲਾਇਆ
ਨੂਰ ਪਰਖਿਆ ਦੋ ਕੁੰਜੀਆਂ ਲੈ
ਫੇਰ ਫ਼ਕੀਰਾਂ ਸੀਸ ਝੁਕਾਇਆ
ਨਿੱਕੇ-ਨਿੱਕੇ ਚਾਅ ਵੀ ਮੌਲੇ
ਮੌਲੀ ਕੁਦਰਤ ਖੇਡ ਰਚਾਈ
ਸੱਚ ਬਚਾਵਣ ਜ਼ੁਲਮ ਮਿਟਾਵਣ
ਸੁੱਚੀ ਰੂਹ ਇਕ ਧਰਤ ’ਤੇ ਆਈ
ਮਾਂ ਦੀ ਗੋਦ ’ਚ ਨੂਰ ਚਮਕਦੈ
ਚੰਨ, ਸੂਰਜ ਜਿਉਂ ਧਰਤੀ ਆਇਆ
ਵਿਚ ਲੋਕਾਈ ਵਿਚਰਨ ਖ਼ਾਤਰ
ਗੋਬਿੰਦ ਰਾਏ ਨਾਮ ਰਖਾਇਆ
ਘੜੇ ਭੰਨ ਕੇ ਲੋਕਾਂ ਦੀ ਤਾਂ
ਜ਼ਹਿਰੀ ਸੱਪੋਂ ਜਾਨ ਬਚਾਈ
ਸਿੱਟ ਕੇ ਸੋਨ-ਕੜੇ ਗੰਗਾ ਵਿਚ
ਲੋਭ ਤੋਂ ਬਚਣਾ ਗੱਲ ਸਮਝਾਈ
 
ਖੇਡਦੇ-ਖੇਡਦੇ ਗੋਬਿੰਦ ਰਾਏ
ਇਕ ਦਿਨ ਗੰਗਾ ਕੰਢੇ ਆਏ
ਦਰਸ਼ਨ ਦੇ ਕੇ ਸ਼ਿਵ ਦੱਤ ਤਾਈਂ
ਉਸ ਦੇ ਸਾਰੇ ਭਰਮ ਮਿਟਾਏ
. ਰਾਜਾ ਫ਼ਤਿਹ ਚੰਦ ਸੀ ਉਥੇ
ਜਿਸ ਦੇ ਘਰੇ ਔਲਾਦ ਨਾ ਕੋਈ
ਰਹਿਣ ਸੋਚਦੇ ਰਾਜਾ ਰਾਣੀ
ਸ਼ਾਮ ਸਵੇਰੇ ਲੱਭਣ ਢੋਈ
ਬੈਠੀ ਰਾਣੀ ਬੰਦ ਕਰ ਅੱਖਾਂ
ਭਗਤੀ-ਭਾਵ ’ਚ ਮਨ ਲਗਾਇਆ
ਚੁੱਪ-ਚਾਪ ਗੋਦੀ ਵਿਚ ਬੈਠਾ
ਖੇਡਦਾ-ਖੇਡਦਾ ਗੋਬਿੰਦ ਆਇਆ
ਅੱਖਾਂ ਖੋਲ ਕੇ ਵੇਖਿਆ ਸੀ ਜਦ
ਗੋਦੀ ਹੋ ਗਈ ਨੂਰੋ ਨੂਰ
ਖ਼ੁਸ਼ੀ ’ਚ ਖੀਵੀ ਹੋ ਗਈ ਰਾਣੀ
ਲੱਗਦੈ ਆਸ ਨੂੰ ਪੈ ਗਿਆ ਬੂਰ
ਹੁਕਮ ਮੰਨ ਕੇ ਗੁਰੂ ਪਿਤਾ ਦਾ
ਪੰਜਾਬ ਨੂੰ ਚਾਲੇ ਪਾ ਦਿੱਤੇ
ਕਿਵੇਂ ਰਹਾਂਗੇ ਸੰਗਤ ਪੁੱਛਦੀ
ਸਭ ਨੂੰ ਧੀਰ ਧਰਾ ਦਿੱਤੇ
ਰਸਤੇ ਵਿਚ ਇਕ ਬੁੱਢੜੀ ਮਾਤਾ
ਹੱਥ ਬੰਨ ਕੇ ਕਰਦੀ ਅਰਜ਼ੋਈ
ਬਣਾ ਜੋ ਖਿਚੜੀ ਲੈ ਮੈਂ ਆਈ
ਛਕ ਲਓ ਮੈਨੂੰ ਮਿਲਜੂ ਢੋਈ

ਗੋਬਿੰਦ ਖਿਚੜੀ ਖਾ ਕੇ ਬੋਲੇ
