ਪੰਜਾਬੀ ਦੀਆਂ ਪੜਨ੍ਹਯੋਗ ਪੰਜ ਕਹਾਣੀਆਂ ਦੀਆਂ ਕਿਤਾਬਾਂ
(ਲੇਖ )
ਮੇਰੀ ਗੁਲਬਦਨ – ਗੁਰਬਖਸ਼ ਸਿੰਘ ਪ੍ਰੀਤਲੜੀ
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗੁਰਬਖ਼ਸ਼ ਸਿੰਘ ਪ੍ਰੀਤਲੜੀ ਵੱਲੋਂ ਲਿਖੇ ਪ੍ਰਸਿੱਧ ਕਹਾਣੀ ਸੰਗ੍ਰਹਿ ਦੀ। ਉਸ ਤੋਂ ਪਹਿਲਾਂ ਦੱਸਦਾ ਜਾਵਾਂ ਕਿ ਸ੍ਰ. ਪ੍ਰੀਤਲੜੀ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ, ਨਾਵਲਕਾਰ, ਨਾਟਕਕਾਰ, ਵਾਰਤਕ ਲੇਖਕ ਅਤੇ ਸੰਪਾਦਕ ਸਨ। ਆਪ ਨੂੰ ਪੰਜਾਬੀ ਵਾਰਤਕ ਨੂੰ ਸਿਖਰ ਉੱਪਰ ਲਿਜਾਣ ਵਾਲਾ ਅਤੇ ਸਭ ਤੋਂ ਜ਼ਿਆਦਾ ਵਾਰਤਕ ਰਚਨ ਵਾਲਾ ਲੇਖਕ ਮੰਨਿਆ ਜਾਂਦਾ ਹੈ। ਗੁਰਬਖਸ਼ ਸਿੰਘ ਨੇ 50 ਤੋਂ ਜ਼ਿਆਦਾ ਕਿਤਾਬਾਂ ਦੀ ਰਚਨਾ ਕੀਤੀ।
ਖ਼ੈਰ! ਅੱਜ ਅਸੀਂ ਗੱਲ ਕਰਨ ਜਾ ਰਹੇ ਸ੍ਰ. ਗੁਰਬਖਸ਼ ਸਿੰਘ ਪ੍ਰੀਤਲੜੀ ਵੱਲੋਂ ਲਿਖੀ ਇੱਕ ਕਹਾਣੀਆਂ ਦੀ ਕਿਤਾਬ ਦੀ। ਇਸ ਕਿਤਾਬ ਨੂੰ ‘ਪੰਜਾਬੀ ਸਾਹਿਤ ਪ੍ਰਕਾਸ਼ਨ-ਅੰਮ੍ਰਿਤਸਰ’ ਨੇ ਪ੍ਰਕਾਸ਼ਿਤ ਕੀਤਾ ਹੈ। ਜਿਹੜਾ ਅਡੀਸ਼ਨ ਮੈਂ ਪੜ੍ਹਿਆ ਹੈ ਇਹ ਸਾਲ 2021 ਵਿੱਚ ਛੱਪਿਆ ਸੀ। ਕਹਾਣੀਆ ਦੀ ਇਸ ਕਿਤਾਬ ਦੀ ਕੀਮਤ 180 ਰੁਪਏ ਅਤੇ ਕੁੱਲ ਪੰਨੇ 208 ਹਨ। ਇਸ ਕਿਤਾਬ ਵਿੱਚ ਕੁੱਲ 14 ਰੌਚਕ ਕਹਾਣੀਆਂ ਹਨ। ਮੈਂ ਆਪਣੀ ਪਸੰਦੀਦਾ ਕਹਾਣੀ ਦੀ ਗੱਲ ਕਰਾਂ ਤਾਂ ‘ਮੇਰੀ ਗੁਲਬਦਨ’ ਕਹਾਣੀ ਮੈਨੂੰ ਸਭ ਤੋਂ ਵਧੀਆ ਲੱਗੀ ਅਤੇ ਦੂਜੇ ਨੰਬਰ ਤੇ ਮੇਰੀ ਪਸੰਦੀਦਾ ਕਹਾਣੀ ‘ਭਾਬੀ ਮੈਨਾ’ ਸੀ। ਬਾਕੀ ਦੀਆਂ 12 ਕਹਾਣੀਆਂ ਵੀ ਬਾ-ਕਮਾਲ ਹਨ। ਹਰ ਇੱਕ ਦਾ ਵਿਸ਼ਾ-ਵਸਤੂ, ਪਲਾਟ ਵੱਖੋ-ਵੱਖ ਹੈ। ਕਿਤਾਬ ਵਿੱਚ ਸਭ ਤੋਂ ਛੋਟੀ ਕਹਾਣੀ ਅੰਜੂ ਗਾੜੂ ਹੈ ਜੋ ਕਿ ਕਿਤਾਬ ਵਿੱਚ ਦੂਜੇ ਨੰਬਰ ’ਤੇ ਹੈ, ਬਾਕੀ ਦੀਆਂ ਕਹਾਣੀਆਂ 15 ਤੋਂ 25 ਪੰਨਿਆਂ ਵਿੱਚ ਮੁਕੰਮਲ ਹੁੰਦੀਆਂ ਹਨ। ਕਿਤਾਬ ਦਾ ਆਕਾਰ ਕਿਸੇ ਹੋਰ ਆਮ ਕਿਤਾਬ ਨਾਲੋਂ ਛੋਟਾ ਹੈ ਅਤੇ ਇਹ ਪੇਪਰ ਬੈਕ ਅਡੀਸ਼ਨ ਹੈ।
ਦੁੱਖ ਸੁਖ – ਸੁਜਾਨ ਸਿੰਘ
ਦੂਜੇ ਨੰਬਰ ‘ਤੇ ਗੱਲ ਕਰਦੇ ਹਾਂ ਸ੍ਰ. ਸੁਜਾਨ ਸਿੰਘ ਦੁਆਰਾ ਲਿਖੇ ਕਹਾਣੀ ਸੰਗ੍ਰਹਿ ਦੀ। ਸ੍ਰ. ਸੁਜਾਨ ਸਿੰਘ ਪ੍ਰਸਿੱਧ ਪੰਜਾਬੀ ਕਹਾਣੀਕਾਰ ਸਨ ਹਾਲਾਂਕਿ ਉਹਨਾਂ ਦੀ ਪਛਾਣ ਇੱਕ ਕਹਾਣੀਕਾਰ ਦੇ ਤੌਰ ’ਤੇ ਹੈ ਪਰ ਉਹਨਾਂ ਕੁਝ ਲੇਖ ਵੀ ਲਿਖੇ। ਉਹਨਾਂ ਦਾ ਪਹਿਲਾ ਲੇਖ, ਤਵਿਆਂ ਦਾ ਵਾਜਾ ਉਸ ਵੇਲ਼ੇ ਦੇ ਇੱਕ ਮਾਹਵਾਰੀ ਰਸਾਲੇ ਲਿਖਾਰੀ ਵਿੱਚ ਛਪਿਆ ਅਤੇ ਬਾਅਦ ਵਿੱਚ ਉਹਨਾਂ ਦੇ ਦੋ ਲੇਖ ਸੰਗ੍ਰਹਿ ਵੀ ਛਪੇ ਸਨ।
ਜਿਸ ਕਿਤਾਬ ਬਾਰੇ ਮੈਂ ਗੱਲ ਕਰਨ ਜਾ ਰਿਹਾ ਹਾਂ ਇਹ ਸਭ ਤੋਂ ਪਹਿਲਾਂ ਸੰਨ 1939 ਵਿੱਚ ਛਪੀ ਸੀ, ਜੋ ਅਡੀਸ਼ਨ ਮੈਂ ਪੜ੍ਹਿਆ ਉਹ ਸਾਲ 1999 ਵਿੱਚ ਛੱਪਿਆ 12ਵਾਂ ਅਡੀਸ਼ਨ ਸੀ, ਜਿਸਦੀ ਕੀਮਤ ਕੋਈ 30 ਕੁ ਰੁਪਏ ਹੈ। ਇਸ ਕਿਤਾਬ ਨੂੰ ਸਿੰਘ ਬ੍ਰਦਰਜ਼ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਕਿਤਾਬ ਦੇ ਕੁੱਲ ਪੰਨੇ 