ਦੂਣੀ ਦਾ ਪਹਾੜਾ
ਇੱਕ ਦੂਣੀ ਦੂਣੀ,ਦੋ ਦੂਣੀ ਚਾਰ।
ਭਰ-ਭਰ ਬੁੱਕਾਂ ,ਆਓ ਵੰਡੀਏ ਪਿਆਰ।
ਤਿੰਨ ਦੂਣੀ ਛੇ, ਚਾਰ ਦੂਣੀ ਅੱਠ।
ਕਦੇ ਵੀ ਭਰਾਵਾਂ ਉੱਤੇ, ਚੁੱਕੀਏ ਨਾ ਲੱਠ।
ਪੰਜ ਦੂਣੀ ਦਸ, ਹੁੰਦੇ ਛੇ ਦੂਣੀ ਬਾਰਾਂ!
ਵਿੱਦਿਆ ਨੂੰ ਪੜ੍ਹ ਯਾਰੋ, ਜ਼ਿੰਦਗੀ ਸੰਵਾਰਾਂ।
ਸੱਤ ਦੂਣੀ ਚੌਦਾਂ, ਅਤੇ ਅੱਠ ਦੂਣੀ ਸੋਲਾਂ।
ਮਿਸ਼ਰੀ ਜ਼ੁਬਾਨ ਵਿੱਚ, ਘੋਲ-ਘੋਲ ਬੋਲਾਂ।
ਨੌਂ ਦੂਣੀ ਠਾਰਾਂ, ਦਸ ਦੂਣੀ ਹੁੰਦੇ ਵੀਹ!
ਤੂੰ-ਮੈਂ ਵਿੱਚ ਯਾਰੋ, ਰੱਖਿਆ ਹੈ ਕੀ!
-ਤਿੰਨ ਦਾ ਪਹਾੜਾ
ਇੱਕ ਤੀਆ ਤੀਆ, ਤੇ ਦੋ ਤੀਏ ਛੇ!
ਫੇਲ੍ਹ ਕਾਹਤੋਂ ਹੁੰਦੇ, ਬਈ ਪੜ੍ਹ ਲੈਂਦੇ ਜੇ!
ਤਿੰਨ ਤੀਏ ਨੌਂ, ਤੇ ਚਾਰ ਤੀਏ ਬਾਰਾਂ।
ਕਰਦੇ ਪੜ੍ਹਾਈ ਜਿਹੜੇ, ਮਾਣਦੇ ਬਹਾਰਾਂ।
ਪੰਜ ਤੀਏ ਪੰਦਰਾਂ ਤੇ ਛੇ ਤੀਏ ਠਾਰਾਂ।
ਪੜ੍ਹ ਲੈਂਦਾ ਜਿਹੜਾ, ਉਹਦੀਆਂ ਨੇ ਪੌਂ ਬਾਰਾਂ!
ਸੱਤ ਤੀਏ ਇੱਕੀ, ਅੱਠ ਤੀਏ ਚੌਬੀ।
ਕਰੀਏ ਪੜ੍ਹਾਈ ਆਵੋ, ਸੋਨੂੰ-ਸ਼ਿੰਦੇ-ਰੌਬੀ।
ਨੌਂ ਤੀਏ ਸਤਾਈ ਤੇ ਦਸ ਤੀਏ ਤੀਹ।
ਹੁਣ ਤਾਂ ਕਿਤਾਬਾਂ ਬਿਨਾਂ, ਲਗਦਾ ਨਹੀਂ ਜੀ।
-ਚੌਕੇ ਦਾ ਪਹਾੜਾ
ਇੱਕ ਚੌਕਾ-ਚੌਕਾ, ਦੋ ਚੌਕੇ ਅੱਠ।
ਦੋ ਮਹੀਨੇ ਹੋ ਜਾਂਦੇ, ਜੇ ਦਿਨ ਹੋਣ ਸੱਠ।
ਤਿੰਨ ਚੌਕੇ ਬਾਰਾਂ, ਚਾਰ ਚੌਕੇ ਸੋਲਾਂ।
ਮਿੱਤਰ ਪਿਆਰੇ, ਫੇਸਬੁੱਕ ਉੱਤੇ ਟੋਲਾਂ।
ਚਾਰ ਪਾਂਜੇ ਵੀਹ, ਛੇ ਚੌਕੇ ਚੌਵੀ।
ਮਿੱਤਰਾਂ ਦੀ ਢਾਣੀ ਵਿੱਚੋਂ, ਗੁੰਮ ਹੋਇਆ ਬੌਵੀ।
ਸੱਤ ਚੌਕੇ ਅਠਾਈ, ਅੱਠ ਚੌਕੇ ਬੱਤੀ।
ਅੱਜ-ਕੱਲ੍ਹ ਮੋਬਾਇਲਾਂ ਮਾਰੀ, ਪਾੜ੍ਹਿਆਂ ਦੀ ਮੱਤੀ।
ਨੌਂ ਚੌਕੇ ਛੱਤੀ, ਦਸ ਚੌਕੇ ਚਾਲੀ।
ਫ਼ੋਨਾਂ ਉੱਤੇ ਹੋਈ ਹੁਣ, ਚੈਟਿੰਗ ਸੁਖਾਲੀ।
-ਪੰਜ ਦਾ ਪਹਾੜਾ
ਇੱਕ ਪਾਂਜਾ-ਪਾਂਜਾ, ਦੋ ਪਾਂਜੇ ਦਸ!
