ਹਰਦਿਆਲ ਸਿੰਘ ਤੇ ਗੁਰਦਿਆਲ ਸਿੰਘ ਦੋਵੇਂ ਸਕੇ ਭਰਾਵਾਂ ਦਾ ਜ਼ਮੀਨ ਦੀ ਇੱਕ ਸਾਂਝੀ ਵੱਟ ਅਤੇ ਉਸ ਵੱਟ ਤੇ ਲੱਗੀ ਬਹੁਤ ਭਾਰੀ ਟਾਹਲੀ ਨੂੰ ਲੈ ਕੇ ਪਿਛਲੇ ਕਰੀਬ ਪੰਜ ਛੇ ਸਾਲ ਤੋਂ ਚਲਦੇ ਅਦਾਲਤੀ ਝਗੜੇ ਵਿੱਚ ਅੱਜ ਰਾਜ਼ੀਨਾਮਾ ਹੋਣ ਵਾਲਾ ਸੀ ਜਿਸ ਤੋਂ ਸਾਰਾ ਹੀ ਪਿੰਡ ਬਾਗੋ ਬਾਗ ਸੀ।
ਰੌਲਾ ਸਿਰਫ਼ ਛੇ ਕੁ ਇੰਚੀ ਇਧਰ ਓਧਰ ਕਰਨ ਵਾਲੀ ਵੱਟ ਦਾ ਤੇ ਜਾਂ ਬਹੁਤ ਵੱਡੀ ਮਹਿੰਗੇ ਮੁੱਲ ਦੀ ਟਾਹਲੀ ਦਾ ਸੀ,ਜਿਸ ਪਿੱਛੇ ਦੋਵੇਂ ਸਕੇ ਪਰਿਵਾਰ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਸਨ,ਇਸ ਮਹਿੰਗੇ ਮੁੱਲ ਦੀ ਟਾਹਲੀ ਨਾਲੋਂ ਕਿਤੇ ਵੱਧ ਪੈਸੇ ਅਦਾਲਤ ਦਿਆਂ ਚੱਕਰਾਂ ਚ ਲੱਗ ਚੁੱਕੇ ਸਨ,ਪਰ ਦੋਵਾਂ ਨੇ ਹੀ ਇਸ ਨੂੰ ਮੁੱਛ ਦਾ ਸਵਾਲ ਬਣਾ ਰੱਖਿਆ ਸੀ।ਕਚਹਿਰੀਆਂ ਦੀਆਂ ਪੈਂਦੀਆਂ ਤਾਰੀਖਾਂ ਨੇ ਵੀ ਦਿਵਾਲਾ ਕੱਢ ਰੱਖਿਆ ਸੀ,ਆਮ ਕਹਾਵਤ ਵੀ ਹੈ ਕਿ ਕਚਹਿਰੀਆਂ ਵਿੱਚ ਤਾਂ ਕੰਧਾਂ ਵੀ ਪੈਸੇ ਮੰਗਦੀਆਂ ਹਨ,ਅੱਜ ਨਵੀ ਫਾਇਲ ਲਿਆਓ, ਮੁਨਸ਼ੀ ਨੂੰ ਦਿਓ ਵਕੀਲ ਦੀ ਫ਼ੀਸ ਜਾਂ ਆਹ ਚਿੱਟੇ ਕਾਗਜ਼ ਲਿਆਓ।ਪੰਜ ਸਾਲ ਤੋਂ ਤਰੀਕਾਂ ਪੈਂਦੀਆਂ ਕਰਕੇ ਦੋਵੇਂ ਹੀ ਪਰਿਵਾਰ ਅਵਾਜ਼ਾਰ ਹੋਏ ਪਏ ਸਨ।
ਇਸ ਵਾਰ ਸਰਬਸੰਮਤੀ ਨਾਲ ਬਣੀ ਪੰਚਾਇਤ ਵਿੱਚ ਦੋਹਾਂ ਪਰਿਵਾਰਾਂ ਦਾ ਹੀ ਆਪਣਾ ਆਪਦਾ ਸਰਪੰਚ ਬਣ ਗਿਆ ਸੀ।