ਏਸ ਤਰਾਂ ਹੀ ਕਰਦੇ ਜਾਓ
ਹਾਂਡੀ ਵਿਚ ਬਣਾ ਕੇ ਖਿਚੜੀ
ਸੰਗਤ ਤਾਈਂ ਖ਼ੂਬ ਛਕਾਓ
ਮਾਤਾ ਨੇ ਗੱਲ ਬੰਨ ਕੇ ਪੱਲੇ
ਘਰ ਨੂੰ ਗੁਰੂਦੁਆਰ ਬਣਾਇਆ
ਅੱਜ ਵੀ ਜੋ ਵੀ ਉਥੇ ਜਾਵੇ
ਖਿਚੜੀ ਲੰਗਰ ਛਕ ਉਹ ਆਇਆ
ਸੰਗਤ ਦੇ ਸੰਗ ਤੁਰਦੇ-ਤੁਰਦੇ
ਆਖ਼ਰ ਆਨੰਦਪੁਰ ਚਰਨ ਆ ਪਾਏ
ਇਸ ਧਰਤੀ ਦੇ ਭਾਗ ਜਾਗ ਪਏ
ਕੁਦਰਤ ਅਨਹਤ ਨਾਦ ਸੁਣਾਏ
ਆਪਣੀ ਤੋਰੇ ਸਮਾਂ ਹੈ ਤੁਰਦਾ
ਖ਼ੁਸ਼ੀਆਂ ਦੇ ਸੰਗ ਲੰਘਦਾ ਜਾਏ
ਨਿੱਕੀ ਉਮਰੇ ਵੱਡੀਆਂ ਸੋਚਾਂ
ਸਾਂਭ ਕੇ ਰੱਖੀਆਂ ਗੋਬਿੰਦ ਰਾਏ
ਗੁਰੂ ਪਿਤਾ ਜੀ ਤੇਗ਼ ਬਹਾਦਰ
ਲਾਉਂਦੇ ਸਨ ਦਰਬਾਰ ਸੀ ਉਥੇ
ਨਾਮ ਜਪੇਂਦੀ ਸੰਗਤ ਆਉਂਦੀ
ਵੱਖਰਾ ਹੀ ਸੰਸਾਰ ਸੀ ਉਥੇ
ਸੰਗਤ ਦੇ ਸੰਗ ਗੁਰੂ ਪਿਤਾ ਜੀ
ਕਰਦੇ ਰਹਿੰਦੇ ਸ਼ਬਦ ਵਿਚਾਰ
ਇਕ ਦਿਨ ਚੱਲ ਕਸ਼ਮੀਰ ਤੋਂ ਆਈ
ਪੰਡਤ-ਟੋਲੀ ਗੁਰੂ ਦੁਆਰ

ਕਹਿਣ ਲੱਗੇ ਉਹ ਸਾਭੋਂ ਸਾਨੂੰ
ਔਰੰਗਜ਼ੇਬ ਨੇ ਦੇਣੈ ਮਾਰ
ਜਾਨ ਬਚੂਗੀ ਤਾਂ ਹੀ ਥੋਡੀ
ਇਸਲਾਮ ਕਬੂਲੋ ਮੰਨ ਕੇ ਹਾਰ
. ਸੁਣ ਬੋਲੇ ਗੁਰੂ ਤੇਗ਼ ਬਹਾਦਰ
ਰੱਖਿਆ ਕਰੂ ਵਡੇਰਾ ਕੋਈ
ਕੋਲ਼ੋਂ ਹੀ ਗੋਬਿੰਦ ਬੋਲ ਪਏ
ਥੋਤੋਂ ਨਹੀਂ ਉਚੇਰਾ ਕੋਈ
ਬਾਲ ਗੋਬਿੰਦ ਨੂੰ ਥਾਪ ਗੁਰੂ
ਦਿੱਲੀ ਨੂੰ ਚਾਲੇ ਪਾ ਦਿੱਤੇ
ਇਕ ਵਡੇਰੇ ਹੋਣ ਦੇ
ਨੌਵੇਂ ਗੁਰੂ ਨੇ ਬੋਲ ਪੁਗਾ ਦਿੱਤੇ
ਕਹਿਣ ਲੱਗੇ ਮਜ਼ਲੂਮਾਂ ਤਾਈਂ
ਜਾ ਹਾਕਮ ਨੂੰ ਕਹਿ ਦੇਣਾ
ਪਹਿਲਾਂ ਸਾਡੇ ਗੁਰੂ ਦੇ ਤਾਈਂ
ਇਸਲਾਮ ਕਬੂਲ ਕਰਾ ਲੈਣਾ
