ਜ਼ੋਰ ਜਬਰ ਤੇ ਜ਼ੁਲਮ ਹਨੇਰੀ
ਚਿੱਟੇ ਦਿਨ ਵੀ ਹੋਏ ਕਾਲ਼ੇ
ਘੋੜ-ਸਵਾਰੀ, ਸ਼ਸਤਰ ਵਿੱਦਿਆ
ਸਿੱਖਣਾ, ਪੜ੍ਹਨਾ ਕੰਮ ਸੀ ਬਾਹਲ਼ੇ
ਥਾਂ-ਥਾਂ ਉਤੋਂ ਦੱਬੇ, ਕੁਚਲੇ
ਉਚੇ, ਨੀਵੇਂ ’ਕੱਠੇ ਹੋਏ
ਸਭ ਦੇ ਸੁਪਨੇ ਆਪੋ ਅਪਣੇ
ਇੱਕੋ ਲੜੀ ਦੇ ਵਿਚ ਪਰੋਏ
ਵਿਚ ਆਨੰਦਪੁਰ ਹਰ ਭਾਸ਼ਾ ਦੇ
ਕਵੀਆਂ ਦਾ ਕੀਤਾ ਸਤਿਕਾਰ
ਅੰਨ, ਧਨ ਨਾਨਕ ਬਾਣੀ ਦੇ
ਰਹਿੰਦੇ ਸਦਾ ਹੀ ਭਰੇ ਭੰਡਾਰ
ਵੱਖੋ-ਵੱਖਰਾ ਹੋਏ ਨਾ ਚੁੱਲ੍ਹਾ
ਗੁਰਾਂ ਨੇ ਬੋਲ ਉਚਾਰੇ
ਜ਼ਾਤ-ਪਾਤ ਦਾ ਭੇਦ ਨਾ ਕੋਈ
ਰਲ਼-ਮਿਲ ਛਕਦੇ ਸਾਰੇ
ਸਿਮਰਨ ਸੰਗ ਬੀਰਤਾ ਵਾਲ਼ਾ
ਸਮਾਂ ਸੀ ਜਾਂਦਾ ਲੰਘਦਾ
ਹਰ ਕੋਈ ਇੱਥੇ ਇਕ ਦੂਜੇ ਦੀ
ਖ਼ੈਰ ਸੁੱਖ ਸੀ ਮੰਗਦਾ
ਇਕ ਦਿਨ ਰਾਜੇ ਨਾਹਨ ਵਾਲ਼ੇ
ਗੁਰਾਂ ਨੂੰ ਸੱਦ ਬੁਲਾਇਆ
ਸੱਦ ਕਬੂਲ ਗੁਰੂ ਜੀ ਤੁਰ ਪਏ
ਜਾ ਕੇ ਮੁੱਖ ਦਿਖਲਾਇਆ
ਸੰਗ ਸਾਥੀਆਂ ਜਮਨਾ ਕੰਢੇ
ਜਾ ਜਦ ਪੈਰ ਟਿਕਾਇਆ
ਉਹੀ ਥਾਂ ਫੇਰ ਗੁਰਾਂ ਦੇ ਸਦਕੇ
ਪਾਉਟਾ ਸਾਹਿਬ ਕਹਾਇਆ
ਕੁਦਰਤ ਨੇ ਜੋ ਰੰਗ ਬਿਖੇਰੇ
ਸਭ ਦੇ ਮਨ ਨੂੰ ਭਾਉਂਦੇ ਸੀ
ਦੀਨ, ਦੁਖੀ ਜੋ ਉਥੇ ਪਹੁੰਚੇ
ਸਭ ਨੂੰ ਗਲ਼ੇ ਲਗਾਉਂਦੇ ਸੀ
ਭਗਤੀ ਦੇ ਸੰਗ ਸ਼ਕਤੀ ਨੇ ਵੀ
ਆਪਣਾ ਰੰਗ ਦਿਖਾਇਆ ਸੀ
ਆਦਮਖ਼ੋਰ ਜੋ ਸ਼ੇਰ ਸੀ ਉਥੇ
ਉਸ ਨੂੰ ਮਾਰ ਮੁਕਾਇਆ ਸੀ
ਆਸੇ-ਪਾਸੇ ਗੁਰੂ ਦੀ ਮਹਿਮਾ
ਜਿਉਂ-ਜਿਉਂ ਵਧਦੀ ਜਾਂਦੀ ਸੀ
ਪਰਬਤ ਵਾਲ਼ੇ ਰਾਜਿਆਂ ਨੂੰ ਤਿਉਂ
ਚਿੰਤਾ ਵੱਢ-ਵੱਢ ਖਾਂਦੀ ਸੀ
ਰਾਜਿਆਂ ਨੇ ਫਿਰ ਮਤਾ ਪਕਾ ਕੇ
ਗੁਰਾਂ ’ਤੇ ਕਰੀ ਚੜ੍ਹਾਈ ਸੀ
ਔਰੰਗਜੇਬ ਨੇ ਰਾਜਿਆਂ ਦੀ ਵੀ
ਹਾਂ ਵਿਚ ਹਾਂ ਮਿਲਾਈ ਸੀ
ਯੁੱਧ ਭੰਗਾਣੀ ਥਾਂ ’ਤੇ ਹੋਇਆ
ਹਾਲ ਦੁਹਾਈ ਮੱਚੀ ਸੀ
ਬੁੱਧੂ ਸ਼ਾਹ ਸਢੋਰੇ ਵਾਲ਼ਾ
ਨੀਅਤ ਜਿਹਦੀ ਸੱਚੀ ਸੀ
ਹੱਕ ਸੱਚ ਲਈ ਆਪਾ ਵਾਰਨ
ਗੁਰਾਂ ਦੇ ਸੰਗ ਖਲੋਇਆ ਸੀ
ਸਭ ਕੁਝ ਸੌਂਪ ਗੁਰਾਂ ਨੂੰ ਪੀਰ
ਬੱਧੂ ਸ਼ਾਹ ਨਾ ਰੋਇਆ ਸੀ
ਵਿਚ ਮੈਦਾਨੇ ਗੁਰੂ ਤੇ ਸਿੱਖਾਂ
ਵੱਖਰੇ ਜੌਹਰ ਦਿਖਾਏ ਸੀ
ਜੰਗ ਜਿੱਤ ਅਕਾਲ ਪੁਰਖ ਦੇ
ਸਭ ਨੇ ਸੋਹਿਲੇ ਗਾਏ ਸੀ
ਜਮਨਾ ਕੰਢੇ ਬੈਠ ਗੁਰਾਂ ਨੇ
ਬਹੁਤ ਉਚਾਰੀ ਸੀ ਬਾਣੀ
ਲੋਕ ਮਨਾਂ ਵਿਚ ਵਸਦੀ ਤੁਰਦੀ
ਜਿਉਂ ਜਮਨਾ ਦਾ ਹੈ ਪਾਣੀ
ਏਸੇ ਥਾਂ ਹੀ ਕਵੀ ਬਵੰਜਾ
ਕਵਿਤਾ ਰੋਜ਼ ਸੁਣਾਉਂਦੇ ਸੀ
ਗੁਰ ਘਰ ਦੀ ਕਰਦੇ ਵਡਿਆਈ
ਜਸ ਗੁਰਾਂ ਦੇ ਗਾਉਂਦੇ ਸੀ
ਜੰਗ ਜਿੱਤੀ ਫੇਰ ਇਸ ਧਰਤੀ
ਇਕ ਸਾਹਿਬਜ਼ਾਦੇ ਜਨਮ ਲਿਆ
ਜਿੱਤਿਆ ਕਦੇ ਨਾ ਜਾਵੇ
ਜਿਸ ਦਾ ਸਿੰਘ ਅਜੀਤ ਹੀ ਨਾਮ ਪਿਆ
ਪਾੳਂੁਟਾ ਸਾਹਿਬ ਦੀ ਧਰਤੀ ਇਹ ਤਾਂ
ਜਿੱਥੇ ਜੌਹਰ ਦਿਖਾਏ ਸਨ
ਇਹ ਧਰਤੀ ਤਾਂ ਸਭ ਨੂੰ ਪਿਆਰੀ
ਜਿਸ ਨੇ ਸਤਿਗੁਰ ਪਾਏ ਸਨ
ਪਾਉਂਟਾ ਸਾਹਿਬ ਦੀ ਧਰਤੀ ਉਤੋਂ
ਤੁਰ ਪਏ ਫੇਰ ਆਨੰਦਪੁਰ ਨੂੰ
ਜਿੱਥੇ ਜਾ ਇਕਜੁਟ ਸੀ ਕਰਨਾ
ਅੱਡੋ-ਅੱਡ ਹੋਈ ਸੁਰ ਨੂੰ
ਪਹੁੰਚ ਆਨੰਦਪੁਰ ਸ਼ੁਰੂ ਸੀ ਕੀਤੀ
ਗੁਰਾਂ ਨੇ ਫ਼ੌਜ ਤਿਆਰ ਬਈ
ਇਕ ਦੂਜੇ ਨਾਲ ਯੁੱਧ ਕਰਾਉਂਦੇ
ਮੰਨਦੇ ਨਾ ਜੋ ਹਾਰ ਬਈ
ਹੋਲੀ ਤੋਂ ਹੋਲਾ ਮਹੱਲਾ
ਬਣਾ ਜੋ ਰੰਗ ਖਿਡਾਇਆ ਸੀ
ਉਹ ਰੰਗ ਨਾ ਮਿਟਣੇ ਵਾਲ਼ਾ
ਐਸਾ ਰੰਗ ਚਲਾਇਆ ਸੀ
ਹੋਲੇ ਅਤੇ ਮਹੱਲੇ ਵਾਲ਼ੇ
ਸਭ ਅਰਥ ਸਮਝਾਏ ਨੇ
ਹਮਲੇ ਤੇ ਮੁੜ ਹਮਲਾ ਕਰਨਾ
ਕਹਿ ਕੇ ਬੋਲ ਪੁਗਾਏ ਨੇ
ਗਊ ਗ਼ਰੀਬ ਦੀ ਰੱਖਿਆ ਕਰਨੀ
ਤੰਗ ਕਿਸੇ ਨਾ ਕਰਨਾ ਹੈ
ਨੌਵੇਂ ਗੁਰ ਦੇ ਬੋਲ, ਡਰਾਇਓ
ਨਾ ਕਿਸੇ ਤੋਂ ਡਰਨਾ ਹੈ
ਸਮਾਂ ਵੀ ਆਪਣੀ ਤੋਰੇ ਤੁਰਦਾ
ਪਲ-ਪਲ ਬੀਤ ਰਿਹਾ ਸੀ ਉਹ
ਜੁਝਾਰ ਵੀ ਇੱਥੇ ਪ੍ਰਗਟ ਹੋਏ
ਜਿਸ ਨੇ ਵੰਡੀ ਸਭ ਨੂੰ ਲੋਅ
ਜਿਉਂ ਫੁੱਲਾਂ ਦੀ ਖ਼ੁਸ਼ਬੋ ਫੈਲੇ
ਕੁਦਰਤ ਖੇਡ ਰਚਾਈ
ਜੋਰਾਵਰ ਤੇ ਫ਼ਤਹਿ ਸਿੰਘ ਨੇ
ਧਰਤੀ ਮਹਿਕਣ ਲਾਈ
ਇਕ ਦਿਨ ਸੋਚਿਆ ਬੈਠ ਗੁਰਾਂ
ਵੇਲ਼ਾ ਹੁਣ ਬੋਲ ਪੁਗਾਉਣਾ ਹੈ
ਖ਼ਾਲਸ ਜੋ ਪ੍ਰਮੇਸ਼ਰ ਹੈ, ਉਹ
ਸਭਨਾਂ ਵਿਚ ਵਸਾਉਣਾ ਹੈ
ਦੇਸ਼ ਵਿਦੇਸ਼ਾਂ ਭੇਜ ਸੁਨੇਹੇ
ਲੋਕਾਂ ਨੂੰ ਸਦਵਾਇਆ ਸੀ
ਵਿਚ ਆਨੰਦਪੁਰ ਥਾਂ-ਥਾਂ ਉਤੇ
ਹੜ੍ਹ ਲੋਕਾਂ ਦਾ ਆਇਆ ਸੀ
ਸੋਲ੍ਹਾਂ ਸੌ ਨੜਿੰਨਵੇਂ ਵਾਲ਼ੀ
ਜਦੋਂ ਵਿਸਾਖੀ ਆਈ ਸੀ
ਨਵੇਂ ਰੂਪ ਵਿਚ ਵੇਖ ਗੁਰਾਂ ਨੂੰ
ਸੰਗਤ ਸਮਝ ਨਾ ਪਾਈ ਸੀ
ਹੱਥ ਵਿਚ ਫੜ ਤਲਵਾਰ ਗੁਰਾਂ ਨੇ
ਬੋਲਿਆ ਮੁੱਖੋਂ ਬੋਲ ਨਿਆਰਾ
ਚਾਹੀਦਾ ਇਕ ਸੀਸ ਹੈ ਮੈਨੂੰ
ਦੇਵੇ ਆ ਕੋਈ ਮੇਰਾ ਪਿਆਰਾ
ਸਭ ਤੋਂ ਪਹਿਲਾਂ ਦਿਆ ਰਾਮ ਨੇ
ਆ ਗੁਰ ਚਰਨੀ ਸੀਸ ਝੁਕਾਇਆ
ਸਭ ਕੁਝ ਸੌਂਪ ਗੁਰਾਂ ਦੇ ਤਾਈਂ
ਉਸ ਨੇ ਆਪਣਾ ਆਪ ਮਿਟਾਇਆ
ਲਹੂ ’ਚ ਭਿੱਜੀ ਲੈ ਤਲਵਾਰ
ਜਦ ਗੁਰ ਤੰਬੂਓਂ ਬਾਹਰ ਆਏ
ਹੌਲ਼ੇ ਦਿਲ ਕਈ ਭੱਜ ਉਠੇ ਜਾ
ਮਾਂ ਗੁਜਰੀ ਨੂੰ ਹਾਲ ਸੁਣਾਏ
ਧਰਮ ਦਾਸ ਤੇ ਹਿੰਮਤ ਰਾਏ
ੳੁਠੇ ਮੰਨ ਗੁਰੂ ਦਾ ਭਾਣਾ
ਮੋਹਕਮ ਚੰਦ ਤੇ ਸਾਹਿਬ ਚੰਦ ਦਾ
ਉਤਰ ਗਿਆ ਲਿਬਾਸ ਪੁਰਾਣਾ
ਪੰਜਾਂ ਦਾ ਫੇਰ ਰੂਪ ਬਦਲ ਕੇ
ਆਪਣਾ ਆਪ ਵੀ ਲਿਆ ਸੰਵਾਰ
ਸਾਹਿਬ ਦੇਵਾਂ ਦੇ ਸੰਗ ਰਲ਼ ਕੇ
ਕੀਤਾ ਫਿਰ ਅੰਮਿ੍ਰਤ ਤਿਆਰ
ਛਕਾ ਕੇ ਅੰਮਿ੍ਰਤ ਪੰਜਾਂ ਤਾਈਂ
ਕੀਤੇ ਨੇ ਗੁਰ ਕੋਲ ਕਰਾਰ
ਕੱਛ, ਕੜਾ, ਕਿ੍ਰਪਾਨ ਤੇ ਕੰਘਾ
ਕੇਸਾਂ ਦਾ ਕਰਨਾ ਸਤਿਕਾਰ
ਪੰਜ ਪਿਆਰੇ ਸਾਜ ਗੁਰਾਂ ਨੇ
ਪੰਜਾਂ ਨੂੰ ਮੰਨਿਆ ਪਰਮੇਸ਼ਰ
ਪੰਜਾਂ ਦਾ ਇਉਂ ਰੂਪ ਲਿਸ਼ਕਿਆ
ਜਿਉਂ ਬਰਫ਼ਾਂ ਵਿਚ ਲਿਸ਼ਕੇ ਕੇਸਰ
ਪੰਜਾਂ ਵਿਚ ਪਰਮੇਸ਼ਰ ਵੇਖ
ਰਹੇ ਗੁਰੂ ਜੀ ਅਰਜ਼ ਗੁਜ਼ਾਰ
ਮੈਨੂੰ ਵੀ ਇਹ ਦਾਤ ਬਖ਼ਸ਼ ਦੋ
ਕਹਿੰਦੇ ਨੇ ਹੋ ਗੋਡਿਆ ਭਾਰ
ਨਵਾਂ ਰੂਪ ਤੇ ਨਵਾਂ ਰੰਗ ਹੀ
ਗੁਰਾਂ ਨੇ ਚੁਣਿਆ ਖ਼ਾਲਸ ਰਾਹ
ਹੀਣ ਭਾਵਨਾ ਚਮਕੀ-ਦਮਕੀ
