ਉਮਰ ਦੇ ਸੋਹਿਲੇ ਗਾ ਚੱਲੇ ਹਾਂ।
ਜੀਵਨ ਪੰਧ ਮੁਕਾ ਚੱਲੇ ਹਾਂ।
ਯਾਦਾਂ ਦੇ ਵਿੱਚ ਰਹਿ ਜਾਣਾ ਹੈ,
ਆਪਣੀ ਅਉਧ ਹੰਢਾ ਚੱਲੇ ਹਾਂ।
ਮਰ-ਮਰ ਜੀਂਦੇ ਰਹੇ ਹਾਂ,ਫਿਰ ਵੀ-
ਦੂਜਿਆਂ ਤਾਈਂ ਰੁਸ਼ਨਾ ਚੱਲੇ ਹਾਂ।
ਆਪਣੇ ਰੱਤ ਨਾਲ ਰੌਸ਼ਨ ਕਰਕੇ,
ਅਣਖ ਦੀ ਜੋਤ ਜਗਾ ਚੱਲੇ ਹਾਂ।
ਬੁਰਿਆਂ ਲੋਕਾਂ ਦੇ ਸੰਗ ਰਹਿ ਵੀ,
ਚੰਗੇ ਕਰਮ ਕਮਾ ਚੱਲੇ ਹਾਂ।
ਉੱਧੜ ਗਏ ਹਾਂ ਧੁਰ ਅੰਦਰ ਤੱਕ,
ਰੂਹ ਤੇ ਜ਼ਖਮ ਕਰਾ ਚੱਲੇ ਹਾਂ।
ਪੀੜਾਂ ਹੀ ਪੀੜਾਂ ਸੀ ਪੱਲੇ,
ਪੀੜਾਂ ਚੋਂ ਸੁਖ ਪਾ ਚੱਲੇ ਹਾਂ।
ਉਫ਼ ਕਹੀ ਨਾ ਮੁਖੜੇ ਵਿੱਚੋਂ,
ਜੀਵਨ ਪੰਧ ਮੁਕਾ ਚੱਲੇ ਹਾਂ।
ਔੜਾਂ-ਸੋਕਿਆਂ ਦੇ ਵਿੱਚ ਜੀਣਾ,
ਦੂਜਿਆਂ ਤਾਈਂ ਸਿਖਾ ਚੱਲੇ ਹਾਂ।