ਪੁਸਤਕ -----ਦ੍ਰਿਸ਼ਟੀਕੋਣ
ਲੇਖਕ ----ਅਮਰਜੀਤ ਬਰਾੜ
ਪ੍ਰਕਾਸ਼ਕ ---ਪੰਜ ਆਬ ਪ੍ਰਕਾਸਨ ਜਲੰਧਰ
ਪੰਨੇ ----96 ਮੁੱਲ ----120 ਰੁਪਏ
ਅਮਰਜੀਤ ਬਰਾੜ ਪੰਜਾਬੀ ਦਾ ਖੋਜੀ ਨਿਬੰਧਕਾਰ ਹੈ। ਉਹ ਜ਼ਿੰਦਗੀ ਪ੍ਰਤੀ ਚਿੰਤਨਸੀਲ ਹੈ । ਅਖਬਾਰਾਂ ਵਿਚ ਉਸਦੇ ਨਿਬੰਧ ਅਕਸਰ ਜ਼ਿੰਦਗੀ ਦੇ ਵਿਭਿੰਨ ਸਰੋਕਾਰਾਂ ਨਾਲ ਜੁੜੇ ਹੁੰਦੇ ਹਨ । ਵਰਤਮਾਨ ਵਿਚ ਅਮਰਜੀਤ ਬਰਾੜ ਨਿਬੰਧਕਾਰੀ ਦਾ ਉਸਤਾਦ ਹੈ ।ਇਸ ਸੰਗ੍ਰਹਿ ਵਿਚ ਉਸਦੇ 24 ਬਿਹਤਰੀਂਨ ਨਿਬੰਧ ਹਨ । ਸਾਰੇ ਨਿਬੰਧਾਂ ਦੀ ਸ਼ੈਲੀ ਬਾਕਮਾਲ ਹੈ । ਕਿਉਂ ਕਿ ਉਸ ਦੀ ਲਿਖਣ ਸ਼ੈਲੀ ਵਿਚ ਜ਼ਿੰਦਗੀ ਨਾਲ ਜੁੜੀਆਂ ਕਈ ਅਟਲ ਸਚਾਈਆਂ ਵਰਗੇ ਵਾਕਾਂ ਦੀ ਭਰਮਾਰ ਹੈ । ਕਿਤਾਬ ਪੜ੍ਹਦੇ ਜਾਈਏ ਤਾਂ ਅੰਦਰ ਚਾਨਣ ਹੁੰਦਾ ਜਾਂਦਾ ਹੈ । ਜੇ ਵਾਰਤਕ ਦੀ ਇਸ ਕਿਤਾਬ ਨੂੰ ਗਿਆਨ ਦਾ ਸੋਮਾ ਕਹਿ ਲਿਆ ਜਾਵੇ ਤਾਂ ਕੋਈ ਅਤਕਥਨੀ ਨਹੀ ਹੈ । ਸਰਲ ਸ਼ਬਦਾਵਲੀ ਵਿਚ ਆਮ ਬੰਦਾ ਵੀ ਸਮਝ ਸਕਦਾ ਹੈ । ਲੇਖਕ ਦੇ ਜ਼ਿੰਦਗੀ ਪ੍ਰਤੀ ਦ੍ਰਿਸ਼ਟੀਕੋਣ ਤੋਂ ਭਲੀ ਭਾਂਤ ਜਾਣ ਸਕਦਾ ਹੈ । ਸਾਡੀ ਸੋਚ ਵਰਤਮਾਨ ਵਿਚ ਕਿਹੋ ਜਿਹੀ ਬਣ ਗਈ ਹੈ। ਅਸੀਂ ਕੀ ਕਰਮ ਕਰਦੇ ਹਾਂ ਕੀ ਕਰਨਾ ਚਾਹੀਦਾ ਹੈ । ਨਿਬੰਧ ਪੜ੍ਹ ਕੇ ਮਨ ਖਿੜ ਜਾਂਦਾ ਹੈ ।