ਹਰ ਬਸਰ ਦੇ ਸਿਰ ਲਟਕਦੀ ਇਕ ਤੇਜ ਕਟਾਰ ਹੈ।
ਰਿਸ਼ਵਤ ਖੋਰਾਂ ਦੇ ਹੱਥ ਲੱਗਾ ਜਦ ਦਾ ਬਜਾਰ ਹੈ।
ਇਹ ਸੋਚਿਆ ਸੀ ਕਦ ਕਿ ਉਹਨਾਂ ਲੁੱਟ ਲੈਣਾ ਕਾਰਵਾਂ।
ਇਸ ਕਾਰਵਾਂ ਦੇ ਨਾਲ ਤੁਰਦੇ ਜੋ ਬਣ ਪਹਿਰੇਦਾਰ ਹੈ।
ਉਹਨਾਂ ਲਈ ਯਾਰੋ ਇਕ ਸਮਾਨ ਕਮਲੇ ਤੇ ਨੇਕ ਨੇ,
ਜਿਸ ਹੱਥ ਦੇ ਵਿਚ ਸੱਚ ਦੀ ਖਾਤਰ ਫੜੀ ਤਲਵਾਰ ਹੈ।
ਹੈ ਹੌਸਲਾ ਜਿਸ ਕੋਲ ਉਹ ਤਾਂ ਹਨ ਰਣਾ ਨੂੰ ਜਿੱਤਦੇ,
ਜੋ ਆਲਸੀ ਲੋਭੀ ਨਿਤਾਣੇ ਲੋਕ ਜਾਂਦੇ ਹਾਰ ਹੈ।
ਪਾ ਕੇਸ ਕਰਨ ਮਨ ਮਰਜੀ ਤੇ ਤਾੜਦੇ ਨੇ ਜੇਲ ਵਿਚ,
ਬੇ ਦੋਸ਼ਿਆਂ ਤੇ ਜੁਲਮ ਢਾਉਂਦਾ ਤੰਤਰ ਤੇ ਸਰਕਾਰ ਹੈ।
ਉਹ ਮਿਲਣ ਗਮਖਾਰ ਬਣਕੇ ਪਰ ਪਾਲਦੇ ਹਨ ਦੁਸ਼ਮਨੀ,
ਇਕ ਹੱਥ ਦੇ ਵਿਚ ਜਾਲਮਾਂ ਨੰਗੀ ਫੜੀ ਤਲਵਾਰ ਹੈ।
ਚੌਹਣ ਭਲਾ ਨਾ ਉਹ ਕਦੇ ਜੋ ਸੋਚ ਮਾੜੀ ਰੱਖਦੇ,
ਉਹ ਜਖਮ ਤੇ ਲਾਉਣ ਮਲਮ ਪਰ ਹੱਥ ਦੇ ਵਿਚ ਖਾਰ ਹੈ
ਲੈ ਆੜ ਧਰਮਾਂ ਦੀ ਨਫਰਤ ਸਮਾਜ ਵਿਚ ਜੋ ਬੀਜਦੇ ,
ਉਹ ਮੁੱਖ ਚੋਂ ਬੋਲਣ ਸਬਦ ਮਿੱਠੇ ਮਨਾਂ ਵਿਚ ਜ਼ਹਿਰ ਹੈ।