"ਦੇਖ ਤੇਰੀ ਅੱਯਾਸ਼ੀ 'ਤੇ ਨਸ਼ੇ ਦੀ ਲਤ ਨੇ ਪਹਿਲਾਂ ਹੀ ਕਿੰਨੀ ਜਾਇਦਾਦ ਬਰਬਾਦ ਕਰ ਦਿੱਤੀ, ਤੇਰੇ ਇੰਨ੍ਹਾਂ ਕਾਰਿਆਂ ਨੇ ਤਾਂ ਦਿਨ-ਰਾਤ ਖੂਨ ਦੇ ਹੰਝੂ ਰੋਂਦੀ ਮੇਰੀ ਮਾਂ ਤੱਕ ਦੀ ਬਲੀ ਲੈ ਲਿੱਤੀ। ਹੁਣ ਤਾਂ ਕੁੱਝ ਸੁਧਰ ਜਾਹ। ਇਹ ਜ਼ਿੱਲਤ ਭਰੀ ਜ਼ਿੰਦਗੀ ਤੇ ਲੋਕਾਂ ਦੇ ਤਾਅਨੇ ਹੁਣ ਮੈਥੋਂ ਹੋਰ ਸਹਾਰ ਨ੍ਹੀਂ ਹੁੰਦੇ।" ਰੋਜਾਨਾਂ ਦੀ ਤਰ੍ਹਾਂ ਦੇਰ ਰਾਤ ਨਸ਼ੇ 'ਚ ਗੜੁਚ ਘਰ ਵੜਦੇ ਬਾਪ ਅੱਗੇ ਹਟਕੋਰੇ ਭਰ ਰੋਂਦੇ ਮੁੰਡੇ ਦੇ ਬੋਲਾਂ 'ਚ ਅੱਜ ਅੱਤ ਦੀ ਤਲਖ਼ੀ ਸੀ। ਪਰ ਇਹ ਸੱਚੇ ਤੇ ਤਲਖ਼ੀ ਭਰੇ ਬੋਲ ਉਸਨੂੰ ਵਿਹੁ ਵਰਗੇ ਲੱਗੇ ਤਾਂ ਉਸ ਕਚੀਚੀ ਜਿਹੀ ਵੱਟ ਇੱਕ ਗੰਦੀ ਗਾਲ ਕੱਢਦਿਆਂ ਆਪਣੇ ਮੁੱਛ ਫੁੱਟ ਗੱਭਰੂ ਮੁੰਡੇ ਵੱਲ ਥੱਪੜ ਉਗਰ ਲਿਆ, ਪਰ ਅਗਲੇ ਹੀ ਪਲ ਕੁੱਝ ਸੋਚ ਆਪਣਾ ਹੱਥ ਪਿੱਛੇ ਖਿੱਚ ਲਿਆ ਤੇ ਬੁੜ-ਬੁੜ ਕਰਦਾ ਲੜਖੜਾਉਦੇ ਕਦਮੀਂ ਆਪਣੇ ਕਮਰੇ ਵੱਲ ਹੋ ਤੁਰਿਆ। ਰਾਤ ਵਾਲੀ ਗੱਲ ਬਾਰੇ ਵਾਰ-ਵਾਰ ਸੋਚ ਅੰਦਰੋਂ ਅੰਦਰੀਂ ਕ੍ਰਿਝਦਾ ਅਗਲੇ ਦਿਨ ਉਹ ਆਪਣੇ ਅੱਯਾਸ਼ੀ ਦੇ ਅੱਡੇ 'ਤੇ ਬੈਠਾ ਬੜੀ ਹੀ ਗੰਭੀਰਤਾ ਨਾਲ ਕਾਨੂੰਨ ਦੀ ਪੜ੍ਹਾਈ ਪੜ੍ਹੇ ਆਪਣੇ ਇੱਕ ਮਿੱਤਰ ਨਾਲ ਕਾਫੀ ਦੇਰ ਵਿਚਾਰ ਵਿਟਾਂਦਰਾ ਕਰਦਾ ਰਿਹਾ। "ਕਹਿਣੇ ਤੋਂ ਬਾਹਰ ਹੋਏ ਤੇ ਮਾੜੀ ਸੰਗਤ 'ਚ ਗ੍ਰਾਸੇ ਆਪਣੇ ਬੇਟੇ ਨੂੰ ਮੈਂ ਤਮਾਮ ਚੱਲ- ਅਚੱਲ ਜਾਇਦਾਦ ਵਿਚੋਂ ਬੇਦਖਲ ਕਰਦਾ ਹਾਂ।" ਸੁਵੱਖਤੇ ਅਖਬਾਰ `ਚ ਆਪਣਾ ਬੇਦਖ਼ਲੀ ਨੋਟਿਸ ਦੇਖ, ਮੁੰਡੇ ਨੂੰ ਘੁਮੇਰ ਜਿਹੀ ਚੜ੍ਹ ਗਈ ਤੇ, 'ਮਾੜੀ ਸੰਗਤ' ਸਬਦ ਤਾਂ ਉਸਦੇ ਸੀਨੇ 'ਚ ਨਸ਼ਤਰ ਬਣ ਜਾ ਚੁਭਿਆ।