128 ਹਨ ਅਤੇ ਕੁੱਲ ਕਹਾਣੀਆਂ ਦੀ ਗਿਣਤੀ 11 ਹੈ। ਇਸ ਕਿਤਾਬ ਦਾ ਨਾਂ ਹੈ ਦੁੱਖ-ਸੁੱਖ। ਹਰ ਕਹਾਣੀ ਸ਼ੁਰੂ ਹੋਣ ਤੋਂ ਪਹਿਲਾਂ ਇਸ ਕਿਤਾਬ ਵਿੱਚ ਇੱਕ ਖ਼ਾਸ ਪੰਨਾ ਹੋਰ ਲਿਖਿਆ ਗਿਆ ਹੈ ਜਿਸਦਾ ਸਿਰਲੇਖ ਹੈ ‘ਕਹਾਣੀ ਤੋਂ ਮਗਰੋਂ’ ਜਿਸ ਵਿੱਚ ਕਹਾਣੀ ਦੇ ਨਾਲ ਨਾਲ ਮਨੁੱਖੀ ਜ਼ਿੰਦਗੀ ਬਾਬਤ ਕੁਝ ਬੜੇ ਹੀ ਰੌਚਕ ਵਿਚਾਰ ਲਿਖੇ ਹੋਏ ਪੜ੍ਹਨ ਨੂੰ ਮਿਲਦੇ ਹਨ।
ਇਸ ਕਿਤਾਬ ਵਿੱਚ ਸ਼ਾਮਲ ਕੁਝ ਕਹਾਣੀਆਂ ਅੱਗੋਂ ਹੋਰ ਹਿੱਸਿਆਂ ਵਿੱਚ ਵੰਡੀਆਂ ਹੋਈਆਂ ਹਨ, ਜਿਵੇਂ ਕਹਾਣੀ ਭੁਲੇਖਾ 5 ਹਿੱਸਿਆਂ ਵਿੱਚ, ਅਨਜੋੜ 3 ਹਿੱਸਿਆਂ ਵਿੱਚ ਅਤੇ ਪਠਾਣ ਦੀ ਧੀ 5 ਹਿੱਸਿਆਂ ਵਿੱਚ ਹੈ। ਹਰ ਕਹਾਣੀ ਮਜ਼ੇਦਾਰ ਹੈ।
ਖੁਰੇ ਹੋਏ ਰੰਗ – ਬਚਿੰਤ ਕੌਰ
ਤੀਜੇ ਨੰਬਰ ਤੇ ਗੱਲ ਕਰਦੇ ਹਾਂ ਬਚਿੰਤ ਕੌਰ ਵੱਲੋਂ ਲਿਖੇ ਹੋਏ ਕਹਾਣੀ ਸੰਗ੍ਰਹਿ ਦੀ। ਬਚਿੰਤ ਕੌਰ ਪ੍ਰਸਿੱਧ ਪੰਜਾਬੀ ਲੇਖਕਾ ਅਤੇ ਕਹਾਣੀਕਾਰਾ ਹੈ। ਉਹਨ੍ਹਾਂ ਦੀਆਂ ਲਗਭਗ 42 ਪੁਸਤਕਾਂ ਛਪ ਚੁੱਕੀਆਂ ਹਨ ਜਿਨ੍ਹਾਂ ਵਿੱਚ 15 ਕਹਾਣੀ ਸੰਗ੍ਰਹਿ, ਦੋ ਕਾਵਿ ਸੰਗ੍ਰਹਿ, ਤਿੰਨ ਨਾਵਲ, ਇੱਕ ਸਫ਼ਰਨਾਮਾ, ਇੱਕ ਡਾਇਰੀ, ਤਿੰਨ ਅਨੁਵਾਦਤ ਪੁਸਤਕਾਂ ਅਤੇ ਬੱਚਿਆਂ ਲਈ ਲਿਖੀਆਂ ਛੇ ਕਿਤਾਬਾਂ ਸ਼ਾਮਲ ਹਨ। ਪਗਡੰਡੀਆਂ (ਸ੍ਵੈ-ਜੀਵਨੀ) ਉਸਦੀ ਸ਼ਾਹਕਾਰ ਰਚਨਾ ਹੈ, ਜਿਸਦਾ ਹਿੰਦੀ, ਉਰਦੂ, ਅੰਗਰੇਜ਼ੀ, ਮਰਾਠੀ, ਯੁਗੋਸਲਾਵੀ ਆਦਿ ਕਈ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕਿਆ ਹੈ ਅਤੇ ਇਸ ਦੇ ਕਈ ਅਡੀਸ਼ਨ ਪ੍ਰਕਾਸ਼ਿਤ ਹੋ ਚੁੱਕੇ ਹਨ। ਉਸ ਦੀ ਪੁਸਤਕ, ਕਿਆਰੀ ਲੌਂਗਾਂ ਦੀ ਨੂੰ 1982-83 ਦਾ ਪੰਜਾਬੀ ਅਕਾਦਮੀ, ਦਿੱਲੀ ਵਲੋਂ ਸਰਵੋਤਮ ਪੁਸਤਕ-ਸਨਮਾਨ ਮਿਲਿਆ ਸੀ।
ਬਚਿੰਤ ਕੌਰ ਵੱਲੋਂ ਲਿਖੇ ਜਿਸ ਕਹਾਣੀ ਸੰਗ੍ਰਹਿ ਦਾ ਜ਼ਿਕਰ ਕਰਨ ਜਾ ਰਿਹਾ ਹਾਂ ਇਸ ਵਿੱਚ ਕੁੱਲ 22 ਕਹਾਣੀਆਂ ਹਨ ਅਤੇ 120 ਪੰਨੇ ਹਨ। ਇਸ ਕਿਤਾਬ ਨੂੰ ਨਵਯੁੱਗ ਪਬਲਿਸ਼ਰਜ਼ ਵੱਲੋਂ ਛਾਪਿਆ ਗਿਆ ਅਤੇ ਜੋ ਅਡੀਸ਼ਨ ਮੈਂ ਪੜ੍ਹਿਆ ਹੈ ਉਹ ਸਾਲ 1999 ਵਿੱਚ ਛਪਿਆ ਸੀ। ਇਹ ਕਿਤਾਬ ਲੇਖਿਕਾ ਵੱਲੋਂ ਇੰਦਰਜੀਤ, ਸੁਰਿੰਦਰਜੀਤ, ਕਮਲਜੀਤ ਪਿਆਰੇ ਬੱਚਿਆਂ ਦੇ ਨਾਂ ਨੂੰ ਸਮਰਪਤ ਕੀਤੀ ਗਈ ਹੈ। ਇਸ ਵਿੱਚ ਸ਼ਾਮਲ ਕਹਾਣੀਆਂ ਲੰਮੀਆਂ ਨਹੀਂ ਹਨ। ਇਹ ਛੋਟੀਆਂ ਕਹਾਣੀਆਂ ਦਾ ਸੰਗ੍ਰਹਿ ਹੈ। ਕਹਾਣੀਆਂ 5 ਤੋਂ 7 ਪੰਨਿਆ ਤੱਕ ਸਿਮਟੀਆਂ ਹੋਈਆਂ ਹਨ। ਕਿਤਾਬ ਵਿੱਚੋਂ ਮੈਨੂੰ ਦੁੱਧ ਤੇ ਪੁੱਤ, ਇੱਕ ਲਕੀਰ ਅਤੇ ਚੁਬਾਰਾ ਕਹਾਣੀਆਂ ਜ਼ਿਆਦਾ ਪਸੰਦ ਆਈਆਂ। ਬਾਕੀ ਕਹਾਣੀਆਂ ਵੀ ਵਧੀਆ ਅਤੇ ਵਧੀਆ ਵਿਸ਼ਿਆਂ ’ਤੇ ਲਿਖੀਆਂ ਗਈਆਂ ਹਨ। ਛੋਟੀਆਂ ਕਹਾਣੀਆਂ ਪੜ੍ਹਨ ਵਾਲ਼ਿਆਂ ਲਈ ਇਹ ਕਿਤਾਬ ਵਧੀਆ ਸਾਬਤ ਹੋ ਸਕਦੀ ਹੈ।
ਬਾਤ – 32 ਕਹਾਣੀਆਂ
ਚੌਥੇ ਨੰਬਰ ’ਤੇ ਜਿਸ ਕਿਤਾਬ ਦੀ ਗੱਲ ਕਰਨ ਜਾ ਰਹੇ ਹਾਂ, ਇਹ ਕਿਤਾਬ ਪ੍ਰਸਿੱਧ ਉਰਦੂ ਸਾਹਿਤਕਾਰ ਵਜੋਂ ਜਾਣੇ ਜਾਂਦੇ ਸ੍ਰ. ਰਤਨ ਸਿੰਘ ਵੱਲੋਂ ਲਿਖੀ ਗਈ ਹੈ। ਭਾਵੇਂ ਕਿ ਉਰਦੂ ਸਾਹਿਤਕਾਰ ਵੱਜੋਂ ਜਾਣੇ ਜਾਂਦੇ ਸਨ ਪਰ ਬਾਅਦ ਵਿੱਚ ਉਹਨਾਂ ਨੇ ਬਤੌਰ ਪੰਜਾਬੀ ਸਾਹਿਤਕਾਰ ਵੀ ਆਪਣੀ ਪਹਿਚਾਣ ਬਣਾਈ। ਇਸ ਤੋਂ ਇਲਾਵਾ ਆਪ ਵੱਲੋਂ ਕਾਵਿ ਸੰਗ੍ਰਹਿ, ਲੰਮੀ ਕਵਿਤਾ, ਦੋਹੇ ਅਤੇ ਕਹਾਣੀਆਂ ਦੀ ਹੋਰ ਕਿਤਾਬਾਂ ਵੀ ਛੱਪ ਚੁੱਕੀਆਂ ਹਨ।
ਰਤਨ ਸਿੰਘ ਇਸ ਕਿਤਾਬ ਵਿੱਚ 32 ਕਹਾਣੀਆਂ ਸ਼ਾਮਲ ਹਨ, ਕੁੱਲ ਪੰਨੇ 164 ਹਨ ਅਤੇ ਅਡੀਸ਼ਨ ਛਪਿਆ ਸੀ ਅਗਸਤ 2011 ਵਿੱਚ। ਇਹ ਕਿਤਾਬ ਲੇਖਕ ਨੇ ‘ਆਪਣੀ ਛੋਟੀ ਦਾਦੀ ਸਰਦਾਰਨੀ ਸਾਧੋ ਦੇ ਨਾਂਅ ‘ ਸਮਰਪਤ ਕੀਤੀ ਹੈ, ਕਹਾਣੀਆਂ ਹਲਕੀਆਂ-ਫੁਲਕੀਆਂ ਹਨ ਅਤੇ ਛੋਟੀਆਂ ਹਨ। 3 ਪੰਨਿਆਂ ਤੋਂ ਲੈ ਕੇ 5-7 ਪੰਨਿਆਂ ਤੱਕ ਇਹ ਕਹਾਣੀ ਮੁਕੰਮਲ ਹੋ ਜਾਂਦੀ ਹੈ। ਇਸ ਕਿਤਾਬ ਵਿਚਲੀ ਇੱਕ ਕਹਾਣੀ ‘ਸੁਣਿਆ ਅਣ-ਸੁਣਿਆ’ ਵਿੱਚ ਕਰਤਾਰਪੁਰ ਅਤੇ ਡੇਰਾ ਬਾਬਾ ਨਾਨਕ ਨੇੜਿਉਂ ਵਹਿੰਦੀ ਰਾਵੀ ਵੱਲੋਂ ਕੀਤੀਆਂ ਗਈਆਂ ਗੱਲਾਂ ਬਾ-ਕਮਾਲ ਦੀਆਂ ਹਨ। ਕਿਤਾਬ ਵਿਚਲੀਆਂ ਕਹਾਣੀਆਂ ਪੰਜਾਬ ਖ਼ਾਸ ਕਰਕੇ ਲਹਿੰਦੇ ਅਤੇ ਚੜ੍ਹਦੇ ਸਾਂਝੇ ਪੰਜਾਬ ਦੇ ਸੱਭਿਆਚਾਰ ਦੇ ਰੂ-ਬਰੂ ਕਰਵਾਉਂਦੀਆਂ ਹਨ। ਵਿੱਚ-ਵਿੱਚ ਇੱਦਾਂ ਵੀ ਲੱਗਦਾ ਕਿ ਜਿਵੇਂ ਅਸੀਂ ਸ਼ਾਇਦ ਪਾਸਿਕਤਾਨੀ ਪੰਜਾਬੀ ਸਾਹਿਤ ਪੜ੍ਹ ਰਹੇ ਹਾਂ।
ਤਾਈ ਮਤਾਬੀ – ਧਿਆਨ ਸਿੰਘ ਸ਼ਾਹ ਸਿਕੰਦਰ
