ਆਤਮਾ ਦੀ ਤਾਜ਼ਗੀ ਲਈ ਜ਼ਰੂਰੀ ਹੈ ਕਿਤਾਬਾਂ ਨਾਲ ਸਾਂਝ (ਲੇਖ )

ਇਕਵਾਕ ਸਿੰਘ ਪੱਟੀ    

Email: ispatti@gmail.com
Address: ਸੁਲਤਾਨਵਿੰਡ ਰੋਡ
ਅੰਮ੍ਰਿਤਸਰ India
ਇਕਵਾਕ ਸਿੰਘ ਪੱਟੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਂ ਆਪਣੇ ਮਨ ਦੇ ਫ਼ੁਰਨਿਆਂ ਵਿੱਚੋਂ ਇੱਕ ਦਿਨ ਫ਼ੇਸਬੁੱਕ ’ਤੇ ਲਿਖਿਆ ਸੀ ਕਿ, ‘ਕਿਤਾਬਾਂ ਮਹਿੰਗੀਆਂ ਨਹੀਂ ਹੁੰਦੀਆਂ, ਕਿਉਂਕਿ ਇਹਨਾਂ ਵਿਚਲਾ ਗਿਆਨ ਬਹੁਮੱਲਾ ਹੁੰਦਾ ਏ।’ ਅਗਲੀ ਗੱਲ ਵੀ ਬੜੀ ਖ਼ੂਬਸੂਰਤ ਹੈ ਕਿ ‘ਪੁਸਤਕ ਹੱਥ ਵਿੱਚ ਹੋਵੇ ਤਾਂ ਸ਼ਿੰਗਾਰ ਹੁੰਦੀ ਹੈ, ਸਿਰ ਤੇ ਚੜ੍ਹ ਜਾਵੇ ਤਾਂ ਹੰਕਾਰ ਹੁੰਦੀ ਹੈ ਪਰ ਜੇ ਦਿਲ ਵਿੱਚ ਵੱਸ ਜਾਵੇ ਤਾਂ ਪਿਆਰ ਹੁੰਦੀ ਹੈ।’ ਕਿਤਾਬ ਜਾਂ ਪੁਸਤਕ ਸਾਡੇ ਜੀਵਨ ਵਿੱਚ ਇੱਕ ਅਹਿਮ ਮਹੱਤਤਾ ਰੱਖਦੀ ਹੈ। ਪੁਸਤਕਾਂ ਪੜ੍ਹ ਕੇ ਲੋਕਾਂ ਦੇ ਜੀਵਨ ਵਿੱਚ ਐਸੇ ਬਦਲਾਵ ਆਏ ਕਿ ਉਹਨਾਂ ਦੁਨੀਆਂ ਦੇ ਜਿਊਣ ਦੇ ਤੌਰ ਤਰੀਕੇ ਹੀ ਬਦਲ ਦਿੱਤੇ ਕਿਉਂਕਿ ਕਿਤਾਬਾਂ ਜਾਂ ਸਾਹਿਤ ਤੋਂ ਸਾਨੂੰ ਉਹ ਗਿਆਨ ਪ੍ਰਾਪਤ ਹੁੰਦਾ ਹੈ, ਜੋ ਹੋਰ ਕਿਸੇ ਢੰਗ ਨਾਲ ਦੁਨੀਆਂ ਕੋਲੋਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਮੈਂ ਇੱਕ ਵਾਰ ਆਪਣੀ ਇੱਕ ਲਿਖਤ ਵਿੱਚ ਲਿਖਿਆ ਸੀ ਕਿ, ‘ਸਾਹਿਤ, ਲਿਖੇ ਜਾਣ ਤੋਂ ਪਹਿਲਾਂ ਜੀਵਿਆ ਜਾਂਦਾ ਹੈ (ਭਾਵੇਂ ਕਾਲਪਨਿਕ ਜਾਂ ਹੱਢੀਂ ਬੀਤੇ ਰੂਪ ਵਿੱਚ), ਫਿਰ ਉਹ ਸਾਹਿਤਕਾਰ ਵੱਲੋਂ ਜੀਵਿਆ ਗਿਆ ਹੋਵੇ ਜਾਂ ਫਿਰ ਕਿਸੇ ਦੁਨੀਆਂਦਾਰ ਵੱਲੋਂ।