ਜ਼ਿੰਦਗੀ ਬਹੁ ਛੋਟੀ, ਇਹਨੂੰ ਮਾਣੋ ਹੱਸ ਹੱਸ।
ਤਿੰਨ ਪਾਂਜੇ ਪੰਦਰਾਂ, ਚਾਰ ਪਾਂਜੇ ਵੀਹ!
ਸੈਰ ਨੂੰ ਜੇ ਜਾਓ, ਹੁੰਦੀ ਉਮਰ ਵਸੀਹ।
ਪਾਂਜੋ ਪਾਂਜੇ ਪੱਚੀ, ਛੇ ਪਾਂਜੇ ਤੀਹ।
ਹੁੰਦੇ ਕਿਉਂ ਉਦਾਸ ਲੋਕੀਂ, ਜੰਮਦੀ ਜੇ ਧੀ।
ਸੱਤ ਪਾਂਜੇ ਪੈਂਤੀ, ਅੱਠ ਪਾਂਜੇ ਚਾਲੀ।
ਮਾਰਨੀ ਨਹੀਂ ਠੱਗੀ,ਭਾਵੇਂ ਜੇਬ ਹੋਵੇ ਖ਼ਾਲੀ।
ਨੌਂ ਪਾਂਜੇ ਪੰਤਾਲੀ ਤੇ ਦਸ ਪਾਂਜੇ ਪੰਜਾਹ।
ਹੱਕ ਦੀ ਕਮਾ ਕੇ ਬੀਬਾ, ਹੱਕ ਦੀ ਹੀ ਖਾਹ!
-ਛੇ ਦਾ ਪਹਾੜਾ
ਇੱਕ ਛਿੱਕਾ-ਛਿੱਕਾ, ਦੋ ਛਿੱਕੇ ਬਾਰਾਂ।
ਛੁੱਟੀਆਂ ਦੇ ਵਿੱਚ ਬੱਚੇ, ਮਾਰਦੇ ਨੇ ਟਾਹਰਾਂ।
ਤਿੰਨ ਛਿੱਕੇ ਅਠਾਰਾਂ, ਅਤੇ ਚਾਰ ਛਿੱਕੇ ਚੌਵੀ।
ਅਸੀਂ ਪੜ੍ਹਨਾ ਅਪਾਰ, ਭਾਵੇਂ ਹੋ ਜਾਵੇ ਜੋ ਵੀ।
ਪੰਜ ਛਿੱਕੇ ਤੀਹ, ਅਤੇ ਛੇ ਛਿੱਕੇ ਛੱਤੀ।
ਬੇਬੇ ਪੜ੍ਹਦਾਂ ਕਿਤਾਬ, ਬੰਦ ਕਰਿਓ ਨਾ ਬੱਤੀ।
ਸੱਤ ਛਿੱਕੇ ਬਿਆਲੀ, ਅੱਠ ਛਿੱਕੇ ਅਠਤਾਲੀ।
ਪੱਪੂ ਵਿਆਹ ਕਰਵਾਇਆ, ਉਹਦੀ ਸੁਹਣੀ ਘਰ ਵਾਲੀ।
ਨੌਂ ਛਿੱਕੇ ਚੁਰੰਜਾ, ਦਸ ਛਿੱਕੇ ਸੱਠ।
ਸਾਡਾ ਬਣਿਆਂ ਮਕਾਨ, ਅਸੀਂ ਕਰਨੀ ਹੈ ਚੱਠ।
-ਸੱਤ ਦਾ ਪਹਾੜਾ
ਇੱਕ ਸਾਤਾ-ਸਾਤਾ, ਦੋ ਸਾਤੇ ਚੌਦਾਂ।
ਭਰਾਂ ਜੀਭ ਵਿੱਚ ਰਸ, ਪਿਆਰ ਚਾਰੇ ਪਾਸੇ ਬੋ ਦਾਂ।
ਤਿੰਨ ਸਾਤੇ ਇੱਕੀ, ਚਾਰ ਸਾਤੇ ਅਠਾਈ।
ਹਿੰਦੂ-ਮੁਸਲਮਾਨ-ਸਿੱਖ, ਅਸੀਂ ਸਾਰੇ ਭਾਈ-ਭਾਈ।