ਮਜ਼ਲੂਮਾਂ ਦੀ ਟੋਲੀ ਨੇ ਜਾ
ਹਾਕਮ ਤਾਈਂ ਆਖਿਆ ਸੀ
ਬੋਲ ਉਚਾਰੇ ਨੌਵੇਂ ਗੁਰ ਜੋ
ਕਰਤੀ ਪੂਰੀ ਵਿਆਖਿਆ ਸੀ
ਔਰੰਗਜ਼ੇਬ ਨੇ ਸੱਦ ਗੁਰਾਂ ਨੂੰ
ਅਪਣੀ ਗੱਲ ਸੁਣਾ ਦਿੱਤੀ
ਇਸਲਾਮ ’ਚ ਆਉਣਾ ਦੇ ਕੇ ਸੱਦਾ
ਆਪਣੀ ਗੱਲ ਮੁਕਾ ਦਿੱਤੀ

ਆਖਿਆ ਫੇਰ ਗੁਰ ਤੇਗ਼ ਬਹਾਦਰ
ਕਾਹਤੋਂ ਜ਼ੁਲਮ ਕਮਾੳਂੁਦੈ ਤੂੰ
ਕਾਹਤੋਂ ਪਾਪ ਦੀ ਗਠੜੀ ਬੰਨ ਕੇ
ਆਪਣੇ ਸਿਰ ਰਖਵਾਉਣੈ ਤੂੰ
ਫੇਰ ਬੋਲਿਆ ਜ਼ੁਲਮੀ ਹਾਕਮ
ਮੈਂ ਇਸਲਾਮ ਫੈਲਾਉਣਾ ਏ
ਇਸ ਧਰਤੀ ’ਤੇ ਵਸਦੇ ਕਾਫ਼ਰ
ਹਰ ਕੋਈ ਮਾਰ ਮੁਕਾਉਣਾ ਏ
ਮੁੜ-ਮੁੜ ਗੁਰਾਂ ਨੂੰ ਪੁੱਛੀ ਜਾਵੇ
ਦੱਸੋ ਇਸਲਾਮ ’ਚ ਆਵੋਗੇ
ਖੜੀ ਸਾਹਮਣੇ ਮੌਤ ਦੇ ਕੋਲ਼ੋਂ
ਆਪਾ ਕਿੰਝ ਬਚਾਵੋਗੇ
ਹੱਸਦੇ-ਹੱਸਦੇ ਗੁਰਾਂ ਦੇ ਮੁੱਖੋਂ
ਹਰ ਵਾਰ ਇਨਕਾਰ ਹੀ ਸੀ
ਗੁਰੂ ਨਾਨਕ ਜੋ ਬਖ਼ਸ਼ੀ ਸਿੱਖੀ
ਮੁੱਢੋਂ ਉਸ ਨਾਲ ਪਿਆਰ ਹੀ ਸੀ
ਗ਼ੁੱਸੇ ਵਿਚ ਫੇਰ ਆ ਕੇ ਹਾਕਮ
ਝੱਟ ਜੱਲਾਦ ਬੁਲਾਏ ਸੀ
ਵੱਖੋ-ਵੱਖਰੇ ਢੰਗ ਵਰਤ ਕੇ
ਸਭ ਸੰਗੀ ਕਤਲ ਕਰਾਏ ਸੀ
ਫੇਰ ਗੁਰਾਂ ਨੂੰ ਚੌਂਕ ਚਾਦਨੀ
ਜਾ ਕੇ ਪਕੜ ਬਿਠਾਇਆ ਸੀ
ਧੜ ਤੋਂ ਕਰ ਦੋ ਸੀਸ ਜੁਦਾ
ਜੱਲਾਦਾਂ ਨੂੰ ਹੁਕਮ ਸੁਣਾਇਆ ਸੀ

ਸੁਣ ਕੇ ਹੁਕਮ ਜੱਲਾਦਾਂ ਨੇ ਫਿਰ
ਧੜ ਤੋਂ ਸੀਸ ਜੁਦਾ ਕਰਿਆ
ਦੇਸ਼ ਹਿੰਦ ਦਾ ਜ਼ੁਲਮੀ ਹਾਕਮ
ਜੋਤ ਬੁਝਾ ਕੇ ਸਭ ਹਰਿਆ
ਝੱਖੜ ਝੱੁਲੇ ਆਈ ਹਨੇਰੀ
ਹਰ ਕੋਈ ਉਥੋਂ ਭੱਜਿਆ ਸੀ
ਕੁਝ ਤਾਂ ਡਰ ਦੇ ਮਾਰੇ ਲੁਕ ’ਗੇ
ਸਭ ਨੇ ਸਿਰ ਮੂੰਹ ਕੱਜਿਆ ਸੀ
ਉਥੇ ਸੀ ਲੱਖੀ ਵਣਜਾਰਾ
ਝੱਟ ਉਸ ਥਾਂ ਵੱਲ ਧਾਇਆ ਸੀ
ਲੈ ਕੇ ਧੜ ਉਹ ਫੇਰ ਗੁਰਾਂ ਦਾ
ਆਪਣੇ ਘਰ ਨੂੰ ਆਇਆ ਸੀ
ਧੜ ਰੱਖ ਉਸ ਨੇ ਅਪਣੇ ਘਰ ਵਿਚ
ਅਗਨੀ ਭੇਟਾ ਕਰ ਦਿੱਤਾ
ਸਭ ਕੁਝ ਸੌਂਪ ਗੁਰਾਂ ਦੇ ਤਾਈਂ
ਆਪਣੇ ਆਪ ਨੂੰ ਭਰ ਲਿੱਤਾ
ਅੱਜ ਉਹੀ ਘਰ ਨਵੀਂ ਦਿੱਲੀ ਵਿਚ
ਰਕਾਬ ਗੰਜ ਕਹਾਉਂਦਾ ਏ
ਜਦ ਤਕ ਚੰਨ, ਸੂਰਜ ਤੇ ਤਾਰੇ
ਸਿੱਖੀ ਰਾਹ ਦਰਸਾਉਂਦਾ ਏ
ਵਕਤ ਨੇ ਫਿਰ ਇਕ ਮੋੜ ਸੀ ਕੱਟਿਆ
ਭਾਈ ਜੈਤਾ ਵੀ ਉਥੇ ਸੀ
ਚੁੱਕਿਆ ਸੀਸ ਤੇ ਤੁਰਿਆ ਉਥੋਂ
ਆਇਆ ਪਤਾ ਨੀਂ ਮਨ ਵਿਚ ਕੀ

ਉਬੜ, ਖਾਬੜ, ਟੇਡੇ-ਮੇਢੇ
ਹੋ ਰਸਤਿਓਂ ਆਇਆ ਸੀ
ਡਿੱਗਦਾ, ਢਹਿੰਦਾ ਸੀਸ ਸਾਂਭਦਾ
ਸੀਸ ਆਨੰਦਪੁਰ ਲਿਆਇਆ ਸੀ
ਸੌਂਪ ਸੀਸ ਗੁਰੂ ਗੋਬਿੰਦ ਰਾਏ
ਆਪਣਾ ਫ਼ਰਜ਼ ਨਿਭਾਇਆ ਸੀ
ਰੰਘਰੇਟਾ ਹੈ ਗੁਰੂ ਦਾ ਬੇਟਾ
ਕਹਿ ਕੇ ਗਲ਼ੇ ਲਗਾਇਆ ਸੀ
ਸਾਂਭ ਗੱਦੀ ਗੁਰੂ ਗੋਬਿੰਦ ਰਾਏ
ਐਸੇ ਢੰਗ ਬਣਾਏ ਸੀ
ਹਰ ਸਿੱਖ ਹੋਏ ਯੋਧਾ ਤੇ ਹਿੰਮਤੀ
ਨਕਲੀ ਯੱੁਧ ਕਰਾਏ ਸੀ
ਭਗਤੀ ਤੇ ਸ਼ਕਤੀ ਦਾ ਸੋਮਾ
ਗੜ ਆਨੰਦਪੁਰ ਬਣਿਆ ਸੀ
ਦੱਬੇ, ਕੁਚਲੇ ਹਰ ਕਿਸੇ ਦਾ
ਸੀਨਾ ਇੱਥੇ ਤਣਿਆ ਸੀ
ਦੂਰੋਂ-ਦੂਰੋਂ ਸਿੱਖ ਸ਼ਰਧਾਲੂ
ਲੈ ਸੌਗਾਤਾਂ ਆਉਂਦੇ ਸੀ
ਕਰ ਕੇ ਭੇਂਟ ਸੌਗਾਤਾਂ ਗੁਰ ਨੂੰ
ਜੀਵਨ ਸਫਲ ਕਰਾਉਂਦੇ ਸੀ
ਜੋਸ਼ ਭਰਨ ਲਈ ਸਿੱਖਾਂ ਦੇ ਵਿਚ
ਵੱਜਿਆ ਜਦ ਰਣਜੀਤ ਨਗਾਰਾ
ਵਿਚ ਪਹਾੜ ਕੀ ਵਿਚ ਮੈਦਾਨ
ਕੰਬ ਗਿਆ ਸੀ ਦੁਸ਼ਮਣ ਸਾਰਾ