ਸਿਰਜਨਧਾਰਾ ਦੀ ਮਾਸਿਕ ਇਕੱਤਰਤਾ
(ਖ਼ਬਰਸਾਰ)
ਲੁਧਿਆਣਾ -- ਸਾਹਿਤਕ ਸੰਸਥਾ ਸਿਰਜਣਧਾਰਾ ਦੀ ਮਹੀਨਾ ਵਾਰ ਮੀਟਿੰਗ ਕਰਮਜੀਤ ਸਿੰਘ ਔਜਲਾ ਜੀ ਦੀ ਸਰਪ੍ਰਸਤੀ ਹੇਠ ਪੰਜਾਬੀ ਭਵਨ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਸਿਰਜਣਧਾਰਾ ਦੀ ਪ੍ਰਧਾਨ ਡਾਕਟਰ ਗੁਰਚਰਨ ਕੌਰ ਕੋਚਰ ਨੇ ਕੀਤੀ। ਇਸ ਮੀਟਿੰਗ ਵਿੱਚ ਪੰਜਾਬੀ ਮਾਂ ਬੋਲ਼ੀ ਦੇ ਪ੍ਰਚਾਰ ਅਤੇ ਪ੍ਰਸਾਰ ਸਬੰਧੀ ਪੰਜਾਬੀ ਦੀਆਂ ਸਮੂਹ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਗਈ । ਜਿਸ ਵਿੱਚ ਸਮੇਂ ਸਮੇਂ ਤੇ ਹੋ ਰਹੇ ਪੰਜਾਬੀ ਕਵੀ ਦਰਬਾਰਾਂ, ਮੁਕਾਬਲਿਆਂ ਅਤੇ ਲਿਖਾਰੀਆਂ ਨੂੰ ਗੀਤ ,ਕਵਿਤਾ,ਤੇ ਗ਼ਜ਼ਲ ਆਦਿ ਦੀਆਂ ਵਰਕਸ਼ਾਪਾਂ ਲਗਾਉਣਾ ਸ਼ਾਮਿਲ ਹੈ। ਇਸ ਸਮੇਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਏ ਨਤੀਜਿਆਂ ਵਿੱਚ ਖ਼ਾਸਕਰ ਲੜਕੀਆਂ ਵਲੋਂ ਜੋ ਪਹਿਲਾ, ਦੂਜਾ, ਤੇ ਤੀਸਰਾ ਦਰਜਾ ਪ੍ਰਾਪਤ ਕੀਤਾ ਗਿਆ ਹੈ ਉਹਨਾਂ ਨੂੰ ਮੁਬਾਰਕਬਾਦ ਵੀ ਦਿੱਤੀ ਗਈ ਤੇ ਖੁਸ਼ੀ ਮਨਾਈ ਗਈ । ਸੁਖਦੇਵ ਸਿੰਘ ਲਾਜ਼, ਹਰਭਜਨ ਸਿੰਘ ਕੋਹਲੀ, ਉੱਘੀ ਕਹਾਣੀਕਾਰਾ ਮੈਡਮ ਇੰਦਰਜੀਤ ਪਾਲ ਕੌਰ, ਉੱਘੇ ਗੀਤਕਾਰ ਸਰਬਜੀਤ ਸਿੰਘ ਬਿਰਦੀ, ਗੁਰਦੇਵ ਸਿੰਘ ਬਰਾੜ ਅਤੇ ਉੱਘੀ ਕਹਾਣੀਕਾਰਾ ਸੁਰਿੰਦਰ ਦੀਪ ਸਭਨਾਂ ਨੇ ਆਪਣੇ ਆਪਣੇ ਵਿਚਾਰਾਂ ਵਿੱਚ ਵਾਤਾਵਰਣ ਦੀ ਸ਼ੁੱਧਤਾ, ਪਾਣੀ ਦੀ ਯੋਗ ਵਰਤੋਂ ਅਤੇ ਨਸ਼ਿਆਂ ਤੋਂ ਪ੍ਰਹੇਜ਼ ਆਦਿ ਦੀ ਗੱਲ ਕੀਤੀ।ਸਭਾ ਦੀ ਨਵ ਨਿਯੁਕਤ ਪ੍ਰਧਾਨ ਡਾਕਟਰ ਕੋਚਰ ਜੀ ਦਾ ਅੱਜ ਪ੍ਰਧਾਨ ਦੇ ਤੌਰ ਤੇ ਪਹਿਲੀ ਮੀਟਿੰਗ ਵਿੱਚ ਸ਼ਿਕਰਤ ਕਰਨ ਤੇ ਉਹਨਾਂ ਦਾ ਫੁੱਲਾਂ ਦੇ ਬੁੱਕੇ ਦੇ ਨਾਲ ਸੁਆਗਤ ਵੀ ਕੀਤਾ ਗਿਆ। ਇਸ ਮੌਕੇ ਹਾਜ਼ਰ ਕਵੀਆਂ ਦਾ ਕਵੀ ਦਰਬਾਰ ਵੀ ਹੋਇਆ। ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਕਵੀ ਰਣਜੀਤ ਸਿੰਘ ਹਠੂਰ ਜਗਰਾਓਂ ਨੇ ਗੀਤ ਸਾਡੇ ਮਿੱਤਰ ਪਿਆਰੇ ਦਾ ਹਾਲ ਵੇ, ਚੰਨਾ ਤੂੰਹੀਓਂ ਦੱਸ, ਸੰਪੂਰਨ ਸਨਮ ਸਾਹਨੇਵਾਲ ਨੇ ਕੀ ਆਖਾਂ ਮੈਂ ਤਵੀ ਤੱਪਦੀ ਨੂੰ, ਸੁਰਜੀਤ ਲਾਂਬੜਾ ਨੇ ਹੁਣ ਕਨੇਡਾ ਦੂਰ ਨਹੀਂ, ਸੁਰੇਸ਼ ਬੱਧਣ ਨੇ ਭੁੱਖ ਗਰੀਬੀ ਬੇਰੁਜ਼ਗਾਰੀ, ਗੁਰਸ਼ਰਨ ਛੀਨਾ ਨੇ ਤੱਤੀ ਤੱਤੀ ਤਵੀ ਤੱਤੀ ਰੇਤ, ਤੇ ਮਲਕੀਤ ਮਾਲੜਾ ਨੇ ਜੋਸ਼ੀਲਾ ਗੀਤ ਪੇਸ਼ ਕੀਤਾ। ਸਭਾ ਦੇ ਜਨਰਲ ਸੈਕਟਰੀ ਅਮਰਜੀਤ ਸ਼ੇਰਪੁਰੀ ਨੇ ਜਿੱਥੇ ਮਾਂ ਬੋਲੀ ਤੇ ਆਪਣਾ ਸ਼ੇਅਰ “ਅੱਖਰ ਅੱਖਰ ਰੱਖੀਂ ਯਾਦ ਪੰਜਾਬੀ ਦਾ” ਪੇਸ਼ ਕੀਤਾ ਉੱਥੇ ਸਟੇਜ ਸੰਚਾਲਣ ਦੀ ਜੁੰਮੇਵਾਰੀ ਵੀ ਬਾਖੂਬੀ ਨਿਭਾਈ। ਅੰਤ ਵਿੱਚ ਸਰਪ੍ਰਸਤ ਔਜਲਾ ਜੀ ਨੇ ਆਏ ਹੋਏ ਸਭਨਾਂ ਦਾ ਧੰਨਵਾਦ ਕੀਤਾ ਤੇ ਮਾਂ ਬੋਲੀ ਪੰਜਾਬੀ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ।