ਚੁਗਲੀ (ਮਿੰਨੀ ਕਹਾਣੀ)

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


"ਤੇਰੇ ਇਹ ਘਰ ਵਿੱਚ ਹਰ ਰੋਜ਼ ਦੇ ਕਲੇਸ਼ ਨੇ ਇੱਕ ਦਿਨ ਕਿਸੇ ਦੀ ਜਾਨ ਲੈ ਲੈਣੀ ਐਂ, ਮੈਨੂੰ ਦੀਂਹਦਾ ਐ ਕਿ ਇਹ ਆਪਣੇ ਘਰੇ ਹੋਊ ਹੋਊ"। ਕਰਮਾਂ ਨਿੰਦੀ ਦੀ ਨਿੱਤ ਨਿੱਤ ਦੀ ਲੜਾਈ ਤੋਂ ਤੰਗ ਆ ਚੁੱਕਿਆ ਸੀ ਤੇ ਅੱਜ ਓਹਨੇ ਸ਼ਹਿਰ ਜਾਣ ਲੱਗਿਆਂ ਇਹ ਸ਼ਬਦ ਬਹੁਤ ਗੁੱਸੇ ਵਿੱਚ ਨਿੰਦੀ ਨੂੰ ਕਹੇ ਤੇ ਸ਼ਹਿਰ ਨੂੰ ਤੁਰ ਗਿਆ।
      ਕਰਮਾਂ ਤੇ ਨਿੰਦੀ ਦੇ ਵਿਆਹ ਨੂੰ ਕਈ ਸਾਲ ਬੀਤ ਗਏ ਸਨ ਸੁੱਖ ਨਾਲ ਇੱਕ ਸਾਢੇ ਚਾਰ ਸਾਲ ਦਾ ਬਹੁਤ ਸੋਹਣਾ ਪੁੱਤਰ ਵੀ ਵਾਹਿਗੁਰੂ ਨੇ ਨਿੰਦੀ ਦੀ ਝੋਲੀ ਪਾਇਆ ਸੀ।ਸਾਰਾ ਪਰਿਵਾਰ ਬਹੁਤ ਖੁਸ਼ੀ ਜੀਵਨ ਬਤੀਤ ਕਰ ਰਿਹਾ ਸੀ ਕਿ ਹੁਣ ਥੋੜ੍ਹੇ ਜਿਹੇ ਸਮੇਂ ਤੋਂ ਘਰ ਦੇ ਵਿੱਚ ਹਰ ਰੋਜ਼ ਹੀ ਕਾਟੋ ਕਲੇਸ਼ ਰਹਿਣ ਲੱਗਾ ਸੀ। ਨਾਂ ਤਾਂ ਨਿੰਦੀ ਬੇਟੇ ਰੰਮੀ ਦੀ ਪਰਵਰਿਸ਼ ਵਿੱਚ ਤੇ ਨਾਂ ਹੀ ਕਰਮੇਂ ਦੀ ਸੇਵਾ ਟਹਿਲ ਵਿੱਚ ਬਿਲਕੁਲ ਕੋਈ ਧਿਆਨ ਦਿੰਦੀ ਸੀ, ਸਗੋਂ ਹਰ ਸਮੇਂ ਮੱਥੇ ਤਿਓੜੀ ਤੇ ਸ਼ੱਕ ਦੀ ਨਜ਼ਰ ਨਾਲ ਵੇਂਹਦੀ,ਕਰਮੇਂ ਦੇ ਬੁੱਢੇ ਮਾ ਬਾਪ ਤਾਂ ਆਮ ਕਹਾਵਤ ਵਾਂਗ ਤੀਜੇ ਸਨ,ਓਨਾਂ ਨੂੰ ਕੀਹਨੇ ਪੁੱਛਣਾ ਸੀ?
           ਜਦੋਂ ਕਰਮਾਂ ਕਿਤੇ ਰਾਤ ਨੂੰ ਪਿਆ ਸੋਚਦਾ ਕਿ ਇਹ ਸਾਡੇ ਘਰ ਨੂੰ ਸੱਚੇ ਪਾਤਸ਼ਾਹ ਕੀ ਹੋ ਗਿਆ? ਕੀਹਦੀ ਕਲਹਿਣੀ ਨਜ਼ਰ ਲੱਗ ਗਈ,ਤਾਂ ਓਹਦੇ ਮੂਹਰੇ ਗਵਾਂਢ ਚ ਰਹਿੰਦੀ ਬਿਸ਼ਨੋ ਤਾਈ ਘੁੰਮ ਜਾਂਦੀ,ਜੋ ਕੁੱਝ ਦੇਰ ਤੋਂ ਨਿੰਦੀ ਨਾਲ ਕੁੱਝ ਜ਼ਿਆਦਾ ਹੀ ਘੁਲਮਿਲ ਗਈ ਸੀ,ਪਰ ਓਹਨੇ ਕਦੇ ਇਧਰ ਧਿਆਨ ਨਹੀਂ ਸੀ ਦਿੱਤਾ,ਕਿਉਂਕਿ ਅੱਸੀਆਂ ਨੂੰ ਢੁੱਕੀ ਬਿਸ਼ਨੋ ਨੂੰ ਸਾਰੇ ਹੀ ਸਿਆਣੀ ਸਮਝਦੇ ਸਨ,ਪਰ ਆਮ ਕਹਾਵਤ ਹੈ ਕਿ ਚੁਗਲੀ ਘਰ ਬਰਬਾਦ ਕਰ ਦਿੰਦੀ ਹੈ,ਸੋ ਓਹੋ ਈ ਕਰਮੇਂ ਦੇ ਘਰ ਵਿੱਚ ਬਣਦਾ ਜਾਂਦਾ ਸੀ।ਬਿਸ਼ਨੋ ਨਿੰਦੀ ਦੇ ਸਦਾ ਕੰਨ ਭਰਦੀ ਰਹਿੰਦੀ ਕਿ ਕਰਮਾਂ ਕੰਮ ਘੱਟ ਕਰਦੈ ਤੇ ਗੁੱਝਾ ਨਸ਼ਾ ਜ਼ਿਆਦਾ ਕਰਦੈ ਤੇ ਕੁੜੀਆਂ ਦੇ ਮਗਰ ਜ਼ਿਆਦਾ ਫਿਰਦਾ ਰਹਿੰਦਾ ਹੈ,ਕਹਿੰਦੀ ਮੈਂ ਆਪ ਅੱਖੀਂ ਡਿੱਠਾ ਹੈ।ਤੀਵੀਂ ਜਾਤ ਦਾ ਜ਼ਿਆਦਾ ਸ਼ੱਕੀ ਸੁਭਾਅ ਕਰਕੇ ਹੀ ਨਿੰਦੀ ਤੇ ਇਹ ਗੱਲ ਕੁੱਝ ਛੇਤੀ ਹੀ ਅਸਰ ਕਰ ਗਈ ਸੀ।
                ਕਰਮਾਂ ਵਧੀਆ ਸੁਭਾਅ ਵਾਲਾ ਨਸ਼ਿਆਂ ਤੋਂ ਦੂਰ ਆਪਣੇ ਪਰਿਵਾਰ ਤੇ ਭਵਿੱਖ ਲਈ ਚਿੰਤਾਤੁਰ ਰਹਿਣ ਵਾਲਾ ਸਾਊ ਸੁਭਾਅ ਦਾ ਇਨਸਾਨ ਸੀ।ਪਰ ਘਰ ਵਿੱਚ ਹਰ ਰੋਜ਼ ਹੁੰਦੀ ਇਸ ਲੜਾਈ ਨੇ ਉਸ ਨੂੰ ਹਰਾ ਦਿੱਤਾ ਸੀ।
                ਅੱਜ ਓਹ ਜਾਂਦਾ ਜਦੋਂ ਇਹ ਉਪਰੋਕਤ ਸਬਦ ਕਰਮੋਂ ਨੂੰ ਕਹਿ ਰਿਹਾ ਸੀ ਤਾਂ ਉਸਦਾ ਮੱਥਾ ਵੀ ਠਣਕਿਆ ਸੀ।ਸਾਵਨ ਦੇ ਮਹੀਨੇ ਵਿੱਚ ਇਸ ਵਾਰ ਬਾਰਸ਼ ਵੀ ਕੁੱਝ ਜ਼ਿਆਦਾ ਹੋ ਰਹੀ ਸੀ,ਨਿੰਦੀ ਬਿਸ਼ਨੋ ਨਾਲ ਗੱਲੀਂ ਲੱਗੀ ਸੀ ਜਾਂ ਚੁਗਲੀਆਂ ਸੁਣ ਰਹੀ ਸੀ ਕਿ ਅਚਾਨਕ ਰੰਮੀ ਦੀ ਰੋਣ ਦੀ ਆਈ ਪਰ ਉਸ ਨੇ ਆਵਾਜ਼ ਨੂੰ ਵੀ ਅਣਗੌਲਿਆਂ ਕਰ ਦਿੱਤਾ,ਪਰ ਓਹਦੀ ਕੂਲਰ ਦੇ ਨਾਲ ਲੱਗ ਕੇ ਇਹ ਆਖਰੀ ਲੇਰ ਸੀ ਜੋ ਰੱਬ ਨੂੰ ਪਿਆਰਾ ਹੋ ਚੁੱਕਿਆ ਸੀ,ਜੋ ਕਿ ਬਰਾਂਡੇ ਵਿੱਚ ਪਿਆ ਸ਼ਾਟ ਹੋ ਚੁੱਕਾ ਸੀ ਪਰ ਸਾਰੇ ਇਸ ਤੋਂ ਅਣਜਾਣ ਸਨ।ਨਿੰਦੀ ਇਸ ਗੱਲ ਤੋਂ ਬੇਖਰ ਸੀ ਭੌਰ ਉਡਾਰੀ ਮਾਰ ਗਿਆ ਸੀ, ਆਵਾਜ਼ ਕਿਥੋਂ ਆਉਣੀ ਸੀ? ‌ਪੰਦਰਾਂ ਵੀਹ ਮਿੰਟ ਬਾਅਦ ਜਦੋਂ ਬਿਸ਼ਨੋ ਗਈ ਤਾਂ ਉਸ ਨੇ ਅੰਦਰ ਆ ਕੇ ਵੇਖਿਆ ਤਾਂ ਰੰਮੀ ਸਵਾਸ ਤਿਆਗ ਚੁੱਕਿਆ ਸੀ ਨਿੰਦੀ ਨੇ ਚੀਕ ਚਿਹਾੜਾ ਮਚਾਇਆ ਤੇ ਸਾਰਾ ਆਂਢ ਗੁਆਂਢ ਕੀ ਪਿੰਡ ਈ ਇਕੱਠਾ ਹੋ ਚੁੱਕਾ ਸੀ।ਪਰ ਹੁਣ ਕੀ ਬਣਦਾ ਸੀ।ਅੱਧੇ ਘੰਟੇ ਦੇ ਵਕਫੇ ਬਾਅਦ ਕਰਮਾਂ ਵੀ ਸ਼ਹਿਰੋਂ ਆਇਆ ਘਰ ਅੱਗੇ ਇਕੱਠ ਤੇ ਰੋਂਦੇ ਕੁਰਲਾਉਂਦੇ ਵੇਖ ਕੇ ਉਸ ਨੂੰ ਗਸ਼ ਪੈ ਗਈ,ਜੋ ਬੇਸੁੱਧ ਹੋਇਆ ਕਹਿ ਰਿਹਾ ਸੀ ਕਿ ਮੈਂ ਤਾਂ ਅੱਜ ਈ ਇਹ ਕਿਹਾ ਸੀ,ਕਿ ਤੇਰਾ ਨਿੱਤ ਦਾ ਕਲੇਸ਼ ਘਰ ਦਾ ਕੋਈ ਜੀਅ ਲੈ ਲਵੇਗਾ।ਹਾਏ ਓਏ ਮੇਰਿਆ ਰੱਬਾ ਮੈਂ ਪੱਟਿਆ ਗਿਆ,ਓਧਰ ਕਰਮੇਂ ਦੇ ਮਾਪੇ ਧਾਹਾਂ ਮਾਰ ਮਾਰ ਕੇ ਰੋ ਰਹੇ ਸਨ ਜਿਨ੍ਹਾਂ ਦਾ ਪਿਆਰਾ ਪੋਤਰਾ ਘਰ ਦੇ ਇਸ ਕਲੇਸ਼ ਨੇ ਲੈ ਲਿਆ ਸੀ, ਪਿੰਡ ਵਾਲੇ ਧਰਵਾਸ ਬਣ੍ਹਾ ਰਹੇ ਸਨ।---ਕਰਮੇਂ ਨੇ ਉੱਚੀ ਧਾਹ ਮਾਰੀ ਤੇ ਉਸ ਨੂੰ ਵੀ ਚੰਚਲ ਪੈ ਚੁੱਕੀ ਸੀ ਜਿਸ ਨੂੰ ਚਮਚੇ ਨਾਲ ਤੋੜਨ ਨਿਹਸਫਲ ਕੋਸ਼ਿਸ਼ ਹੋ ਰਹੀ ਸੀ ---