ਹਾਲ ਵਿੱਚ ਹੀ ਇੱਕ ਸਰਵੇ ਵੱਚ ਸਾਹਮਣੇ ਆਇਆ ਕਿ ਯੂਐੱਸਏ ਵਿੱਚ ਸਾਲ 2019 ਦੇ ਮੁਕਾਬਲੇ ਸਾਲ 2022 ਵਿੱਚ 12 ਫ਼ੀਸਦੀ ਜ਼ਿਆਦਾ ਕਿਤਾਬਾਂ ਵਿਕੀਆਂ। ਅਮਰੀਕਨ ਬੁੱਕ ਸੇਲਰਜ਼ ਐਸੋਸੀਏਸ਼ਨ (ਏਬੀਏ) ਦੇ ਅਨੁਸਾਰ ਪਿਛਲੇ ਸਾਲ 173 ਨਵੇਂ ਪੁਸਤਕ ਸਟਾਲ ਖੋਲ੍ਹੇ ਗਏ ਹਨ।
ਜੇਕਰ ਅਸੀਂ ਕਿਤਾਬਾਂ ਨਾ ਪੜ੍ਹਨ ਦੇ ਸ਼ੌਂਕ ਨੂੰ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਔਗੁਣ ਮੰਨ ਲਈਏ ਤਾਂ ਇਸ ਵਿੱਚ ਕੋਈ ਦੋ ਰਾਵ੍ਹਾਂ ਨਹੀਂ ਹੋਣਗੀਆਂ। ਬੇਸ਼ੱਕ ਸਾਡੇ ਘਰ ਪਰਿਵਾਰ ਵਿੱਚ ਤਕਨੌਲਜੀ ਸਬੰਧੀ ਅਤੇ ਅਗਾਂਹਵਧੂ ਜ਼ਮਾਨੇ ਦੀਆਂ ਹਰ ਤਰ੍ਹਾਂ ਦੀ ਸੁੱਖ ਸਹੂਲਤਾਂ ਮੌਜੂਦ ਹੋਣ ਪਰ ਜੇਕਰ ਘਰ ਦੇ ਵਿੱਚ ਕੋਈ ਕਿਤਾਬਾਂ/ਪੁਸਤਕਾਂ ਪੜ੍ਹਨ ਦਾ ਸ਼ੌਕੀਨ ਨਹੀਂ ਹੈ ਜਾਂ ਸਾਹਿਤ ਨੇ ਕਦੇ ਸਾਡੇ ਘਰ ਦੀ ਦਹਿਲੀਜ਼ ਪਾਰ ਨਹੀਂ ਕੀਤੀ ਤਾਂ ਅਜਿਹੇ ਘਰ ਨੂੰ ਬੌਧਿਕ ਤੌਰ ’ਤੇ ਸੱਖਣਾ ਘਰ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਅਤੇ ਇਹ ਮੇਰੇ ਸਮਾਜ ਜਾਂ ਸਾਡੇ ਪੰਜਾਬੀ ਸਮਾਜ ਦਾ ਇੱਕ ਕੌੜਾ ਸੱਚ ਹੈ। ਇਸੇ ਕਰਕੇ ਮੈਂ ਤਾਂ ਅਕਸਰ ਆਖਦਾ ਹੁੰਦਾ ਕਿ ਜਿਸ ਘਰ ਵਿੱਚ ਕਿਤਾਬਾਂ ਨਹੀਂ, ਉਸ ਘਰ ਵਿੱਚ ਬੌਧਿਕ ਬੇ-ਰੌਣਕੀ ਹਮੇਸ਼ਾ ਬਣੀ ਰਹੇਗੀ। ਜਦਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਪੱਛਮੀ ਸਮਾਜ ਤੋਂ ਅਸੀਂ ਆਪਣੇ ਕੱਪੜਿਆਂ ਤੋਂ ਲੈ ਕੇ ਰਹਿਣ ਸਹਿਣ ਅਤੇ ਖਾਣ ਪੀਣ ਤੱਕ ਦੀ ਨਕਲ ਕਰਦੇ ਹਾਂ ਉਸ ਪੱਛਮੀ ਸਮਾਜ ਵਿੱਚ ਸਾਹਿਤ ਨੂੰ ਆਪਣੀ ਜ਼ਿੰਦਗੀ ਵਿੱਚ ਸੱਭ ਤੋਂ ਅਹਿਮ ਸਥਾਨ ਦਿੱਤਾ ਜਾਂਦਾ ਹੈ। ਕੋਈ ਤਿਉਹਾਰ ਹੋਵੇ ਜਾਂ ਫਿਰ ਖੁਸ਼ੀ ਦਾ ਕੋਈ ਮੌਕਾ ਉੱਥੇ ਤੋਹਫੇ ਵਜੋਂ ਕਿਤਾਬਾਂ ਦਾ ਅਦਾਨ ਪ੍ਰਦਾਨ ਕੀਤਾ ਜਾਂਦਾ ਹੈ। ਕਿਉਂਕਿ ਕਿਤਾਬਾਂ ਸਾਨੂੰ ਦੁਨੀਆ ਦੇ ਵਿਦਵਾਨਾਂ/ਬੁੱਧੀਜੀਵੀਆਂ ਦੇ ਤਜ਼ੁਰਬੇ ਅਤੇ ਦੇਸ਼ ਦੁਨੀਆ ਸਬੰਧੀ ਹਰ ਪੱਖ ਤੋਂ ਹਰ ਵਿਸ਼ੇ ਤੇ ਭਰਪੂਰ ਗਿਆਨ ਦਿੰਦੀਆਂ ਹਨ ਉੱਥੇ ਜਿੰਦਗੀ ਜਿਊਣ ਦਾ ਢੰਗ ਵੀ ਦੱਸਦੀਆਂ ਹਨ। ਇਹੀ ਕਾਰਣ ਹੈ ਕਿ ਅੰਗਰੇਜ਼ੀ ਦੇ ਪ੍ਰਸਿੱਧ ਵਿਦਵਾਨ ਰਾਬਰਟ ਸਾਊਥੇ ਨੇ ਕਿਹਾ ਸੀ, ‘ਪੁਸਤਕਾˆ ਮੇਰੀਆˆ ਸਭ ਤੋˆ ਚੰਗੀਆਂ ਦੋਸਤ ਹਨ, ਜੋ ਹਮੇਸ਼ਾਂ ਦੁੱਖ ਵਿੱਚ ਮੈਨੂੰ ਸਹਾਰੇ ਦਾ ਅਤੇ ਦਰਦ ਵਿੱਚ ਅਰਾਮ ਦਾ ਅਹਿਸਾਸ ਕਰਾਉਂਦੀਆਂ ਹਨ।’
ਹੁਣ ਅਸੀਂ ਆਪਣੇ ਸਮਾਜ ਦੀ ਗੱਲ ਕਰੀਏ ਤਾਂ ਪੜ੍ਹਨ ਵਾਲਿਉ ਪਾਸੇ ਤੋਂ ਸਾਡਾ ਆਦਮ ਨਿਰਾਲਾ ਹੀ ਹੈ, ਕਿਉਂਜੁ ਅਸੀਂ ਆਪਣੀ ਪੜ੍ਹਨ ਵਾਲੀ ਰੁਚੀ ਨੂੰ ਪੈਦਾ ਹੀ ਨਹੀਂ ਹੋਣ ਦਿੰਦੇ ਇੱਥੋਂ ਤੱਕ ਕੇ ਸਾਡੇ ਨੌਜਵਾਨ ਜਾਂ ਵਿਦਿਆਰਥੀ ਵੀ ਆਪਣੇ ਸਿਲੇਬਸ ਦੀਆਂ ਕਿਤਾਬਾਂ ਨੂੰ ਪੜ੍ਹਨ ਵੇਲੇ ਵੀ ਬੜੀ ਔਖ ਮਹਿਸੂਸ ਕਰਦੇ ਹਨ ਤਾਂ ਸਿਲੇਬਸ ਤੋਂ ਬਾਹਰ ਦੀਆਂ ਕਿਤਾਬਾਂ ਨੂੰ ਪੜ੍ਹਨਾ ਤਾਂ ਉਹਨਾਂ ਦੇ ਵੱਸ ਦੀ ਗੱਲ ਹੀ ਨਹੀਂ। ਸਿੱਟੇ ਵਜੋਂ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਲਾਇਬ੍ਰੇਰੀਆਂ ਦੀ ਗਿਣਤੀ ਘੱਟ ਹੁੰਦੀ ਜਾ ਰਹੀ ਹੈ। ਇੱਥੇ ਪ੍ਰਸਿੱਧ ਲੇਖਕ ਸ. ਗੁਰਬਖਸ਼ ਸਿੰਘ ਪ੍ਰੀਤਲੜੀ ਵੱਲੋਂ ਸਮਾਜ ਦੀ ਇਸ ਹਾਲਤ ਤੇ ਇੱਕ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਬੜੀ ਵਾਜ਼ਬ ਗੱਲ ਕਹੀ ਸੀ ਜੋ ਇੱਥੇ ਲਿਖਣੀ ਕੁਥਾਂਹ ਨਹੀਂ ਹੋਵੇਗੀ ਉਹ ਲਿਖਦੇ ਹਨ, 'ਕਾਨੂੰਨ, ਥਾਣੇ, ਅਦਾਲਤਾਂ, ਜੇਲ੍ਹਾਂ ਆਦਿ ਮਨੁੱਖ ਦੀ ਜਹਾਲਤ ਅਤੇ ਮੂਰਖਤਾ ਵਿਚੋਂ ਉਪਜੀਆਂ ਸੰਸਥਾਵਾਂ ਹਨ। ਸਹੀ ਅਰਥਾਂ ਵਿਚ ਸਮਾਜ ਉਦੋˆ ਉੱਨਤੀ ਕਰੇਗਾ ਜਦੋˆ ਅਦਾਲਤਾਂ, ਥਾਣਿਆਂ ਅਤੇ ਜੇਲ੍ਹਾਂ ਨਾਲੋਂ ਸਾਡੀਆˆ ਲਾਈਬ੍ਰੇਰੀਆਂ ਵੱਡੀਆਂ ਅਤੇ ਵਧੇਰੇ ਹੋਣਗੀਆਂ।’ ਹੁਣ ਲਾਇਬ੍ਰੇਰੀਆਂ ਤਾਂ ਹੀ ਵੱਡੀਆਂ ਹੋਣਗੀਆਂ ਜਦੋਂ ਪੜ੍ਹਨ ਵਾਲੇ ਵਧੇਰੇ ਹੋਣਗੇ। ਜਿੰਦਗੀ ਵਿੱਚ ਕਿਤਾਬਾਂ ਦੀ ਅਹਿਮੀਅਤ ਦਰਸਾਉਂਦੇ ਹੋਏ ਡਿਸਕੇਰਟਸ ਲਿਖਦਾ ਹੈ ਕਿ, ‘ਚੰਗੀਆˆ ਕਿਤਾਬਾˆ ਪੜ੍ਹਣਾ ਉਸੇ ਤਰ੍ਹਾˆ ਹੈ, ਜਿਵੇˆ ਬੀਤੀਆˆ ਸਦੀਆˆ ਦੇ ਵਧੀਆ ਮਨੁੱਖਾˆ ਨਾਲ ਗੱਲਬਾਤ ਕਰਨਾ।’ਇਸੇ ਤਰਹਾਂ ਰਸੂਲ ਹਮਜ਼ਾਤੋਵ ਦਾ ਕਥਨ ਹੈ, ‘ਕਿਤਾਬਾˆ ਤੋˆ ਬਿਨਾˆ ਕੋਈ ਜਾਤੀ ਉਸ ਆਦਮੀ ਵਰਗੀ ਹੈ, ਜਿਸਦੀਆˆ ਅੱਖਾˆ 'ਤੇ ਪੱਟੀ ਬੰਨ੍ਹੀ ਹੋਵੇ।’ ਇਸੇ ਤਰ੍ਹਾਂ ਸ੍ਰ. ਗੁਰਦਿਆਲ ਸਿੰਘ ਲਿਖਦੇ ਹਨ, ‘ਜੇ ਕਰ ਪੁਸਤਕਾˆ ਨਾ ਹੁੰਦੀਆˆ ਤਾˆ ਸੰਸਾਰ ਵਿਚ ਪਾਗਲਾˆ ਦੀ ਗਿਣਤੀ ਵੱਧ ਹੁੰਦੀ।’ ਕਿਤਾਬਾਂ ਬਾਰੇ ਗੰਗਾਧਰ ਤਿਲਕ ਦੇ ਵਿਚਾਰ ਬੜੇ ਖੂਬ ਹਨ ਉਹ ਕਹਿੰਦੇ ਹਨ, ‘'ਮੈਂ ਨਰਕ ਵਿੱਚ ਵੀ ਚੰਗੀਆˆ ਪੁਸਤਕਾਂ ਦਾ ਸਵਾਗਤ ਕਰਾਂਗਾ ਕਿਉਂਕਿ ਉਨ੍ਹਾਂ ਵਿੱਚ ਇਹ ਸ਼ਕਤੀ ਹੈ ਕਿ ਜਿੱਥੇ ਵੀ ਉਹ ਹੋਣਗੀਆਂ, ਉੱਥੇ ਹੀ ਸਵਰਗ ਬਣ ਜਾਏਗਾ।’ ਪਰ ਸਾਡੇ ਤਾਂ ਇੱਥੇ ਘਰਾਂ ਵਿੱਚ ਅਖਬਾਰਾਂ ਵੀ ਲੋਕ ਘੱਟ ਹੀ ਪੜ੍ਹਦੇ ਹਨ।