ਬਣੀ ਹੋਈ ਪੰਚਾਇਤ ਨੇ ਪੰਚਾਇਤੀ ਕਾਰਵਾਈ ਪੂਰੀ ਕਰਦਿਆਂ ਪਹਿਲਾਂ ਬੀ ਡੀ ਓ ਦਫਤਰ ਫਿਰ ਐਸ ਡੀ ਐਮ ਦਫਤਰ ਤੇ ਡੀ ਸੀ ਦਫਤਰ ਚ ਆਪਣੀ ਹਾਜਰੀ ਲੁਆ ਕੇ ਪਿੰਡ ਵਿੱਚ ਸੱਭ ਤੋਂ ਪਹਿਲੀ ਮੀਟਿੰਗ ਵਿੱਚ ਪੂਰੀ ਪੰਚਾਇਤ ਨੇ ਦੋਹਾਂ ਪਰਿਵਾਰਾਂ ਦੀ ਰਜ਼ਾਮੰਦੀ ਕਰਵਾਉਣ ਦਾ ਫੈਸਲਾ ਸਹੁੰ ਖਾ ਕੇ ਕੀਤਾ। ਤੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਪਏ ਖੁਸ਼ੀ ਦੇ ਭੋਗ ਉਪਰੰਤ ਸਰਪੰਚ ਅਜਮੇਰ ਸਿੰਘ ਤੇ ਪੂਰੀ ਪੰਚਾਇਤ ਨੇ ਦੋਹਾਂ ਭਰਾਵਾਂ ਨੂੰ ਭਾਈ ਜੀ ਤੋਂ ਸਿਰੋਪਾਓ ਬਖਸ਼ਿਸ਼ ਕਰਵਾਉਂਦਿਆਂ ਦੋਹਾਂ ਦੀਆਂ ਜੱਫੀਆਂ ਪੁਆਈਆਂ ਤੇ ਸਾਰਾ ਫੈਸਲਾ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਪੰਚਾਇਤ ਵੱਲੋਂ ਕਰਨ ਤੇ ਕੇਸ ਵਾਪਸ ਕਰਵਾਉਣ ਦਾ ਸਾਰੇ ਪਿੰਡ ਸਾਹਮਣੇ ਲਿਆ ਕਰਕੇ ਹੀ ਅੱਜ ਦੋਵੇਂ ਭਰਾ ਅਦਾਲਤ ਵਿੱਚੋਂ ਕੇਸ ਵਾਪਸ ਕਰਵਾਉਣ ਜਾ ਰਹੇ ਸਨ।
ਦੋਵੇਂ ਧਿਰਾਂ ਦੇ ਵਕੀਲਾਂ ਨੇ ਲਿਖ ਦਿਤਾ ਤੇ ਜੱਜ ਸਾਹਿਬ ਨੇ ਦੋਵਾਂ ਭਰਾਵਾਂ ਦੀ ਸਹਿਮਤੀ ਨਾਲ ਕੇਸ ਵਾਪਸੀ ਤੇ ਸਾਈਨ ਕਰ ਦਿੱਤੇ ਇਹ ਸਾਰਾ ਕਾਰਜ ਅਦਾਲਤ ਵਿੱਚ ਮੌਜੂਦ ਸਰਬਸੰਮਤੀ ਨਾਲ ਬਣੀ ਪੰਚਾਇਤ ਦੇ ਸਾਹਮਣੇ ਹੀ ਹੋਇਆ।
ਪਿੰਡ ਆ ਕੇ ਸਰਪੰਚ ਸਾਹਿਬ ਨੇ ਦੋਹਾਂ ਪਰਿਵਾਰਾਂ ਨੂੰ ਪੰਜ ਛੇ ਦਿਨ ਖੇਤ ਨਾ ਆਉਣ ਦੀ ਤਾਕੀਦ ਕੀਤੀ ਤੇ ਕਿਹਾ ਕਿ ਦੋਵੇਂ ਪਰਿਵਾਰਾਂ ਦੇ ਸੀਰੀ ਹੀ ਖੇਤਾਂ ਚੋਂ ਪੱਠੇ ਦੱਥੇ ਲਿਆਉਣ ਤੁਸੀਂ ਸਿਰਫ਼ ਛੇ ਦਿਨ ਨਾ ਆਇਓ ਤੇ ਅਸੀਂ ਪੰਚਾਇਤੀ ਤੌਰ ਤੇ ਦੋਵਾਂ ਪਰਿਵਾਰਾਂ ਨਾਲ ਬਿਲਕੁਲ ਕੋਈ ਧੱਕਾ ਨਹੀਂ ਹੋਣ ਦਿਆਂਗੇ,ਪਰ ਸਾਨੂੰ ਥੋੜਾ ਸਮਾਂ ਚਾਹੀਦਾ ਹੈ।ਜਿਸ ਤੇ ਦੋਹਾਂ ਵੱਲੋਂ ਸਹਿਮਤੀ ਪ੍ਰਗਟਾਈ ਗਈ।
