ਗੁੱਡੀ ਮਾਪਿਆਂ ਦੀ ਇੱਕਲੌਤੀ ਧੀ ਤੇ ਇੱਕ ਭਾਈ ਦੀ ਭੈਣ ਸੀ ਜਿਸਦਾ ਵਿਆਹ ਵਿਦੇਸ਼ ਵਿੱਚ ਕਰ ਦਿੱਤਾ। ਭਾਵੇਂ ਉਹ ਵਿਦੇਸ਼ ਵਿੱਚ ਵਿਆਹ ਕਰਵਾਉਣ ਲਈ ਸਹਿਮਤ ਨਹੀਂ ਸੀ, ਆਪਣੇ ਮਾਪਿਆਂ ਦੀ ਇੱਜ਼ਤ ਵੱਲ ਦੇਖਦੀ ਨੇ ਸਹਿਮਤੀ ਦਾ ਹੁੰਗਾਰਾ ਭਰ ਦਿੱਤਾ। ਇੱਕ ਦਿਨ ਗੁੱਡੀ ਨੇ ਡਿਊਟੀ ਦੌਰਾਨ ਫੋਨ ਕੀਤਾ ਪਤਾ ਲੱਗਿਆ ਕਿ ਬਾਪੂ ਗੁਰਧਾਮ ਦੀ ਯਾਤਰਾ ਤੇ ਗਿਆ ਹੈ। ਪਤਾ ਨੀ ਕਿਉਂ ਵਿਦੇਸ਼ ਵੱਸਦੀ ਗੁੱਡੀ, ਕੰਮਕਾਰ 'ਚ ਰੁੱਝੀ ਰਹਿਣ ਵਾਲੀ ਜਿੰਨਾ ਚਿਰ ਆਪਣੇ ਬਾਪੂ ਨਾਲ ਗੱਲ ਨਾ ਕਰੇ ਥਕੇਵਾਂ ਨਾ ਉੱਤਰਦਾ। ਹੁਣ ਦੋ ਤਿੰਨ ਦਿਨਾਂ ਤੋਂ ਕੋਈ ਫੋਨ ਨਹੀਂ ਚੱਕ ਰਿਹਾ ਸੀ, ਬਹੁਤ ਪਰੇਸ਼ਾਨ ਹੋ ਚੁੱਕੀ ਸੀ ਅਖੀਰ ਨੂੰ ਛੋਟੇ ਜਿਹੇ ਭਤੀਜੇ ਨੇ ਫੋਨ ਚੱਕ ਹੀ ਲਿਆ। .............. ਸੋਚਿਆਂ ਬਾਪੂ ਨਹੀਂ ਭਤੀਜਾ ਸਹੀ। ਮੱਥਾ ਟੇਕਦਿਆਂ ਨਵਾਂ ਹੀ ਸੁਨੇਹਾ ਦੇ ਦਿੱਤਾ, ਕਿ ਦਾਦਾ ਜੀ ਨੂੰ ਇੱਕਲਿਆਂ ਹੀ ਪਾਪਾ ਜੀ ਨੇ ਪਸ਼ੂਆਂ ਵਾਲੇ ਘਰ ਵਿੱਚ ਅੱਡ ਕਰ ਦਿੱਤਾ। " ਉਏ ਇਹ ਕੀ ਕਹਿ ਰਿਹਾ , ਲੋਹੜਾ ਆ ਗਿਆ , ਬਾਪੂ ਕੱਲੇ ਨੂੰ ਪਸ਼ੂਆਂ ਵਾਲੇ ਘਰ ਵਿੱਚ ? ਮੈਂ ਵੀ ਸੋਚ ਰਹੀ ਸੀ ਕਿ ਬਾਪੂ ਅੱਜ ਤੱਕ ਤਾਂ ਕਿਸੇ ਗੁਰੂਧਾਮ ਦੀ ਯਾਤਰਾ ਤੇ ਗਿਆ ਨਹੀਂ। ਉਹ ਤਾਂ ਹਮੇਸ਼ਾ ਸਮਝਾਉਂਦਾ ਹੁੰਦਾ ਸੀ ਕਬੀਲਦਾਰ ਬੰਦੇ ਦਾ ਘਰ ਹੀ ਗੁਰਧਾਮ ਦੀ ਯਾਤਰਾ ਹੁੰਦਾ ਹੈ। ਆ ਤਾਂ ਵੀਰ ਮੀਤ ਨੇ ਬਹੁਤ ਹੀ ਮਾੜਾ ਕੰਮ ਕੀਤਾ। ਜੇ ਘਰ ਵਿੱਚ ਕੋਈ ਉਂਨੀ ਇੱਕੀ ਹੋ ਗਈ ਸੀ ਮੈਨੂੰ ਦੱਸ ਦਿੰਦੇ ਬਹਿਕੇ ਹੱਲ ਕਰ ਲੈਂਦੇ । ਅਸਲ ਵਿੱਚ ਗਲਤੀ ਤਾਂ ਮੇਰੀ ਹੈ , ਮੈ ਹੀ ਕਿਹਾ ਸੀ ਜ਼ਮੀਨ ਵੀਰ ਦੇ ਨਾਂ ਕਰਵਾਦੇ। "
ਅੱਜ ਗੁੱਡੀ ਦੀ ਸਾਰੀ ਦਿਹਾੜੀ ਸੋਚਾਂ ਸੋਚਦਿਆਂ ਹੀ ਲੰਘ ਗਈ।ਪਤਾ ਨੀ ਕਿਉਂ ਅੱਜ ਦਿਲ ਘਬਰਾਈ ਜਾਂਦਾ ਅਤੇ ਬੁੱਢੇ ਬਾਪ ਦਾ ਡੱਕ ਡੋਲੇ ਖਾਂਦਾ ਕੰਬਦਾ ਸਰੀਰ ਅੱਖਾਂ ਦੇ ਮੁਹਰੇੇ ਤੋਂ ਪਿੱਛੇ ਨਹੀਂ ਹੱਟ ਰਿਹਾ ਸੀ। ਅੱਜ ਤਾਂ ਗੁੱਡੀ ਇਹੋ ਜਿਹੇ ਖਿਆਲਾਂ ਵਿੱਚ ਡੁੱਬ ਗਈ ਕਿ ਆਪਣੀ ਹੋਸ ਗੁਵਾਹ ਬੈਠੀ। ਸਾਮ ਨੂੰ ਘਰ ਇਕੱਠੇ ਹੋਏ ਸਾਰੀ ਗੱਲਬਾਤ ਆਪਣੇ ਪਤੀ ਨੂੰ ਦੱਸੀ। ਦੋਹਾਂ ਨੇ ਫੈਸਲਾ ਲਿਆ ਕਿ ਬਾਪੂ ਜੀ ਨੂੰ ਆਪਾਂ ਆਪਣੇ ਕੋਲ ਹੀ ਲਿਆਓ । ਦੂਜੇ ਦਿਨ ਗੁੱਡੀ ਖੁਦ ਸਾਰੇ ਕਾਗਜ਼ਾਤ ਤਿਆਰ ਕਰਵਾਕੇ ਜਹਾਜ਼ ਚੜ ਗਈ। ਇਹ ਦੂਸਰਾ ਟਾਈਮ ਸੀ ਪੇਕੇ ਜਾਣ ਦਾ ਪਹਿਲਾਂ ਮਾਂ ਦੇ ਮਰਨ ਦੇ ਟਾਈਮ ਵੀ ਇੰਝ ਹੀ ਐਮਰਜੈਂਸੀ ਵਿੱਚ ਭੱਜੀ ਗਈ ਸੀ। ਹੁਣ ਉਸਨੂੰ ਇੰਝ ਲੱਗ ਰਿਹਾ ਸੀ ਜਿਵੇਂ ਜਹਾਜ਼ ਉਹਦੀ ਤੁਰਨ ਦੀ ਸਪੀਡ ਨਾਲ਼ੋਂ ਵੀ ਹੌਲੀ ਜਾ ਰਿਹਾ ਹੋਵੇ ਸਾਈਦ ਮੈ ਭੱਜਕੇ ਜਹਾਜ਼ ਨਾਲੋਂ ਪਹਿਲਾਂ ਬਾਪੂ ਕੋਲ ਪਹੁੰਚ ਜਾਵਾਂ। ਜਹਾਜ਼ ਨੂੰ ਏਅਰਪੋਰਟ ਤੇ ਉੱਤਰਦਿਆਂ ਦੇਖ ਕੇ ਅੱਖਾਂ ਵਿੱਚੋਂ ਆਪ ਮੁਹਾਰੀ ਦੁਨੀਆਂ ਵਾਂਗ ਹੰਝੂ ਛੱਲਾਂ ਮਾਰਨ ਲੱਗ ਪਏ। ਹੁਣ ਉਸਨੂੰ ਏਅਰਪੋਰਟ ਤੋਂ ਘਰ ਜਾਣ ਦਾ ਫ਼ਿਕਰ ਲੱਗਿਆ ਹੋਇਆ ਸੀ। ਏਅਰਪੋਰਟ ਤੋਂ ਬਾਹਰ ਆ ਕੇ ਕਰਾਏ ਤੇ ਕਾਰ ਲਈ ਅਤੇ ਆਪਣੇ ਪੇਕੇ ਪਿੰਡ ਨੂੰ ਰਵਾਨਾ ਹੋ ਗਈ। ਸੋਚਾਂ ਸੋਚਦਿਆਂ ਹੀ ਪਿੰਡ ਆ ਗਿਆ ਗੱਡੀ ਨੂੰ ਸਿੱਧੀ ਪਸ਼ੂਆਂ ਵਾਲੇ ਘਰ ਹੀ ਲੈ ਗਈ।
ਕੀ ਦੇਖਦੀ ਹੈ ਬੁੱਢਾ ਕਮਜ਼ੋਰ ਬਾਪੂ ਕੰਬਦੇ ਜਿਹੇ ਹੱਥਾਂ ਨਾਲ ਇੱਕ ਖੂੰਜੇ ਜਿਹੇ ਇੱਟਾਂ ਰੋੜੇ ਇੱਕਠੇ ਕਰ ਰਿਹਾ ਸੀ। ਮੰਜੇ ਕੋਲ ਇੱਕ ਗਲਾਸ ਅਤੇ ਦਾਲ ਨਾਲ ਲਿੱਬੜੀ ਕੋਲੀ ਪਈ ਸੀ ।.......... 'ਬਾਪੂ " ਉਹ ਬਾਪੂ, ਇਹ ਕੀ ?? ਇਸ ਤੋਂ ਅੱਗੇ ਕਹਿਣ ਨੂੰ ਗੁੱਡੀ ਕੋਲ ਬਹੁਤ ਕੁਝ ਸੀ ਪਰ ਆਪਣੇ ਅੰਦਰ ਹੀ ਸਮਾਂ ਗਈ । ਬਾਪੂ ਨੇ ਹਰ ਪਾਸਿਓ ਕਮਜ਼ੋਰ ਸ਼ਕਤੀ ਹੋਣ ਦੇ ਬਾਵਜੂਦ ਵੀ ਆਪਣੀ ਧੀ ਦੀ ਅਵਾਜ਼ ਨੂੰ ਫੱਟ ਪਹਿਚਾਣ ਲਿਆ। ਦੋਂਹਨੇ ਇਕ ਦੂਜੇ ਵੱਲ ਨੂੰ ਵਧੇ। ਦੁਨੀਆਂ ਤੇ ਕੋਈ ਵੀ ਇਹੋ ਅਜਿਹੀ ਮਸਾਲ ਨਹੀਂ ਬਣੀ ਜੋ ਬਾਪ ਦੇ ਪਿਆਰ ਦੀ ਜਗ੍ਹਾ ਲੈ ਸਕਦੀ ਹੋਵੇ । ਬਾਪੂ ਦੇ ਗਲੇ ਮਿਲੀ ਆਪਣੀ ਧੀ ਨੂੰ ਬੁੱਕਲ਼ ਵਿੱਚ ਲਿਆ ਅਤੇ ਪਿਆਰ ਦਿੱਤਾ। ਧੀ ਨੇ ਬਾਪੂ ਦੇ ਮਿੱਟੀ ਨਾਲ ਲਿੱਬੜੇ ਹੋਏ ਹੱਥਾਂ ਨੂੰ ਦੋ ਤਿੰਨ ਵਾਰ ਚੁੰਮਿਆ। ਅੰਦਰੋਂ ਮੰਜਾ ਲੈਣ ਗਿਆ , ਗੁੱਡੀ ਵੀ ਉਸਦੇ ਮਗਰੇ ਹੀ ਚਲੇ ਗਈ ਪਸ਼ੂਆਂ ਵਾਲਾ ਕਮਰਾ ਜਿਸ ਵਿੱਚ ਇੱਕ ਖੂੰਜੇ ਤੂੜੀ ਤੇ ਪਾਥੀਆਂ ਪਈਆਂ ਸਨ । ਇੱਕ ਪਾਸੇ ਪਿਆ ਦਾਦੀ ਦਾ ਸੰਦੂਖ , ਕੁੱਝ ਪੁਰਾਣੇ ਜਿਹੇ ਖਿਲਰੇ ਕੱਪੜੇ ਕਮਰਾ ਦੇਖਕੇ ਗੁੱਡੀ ਦੀਆਂ ਭੁੱਬਾਂ ਨਿਕਲ ਗਈਆਂ ।........ " ਬਾਪੂ, ਮੈਨੂੰ ਇਹ ਦੱਸ ਤੂੰ ਸਾਰੀ ਜਾਇਦਾਦ ਦਾ ਮਾਲਕ ਤੈਨੂੰ ਇੱਧਰ ਕੱਢਣ ਵਾਲਾ ਕੌਣ ਏ ? ਗੁੱਸੇ ਨਾਲ ਗੁੱਡੀ ਦਾ ਸਰੀਰ ਅੱਗ ਦੇ ਭਬੂਕੇ ਵਾਂਗੂ ਬਲ ਉੱਠਿਆ । " ਧੀਏ ਤੂੰ ਤਾਂ ਕਮਲੀਏ ,, ਮੈਂ ਤੈਨੂੰ ਕਹਿ ਰਿਹਾ ਹਾਂ ਮੈਨੂੰ ਕਿਸੇ ਨੇ ਘਰੋਂ ਨਹੀਂ ਕੱਢਿਆ , ਮੈਨੂੰ ਖੰਘ ਛਿੜਦੀ ਸੀ ਬਲਗਮ ਗਿਰਦੀ ਸੀ ਉੱਥੇ ਚੰਗਾ ਜਿਹਾ ਨਹੀਂ ਸੀ ਲੱਗਦਾ , ਮੈ ਕਿਹਾ ਮੇਰਾ ਮੰਜਾ ਉਧਰ ਕਰ ਦਿਓ , ਤੂੰ ਆਪਣੀ ਰਾਜੀ ਖੁਸ਼ੀ ਦੱਸ ? ਨਾਲੇ ਕਰਮ ਸਿਓ ਦਾ ਕੀ ਹਾਲ ਏ ? ਕੋਈ ਜਵਾਬ ਨਹੀਂ ਦਿੱਤਾ , ਤੂੰ ਸਾਨੂੰ ਪਹਿਲਾ ਦੱਸ ਦੇਣਾ ਸੀ ਕੋਈ ਨਾ ਕੋਈ ਲੈਣ ਆ ਜਾਂਦਾ ਏਅਰਪੋਰਟ ਤੋਂ , ਕੋਈ ਜਵਾਕ ਵੀ ਨਾਲ ਨਹੀਂ ਆਇਆ ? " ਬਾਪੂ ਸਾਈਦ ਗੱਲਾਂ ਬਾਤਾਂ ਵਿੱਚ ਟਾਲ ਰਿਹਾ ਸੀ।.......... ' ਬਾਪੂ ਤੂੰ ਮੈਨੂੰ ਹੁਣ ਨਿਆਣੀ ਸਮਝਦਾ ਏ ? ਮੈਨੂੰ ਤੇਰੇ ਪੋਤੇ ਨੂਰ ਨੇ ਸਾਰਾ ਕੁਝ ਦੱਸ ਦਿੱਤਾ , ਮੈ ਤੈਨੂੰ ਲੈਣ ਵਾਸਤੇ ਆਈਂ ਆਂ । "ਗੁੱਡੀ ਗੁੱਸੇ ਨਾਲ ਭਰੀ ਪਈ ਸੀ । ਬਾਹਰ ਖੇਡਦੇ ਬੱਚਿਆਂ ਨੇ ਆਪਣੀ ਮਾਂ ਨੂੰ ਸੁਨੇਹਾ ਲਾ ਦਿੱਤਾ ਗੁੱਡੀ ਭੁਆ ਆਈਂ ਏ ।
ਭਰਜਾਈ ਆਈਂ ਮੱਥਾ ਟੇਕਦਿਆ ਕਹਿਣ ਲੱਗੀ ਭੈਣ ਜੀ ਤੁਸੀਂ ਬੈਠੋ ਮੈਂ ਹੁਣੇ ਚਾਹ ਲੈਕੇ ਆਈਂ । " ਭੈਣ ਜੀ ਚਾਹ । " ਡਰਦੀ ਡਰਦੀ ਨੇ ਚਾਹ ਦਾ ਗਲਾਸ ਅੱਗੇ ਕੀਤਾ । ਗੁੱਡੀ ਦਾ ਬਾਪੂ ਦੀ ਹਾਲਤ ਦੇਖਕੇ ਚਾਹ ਪੀਣ ਨੂੰ ਜੀਅ ਨਾ ਕੀਤਾ ।....... " ਭਾਬੀ ਤੇਰਾ ਵੀ ਤਾਂ ਬਾਪੂ ਹੈਗਾ ਉਸਨੂੰ ਵੀ ਕੋਈ ਬਿਗਾਨੀ ਧੀ ਹੀ ਸੰਭਾਲ ਦੀ ਹੈਂ , ਤੂੰ ਖਿਆਲ ਰੱਖਦੀ ਬਾਪੂ ਦਾ । "ਧੀਏ ਇਹੀ ਧਿਆਨ ਰੱਖਦੀ ਏ, ਐਨੀਆਂ ਕੁੱਟਾਂ ਮਾਰਾਂ ਖਾਕੇ ਵੀ ਚੋਰੀ ਤੋਂ ਰੋਟੀ ਪਾਣੀ ਦੇਕੇ ਜਾਂਦੀ ਏ , ਉਹ ਤਾਂ ਦਿਨ ਰਾਤ ਸ਼ਰਾਬ ਨਾਲ ਰੱਜਿਆ ਰਹਿੰਦਾ ਏ , ਜੇ ਇਹਨਾਂ ਨੇ ਵਿਰੋਧ ਕੀਤਾ ਤਾਂ ਦੇਖਲਾ ਧੀਏ ਨਤੀਜਾ ਤੇਰੇ ਸਾਹਮਣੇ ਹੈਂ। ਭਰਜਾਈ ਦੇ ਕੋਲ ਖੜੀ ਬਾਪੂ ਨੇ ਕਿਹਾ। ਨਾ ਗੱਲ ਕੀ ਹੋਈ ਸੀ, ਗੁੱਡੀ ਦਾ ਗੁੱਸਾ ਠੰਡਾ ਪੈ ਗਿਆ ਸੀ। ਬਾਪੂ ਦੇ ਮੂੰਹੋਂ ਸੱਚੀਆਂ ਸੁਣ ਕੇ ਅੱਜ ਗੁੱਡੀ ਨੇ ਪਹਿਲੀ ਵਾਰ ਭਰਾ ਨੂੰ ਨਾ ਮਿਲਣ ਦਾ ਫ਼ੈਸਲਾ ਲਿਆ। ਮੈ ਬਾਪੂ ਨੂੰ ਆਪਣੇ ਨਾਲ ਹੀ ਲੈ ਜਾਣਾ ਮੈ ਸਾਰੀ ਤਿਆਰੀ ਕਰਕੇ ਆਈਂ ਆਂ। ਤੂੰ ਆਪਣੇ ਬੱਚਿਆਂ ਦਾ ਰਤਾ ਵੀ ਫਿਕਰ ਨਹੀਂ ਕਰਨਾ ਮੈ ਤੇਰੇ ਬਰਾਬਰ ਖੜੀ ਆਂ। ਬਾਪੂ ਨਾਲ ਜਾਣ ਲਈ ਰਾਜੀ ਤਾਂ ਹੋ ਗਿਆ, ਜਦ ਪਿਓ ਧੀ ਘਰੋਂ ਤੁਰਨ ਲੱਗੇ , ਬਾਪੂ ਦੇ ਅੰਦਰ ਫਿਰ ਪੁੱਤ ਦਾ ਮੋਹ ਜਾਗ ਪਿਆ, ਧੀਏ ਚਲ ਤੇਰੀ ਮਰਜ਼ੀ ਏ ਪਰ ਉਹਦਾ ਮੇਰੇ ਵਗੈਰ ਔਖਾ ਹੋ ਜਾਣਾ ਨਾਲੇ ਨਿਆਣੇ ਦਾ ਜੀਅ ਨਹੀਂ ਲੱਗਣਾ। ਨਾਲੇ ਧੀਆਂ ਦੇ ਘਰ ਖਾਣਾ ਨਹੀਂ ਖਾਂਈ ਦਾ, ਧੀਆਂ ਤੇ ਬੋਝ ਬਣਕੇ ਰਹਿਣਾ ਚੰਗਾ ਨਹੀਂ ਹੁੰਦਾ। ਜੇ ਤੂੰ ਮੈਨੂੰ ਇੱਥੇ ਹੀ ਛੱਡ ਜਾਵੇਂ ? ਬਾਪੂ ਮੈ ਤੈਨੂੰ ਮਜ਼ਬੂਰ ਨਹੀਂ ਕਰਦੀ ਪਰ ਜਿਸਦਾ ਤੂੰ ਮੋਹ ਕਰਦਾ ਹੈ ਜਿਸ ਤਰ੍ਹਾਂ ਦੀ ਤੇਰੀ ਹਾਲਤ ਸੀ ਉਸ ਹਿਸਾਬ ਨਾਲ ਤੈਨੂੰ ਮਾਰੀ ਬੈਠਾ ਹੈ। ਅੱਗੇ ਤੇਰੀ ਮਰਜ਼ੀ ਏ। ਪਿਓ ਧੀ ਜਹਾਜ਼ ਚੜ ਗਏ ਪਰ ਧੀ ਦੇ ਘਰ ਬੋਝ ਬਣਕੇ ਰਹਿਣ ਵਾਲੀ ਤੇ ਖਾਣੇ ਵਾਲੀ ਗੱਲ ਬਹੁਤ ਰੜਕੀ। ਹੁਣ ਸੋਚ ਰਹੀ ਸੀ ਇਹ ਕਿਹੋ ਜਿਹਾ ਚੰਦਰਾ ਸਮਾਜ ਹੈ। ਇੱਕ ਪਾਸੇ ਕਹਿ ਰਿਹਾ ਧੀ ਦੇ ਘਰ ਰਹਿਣਾ ਵੀ ਮਾੜਾ ਤੇ ਖਾਣਾ ਵੀ ਮਾੜਾ ਹੈਂ , " ਦੂਜੇ ਪਾਸੇ ਕੁੱਖ ਵਿੱਚ ਧੀ ਮਾਰਨੀ ਜਾਇਜ਼ ਹੈ। " ਹੁਣ ਸੋਚ ਰਹੀ ਸੀ ਇਹ ਸਭ ਕੁਝ ਕਰਨ ਦੇ ਬਾਵਜੂਦ ਧੀ ਦਾ ਪਿਆਰ ਨਹੀਂ , ਬਾਪੂ ਨੂੰ ਫਿਰ ਵੀ ਪੁੱਤ ਦਾ ਮੋਹ ਆ ਰਿਹਾ ਹੈ। "