ਪੰਜ ਸਾਤੇ ਪੈਂਤੀ, ਛੇ ਸਾਤੇ ਬਿਆਲੀ।
ਇੱਕ-ਦੂਜੇ ਦੀਆਂ ਜਿੱਤਾਂ, ਤੱਕ ਮਾਰਨੀ ਹੈ ਤਾਲੀ।
ਸਾਤੋ ਸਾਤੀ ਉਨੰਜਾ, ਅੱਠ ਸਾਤੇ ਛਪੰਜਾ।
ਬੇਬੇ ਛੱਡਦੇ ਤੂੰ ਪੀੜ੍ਹੀ, ਹੁਣ ਬੈਠ ਲੈ ਕੇ ਮੰਜਾ।
ਨੌਂ ਸਾਤੇ ਤਰੇਹਟ, ਦਸ ਸਾਤੇ ਸੱਤਰ।
ਕਿਤੇ ਰਸਤੇ ਚ ਹੋਵੇ, ਚੁੱਕ ਦੂਰ ਸੁੱਟੋ ਪੱਥਰ।
-ਅੱਠ ਦਾ ਪਹਾੜਾ
ਇੱਕ ਆਠਾ-ਆਠਾ, ਦੋ ਆਠੇ ਸੋਲਾਂ।
ਬਚਣਾ ਜੇ ਲੜਾਈਆਂ ਤੋਂ, ਕਰੋ ਕਿਸੇ ਨਾਲ ਵਾਧੂ ਨਾ ਕਲੋਲਾਂ।
ਤਿੰਨ ਆਠੇ ਚੌਵੀ, ਤੇ ਚਾਰ ਆਠੇ ਬੱਤੀ।
ਦੁੱਧ ਨਹੀਂ ਸਵਾਦ ਲੱਗਦਾ, ਚੰਗੀ ਲੱਗਦੀ ਐ ਦੁੱਧ ਵਿੱਚ ਪੱਤੀ।
ਪੰਜ ਆਠੇ ਚਾਲੀ, ਤੇ ਛੇ ਆਠੇ ਅਠਤਾਲੀ।
ਗੀਤ ਭੜਕੀਲੇ ਸੁਣਦੇ, ਨਵੇਂ ਪੋਚ ਨੂੰ ਨਹੀਂ ਫੱਬਦੀ ਕੱਵਾਲੀ।
ਸੱਤ ਆਠੇ ਹੈ ਛਪੰਜਾ, ਆਠੋ-ਆਠੀ ਚੌਹਟ।
ਕਰ ਲੌ ਪੜ੍ਹਾਈ ਦੱਬ ਕੇ, ਕਦੇ ਜ਼ਿੰਦਗੀ ਚ ਆਊਗੀ ਨਹੀਂ ਤੋਟ।
ਨੌਂ ਆਠੇ ਬਹੱਤਰ, ਤੇ ਦਸ ਆਠੇ ਅੱਸੀ।
ਦੰਦ ਨਾ ਤੁੜਾ ਲਈਂ ਬਹੋਨਿਆਂ, ਐਵੇਂ ਟੱਪਦੈਂ ਬੁਢਾਪੇ ਵਿੱਚ ਰੱਸੀ।
-ਨੌਂ ਦਾ ਪਹਾੜਾ
ਇੱਕ ਨਾਇਆਂ-ਨਾਇਆਂ, ਦੋ ਨਾਏਂ ਅਠਾਰਾਂ।
ਗਰਮੀ ਨੇ ਅੱਤ ਕਰਤੀ, ਪਾਣੀ ਪੀ-ਪੀ ਕੇ ਵਕਤ ਗੁਜ਼ਾਰਾਂ।
ਤਿੰਨ ਨਾਏਂ ਸਤਾਈ, ਤੇ ਚਾਰ ਨਾਏਂ ਛੱਤੀ।
ਗੱਡੀ ਵਿੱਚੋਂ ਬੇਬੇ ਦੀ, ਚੋਰ ਖਿੱਚ ਕੇ ਲੈ ਗਿਆ ਕੰਨੋਂ ਨੱਤੀ!
