ਖਾ਼ਰੇ ਪਾਣੀਆਂ ਵਾਂਗ, ਜਦੋਂ ਘਰ ਆਵੇ ਉਹ
ਤਾਂ ਰੁਤਬਾ, ਵਲੀ ਕੰਧਾਰੀ ਵਾਲਾ ਪਾਵੇ ਉਹ।
ਜੇ ਵਾਂਗ ਮੁਹੱਬਤੀ- ਚਸ਼ਮੇ,ਮਿੱਠੜੇ ਬੋਲ ਬੋਲੇ
ਤਾਂ 'ਮਿਠਤੁ ਨੀਵੀ ਨਾਨਕਾ' ਯਾਦ ਕਰਾਵੇ ਉਹ।
ਪਿਆਰ-ਪੀਡੀਆਂ ਤੰਦਾਂ, ਖ਼ੁਦ ਖੁਲ੍ਹ ਜਾਣ ਜਦੋਂ
ਤਾਂ ਕੌੜੀ ਵੇਲ ਦੇ ਵਾਂਗੂੰ, ਪਿਆਰ ਵਧਾਵੇ ਉਹ।
ਜੇ ਸੋਨ-ਸੁਨਹਿਰੀ, ਧਰਤਿ ਹੋਵੇ'ਚ 'ਕੈਲਗਰੀ'
ਤਾਂ ਝੱਟ 'ਚ ਪਰੀਆਂ ਵਾਂਗੂੰ, ਭੇਸ ਵਟਾਵੇ ਉਹ।
ਮੌਸਮ ਸੰਗ ਹੀ, ਮੌਸਮੀ- ਬੰਦਾ ਬਣ ਗਿਆ ਜੇ
ਤਾਂ 'ਬੰਦੇ' ਹੋਣ ਦਾ ਬੰਦਾ,ਕਰੇ ਕੀ ਦਾਅਵੇ ਉਹ।
ਜੇ 'ਕਰਮੀ ਆਪੋ ਆਪਣੀ', ਬੁੱਝ ਬੁਝਾਰਤ ਲਈ
ਤਾਂ ਪਾ ਹਉਮੈਂ ਦੇ ਪੱਠੇ,ਕਿਉਂ ਭਰਮ- ਭੁਲਾਵੇ ਉਹ।
ਜੇ ਵੰਨ-ਸੁਵੰਨੇ ਫੁੱਲਾਂ ਦਾ, ਸੁਹਜ ਬਗ਼ੀਚਾ ਇਹੈ
ਤਾਂ ਕਿਉਂ? ਖੁਸ਼ਬੂਆਂ ਵੰਡਣ ਤੋਂ ਸ਼ਰਮਾਵੇ ਉਹ।
ਹੈ ਖੜ੍ਹਾ ਸਮੁੰਦ ਕਿਨਾਰੇ,ਪਿਆਸ ਬੁਝਾਵੇ ਨਾ
ਤਾਂ ਸਰਬੱਤ ਭਲੇ ਦੀ ਰੀਤ,ਕਿਵੇਂ ਨਿਭਾਵੇ ਉਹ।
ਜੇ ਸਾਹਾਂ ਮੁਹੱਬਤੀ- ਸਾਂਝ, ਕਾਇਨਾਤੀ ਰੁੱਖਾਂ ਦੀ
ਤਾਂ ਜੀਦਾਨੀਆਂ ਵਾਲੇ,ਕਿਉਂ ਨ ਬੋਲ ਪੁਗਾਵੇ ਉਹ।
ਅੰਨਦਾਤਾ ਦੇ ਨਾਲ ਕਹੇ,ਮੇਰੀ ਦਿਲੋਂ ਮੁਹੱਬਤ ਹੈ
ਤਾਂ ਕਾਹਤੋਂ,ਦਿਨ- ਦਿਹਾੜੇ, ਕ਼ਤਲ ਕਰਾਵੇ ਉਹ।
ਮਾਂ-ਪਿਓ ਉਲਝੀ ਤਾਣੀ, ਮਾਸੂਮਾਂ ਬਿਪਤ ਪਈ
ਤਾਂ ਕਿਵੇਂ ਮਾਪਿਆਂ ਖ਼ਾਤਰ, ਸ਼ਗਨ ਮਨਾਵੇ ਉਹ।
ਮਿੱਤਰੋ, ਬਦਰੂਹਾਂ ਦਾ ਖ਼ਤਰਾ,ਜੇ ਐਨਾ ਬਣਿਆ ਹੈ
ਤਾਂ ਕਿਉਂ ਡਰਾਉਣੇ ਪਿੰਜਰ,ਘਰੀਂ ਟਿਕਾਵੇ ਉਹ।
ਮਾਪਿਆਂ,ਭੈਣ, ਭਰਾਵਾਂ ਸੰਗ, ਖ਼ੂਨੀ ਮੁਹੱਬਤ ਹੈ
ਤਾਂ ਕਿਉਂ ਨ ਤੋੜਾਂ ਤੀਕ,ਦਿਲ-ਤਖ਼ਤ ਬੈਠਾਵੇ ਉਹ।
ਦੀਵਾਲੀ ਦੀਪ ਜਗਾਉਂਦਿਆਂ,ਸਦੀਆਂ ਲੰਘਗੀਆਂ
ਤਾਂ ਫਿਰ ਵੀ ਕਿਉਂ ਨਾ,ਅੰਦਰੋਂ ਨੇਰ੍ਹ ਮਿਟਾਵੇ ਉਹ।
ਯਾਦ ਕਰੇਂਦਾ, ਮੀਰੀ- ਪੀਰੀ ਮਾਲਕ,ਬੰਦੀ ਛੋੜ ਨੂਂੰ
ਤਾਂ ਜ਼ੁਲਮ ਹਨ੍ਹੇਰੀ ਵਾਲੇ,ਕਿਉਂ ਨ ਛੱਕੇ ਛੁਡਾਵੇ ਉਹ।
'ਕ੍ਰਿਸ਼ਨ' ਹੈ ਬੈਠਾ 'ਕੈਲਗਰੀ',ਹਜ਼ਾਰਾਂ ਹੀ ਮੀਲਾਂ 'ਤੇ
ਤਾਂ ਵੀ,ਪੰਜਾਬ,ਪੰਜਾਬੀਅਤ ਨੂੰ,ਨ ਦਿਲੋਂ ਭੁਲਾਵੇ ਉਹ।