ਪੂਰਨ ਸਿੰਘ ਪਾਂਧੀ ਨੂੰ ਸਨਮਾਨਿਤ ਕੀਤਾ ਗਿਆ (ਖ਼ਬਰਸਾਰ)


ਬਰੈਂਪਟਨ  -- ਕਲਮਾਂ ਦੀ ਸਾਂਝ ਸਾਹਿਤ ਸਭਾ, ਟੋਰਾਂਟੋ (ਰਜਿ.) ਜਿਸਦੇ ਬਾਨੀ ਸ. ਹਰਦਿਆਲ ਸਿੰਘ ਝੀਤਾ ਹਨ, ਵੱਲੋਂ ਕੂਕਾ ਲਹਿਰ ਦੇ ਬਾਨੀ ਸਤਿਗੁਰੂ ਰਾਮ ਸਿੰਘ ਜੀ ਦੇ ਜੀਵਨ ਤੇ ਇਕ ਸੈਮੀਨਾਰ ਕਰਵਾਇਆ ਗਿਆ ਜਿਸਦੇ ਵਿਚ ਬਰੈਂਪਟਨ ਦੇ ਬੁੱਧੀਜੀਵੀਆਂ; ਪ੍ਰੋ. ਰਾਮ ਸਿੰਘ, ਪ੍ਰੋ. ਜਗੀਰ ਸਿੰਘ ਕਾਹਲੋਂ, ਕਰਨੈਲ ਸਿੰਘ ਮਰਵਾਹਾ, ਮਲੂਕ ਸਿੰਘ ਕਾਹਲੋਂ ਅਤੇ ਅਜੀਤ ਸਿੰਘ ਲਾਇਲ ਨੇ ਸਤਿਗੁਰੂ ਰਾਮ ਸਿੰਘ ਜੀ ਦੇ ਜੀਵਨ ਅਤੇ ਉਨ੍ਹਾਂ ਦੀ ਭਾਰਤ ਦੀ ਜੰਗ-ਏ-ਆਜ਼ਾਦੀ ਲਈ ਕੀਤੀਆਂ ਘਾਲਣਾਵਾਂ,ਉਨ੍ਹਾਂ ਦੀ ‘ਨਾ ਮਿਲਵਰਤਣ’ ਤੇ ਕੂਕਾ ਲਹਿਰ, ਨਾਮਧਾਰੀ ਸੰਗਤ ਦੀਆਂ ਕੁਰਬਾਨੀਆਂ ਅਤੇ ਉਨ੍ਹਾਂ ਦੇ ਸੰਗੀਤ ਬਾਰੇ ਵਿਚਾਰਾਂ ਪੇਸ਼ ਕੀਤੀਆਂ। ਇਉਂ ਇਹ ਸੈਮੀਨਾਰ ਬਹੁਪੱਖੀ ਵਿਸ਼ਿਆਂ ਨੂੰ ਸਮੇਟਦਾ ਹੋਇਆ ਸੰਪੰਨ ਹੋਇਆ ਜਿਸ ਵਿਚ ਕੈਨੇਡਾ ਅਤੇ ਅਮਰੀਖਾ ਦੇ ਵੱਖ ਵੱਖ ਖਿੱਤਿਆਂ ਵਿੱਚੋਂ ਸਰੋਤਿਆਂ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸਟੇਜ-ਹੋਸਟਿੰਗ ਪਿਆਰਾ ਸਿੰਘ ਕੁੱਦੋਵਾਲ ਨੇ ਬਾਖੂਬੀ ਕੀਤੀ। 

ਦੂਜੇ ਸੈਸ਼ਨ ਵਿਚ ਟੋਰਾਂਟੋ ਏਰੀਏ ਦੇ ਵਿਦਵਾਨ ਅਤੇ ਜਾਣੀ-ਪਛਾਣੀ ਸਖਸ਼ੀਅਤ ਸ. ਪੂਰਨ ਸਿੰਘ ਪਾਂਧੀ ਨੂੰ ਉਂਨ੍ਹਾਂ ਦੀਆਂ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਝੀਤਾ ਪਰਿਵਾਰ (ਸਵਰਗਵਾਸੀ ਮਿਹਰ ਸਿੰਘ ਅਤੇ ਪ੍ਰੀਤਮ ਕੌਰ ਦੇ ਬੱਚਿਆਂ; ਬਚਿੱਤਰ ਸਿੰਘ, ਹਰਦਿਆਲ ਸਿੰਘ, ਸੁਖਵਿੰਦਰ ਸਿੰਘ, ਸਤਪਾਲ ਕੌਰ, ਸੁਖਵਿੰਦਰ ਕੌਰ, ਕਮਲਜੀਤ ਕੌਰ) ਵੱਲੋਂ ਲਾਈਫ਼ ਟਾਈਮ ਅਚੀਵਮੈਂਟ ਅਵਾਰਡ ਦਿੱਤਾ ਗਿਆ। ਪੂਰਨ ਸਿੰਘ ਪਾਂਧੀ ਜੋ ਕਿ ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਉੱਘੇ ਵਿਦਵਾਨ ਹਨ ਬਾਰੇ ਪ੍ਰਿੰ. ਸਰਵਣ ਸਿੰਘ, ਕਿਰਪਾਲ ਸਿੰਘ ਪੰਨੂੰ, ਭੂਪਿੰਦਰ ਦੂਲੇ ਅਤੇ ਹੋਰ ਵਿਦਵਾਨਾਂ ਨੇ ਦੱਸਿਆ ਕਿ ਉਹ ਇਕ ਵਾਰਤਕਕਾਰ, ਕਲਾਸੀਕਲ ਕੀਰਤਨ ਦੇ ਮਾਹਰ, ਭਾਸ਼ਾ ਵਿਗਿਆਨੀ, ਅਧਿਆਪਕ, ਲੇਖਕ, ਪ੍ਰਭਾਵਸ਼ਾਲੀ ਬੁਲਾਰੇ, ਨਿਮਰਤਾ ਦੇ ਪੁੰਜ, ਸੁਚੱਜੀ, ਸਚਿਆਰੀ ਤੇ ਸੁਲ੍ਹਝੀ ਜੀਵਨ-ਸ਼ੈਲੀ ਦੇ ਮਾਲਕ, ਡੇਢ ਦਰਜਨ ਕਿਤਾਬਾਂ ਦੇ ਕਰਤਾ, ਗੁਰਬਾਣੀ, ਗੁਰਮਤਿ, ਗੁਰਮਤਿ-ਸੰਗੀਤ, ਤੰਤੀ ਤੇ ਹੋਰ ਸਾਜਾਂ ਅਤੇ ਸਾਹਿਤ ਦੇ ਗਿਆਤਾ ਹਨ। “ਕਲਮਾਂ ਦੀ ਸਾਂਝ ਸਾਹਿਤ ਸਭਾ, ਟੋਰਾਂਟੋ (ਰਜਿ.)” ਪੂਰਨ ਸਿੰਘ ਪਾਂਧੀ ਜਿਹੀ ਬਹੁਪੱਖੀ ਸ਼ਖਸੀਅਤ ਨੂੰ ਪਲੇਠੇ ਸਤਿਗੁਰੂ ਰਾਮ ਸਿੰਘ ਅਵਾਰਡ ਨਾਲ ਸਨਮਾਨਿਤ ਕਰਨ ਵਿਚ ਆਪਣਾ ਮਾਣ ਮਹਿਸੂਸ ਕਰਦੀ ਹੈ।