ਪੰਜ ਨਾਏਂ ਪੰਤਾਲੀ, ਛੇ ਨਾਏਂ ਚੁਰੰਜਾ।
ਚੁਰੰਜਵੇਂ ਚ ਚਾਚੇ ਦਾ, ਸਿਰ ਹੋ ਗਿਆ ਮਤੀਰੇ ਵਾਂਗ ਗੰਜਾ।
ਸੱਤ ਨਾਏਂ ਤ੍ਰੇਹਟ, ਤੇ ਅੱਠ ਨਾਏਂ ਬਹੱਤਰ।
ਸ਼ੁਭ ਵਰ ਦੇਈਂ ਫੱਕਰਾ, ਤੇਰੇ ਮੂੰਹ ਚ ਪਾਵਾਂਗਾ ਘਿਓ-ਸ਼ੱਕਰ।
ਨੌਂ ਨਾਏਂ ਇਕਆਸੀ, ਤੇ ਦਸ ਨਾਇਆਂ ਨੱਬੇ।
ਸੜਕੀ ਅਸੂਲ ਸਿੱਖ ਲਓ, ਸਦਾ ਚੱਲਣਾ ਚਾਹੀਦੈ ਪਾਸੇ ਖੱਬੇ।
-ਦਸ ਦਾ ਪਹਾੜਾ
ਇੱਕ ਦਾਇਆ-ਦਾਇਆ,ਦੋ ਦਾਇਆ ਵੀਹ।
ਸਭ ਤੋਂ ਸੁਖਾਲ਼ਾ ਇਹ ਪਹਾੜਾ ਵੀਰ ਜੀ।
ਤਿੰਨ ਦਾਏ ਤੀਹ ਤੇ ਚਾਰ ਦਾਏ ਚਾਲੀ,
ਫੁੱਲਾਂ ਦੀ ਸੰਭਾਲ ਕਰੇ ਬਾਗਾਂ ਵਿੱਚ ਮਾਲੀ।
ਪੰਜ ਦਾਏ ਪੰਜਾਹ ਤੇ ਛੇ ਦਾਏ ਸੱਠ,
ਕਰ ਲੈ ਪੜ੍ਹਾਈ ਬੀਬਾ ਕਰ ਨਾ ਤੂੰ ਹੱਠ।
ਸੱਤ ਦਾਏ ਸੱਤਰ ਤੇ ਅੱਠ ਦਾਏ ਅੱਸੀ,
ਚਾਹ ਦਾ ਕੀ ਪੀਣਾ,ਪੀਆ ਕਰੋ ਦੁੱਧ-ਲੱਸੀ।
ਨੌਂ ਦਾਇਆ ਨੱਬੇ ਤੇ ਦਸ ਦਾਏ ਸੌ,
ਛੱਡ ਵਾਧੂ ਕੰਮ ਤੇ ਸਕੂਲ ਰਾਹੇ ਪੌ।
-ਗਿਆਰਾਂ ਦਾ ਪਹਾੜਾ
ਗਿਆਰਾਂ ਏਕਮ ਗਿਆਰਾਂ ਤੇ ਗਿਆਰਾਂ ਦੂਣਾ ਬਾਈ।
ਚੱਲੀਏ ਸਕੂਲ ਆਪਾਂ ਲਾ ਕੇ ਟਾਈ-ਸ਼ਾਈ।
ਗਿਆਰਾਂ ਤੀਆ ਤੇਤੀ ਤੇ ਗਿਆਰਾਂ ਚੌਕ ਚੁਤਾਲੀ।
ਮਿੱਠੀ ਬੋਲੀ ਬੋਲੋ ਗੰਦੀ ਕੱਢੀਦੀ ਨਹੀਂ ਗਾਲ਼ੀ।
ਗਿਆਰਾਂ ਪੰਜ ਪਚਵੰਜਾ ਤੇ ਗਿਆਰਾਂ ਛੇ ਛਿਆਹਠ,
ਪੜ੍ਹੇ ਲਿਖੇ ਬੰਦਿਆਂ ਦੇ ਵੱਖਰੇ ਹੀ ਠਾਠ।