ਪਾ ਨਾ ਸਕਿਆ ਕੋਈ ਥਾਹ
ਭਗਤੀ ਦਾ ਵੀ ਆਪਣਾ ਰੰਗ ਸੀ
ਸ਼ਕਤੀ ਆਪਣਾ ਰੰਗ ਦਿਖਾਵੇ
ਦੂਰੋਂ ਨੇੜਿਉਂ ਪਹੁੰਚੇ ਸੰਗਤ
ਗੁਰੂ ਦੇ ਰੰਗ ਵਿਚ ਰੰਗਦੀ ਜਾਵੇ
ਗੁਰੂ ਤੇ ਚੇਲੇ ਦੇ ਰਿਸ਼ਤੇ ਦੇ
ਨਵੇਂ ਅਰਥ ਸਮਝਾ ਦਿੱਤੇ
ਗੁਰੂ ਵੀ ਚੇਲਾ ਹੋਇਆ ਇੱਥੇ
ਸਾਰੇ ਭੇਦ ਮਿਟਾ ਦਿੱਤੇ
ਚਿੜੀਆਂ ਕੋਲ਼ੋਂ ਬਾਜ ਤੁੜਾ ਕੇ
ਸਭ ਨੂੰ ਇਹ ਸਮਝਾਇਆ ਸੀ
ਨੀਚ ਕਹਾਉਂਦਾ ਜੋ ਸੀ ਇੱਥੇ
ਉਹ ਸਰਦਾਰ ਬਣਾਇਆ ਸੀ
ਤਲਵਾਰ ਜ਼ੁਲਮ ਦੀ ਹਾਮੀ ਭਰਦੀ
ਇਹ ਕਿਰਪਾਨ ਬਣਾ ਦਿੱਤੀ
ਕਿਰਪਾ ਬਖ਼ਸ਼ੂਗੀ ਕਿਰਪਾਨ
ਵਿਚ ਕਕਾਰ ਸਜਾ ਦਿੱਤੀ
ਅਨੇਕ ਭਾਸ਼ਾਵਾਂ ਰਚੀ ਹੈ ਬਾਣੀ
ਸਾਰਾ ਭੇਦ ਮਿਟਾ ਦਿੱਤਾ
ਦੇਸ਼ ਦੇ ਹਰ ਕੋਨੇ ’ਚੋਂ, ਸਿੱਖ ਲੈ
ਖ਼ਾਲਸਾ ਪੰਥ ਸਜਾ ਦਿੱਤਾ
ਖ਼ਾਲਸ ਰਾਹ ਜੋ ਗੁਰਾਂ ਨੇ ਚੁਣਿਆ
ਸੰਤ ਸਿਪਾਹੀ ਵਾਲ਼ਾ ਜੀ।
ਇਕ ਹੱਥ ਕਿਰਪਾਨ ਫੜੀ ਤੇ
ਦੂਜੇ ਹੱਥ ਵਿਚ ਮਾਲਾ ਜੀ
ਨਿੱਤ ਨਵੇਂ ਦਿਨ ਬੋਲ ਨਵਾਂ ਹੀ
ਗੁਰੂ ਜੀ ਆਖ ਸੁਣਾਇਆ ਸੀ
ਹਰ ਸਿੱਖ ਸਿੰਘ ਤੇ ਕੌਰ ਬਣੂਗਾ
ਮੁੱਖੋਂ ਇਹ ਫ਼ੁਰਮਾਇਆ ਸੀ
ਸਮਾਂ ਕਦੇ ਵੀ ਰੁਕਦਾ ਨਈਓ
ਅਪਣੀ ਚਾਲੇ ਚੱਲਦਾ ਹੈ
ਕੋਈ ਵੀ ਇਹ ਜਾਣ ਨਾ ਸਕਿਆ
ਕੁੱਖ ਸਮੇਂ ਕੀ ਪਲ਼ਦਾ ਹੈ
ਖ਼ਾਲਸ ਰਾਜ ਦੀ ਚੜ੍ਹਤ ਵੇਖ ਕੇ
ਪਹਾੜੀ ਰਾਜੇ ਹਿੱਲੇ ਨੇ
ਗੋਦਾਂ ਗੋਦਣ ਹੋ-ਹੋ ’ਕੱਠੇ