ਪੰਚਾਇਤ ਨੇ ਤਿੰਨ ਇੰਚੀ ਓਧਰੋਂ ਤੇ ਤਿੰਨ ਇੰਚ ਓਧਰੋਂ ਲੈ ਕੇ ਪੱਕੀ ਵੱਟ ਬਣਵਾ ਦਿੱਤੀ ਤੇ ਟਾਹਲੀ ਨੂੰ ਪੱਟਕੇ ਓਸ ਦੇ ਪੱਤੇ ਵਗੈਰਾ ਛਾਂਗ ਕੇ ਸੁੱਕਣ ਲਈ ਸਰਪੰਚ ਨੇ ਆਪਣੀ ਹਵੇਲੀ ਵਿੱਚ ਸਿਟਵਾ ਲਈ ਤੇ ਸੁੱਕਣ ਤੋਂ ਬਾਅਦ ਉਸ ਨੂੰ ਆਰੇ ਤੋਂ ਚਿਰਵਾ ਕੇ ਅੱਧੋ ਅੱਧ ਵੰਡਣ ਦਾ ਇਕਰਾਰ ਕਰ ਲਿਆ। ਛੇਵੇਂ ਦਿਨ ਦੋਹਾਂ ਭਰਾਵਾਂ ਤੇ ਪਰਿਵਾਰਾਂ ਨੂੰ ਸੱਦ ਕੇ ਸਾਂਝੀ ਵੱਟ ਵਿਖਾਈ ਜਿਸ ਤੇ ਦੋਵੇਂ ਧਿਰਾਂ ਖੁਸ਼ ਸਨ ਹੁਣ ਸਰਪੰਚ ਸਾਹਿਬ ਨੇ ਇਸੇ ਸਾਂਝੀ ਵੱਟ ਤੇ ਦੋਵਾਂ ਭਰਾਵਾਂ ਨੂੰ ਦਸ ਦਸ ਦਰਖ਼ਤ ਲਾਉਣ ਲਈ ਕਿਹਾ ਤੇ ਓਹਨਾਂ ਦੀ ਸੇਵਾ ਸੰਭਾਲ ਕਰਕੇ ਆਪੋ ਆਪਣੇ ਹਿਸੇ ਦੇ ਦਰਖਤ ਵੱਡੇ ਹੋਣ ਤੇ ਵੇਚਣ ਵੱਟਣ ਦਾ ਹੁਕਮ ਵੀ ਸੁਣਾਇਆ ਤਾਂ ਕਿ ਕਿਸੇ ਵੀ ਕਿਸਮ ਦੀ ਜਾਂ ਕਿਸੇ ਵੀ ਧਿਰ ਵੱਲੋਂ ਕੋਈ ਝਗੜੇ ਦੀ ਗੁੰਜਾਇਸ਼ ਹੀ ਨਾ ਰਹੇ।
ਇਸ ਤੇ ਜਿਥੇ ਦੋਵੇਂ ਪਰਿਵਾਰਾਂ ਵਿੱਚ ਖੁਸ਼ੀ ਦੀ ਲਹਿਰ ਸੀ ਓਥੇ ਸਾਰਾ ਪਿੰਡ ਵੀ ਸਮੁੱਚੀ ਪੰਚਾਇਤ ਤੇ ਹਰਦਿਆਲ ਸਿੰਘ ਅਤੇ ਗੁਰਦਿਆਲ ਸਿੰਘ ਦੇ ਪਰਿਵਾਰਾਂ ਨੂੰ ਇਸ ਯਾਦਗਾਰੀ ਫ਼ੈਸਲੇ ਤੇ ਵਧਾਈਆਂ ਦੇ ਰਿਹਾ ਸੀ।
ਅੱਜ ਇਸੇ ਖੁਸ਼ੀ ਵਿੱਚ ਦੋਵੇਂ ਪਰਿਵਾਰਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈ ਰਹੇ ਸਨ ਤੇ ਆਸੇ ਪਾਸੇ ਪਟੜੀ ਬੰਨੇ ਵੀ ਇਸ ਯਾਦਗਾਰੀ ਫ਼ੈਸਲੇ ਦਾ ਸਵਾਗਤ ਹੋ ਰਿਹਾ ਸੀ ਤੇ ਪੰਚਾਇਤ ਅਤੇ ਪਰਿਵਾਰਾਂ ਨੂੰ ਮੁਬਾਰਕਾਂ ਮਿਲ ਰਹੀਆਂ ਸਨ, ਤੇ ਲੋਕ ਇਹ ਕਹਿੰਦੇ ਸੁਣੇ ਗਏ ਕਿ ਇਹੋ ਜਿਹੇ ਸਾਰਥਕ ਤੇ ਸਹੀ ਫੈਸਲੇ ਗਰ ਪਿੰਡਾਂ ਚ ਹੋਣ ਲੱਗ ਪੈਣ ਤਾਂ ਇਸ ਤੋਂ ਵੱਧ ਖੁਸ਼ੀ ਕੀ ਹੋ ਸਕਦੀ ਹੈ?