ਗਿਆਰਾਂ ਸੱਤ ਸਤੱਤਰ ਗਿਆਰਾਂ ਆਠਾ ਅਠਾਸੀ,
ਮਾਰ ਤਾੜੀ ਹੱਸ ਯਾਰਾ ਛੱਡ ਕੇ ਉਦਾਸੀ।
ਗਿਆਰਾਂ ਨੌਂ ਨੜ੍ਹਿਨਵੇਂ ਗਿਆਰਾਂ ਦਾਇਆ ਇੱਕ ਸੌ ਦਸ,
ਆਈ ਗਰਮੀ ਦੀ ਰੁੱਤ ਪੀਵੋ ਗੰਨਿਆਂ ਦਾ ਰਸ।
-ਬਾਰਾਂ ਦਾ ਪਹਾੜਾ
ਬਾਰਾਂ ਏਕਮ ਬਾਰਾਂ,ਬਾਰਾਂ ਦੂਣੀ ਚੌਵੀ।
ਕਰੋ ਸਦਾ ਸਤਿਕਾਰ ਹੋਵੇ ਵੱਡਾ-ਛੋਟਾ ਜੋ ਵੀ।
ਬਾਰਾਂ ਤੀਆ ਛੱਤੀ,ਬਾਰਾਂ ਚੌਕੇ ਅਠਤਾਲੀ,
ਪ੍ਰਦੁਸ਼ਣ ਕਰੋ ਨਾ ਖੇਤੀਂ ਸਾੜ ਕੇ ਪਰਾਲੀ।
ਬਾਰਾਂ ਪਾਂਜੇ ਸੱਠ,ਬਾਰਾਂ ਛਿਕਾ ਬਹੱਤਰ,
ਅੰਬਰਾਂ ਦੇ ਉੱਤੇ ਸਤਾਈ (27)ਹਨ ਨਛੱਤਰ।
ਬਾਰਾਂ ਸੱਤ ਚੁਰਾਸੀ,ਬਾਰਾਂ ਅੱਠ ਛਿਆਨਵੇਂ,
ਜਹਾਜਾਂ ਲਈ ਬਣਾਇਆ ਜਾਂਦਾ ਅੱਡਿਆਂ ਤੇ ਰਨ-ਵੇ।
ਬਾਰਾਂ ਨਾਇਆਂ ਇੱਕ ਸੌ ਅੱਠ,
ਬਾਰਾਂ ਦਾਇਆ ਇੱਕ ਸੌ ਵੀਹ।
ਤੂੰ-ਤੂੰ,ਮੈਂ-ਮੈਂ ਵਿੱਚ ,
ਯਾਰੋ ਰੱਖਿਆ ਹੈ ਕੀ!
-ਤੇਰਾਂ ਦਾ ਪਹਾੜਾ
ਤੇਰਾਂ ਏਕਮ ਤੇਰਾਂ,ਤੇਰਾਂ ਦੂਣਾ ਛੱਬੀ,
ਵਿੱਦਿਆ ਗਵਾਚੀ ਸੀ ਸਕੂਲ ਵਿੱਚੋਂ ਲੱਭੀ।
ਤੇਰਾਂ ਤੀਆ ਉਨਤਾਲੀ ਤੇਰਾਂ ਚੌਕੇ ਬਵੰਜਾ,
ਬਾਬਾ ਜੀ ਦਾ ਡਾਹ ਦਿੱਤਾ ਪੁੱਤਾਂ ਬੋਹੜਾਂ ਥੱਲੇ ਮੰਜਾ।
ਤੇਰਾਂ ਪਾਂਜਾ ਪੈਂਹਟ ਤੇਰਾਂ ਛਿਕੇ ਅਠੱਤਰ,
ਕਰਨੀ ਬਿਜਾਈ,ਹੈ ਜ਼ਮੀਨ ਹੋਈ ਵੱਤਰ।
ਤੇਰਾਂ ਸੱਤ ਇਕੰਨਵੇਂ ਤੇਰਾਂ ਅੱਠਾ ਇੱਕ ਸੌ ਚਾਰ!