ਜਿਵੇਂ ਕੋਈ ਉਪਦੇਸ਼ਕ ਲੋਕ ਭਾਸ਼ਾ ਵਿਚ ਜ਼ਿੰਦਗੀ ਦੇ ਅਰਥ ਸਮਝਾ ਰਿਹਾ ਹੋਵੇ । ਇਸ ਕਿਤਾਬ ਤੋਂ ਪਹਿਲਾਂ ਅਮਰਜੀਤ ਬਰਾੜ ਜ਼ਿੰਦਗੀ ਬਾਰੇ ਖੋਜ ਮਈ ਦਸ ਕਿਤਾਬਾਂ ਲਿਖਕੇ ਪਾਠਕਾਂ ਵਿਚ ਨਿਬੰਧ ਲੇਖਕ ਦੇ ਤੌਰ ਤੇ ਸਥਾਪਿਤ ਹੋ ਚੁੱਕਾ ਹੈ । ਉਸਦੀਆਂ ਕਿਤਾਬਾ-,ਜ਼ਿੰਦਗੀ ਦਾ ਸਿਰਨਾਵਾਂ ,ਜ਼ਿੰਦਗੀ ਦਾ ਤੀਜਾ ਨੇਤਰ , ਕਵਿਤਾ ਵਰਗੀ ਜ਼ਿੰਦਗੀ ,ਜ਼ਿੰਦਗੀ ਦੇ ਸਬਕ ,ਆਦਰਸ਼ ਜ਼ਿੰਦਗੀ ਦੀ ਖੌਜ, ਸ਼ਖਸੀਅਤ ਜ਼ਿੰਦਗੀ ਦੀ ਦੌਲਤ ਦੇ ਨਾਵਾਂ ਤੋਂ ਹੀ ਸਪਸ਼ਟ ਹੈ ਕਿ ਲੇਖਕ ਜ਼ਿੰਦਗੀ ਦੀ ਅੱਖ ਵਿਚ ਅੱਖ ਮਿਲਾ ਕੇ ਗੱਲ ਕਰਦਾ ਹੈ । ਗੱਲਾਂ ਵੀ ਇਸ ਕਦਰ ਮੁੱਲਵਾਨ ਹਨ ਕਿ ਇਤਿਹਾਸਕ ਹਵਾਲਿਆਂ ਨਾਲ ਨਿਬੰਧ ਦੀ ਖੂਬਸੂਰਤੀ ਵਿਚ ਵਾਧਾ ਹੁੰਦਾ ਹੈ ।ਕੁਝਂ ਅਜਿਹੇ ਵਾਕ ਵੇਖੋ –ਕੋਈ ਵੀ ਦੁਖੀ ਨਹੀਂ ਹੋਣਾ ਚਾਹੁੰਦਾ ਪਰ ਫਿਰ ਵੀ ਲੋਕ ਦੁਖੀ ਹੁੰਦੇ ਹਨ ।(ਸਪਸ਼ਟ ਕਿ ਦੁਖ ਸੁਖ ਬੰਦੇ ਦੇ ਵਸ ਵਿਚ ਨਹੀਂ ਹਨ )।-----ਬਚਤ ਉਹ ਰਿਸ਼ਤੇਦਾਰ ਹੈ ਹੋਰ ਕੋਈ ਕੰਮ ਆਵੇ ਨਾ ਆਵੇ ਪਰ ਕੀਤੀ ਹੋਈ ਬਚਤ ਜ਼ਰੂਰ ਕੰਮ ਆੳਦੀ ਹੈ ।----ਕਲਮ ਕਦਮ ਅਤੇ ਕਸਮ ਧਿਆਨ ਨਾਲ ਚੁਕੋ ----ਗਲਬਾਤ ਸ਼ਖਸ਼ੀਅਤ ਦੀ ਪਹਿਚਾਣ ਹੁੰਦੀ ਹੈ -----ਮਰਦ ਦੀ ਅਸਲ ਖੂਬਸੂਰਤੀ ਉਸਦੀ ਜ਼ਬਾਨ ਹੁੰਦੀ ਹੈ ।