ਰੈਣ ਬਸੇਰਾ, ਜੋ ਨਾ ਮੇਰਾ, ਮੈਂ ਕਿਉਂ ਮਾਣ ਕਰਾਂ।
ਖੁਸਦੀ ਹੱਥੋਂ, ਵਸਤ ਪੁਰਾਣੀ, ਕਿਉਂ ਇਉਂ ਰੋਜ਼ ਡਰਾਂ।
ਮੈਂ ਅਣਜਾਣਾ, ਖੁਦ ਨਾ ਜਾਣਾ, ਬਣਦਾ ਫਿਰਾਂ ਸਿਆਣਾ,
ਹਰ ਪਲ ਬਦਲੇ, ਸਭ ਜੱਗ ਚੱਲੇ, ਗਾਵਾਂ ਰਾਗ ਪੁਰਾਣਾ।
ਲਾਇਆ ਡੇਰਾ, ਚੜ੍ਹੇ ਸਵੇਰਾ, ਕਿਉਂ ਨਾ ਅਗਾਂਹ ਤੁਰਾਂ।
ਰੈਣ ਬਸੇਰਾ, ਜੋ ਨਾ ਮੇਰਾ, ਮੈਂ ਕਿਉਂ ਮਾਣ ਕਰਾਂ।
ਰੱਬ ਦੀ ਮਾਇਆ, ਜੋ ਉਲਝਾਇਆ, ਜੱਗ ਨੂੰ ਫਿਰੇ ਭੁਆਈ।
ਸੋਚਾ ਜੱਗ ਦੀ, ਖੋਜ ਨਾਂ ਖੁਦ ਦੀ, ਫਿਰਦਾਂ ਹੋਸ਼ ਭੁਲਾਈ ।
ਰੱਬ ਰਤਨਾਗਰ, ਜਗ ਭਵ ਸਾਗਰ, ਨਾਮ ਲਏ ਤਾਂ ਤਰਾਂ।
ਰੈਣ ਬਸੇਰਾ, ਜੋ ਨਾ ਮੇਰਾ, ਮੈਂ ਕਿਉਂ ਮਾਣ ਕਰਾਂ।
ਯਾਦ ਉਸੇ ਦੀ, ਰਸਤਾ ਦਿੰਦੀ, ਉਸ ਨੂੰ ਕਿਉਂ ਵਿਸਾਰਾਂ।
ਹੁਕਮ ਵਜਾਵਾਂ, ਉਸ ਨੂੰ ਗਾਵਾਂ, ਯਾਦ 'ਚ ਵਕਤ ਗੁਜ਼ਾਰਾਂ।
ਧੁਰ ਦਿਲ ਅੰਦਰ, ਉਸ ਦਾ ਮੰਦਿਰ, ਉਸ ਵਿੱਚ ਨਾਮ ਭਰਾਂ।
ਰੈਣ ਬਸੇਰਾ, ਜੋ ਨਾ ਮੇਰਾ, ਮੈਂ ਕਿਉਂ ਮਾਣ ਕਰਾਂ।