ਕੀਤਾ ਨਹੀਂ ਸੀ ਹੌਮ-ਵਰਕ ਤਾਂ ਹੀ ਪਈ ਸਕੂਲੋਂ ਮਾਰ।
ਤੇਰਾਂ ਨਾਇਆਂ ਇੱਕ ਸੌ ਸਤਾਰਾਂ,
ਤੇਰਾਂ ਦਾਇਆ ਇੱਕ ਸੌ ਤੀਹ।
ਬਹੋਨੇ ਚਿੱਤ ਠੰਡਾ ਰੱਖ!
ਐਵੇਂ ਦੰਦੀਆਂ ਨਾ ਪੀਹ।
-ਚੌਦਾਂ ਦਾ ਪਹਾੜਾ
ਚੌਦਾਂ ਏਕਮ ਚੌਦਾਂ,ਚੌਦਾਂ ਦੂਣੀ ਅਠਾਈ,
ਹਿੰਦੂ-ਸਿੱਖ-ਮੁਸਲਮਾਨ ਸਾਰੇ ਭਾਈ-ਭਾਈ।
ਚੌਦਾਂ ਤੀਆ ਬਿਆਲੀ,ਚੌਦਾਂ ਚੌਕੇ ਛਪੰਜਾ,
ਗਰਮੀ ਦਾ ਸਤਾਇਆ ਫਿਰੇ ਹੋਇਆ ਬਹੋਨਾ ਗੰਜਾ।
ਚੌਦਾਂ ਪਾਂਜੇ ਸੱਤਰ,ਚੌਦਾਂ ਛਿੱਕੇ ਚੁਰਾਸੀ!
ਕਿੰਨੇ ਹੀ ਖਿਡੌਣੇ ਲੈ ਕੇ ਆਈ ਸਾਡੀ ਮਾਸੀ।
ਚੌਦਾਂ ਸਾਤੇ ਅਠੱਨਵੇਂ,
ਚੌਦਾਂ ਆਠੇ ਇੱਕ ਸੌ ਬਾਰਾਂ,
ਸੜਕਾਂ ਤੇ ਭਾਉਂਦੀਆਂ ਨੇ,
ਕੀੜਿਆਂ ਦੇ ਭੋਣ ਵਾਂਗੂੰ ਕਾਰਾਂ।
ਚੌਦਾਂ ਨਾਇਆਂ ਇੱਕ ਸੌ ਛੱਬੀ,
ਚੌਦਾਂ ਦਾਇਆ ਇੱਕ ਸੌ ਚਾਲੀ।
ਧੂਆਂ ਰਹਿਤ ਸਦਾ ਹੀ ਮਨਾਵਾਂਗੇ ਦੀਵਾਲੀ।
-ਪੰਦਰਾਂ ਦਾ ਪਹਾੜਾ
ਪੰਦਰਾਂ ਏਕਮ ਪੰਦਰਾਂ ਪੰਦਰਾਂ ਦੂਣੀ ਤੀਹ।
ਦਰਦਾਂ ਚੋਂ ਦਰਦ ਹੈ ਬੜਾ ਭੈੜਾ ਰੀਹ।
ਪੰਦਰਾਂ ਤੀਆ ਪੰਤਾਲੀ ਪੰਦਰਾਂ ਚੌਕੇ ਸੱਠ।
ਆ ਗਈ ਪੁਲਿਸ ਚੋਰ ਤਾਹੀਉਂ ਗਏ ਨੱਠ।
ਪੰਦਰਾਂ ਪੰਜ ਪਝੱਤਰ ਪੰਦਰਾਂ ਛਿਕਾ ਨੱਬੇ,
ਸੜਕਾਂ ਤੇ ਚੱਲੋ ਸਦਾ ਵੇਖ ਸੱਜੇ-ਖੱਬੇ।
ਪੰਦਰਾਂ ਸਾਤੇ ਇੱਕ ਸੌ ਪੰਜ,
ਪੰਦਰਾਂ ਆਠੇ ਇੱਕ ਸੌ ਵੀਹ।
ਜੰਗਲਾਂ ਚ ਘਾਤਕ ਨੇ ਸੱਪ ਅਤੇ ਸ਼ੀਂਹ।
ਪੰਦਰਾਂ ਨਾਇਆ ਇੱਕ ਸੌ ਪੈਂਤੀ,
ਪੰਦਰਾਂ ਦਾਇਆ ਇੱਕ ਸੌ ਪੰਜਾਹ।
ਪੀਆ ਕਰ ਦੁੱਧ ਬਹੋਨੇ ਛੱਡ ਪਰਾਂ ਚਾਹ।