ਖ਼ੈਰ! ਸਾਨੂੰ ਪੰਜਾਬੀ ਸਮਾਜ ਵਿੱਚ ਵੀ ਪੁਸਤਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਉੱਦਮ ਉਪਰਾਲੇ ਕਰਨੇ ਚਾਹੀਦੇ ਹਨ। ਦੋਸਤੋ! ਚੰਗੀ ਕਿਤਾਬ ਰੂਹ ਦੀ ਖੁਰਾਕ ਹੁੰਦੀ ਹੈ। ਭਾਵੇਂ ਕਿ ਅੱਜ ਕੱਲ੍ਹ ਇੰਟਰਨੈੱਟ ਦੇ ਜ਼ਮਾਨੇ ਵਿੱਚ ਹਰ ਵਿਸ਼ੇ ਤੇ ਜਾਣਕਾਰੀ ਪ੍ਰਾਪਤ ਕਰਨਾ ਬੜਾ ਸੌਖਾ ਹੋ ਗਿਆ ਹੈ, ਪਰ ਬਾਵਜੂਦ ਇਸਦੇ ਪੁਸਤਕ ਪੜ੍ਹਨ ਦਾ ਇੱਕ ਆਪਣਾ ਹੀ ਸੁਆਦ ਹੈ। ਮੈਂ ਤਾਂ ਕਹਿੰਦਾ ਹੁੰਦਾ ਪੁਸਤਕਾਂ ਦਾ ਸੰਸਾਰ ਸੱਭ ਤੋਂ ਅਜ਼ਾਦ ਸੰਸਾਰ ਹੈ ਅਤੇ ਤੁਸੀਂ ਇਸ ਸੰਸਾਰ ਵਿੱਚ ਮੁਕੰਮਲ ਅਜ਼ਾਦੀ ਮਾਣ ਸਕਦੇ ਹੋ, ਜੀਅ ਸਕਦੇ ਹੋ, ਅਨੰਦਿਤ ਹੋ ਸਕਦੇ ਹੋ ਅਤੇ ਗਿਆਨਵਾਨ ਬਣ ਸਕਦੇ ਹੋ। ਆਓ ਅਸੀਂ ਕੋਈ ਵੀ ਨਾਵਲ, ਕਹਾਣੀ, ਕਵਿਤਾ, ਨਾਟਕ ਜਾਂ ਆਪਣੀ ਪਸੰਦ ਦੇ ਕਿਸੇ ਵਿਸ਼ੇ ਦੀ ਕੋਈ ਇੱਕ ਪੁਸਤਕ ਖ੍ਰੀਦ ਕੇ ਪੜ੍ਹਨਾ ਸ਼ੁਰੂ ਕਰੀਏ, ਸ਼ਾਇਦ ਕੋਈ ਮਨ ਤੇ ਕੋਈ ਅਸਰ ਹੋ ਜਾਵੇ। ਇਸਦੇ ਨਾਲ ਹੀ ਹੋਰਨਾਂ ਨੂੰ ਵੀ ਕਿਤਾਬਾਂ ਪੜ੍ਹਨ ਦੀ ਪ੍ਰੇਰਣਾ ਕਰਦੇ ਰਹੀਏ। ਗੁਰਬਾਣੀ ਅੰਦਰ ਵੀ ਦਰਜ ਹੈ:
ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ॥
ਤਾਂ ਫਿਰ ਸੋਚਣਾ ਕਿਉਂ? ਆਉ! ਸ਼ੁਰੂਆਤ ਕਰੀਏ।
ਪੁਸਤਕ ਪੜ੍ਹੀਏ, ਪੁਸਤਕ ਵਿਚਾਰੀਏ!
ਪੁਸਤਕ ਪੜ੍ਹ ਕੇ ਜੀਵਨ ਸੰਵਾਰੀਏ!!