ਡਾ ਸੁਮੀਤ ਸ਼ੰਮੀ ਦੁਆਰਾ ਅਨੁਵਾਦਿਤ "22ਵੀਂ ਸਦੀ" ਬ੍ਰਿਸਬੇਨ 'ਚ ਲੋਕ ਅਰਪਣ (ਖ਼ਬਰਸਾਰ)


"ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ" ਵੱਲੋਂ ਡਾ ਸੁਮੀਤ ਸ਼ੰਮੀ ਦੁਆਰਾ ਅਨੁਵਾਦ ਕੀਤੀ ਰਾਹੁਲ ਸੰਕਰਾਤਿਆਇਨ ਦੀ ਪੁਸਤਕ "22ਵੀਂ ਸਦੀ" ਲੋਕ ਅਰਪਣ ਕੀਤੀ ਗਈ। ਇਹ ਸਮਾਗਮ ਮਹਾਨ ਸਾਹਿਤਕ ਹਸਤੀ ਅਮ੍ਰਿਤਾ ਪ੍ਰੀਤਮ ਜੀ ਨੂੰ ਸਮਰਪਿਤ 'ਗਲੋਬਲ ਇੰਸਟੀਚਿਊਟ ਆਫ ਇਜੂਕੇਸ਼ਨ' ਵਿੱਚ ਕੀਤਾ ਗਿਆ ਸੀ। ਸਮਾਗਮ ਦੀ ਸ਼ੁਰੂਆਤ ਸਭਾ ਦੇ ਜਰਨਲ ਸਕੱਤਰ ਰਿਤੂ ਅਹੀਰ ਜੀ ਹੁਣਾ ਕੀਤਾ। ਉਹਨਾਂ ਨੇ ਅਮ੍ਰਿਤਾ ਪ੍ਰੀਤਮ ਜੀ ਮਸ਼ਹੂਰ ਕਵਿਤਾ "ਅੱਜ ਆਖਾਂ ਵਾਰਿਸ ਸ਼ਾਹ ਨੂੰ" ਪੇਸ਼ ਕੀਤੀ ਗਈ। ਸਭਾ ਮੀਤ ਪ੍ਰਧਾਨ ਵਰਿੰਦਰ ਅਲੀਸ਼ੇਰ ਹੁਣਾ ਨੇ ਭਾਰਤੀ ਖਿਡਾਰੀਆਂ ਬਾਰੇ ਭਾਵੁਕ ਕਰ ਦੇਣ ਵਾਲੀ ਵਾਰਤਾਲਾਪ ਸੁਣਾਈ ਜਿਸ ਦੌਰਾਨ ਉਹਨਾਂ ਪੰਜਾਬੀ ਭਾਈਚਾਰੇ ਵੱਲੋਂ ਕੀਤੀ ਪਹਿਲ ਕਦਮੀ ਦੀ ਸ਼ਲਾਘਾ ਕੀਤੀ। ਉਹਨਾਂ ਵੱਲੋਂ ਭਾਵਪੂਰਤ ਕਵਿਤਾ ਵੀ ਪੇਸ਼ ਕੀਤੀ ਗਈ। ਮਸ਼ਹੂਰ ਗਜ਼ਲਗੋ ਜਸਵੰਤ ਵਾਲਗਾ ਜੀ ਵੱਲੋਂ ਬਹੁਤ ਹੀ ਸ਼ਾਨਦਾਰ ਗਜ਼ਲਾਂ ਦਾ ਆਗਾਜ ਕੀਤਾ ਗਿਆ। ਸਭਾ ਪ੍ਰਧਾਨ ਨੌਜਵਾਨ ਸ਼ਾਇਰ ਪਰਮਿੰਦਰ ਸਿੰਘ ਵੱਲੋਂ ਆਪਣੀ ਮਧੁਰ ਵਿੱਚ ਆਵਾਜ ਵਿੱਚ ਦੋ ਗੀਤ ਗਾਏ ਗਏ ਤੇ ਇਸੇ ਦੌਰਾਨ ਉਹਨਾਂ ਵੱਲੋਂ ਇਸ ਵਰ੍ਹੇ ਦੀ ਕਾਰਜਕਾਰਨੀ ਟੀਮ ਤੋਂ ਸਰੋਤਿਆਂ ਨੂੰ ਜਾਣੂ ਕਰਵਾਇਆ ਗਿਆ। ਮੁੱਖ ਸਲਾਹਕਾਰ ਗੁਰਜਿੰਦਰ ਸੰਧੂ ਵੱਲੋਂ ਬਹੁਤ ਹੀ ਸ਼ਾਨਦਾਰ ਅੰਦਾਜ ਤੇ ਸੁਰੀਲੀ ਆਵਾਜ ਵਿੱਚ ਗਜ਼ਲ ਕਹੀ ਗਈ। ਉਹਨਾ ਬਹੁਤ ਹੀ ਅਰਥ ਭਰਪੂਰ ਕਵਿਤਾ ਮਨੀਪੁਰ ਹਾਦਸੇ ਬਾਰੇ ਪੇਸ਼ ਕੀਤੀ। ਮਸ਼ਹੂਰ ਸਮਾਜ ਸੇਵੀ ਇਕਬਾਲ ਧਾਮੀ ਜੀ ਵੱਲੋਂ 'ਮੇਰੀ ਮੌਤ 'ਤੇ ਨਾ ਰੋਇਓ" ਨਜਮ ਨੂੰ ਗਾ ਕੇ ਆਪਣੇ ਸੋਹਣੇ ਅੰਦਾਜ ਵਿੱਚ ਪੇਸ਼ ਕੀਤਾ ਗਿਆ । ਗੀਤਕਾਰ ਨਿਰਮਲ ਦਿਉਲ ਜੀ ਦੀ ਹਾਜਰੀ ਨੇ ਸਭਾ ਨੂੰ ਚਾਰ ਚੰਨ ਲਗਾਏ । ਉਹਨਾਂ ਵੱਲੋਂ ਵੀ ਆਪਣੀ ਰਚਨਾ ਸਰੋਤਿਆਂ ਨਾਲ ਸਾਂਝੀ ਕੀਤੀ ਗਈ। 

ਹਰਮਨਦੀਪ ਗਿੱਲ ਵੱਲੋਂ ਬਹੁਤ ਹੀ ਬੇਬਾਕ ਤੇ ਜਿੰਦਾਦਿਲ ਲੇਖਕ ਦੇਸ ਰਾਜ ਕਾਲ਼ੀ ਦੇ ਅਚਾਨਕ ਤੁਰ ਜਾਣ ਉਤੇ ਦੁੱਖ ਪ੍ਰਗਟ ਕੀਤਾ ਗਿਆ। ਉਹਨਾਂ ਦੇਸ ਰਾਜ ਕਾਲ਼ੀ ਨੂੰ ਸ਼ਰਧਾਜਲੀ ਭੇਂਟ ਕਰਨ ਵਜੋਂ ਲੋਰਕਾ ਤੇ ਹਰਭਜਨ ਸਿੰਘ ਹੁੰਦਲ ਦੀਆਂ ਦੋ ਕਵਿਤਾਵਾਂ ਬੋਲੀਆਂ। ਸਮਾਗਮ ਦੇ ਅੰਤ ਵਿੱਚ ਬਲਵਿੰਦਰ ਮੋਰੋਂ ਜੀ ਅਜਿਹੀਆਂ ਸਾਹਿਤਕ ਗਤੀਵਿਧੀਆ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਅਜਿਹੀਆਂ ਸਰਗਰਮੀਆਂ ਨਿਰਾਸ਼ ਹੋਏ ਲੋਕਾਂ ਲਈ ਵਰਦਾਨ ਬਣਦੀਆਂ ਹਨ । ਉਹਨਾਂ ਵਿੱਚ ਜਿੰਦਗੀ ਨਾਲ ਲੜਨ ਦਾ ਜਜਬਾ ਪੈਦਾ ਕਰਦੀਆਂ ਹਨ। ਉਹਨਾਂ ਸਾਹਿਤ ਦੀ ਰਚਨਾ ਤੇ ਸਾਹਿਤਕ ਸਮਾਗਮਾਂ ਦੀ ਲਗਾਤਾਰਤਾ ਬਣਾਈ ਰੱਖਣ ਲਈ ਕਿਹਾ। ਇਸ ਸਮਾਗਮ ਵਿੱਚ ਇਸ ਤੋਂ ਇਲਾਵਾ ਜਸਕਰਨ , ਰਮੇਸ਼ ਕੁਮਾਰ, ਜੋਗਿੰਦਰਪਾਲ, ਅਮਰਨਾਥ, ਸੋਢੀ ਲਾਲ, ਜਸਵਿੰਦਰ ਵਾਗਲਾ ਤੇ ਅਮਨਦੀਪ ਆਦਿ ਨੇ ਵਿਸ਼ੇਸ਼ ਤੌਰ ਉੱਤੇ ਹਾਜਰੀ ਭਰੀ।