ਚਰਨਜੀਤ ਸਿੰਘ ਪੰਨੂ ਦਾ ਨਵ ਪ੍ਰਕਾਸ਼ਿਤ ਸਫ਼ਰਨਾਮਾ-‘ਯੂਟਾ ਦੇ ਪ੍ਰਕਿਰਤਕ ਜਲਵੇ’ ਲੋਕ ਅਰਪਣ
(ਖ਼ਬਰਸਾਰ)
ਵਿਸ਼ਵ ਪੰਜਾਬੀ ਸਾਹਿਤ ਅਕੈਡਮੀ (ਵਿਪਸਾ) ਦੀ ਸਾਹਿਤਕ ਮਿਲਣੀ ਕਿਡੇਂਗੋ ਹੇਵਰਡ ਈ ਵਾਈ ਸੀ ਵਿਖੇ ਮੀਤ ਪ੍ਰਧਾਨ ਅਮਰਜੀਤ ਪੰਨੂੰ ਦੀ ਪ੍ਰਧਾਨਗੀ ਹੇਠ ਹੋਈ। ਜਨਰਲ ਸਕੱਤਰ ਕੁਲਵਿੰਦਰ ਨੇ ਮੰਚ ਦਾ ਕਾਜ-ਭਾਰ ਸੰਭਾਲਦੇ ਹੋਏ, ਕੋਵਿਡ ਤੋਂ ਬਾਅਦ ਉਦਾਸ ਮੌਸਮ ਵਾਂਗ ਉਦਾਸ ਹੋਏ ਮਨ ਦੀ ਗੱਲ ਕਰਦਿਆਂ ਹਾਜ਼ਰ ਮੈਂਬਰ ਸਾਹਿਬਾਨ ਨੂੰ ਸੰਸਥਾ ਦੀਆਂ ਗਤੀਵਿਧੀਆਂ ਵਿਚ ਸਰਗਰਮੀ ਲਿਆਉਣ ਅਤੇ ਸਦ ਭਾਵਨਾ ਵਧਾਉਣ ਲਈ ਸੁਝਾਅ ਮੰਗੇ।
ਇਸ ਉਪਰੰਤ ਬਹੁ-ਵਿਧਾਈ ਲੇਖਕ ਚਰਨਜੀਤ ਸਿੰਘ ਪੰਨੂ ਦਾ ਨਵ ਪ੍ਰਕਾਸ਼ਿਤ ਸਫ਼ਰਨਾਮਾ-‘ਯੂਟਾ ਦੇ ਪ੍ਰਕਿਰਤਕ ਜਲਵੇ’ ਲੋਕ ਅਰਪਣ ਕੀਤਾ ਗਿਆ। ਉਨ੍ਹਾਂ ਸਫ਼ਰਨਾਮੇ ਵਿੱਚੋਂ ਇੱਕ ਭਾਵ-ਪੂਰਤ ਨਜ਼ਮ ਪੇਸ਼ ਕੀਤੀ ਜੋ ਯੂਟਾ ਦੇ ਪ੍ਰਕਰਿਤਕ ਨਜ਼ਾਰਿਆਂ ਦੀ ਮੂੰਹ ਬੋਲਦੀ ਤਸਵੀਰ ਸੀ। ਇਹ ਨਜ਼ਮ ਸਫ਼ਰਨਾਮਾ ਪੜ੍ਹਨ ਲਈ ਸਰੋਤਿਆਂ ਦੇ ਮਨਾਂ ਵਿਚ ਉਤਸੁਕਤਾ ਪੈਦਾ ਕਰਨ ਵਿੱਚ ਕਾਮਯਾਬ ਰਹੀ। ਲੇਖਕ ਨੇ ਇਸ ਪੁਸਤਕ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਸਫ਼ਰਨਾਮੇ ਉਨ੍ਹਾਂ ਪਾਠਕਾਂ ਲਈ ਲਿਖਦੇ ਹਨ ਜੋ ਅਮਰੀਕਾ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚੋਂ ਬਾਹਰ ਨਿਕਲਕੇ ਸਫ਼ਰ ਕਰਨ ਤੋਂ ਅਸਮਰੱਥ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਪਾਠਕ ਇਸ ਪੁਸਤਕ ਦਾ ਭਰਪੂਰ ਅਨੰਦ ਮਾਣਨਗੇ। ਸੁਰਜੀਤ ਸਖੀ ਨੇ ਚਰਨਜੀਤ ਸਿੰਘ ਪੰਨੂ ਨੂੰ ਟੈਕਸਟ ਮੈਸਜ ਰਾਹੀਂ ਵਧਾਈ ਸੰਦੇਸ਼ ਭੇਜਿਆ। ਵਿਪਸਾ ਦੇ ਪ੍ਰਧਾਨ ਸੁਖਵਿੰਦਰ ਕੰਬੋਜ ਨੇ ਫੋਨ ਰਾਹੀਂ ਹਾਜ਼ਰੀ ਭਰੀ। ਉਨ੍ਹਾਂ ਚਰਨਜੀਤ ਸਿੰਘ ਪੰਨੂੰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਸਫ਼ਰਨਾਮਾ ਪੜ੍ਹਨ ਉਪਰੰਤ ਪੇਪਰ ਲਿਖ ਕੇ ਆਪਣੇ ਵਿਚਾਰ ਸਾਂਝੇ ਕਰਨਗੇ। ਅੰਤ ਵਿੱਚ ਕਵੀ ਦਰਬਾਰ ਹੋਇਆ ਜਿਸ ਵਿੱਚ ਚਰਨਜੀਤ ਸਿੰਘ ਪੰਨੂ, ਤਾਰਾ ਸਿੰਘ ਸਾਗਰ, ਜਗਜੀਤ ਨੌਸ਼ਿਹਰਵੀ, ਅਮਰਜੀਤ ਕੌਰ ਪੰਨੂੰ, ਲਾਜ ਨੀਲਮ ਸੈਣੀ ਅਤੇ ਕੁਲਵਿੰਦਰ ਨੇ ਭਾਗ ਲਿਆ। ਸੁਖਦੇਵ ਸਾਹਿਲ ਨੇ ਕੁਲਵਿੰਦਰ ਦੀ ਲਿਖੀ ਗ਼ਜ਼ਲ ‘ਨਦੀ ਝੀਲ ਚਸ਼ਮਾ’ ਦਾ ਗਾਇਨ ਕਰਕੇ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਇਸ ਮੌਕੇ ਮਨਜੀਤ ਪਲਾਹੀ, ਰਮੇਸ਼ ਬੰਗੜ, ਰਿੰਮੀ ਸੰਧੂ ਅਤੇ ਜੇ ਸੰਧੂ ਵੀ ਹਾਜ਼ਰ ਸਨ।
ਲਾਜ ਨੀਲਮ ਸੈਣੀ