ਪੰਜਵੇਂ ਨੰਬਰ ’ਤੇ ਗੱਲ ਕਰਦੇ ਹਾਂ ਜੀ ਧਿਆਨ ਸਿੰਘ ਸ਼ਾਹ ਸਿਕੰਦਰ ਵੱਲੋਂ ਲਿਖੇ ਕਹਾਣੀ ਸੰਗ੍ਰਹਿ ਦੀ। ਧਿਆਨ ਸਿੰਘ ਸ਼ਾਹ ਸਿਕੰਦਰ ਕਿੱਤੇ ਵੱਜੋਂ ਅਧਿਆਪਕ ਸਨ ਅਤੇ ਆਪ ਜੀ ਨੇ ਕਵਿਤਾ, ਕਹਾਣੀ, ਕਲਾ, ਸੰਪਾਦਨਾ ਅਤੇ ਖੋਜ ਦੇ ਵਿਸ਼ਿਆਂ ਉੱਤੇ ਕੰਮ ਕਰਕੇ ਆਪਣੀ ਨਿਵੇਕਲੀ ਪਹਿਚਾਣ ਬਣਾਈ। ਤ੍ਰੈਮਾਸਿਕ ਰਸਾਲੇ ਰੂਪਾਂਤਰ ਦੇ ਸੰਪਾਦਕ ਵੱਜੋਂ ਵੀ ਬੇਮਿਸਾਲ ਸੇਵਾਵਾਂ ਦਿੱਤੀਆਂ।
ਖ਼ੈਰ! ਇਸ ਕਹਾਣੀ ਸੰਗ੍ਰਹਿ ਵਿੱਚ ਕੁੱਲ 26 ਕਹਾਣੀਆਂ ਹਨ। ਕੁੱਲ ਪੰਨੇ 126 ਅਤੇ ਸਾਤਵਿਕ ਮੀਡੀਆ ਅੰਮ੍ਰਿਤਸਰ ਵੱਲੋਂ ਇਹ ਕਿਤਾਬ ਛਾਪੀ ਗਈ। ਇਹ ਕਿਤਾਬ ਸਾਲ 2012 ਵਿੱਚ ਪਹਿਲੀ ਵਾਰ ਛਪੀ ਸੀ। ਇਸ ਕਿਤਾਬ ਵਿੱਚ ਛੋਟੀ ਤੋਂ ਛੋਟੀ ਕਹਾਣੀ ਦੋ ਪੰਨਿਆਂ ਦੀ ਅਤੇ ਵੱਧ ਤੋਂ ਵੱਧ 8 ਪੰਨਿਆਂ ਤੋਂ ਵੱਧ ਨਹੀਂ ਹੈ ਜ਼ਿਆਦਾ ਕਹਾਣੀਆਂ ਤਿੰਨ ਜਾਂ 4 ਪੰਨਿਆਂ ਤੱਕ ਸੀਮਿਤ ਹਨ। ਇਹ ਕਹਾਣੀਆਂ ਲੇਖਕ ਦੀ ਜ਼ਿੰਦਗੀ ਵਿੱਚ ਆਏ ਪਾਤਰਾਂ ਅਤੇ ਵਾਪਰੀਆਂ ਘਟਨਾਵਾਂ ‘ਤੇ ਅਧਾਰਿਤ ਹਨ, ਜਿਸ ਕਰਕੇ ਕਾਲਨਿਕ ਕਹਾਣੀਆਂ ਨਾਲੋਂ ਹੋਰ ਵੀ ਜ਼ਿਆਦਾ ਰੌਚਕ ਲੱਗਦੀਆਂ ਹਨ।
ਹਰ ਕਹਾਣੀ ਪੜ੍ਹਨ ਤੋਂ ਬਾਅਦ ਪਾਠਕ ਕੁਝ ਪਲ ਜਾਂ ਲੰਮਾਂ ਸਮਾਂ ਲਈ ਵੀ ਕਹਾਣੀ ਬਾਰੇ ਸੋਚਣ ਲਈ ਮਜ਼ਬੂਰ ਹੋ ਜਾਂਦਾ ਹੈ। ਇਸ ਕਿਤਾਬ ਵਿੱਚਲੀ ਦੂਜੇ ਨੰਬਰ ਤੇ ਦਰਜ ਕਮਲ਼ਾ ਮੈਨੂੰ ਬਹੁਤ ਪਸੰਦ ਆਈ, ਇਸ ਤੋਂ ਇਲਾਵਾ ਹਰ ਕਹਾਣੀ ਹੀ ਬਾ-ਕਮਾਲ ਹੈ। ਕਹਾਣੀ ਤਾਈ ਮਤਾਬੀ ਜੋ ਕਿ ਅੱਠਵੇਂ ਨੰਬਰ ’ਤੇ ਹੈ ਅਤੇ ਕਿਤਾਬ ਦੇ ਟਾਈਟਲ ਦੀ ਕਹਾਣੀ ਹੈ।