ਜੀਵਨ ਨਾਮ ਨਹੀ ਦਰਦ ਭਰੀ ਕਹਾਣੀ ਦਾ।
ਪਤਝੜ ਨੂੰ ਵੀ ਵਾਂਗ ਬਹਾਰਾਂ ਮਾਣੀ ਦਾ।
ਪਹਿਲਾਂ ਜਿੱਥੇ ਪਾਣੀ ਬਾਝੋਂ ਸੋਕਾ ਸੀ,
ਉੱਥੇ ਵੇਖੋ ਕਹਿਰ ਮਚਾਇਆ ਪਾਣੀ ਦਾ।
ਮੋਹ ਚ ਫਸ ਜੋ ਅਪਣਾ ਆਪ ਲੁਟਾ ਬੈਠੇ,
ਉਸ ਮਾਂ ਪਿਉ ਦਾ ਜਾ ਕੇ ਦਰਦ ਪਛਾਣੀ ਦਾ।
ਨਾਲ ਹੁਕਮ ਮਰਵਾਤੇ ਜਿਸ ਨੇ ਬੇ ਦੋਸ਼ੇ,
ਆਖਰ ਨੂੰ ਕੀ ਬਣਿਆ ਵੇਖੋ ਰਾਣੀ ਦਾ।
ਜਿਸ ਦੇ ਸੌਹਰ ਮੱਦਦ ਕੀਤੀ ਮਜਲੂਮਾਂ ਦੀ,
ਰੋਟੀ ਖਾਤਰ ਤਰਸੇ ਬਾਲ ਸੁਆਣੀ ਦਾ।
ਸਬਰ ਸ਼ੁਕਰ ਦਾ ਪੱਲਾ ਜਿਸ ਨੇ ਫੜਿਆ ਹੈ,
ਜੀਵਨ ਸਫਲਾ ਹੋ ਜਾਂਦਾ ਉਸ ਪ੍ਰਾਣੀ ਦਾ।
ਸਾਰੀ ਉਮਰ ਮਚਾ ਹੈ ਰੱਖੀ ਜਿਸ ਨੇ ਲੁਟ,
ਉਹ ਹੀ ਮੁੱਖੀ ਬਣ ਬੈਠਾ ਹੈ ਢਾਣੀ ਦਾ।
ਗੱਲਾਂ ਦੀ ਜਿਸ ਖੱਟੀ ਖਾਧੀ ਹੁਣ ਤਾਈਂ,
ਠੀਕ ਕਰੂ ਤੰਦ ਕਿਵੇਂ ਉਲਝੀ ਤਾਣੀ ਦਾ।
ਸਿੱਧੂ ਕੰਮ ਕਰੇ ਨਾ ਮਾੜਾ ਜੀਵਨ ਵਿਚ,
ਜੋ ਹੁੰਦਾ ਹੈ ਸੱਚਾ ਕਿੱਤੇ ਬਾਣੀ ਦਾ।