-----ਆਪਣੇ ਆਪ ਨੂੰ ਬੁਰੇ ਖਿਆਲਾਂ ਤੋਂ ਬਚਾਉ---ਪਿਆਰ ਸੱਚਾ ਹੋਵੇ ਤਾਂ ਕਦੇ ਟੁਟਦਾ ਨਹੀਂ ----ਵਡੇ ਫੈਸਲੇ ਦਿਮਾਗ ਨਾਲ ਨਹੀਂ ਦਿਲ ਨਾਲ ਲਏ ਜਾਂਦੇ ਹਨ ---ਜੇਕਰ ਤੁਸੀਂ ਬੁਰੇ ਤੋਂ ਬੁਰੇ ਲੋਕਾਂ ਨਾਲ ਰਿਸ਼ਤਾ ਨਿਭਾਅ ਸਕਦੇ ਹੋ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਤੁਸੀਂ ਬਹੁਤ ਚੰਗੇ ਤੇ ਸਮਝਦਾਰ ਇਨਸਾਨ ਹੋ । (ਪੰਨਾ 10-11 ਨਿਬੰਧ ਦ੍ਰਿਸ਼ਟੀਕੋਣ )
ਮਨੁਖੀ ਜ਼ਿੰਦਗੀ ਦੇ ਕੀਮਤੀ ਅਨੁਭਵ ਨਿਬੰਧ ਵਿਚ ਲੇਖਕ ਦਾ ਕਥਨ ਹੈ-----ਕਈ ਆਪਣੇ ਕੰਮ ਵਿਚ ਐਨੇ ਵਿਅਸਤ ਹੁੰਦੇ ਹਨ ਕਿ ਉਂਨ੍ਹਾਂ ਕੋਲ ਉਦਾਸ ਹੋਣ ਜਾਂ ਚਿੰਤਾ ਕਰਨ ਦਾ ਸਮਾਂ ਨਹੀ ਬਚਦਾ (ਪੰਨਾ 13)---ਮਾਂ ਦੀ ਗਲਤ ਹੱਲਾਸ਼ੇਰੀ ਵਿਚ ਐਨੀ ਤਾਕਤ ਹੁੰਦੀ ਹੈ ਕਿ ਉਸ ਵਿਚ ਪੂਰੀ ਕੌਮ ਨੂੰ ਨੁਕਸਾਨ ਪਹੁੰਚਾਉਣ ਦੀ ਤਾਕਤ ਹੁੰਦੀ ਹੈ । ਜਿਹੇ ਵਾਕ ਬਹੁਤ ਕੁਝ ਸਮੋਈ ਬੈਠੈ ਹਨ । ਤੇ ਜ਼ਹੀਨ ਪਾਠਕ ਨੂੰ ਟੁੰਭਣ ਦੇ ਸਮਰਥ ਹਨ । ਪੁਸਤਕ ਦਾ ਹਰੇਕ ਪੰਨਾ ਅਜ਼ਿਹੇ ਵਾਕਾਂ ਨਾਲ ਭਰਿਆ ਹੋਇਆ ਹੈ । ਦਾਰਸ਼ਨਿਕ ਖਿਆਲਾਂ ਦਾ ਜਿਵੇਂ ਛਟਾ ਦਿਤਾ ਹੋਵੇ । ਹੋਰ ਵੇਖੋ ---ਭਾਰਤ ਦੇ ਲੋਕ ਸਵੇਰ ਵੇਲੇ ਜਲਦੀ ਨਾਲ ਉਠਦੇ ਹਨ ਪਰ ਉਹ ਜ਼ਿੰਦਗੀ ਵਿਚ ਦੇਰ ਨਾਲ ਜਾਗਦੇ ਹਨ (। ਮੌਕਿਆ ਨਾਲ ਮੁਹਬਤ (ਪੰਨਾ 17) ਵਿਚ ਕਥਨ ਹੈ ---ਛੋਟੇ ਲੋਕ ਕੰਮ ਕਰਦੇ ਹਨ ਜਦੋਂ ਕਿ ਵਡੇ ਲੋਕ ਫੈਸਲੇ ਕਰਦੇ ਹਨ )ਡਰ ਤੋਂ ਅਗੇ ਜਿਤ ਨਿਬੰਧ ਵਿਚ ਬੋਲ ਹਨ ----ਸਾਡੇ ਵਿਚ ਹਿੰਮਤ ਤੇ ਹੌਸਲੇ ਦੀ ਕਮੀ ਨਹੀਂ ਪਰ ਅਸੀਂ ਉਹ ਕੰਮ ਨਹੀ ਕਰਦੇ ਜਿਹਨਾਂ ਨਾਲ ਹਿੰਮਤ ਤੇ ਹੋਂਸਲਾ ਵਧਦਾ ਹੈ (ਪੰਨਾ 20)ਨਿਬੰਧ ਇਖਲਾਕੀ ਗਿਰਾਵਟ ,ਮਿਹਨਤ ਯੋਗਤਾ ਅਤੇ ਸਫਲਤਾ, ਰੰਗ ਬਰੰਗੀ ਸਿਆਸਤ ,ਰਿਸ਼ਤਿਆਂ ਦੀ ਖੂਬਸੂਰਤੀ, ਸਵਾਲ ਹੀ ਜਵਾਬ ਹੈ, ਸਬਰ ਦੀ ਅਮੀਰੀ, ਆਦਤਾਂ ਦੇ ਪੌਦੇ, ਨਜ਼ਰ ਤੋਂ ਨਜ਼ਰੀਆ , ਨਿਬੰਧਾਂ ਦੇ ਸਿਰਲੇਖ ਆਪਣੇ ਆਪ ਵਿਚ ਚਿੰਤਨਸ਼ੀਲ ਹਨ । ਇਂਨ੍ਹਾਂ ਵਿਚ ਭਾਰਤੀ ਸਿਆਸਤ ਦੇ ਰੰਗ ,ਨੇਤਾਵਾਂ ਦੇ ਕਿਰਦਾਰ ,ਭਾਰਤੀ ਚੋਣ ਪ੍ਰਣਾਲੀ ,ਅਮੀਰੀ ਗਰੀਬੀ ,ਸੰਘਰਸ਼ਾਂ ਦੇ ਮਿਠੇ ਫ਼ਲ ,ਬੰਦੇ ਦੇ ਨਿਜੀ ਸੁਆਰਥਾਂ ਪਿਛੇ ਕਾਰਨ ਤਲਾਸ਼ਦੇ ਹਨ ।,ਚੋਣਾਂ ਵੇਲੇ ਜੰਗਲ ਦੇ ਜਾਨਵਰਾਂ ਵਿਚ ਮੁਫਤ ਕੰਬਲ ਵੰਡਣ ਦੀ ਕਹਾਣੀ ਤੇ ਲੇਲੇ ਦਾ ਭੇਡ ਨੂੰ ਪੁਛਣਾ ਐਨੇ ਕੰਬਲ ਮਾਂ ਕਿਥੋ ਆਉਣਗੇ ।ਮਾ ਦਾ ਜੁਆਬ ਏ –ਪੁਤ ਆਪਣੀ ਉੱਨ ਹੀ ਲਾਹੁਣੀ ਏਂ । (ਪੰਨਾ 30)ਅਜੋਕੀ ਸਿਆਸਤ ਤੇ ਗੁਝੀ ਟਕੋਰ ਹੈ । ਲੇਖਕ ਸਮਾਜਿਕ ਮਸਲਿਆਂ ਨੂੰ ਮਨੋਵਿਗਿਆਨਕ ਸ਼ੈਲੀ ਵਿਚ ਪੇਸ਼ ਕਰਦਾ ਹੈ ।