ਨਾਲ ਪਸੀਨੇ ਗਿੱਲੇ ਨੇ
ਔਰੰਗਜ਼ੇਬ ਦੇ ਕੋਲ਼ੇ ਜਾ ਕੇ
ਰਾਜੇ ਅਰਜ਼ ਗੁਜ਼ਾਰ ਰਹੇ
ਸੰਭਲੋ, ਰਲ਼ ਕਰੀਏ ਕੋਈ ਹੀਲਾ
ਗੁਰੂ ਤਾਂ ਕਰ ਵਿਸਥਾਰ ਰਹੇ
ਭੇਜ ਸੁਨੇਹਾ ਦੇਣ ਧਮਕੀਆਂ
ਮੰਨੋ ਈਨ ਜਾਂ ਕਰੋ ਲੜਾਈ
ਈਨ ਮੰਨੋਗੇ ਸੁਖੀ ਰਹੋਗੇ
ਨਹੀਂ ਤਾਂ ਸਮਝੋ ਕਰੀ ਚੜ੍ਹਾਈ
ਸੁਣ ਕੇ ਬੋਲ ਗੁਰੂ ਜੀ ਬੋਲੇ
ਤੁਸੀਂ ਤਿਆਰ ਹੋ ਅਸੀਂ ਤਿਆਰ
ਈਨ ਮੰਨੀ ਨਾ ਮੰਨਣੀ ਹੈ
ਹੋਣਗੇ ਹੁਣ ਮੈਦਾਨੇ ਵਾਰ
ਸੁਣ ਕੇ ਬੋਲ ਇਹ ਕਰੀ ਚੜ੍ਹਾਈ
ਆਨੰਦਪੁਰ ਸਾਰਾ ਘੇਰ ਲਿਆ
ਪਹਾੜੀਆਂ ਤੇ ਮੁਗ਼ਲਈਆ ਨੇ ਰਲ਼
ਲਾ ਫ਼ੌਜਾਂ ਦਾ ਢੇਰ ਲਿਆ
ਸ਼ੁਰੂ ਹੋਈ ਬੇਮੇਲ ਜਿਹੀ ਜੰਗ
ਨਾਲ ਹੌਸਲੇ ਲੜਦੇ ਸੀ
ਆਪੋ ਅਪਣੇ ਧਰਮਾਂ ਦੇ ਸਭ
ਨਾਲੇ ਸੋਹਿਲੇ ਪੜ੍ਹਦੇ ਸੀ
ਖ਼ਾਲਸ ਫ਼ੌਜ ਕਿਲ੍ਹੇ ਦੇ ਅੰਦਰ
ਬਾਹਰ ਦੁਸ਼ਮਣ ਘੇਰਾ ਸੀ
ਰਸਦ ਕਿਲ੍ਹੇ ਵਿਚ ਘਟਦੀ ਜਾਂਦੀ
ਫਿਰ ਵੀ ਲੰਮਾ ਜੇਰਾ ਸੀ
ਸੋਚ-ਸੋਚ ਕੇ ਸ਼ਾਹੀ ਫ਼ੌਜਾਂ
ਆਖ਼ਰ ਨੂੰ ਇਕ ਬਣਤ ਬਣਾਈ
ਲੈ ਕੇ ਇਕ ਸ਼ਰਾਬੀ ਹਾਥੀ
ਵੱਲ ਕਿਲ੍ਹੇ ਦੇ ਕਰੀ ਚੜ੍ਹਾਈ
ਤੁਰਿਆ ਵੇਖ ਸ਼ਰਾਬੀ ਹਾਥੀ
ਗੁਰਾਂ ਬੁਲਾਇਆ ਇਕ ਦਲੇਰ
ਸਿੰਘ ਬਚਿੱਤਰ ਨਾਂ ਸੀ ਜਿਹਦਾ
ਮਾਰ ਕੇ ਬਰਛੀ ਕਰਿਆ ਢੇਰ
ਥੱਕ ਹਾਰ ਚਾਲ਼ੀ ਸਿੰਘਾਂ ਨੇ
ਮੁੱਖ ਗੁਰੂ ਤੋਂ ਮੋੜ ਲਿਆ
ਤੂੰ ਨਾ ਸਾਡਾ, ਅਸੀਂ ਨਾ ਤੇਰੇ
ਲਿਖ, ਰਿਸ਼ਤਾ ਹਰ ਤੋੜ ਲਿਆ