ਇਂਨ੍ਹਾਂ ਵਿਚ ਸਮਾਜ ਦੀ ਰਿਸ਼ਵਤਖੋਰੀ, ਬੇਈਮਾਨੀ ,ਬੇਰੁਜ਼ਗਾਰੀ, ਪਿਛੇ ਕਾਰਨ ,ਬੇਰੁਜ਼ਗਾਰ ਦੀ ਮਾਨਸਿਕਤਾ ,ਬੱਚਿਆਂ ਦਾ ਬਚਪਨ ,ਜ਼ਿੰਦਗੀ ਦੀਆਂ ਸੱਚੀਆਂ ਖੁਸ਼ੀਆਂ ਪੈਸੇ ਦੀ ਦੌੜ ਭਜ ਜਿਹੇ ਸੂਖਮ ਵਿਸ਼ੇ ਹਨ । ਨਿਬੰਧ ਸਵਾਲ ਹੀ ਜਵਾਬ ਹੈ (ਪੰਨਾ 43)ਵਿਚ ਪ੍ਰਸ਼ਨ ਨੁਮਾ ਸ਼ੈਲੀ ਦੇ ਵਾਕ ਹਨ –ਪਿਆਰ ਤਾਂ ਹਰ ਕੋਈ ਚਾਹੂੰਦਾ ਹੈ ਪਰ ਕਿਉਂ ?—ਹਰ ਕੋਈ ਸੁਖ ਚਾਹੁੰਦਾ ਹੈ ਪਰ ਕਿਉਂ ? .ਇਸ ਤਰਾਂ ਦੇ ਦਸ ਵਾਕਾਂ ਵਿਚ ਮਨੁਖ ਦੀ ਅੰਦਰਲੀ ਮਾਨਸਿਕਤਾ ਝਲਕਾਰੇ ਮਾਰਦੀ ਹੈ ।
ਇਹ ਸਾਡਾ ਵਹਿਮ ਹੈ ਕਿ ਸਾਡੇ ਚਲੇ ਜਾਣ ਤੋਂ ਬਾਅਦ ਪਤਾ ਨਹੀ ਕੀ ਹੋਵਗਾ ? ਨਿਬੰਧ ਆਦਤਾਂ ਦੇ ਪੌਦੇ ਵਿਚ ਸਾਡੀਆਂ ਚੰਗੀਆਂ ਮੰਦੀਆਂ ਆਦਤਾਂ ਬਾਰੇ ਗਹਿਰੇ ਵਿਚਾਰ ਹਨ ।ਨਜ਼ਰ ਤੋਂ ਨਜ਼ਰੀਆ ਵਿਚ ਮਨੁਖੀ ਚਰਿਤਰ ਬਾਰੇ ਦਾਰਸ਼ਿਨਕ ਸੋਚ ਹੈ । ਪਤੀ ਪਤਨੀ ਮਸਲੇ ਹਨ ।ਨਿਬੰਧ ਸ਼ੋਹਰਤਾਂ ਪ੍ਰਸਿਧੀਆਂ ਵਿਚ ਲੇਖਕ ਮਹਾਨ ਸ਼ਖਸ਼ੀਅਤਾਂ ਦੇ ਹਵਾਲੇ ਦਿੰਦਾ ਹੈ । ਨਾਵਲਕਾਰ ਨਾਨਕ ਸਿੰਘ ਦੇ ਜ਼ਿੰਦਗੀ ਬਾਰੇ ਅਨਮੋਲ ਵਿਚਾਰ ਹਨ ।ਇਕ ਥਾਂ ਲਿਖਿਆ ਹੈ ---ਰੱਬ ਦੇ ਘਰ ਦਾ ਨਕਸ਼ਾ ਵੇਖਣਾ ਹੋਵੇ ਤਾਂ ਕਿਸੇ ਮਨੁਖ ਦੇ ਦਿਲ ਵਿਚ ਝਾਤੀ ਮਾਰ ਕੇ ਵੇਖੋ (ਮਹਿਕਾਂ ਵੰਡਦੇ ਵਿਹੜੇਪੰਨਾ 61) ਇਕ ਹੋਰ ਕਥਨ ਸਚਾਈ ਹੈ – ਅਸੀਂ ਲੰਗਰ ਵਿਚ ਮਿਲ ਬੈਠ ਰੋਟੀ ਖਾਂਦੇ ਹਾਂ ਪਰਿਵਾਰ ਵਿਚ ਰੋਟੀ ਖਾਂਣ ਦੀ ਸਾਂਝ ਖਤਮ ਹੋ ਗਈ ਹੈ (ਪੰਨਾ 61)
ਨਿਬੰਧਾਂ ਵਿਚ ਸਿੱਖ ਵਿਰਾਸਤੀ ਹਵਾਲੇ ਬਹੁਤ ਹਨ ਖਾਸ ਕਰਕੇ ਗਰੂ ਗੋਬਿੰਦ ਸਿੰਘ ਗੁਰੂ ਸ਼ਾਹਿਬ ਦੇ ਸਾਹਿਬਜ਼ਾਦਿਆਂ ਦੇ ਪ੍ਰਸੰਗ ,ਬਾਬਾ ਬੰਦਾ ਸਿੰਘ ਬਹਾਦਰ, ਗੁਰੂ ਅੰਗਦ ਦੇਵ ਜੀ, ਗਰੂ ਨਾਨਕ ਸਾਹਿਬ ਦਾ ਖੇਤੀ ਦੀ ਕਿਰਤ ਕਰਨਾ ਨਿਬੰਧ’ ਆਜ਼ਾਦੀ ਗੁਲਾਮੀ ਦੀ ਭਾਵਨਾ’ ,ਮਿਹਨਤ ਦੇ ਚਮਤਕਾਰ ਤੇ ਮਨੁਖ ਨੂੰ ਮਿਲਦੀ ਸੰਤੁਸ਼ਟੀ ,ਆਦਿ ਵਿਸ਼ੇਸ਼ ਹਨ ।
ਪੁਸਤਕ ਦੇ ਤਤਕਰੇ ਵਿਚ 23 ਨਿਬੰਧਾਂ ਦੀ ਸੂਚੀ ਹੈ ।ਪੰਨਾ 40-41 ਗੈਰਹਾਜ਼ਰ ਹੈ। ਜਿਸ ਵਿਚ ਨਿਬੰਧ ‘ਇਮਾਨਦਾਰੀ ਸਫ਼ਲਤਾ ਦੀ ਕੁੰਜੀ’ ਸ਼ਾਮਲ ਹੈ। ਲਗਦੈ ਪਰੂਫ ਪੜ੍ਹਨ ਵਿਚ ਕਮੀ ਰਹਿ ਗਈ ਹੈ । ਵਾਰਤਕ ਸਾਹਿਤ ਵਿਚ ਇਹ ਪੁਸਤਕ, ਆਧੁਨਿਕ ਵਾਰਤਕ ਦੇ ਸ਼ਾਹਸਵਾਰ ਨਰਿੰਦਰ ਸਿੰਘ ਕਪੂਰ ਦੀ ਵਾਰਤਕ ਕਲਾ ਨੂੰ ਅਗੇ ਤੋਰਦੀ ਹੈ । ਪੁਸਤਕ ਦਾ ਵਧੀਆ ਮਿਆਰ ਵੇਖ ਕੇ ਯੂਨੀਵਰਸਿਟੀ /ਸਿਖਿਆ ਬੋਰਡ ਦੇ ਪਾਠਕਰਮ ਵਿਚ ਸ਼ਾਂਮਲ ਕਰਨ ਦੀ ਸਿਫਾਰਸ਼ ਕਰਦਾ ਹਾਂ । ਤਾਂ ਕਿ ਪੰਜਾਬੀ ਨਿਬੰਧ ਦਾ ਵਰਤਮਾਨ ਰੂਪ ਖੋਜਾਰਥੀਆਂ ,ਵਿਦਿਆਰਥੀਆਂ ਤੇ ਜ਼ਹੀਂਨ ਪਾਠਕਾਂ ਤਕ ਪਹੁੰਚ ਸਕੇ ।