"ਮੋਰ ਪੈਲ਼ ਕਿਉਂ ਨਹੀਂ ਪਾਉਂਦੇ" ਲੋਕ ਅਰਪਣ ਕੀਤਾ ਗਿਆ।
(ਖ਼ਬਰਸਾਰ)
ਮਹਿੰਦਰ ਸਾਥੀ ਯਾਦਗਾਰੀ ਮੰਚ ਦੇ ਪ੍ਰਧਾਨ ਅਤੇ ਪ੍ਰਸਿੱਧ ਸਾਹਿਤਕਾਰ ਗੁਰਮੀਤ ਕੜਿਆਲਵੀ ਦਾ ਪੰਜਵਾਂ ਕਹਾਣੀ ਸੰਗ੍ਰਹਿ "ਮੋਰ ਪੈਲ਼ ਕਿਉਂ ਨਹੀਂ ਪਾਉਂਦੇ" ਲੋਕ ਅਰਪਣ ਕੀਤਾ ਗਿਆ।
ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਪੁਸਤਕ ਦੇ ਪ੍ਰਕਾਸ਼ਕ ਸੁਮਿਤ ਗੁਲਾਟੀ (ਚੇਤਨਾ ਪ੍ਰਕਾਸ਼ਨ ਲੁਧਿਆਣਾ) ਨੇ ਦੱਸਿਆ ਕਿ ਪੁਸਤਕ ਵਿਚ ਕੁੱਲ 12 ਕਹਾਣੀਆਂ ਦਰਜ ਹਨ ਜੋ ਮਨੁੱਖ ਅੰਦਰਲੀਆਂ ਮਾਨਸਿਕ ਗੰਢਾਂ, ਸਮਾਜ ਵਿਚ ਪਾਈਆਂ ਜਾਂਦੀਆਂ ਵਿਸੰਗਤੀਆਂ ਬਾਰੇ ਹਨ। ਗੁਲਾਟੀ ਨੇ ਦੱਸਿਆ ਕਿ ਗੁਰਮੀਤ ਦੀਆਂ ਪਹਿਲੀਆਂ ਪੁਸਤਕਾਂ ਪਾਠਕਾਂ ਦੀ ਭਰਵੀਂ ਪਸੰਦ ਬਣੀਆਂ ਹਨ।
ਪੀਪਲਜ਼ ਫੋਰਮ ਬਰਗਾੜੀ ਦੇ ਪ੍ਰਕਾਸ਼ਕ ਖੁਸ਼ਵੰਤ ਬਰਗਾੜੀ ਨੇ ਗੁਰਮੀਤ ਨੂੰ ਹਾਸ਼ੀਆਗ੍ਰਸਤ ਲੋਕਾਂ ਦਾ ਕਹਾਣੀਕਾਰ ਕਿਹਾ। ਬਰਗਾੜੀ ਨੇ ਦੱਸਿਆ ਕਿ ਗੁਰਮੀਤ ਨਿਰਾਸ਼ਾ ਭਰੀਆਂ ਸਥਿਤੀਆਂ ਵਿਚ ਵੀ ਆਸ਼ਾ ਦੀ ਕਿਰਨ ਵੇਖਦਾ ਹੈ। ਉਸਦੀਆਂ ਕਹਾਣੀਆਂ ਪਾਠਕ ਨੂੰ ਨਿਰਾਸ਼ ਨਹੀਂ ਕਰਦੀਆਂ ਬਲਕਿ ਹਲੂਣਾ ਦਿੰਦੀਆਂ ਹਨ।
ਜਿਲ੍ਹਾ ਭਾਸ਼ਾ ਅਫਸਰ ਫਰੀਦਕੋਟ ਅਤੇ ਉੱਘੇ ਸ਼ਾਇਰ ਮਨਜੀਤ ਪੁਰੀ ਨੇ ਗੁਰਮੀਤ ਕੜਿਆਲਵੀ ਨੂੰ ਨਵੀਂ ਪੁਸਤਕ ਦੀ ਮੁਬਾਰਕਬਾਦ ਦਿੰਦਿਆਂ ਉਸਨੂੰ ਸਮਾਜਿਕ ਚੇਤਨਾ ਵਾਲਾ ਸਾਹਿਤਕਾਰ ਆਖਿਆ ਜਿਸਦੀਆਂ ਰਚਨਾਵਾਂ ਸਮਾਜ ਦੀਆਂ ਗ਼ਲ਼ਤ ਕਦਰਾਂ ਕੀਮਤਾਂ ਉਪਰ ਸਵਾਲ ਖੜੇ ਕਰਦੀਆਂ ਹਨ।
ਸ੍ਰੀ ਰਾਜੇਸ਼ ਕੁਮਾਰ ਪ੍ਰਿੰਸੀਪਲ ਬਰਜਿੰਦਰਾ ਕਾਲਜ ਨੇ ਗੁਰਮੀਤ ਅੰਦਰਲੇ ਸੰਵੇਦਨਸ਼ੀਲ ਮਨੁੱਖ ਦੀ ਗੱਲ ਕੀਤੀ ਜੋ ਸਮਾਜ ਨੂੰ ਬਿਹਤਰੀਨ ਬਣਾਉਣ ਦਾ ਇਛੁੱਕ ਹੈ। ਖੋਜ ਅਫਸਰ ਕੰਵਰਜੀਤ ਸਿੰਘ ਸਿੱਧੂ ਨੇ ਗੁਰਮੀਤ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਹੁਣ ਤੱਕ ਪੰਜ ਕਹਾਣੀ ਸੰਗ੍ਰਹਿ, ਇਕ ਨਾਵਲ, ਤਿੰਨ ਵਾਰਤਕ ਪੁਸਤਕਾਂ, ਅੱਠ ਬਾਲ ਸਾਹਿਤ ਦੀਆਂ ਪੁਸਤਕਾਂ, ਇਕ ਕਾਵਿ ਪੁਸਤਕ ਅਤੇ ਨਾਟਕ ਲਿਖ ਚੁੱਕਾ ਹੈ। ਇਹ ਸਾਰੀਆਂ ਪੁਸਤਕਾਂ ਨੂੰ ਪਾਠਕਾਂ ਦੀ ਭਰਪੂਰ ਪ੍ਰਵਾਨਗੀ ਪ੍ਰਾਪਤ ਹੋਈ ਹੈ।
ਪਰੋ ਪੂਜਾ ਭੱਲਾ, ਪ੍ਰੋ ਰਾਜੇਸ਼ ਮੋਹਨ, ਪ੍ਰਸਿੱਧ ਸ਼ਾਇਰ ਧਾਮੀ ਗਿੱਲ, ਗੁਰਪ੍ਰੀਤ ਧਰਮਕੋਟ, ਅਮਨਦੀਪ ਕੌਰ ਖੀਵਾ, ਲਵਪ੍ਰੀਤ ਫੇਰੋਕੇ, ਅਮਨਦੀਪ ਸਿੰਘ ਬਾਬਾ ਚੇਅਰਮੈਨ, ਕਮਲਜੀਤ ਸਿੰਘ ਐਮ ਸੀ, ਸਿਮਰਜੀਤ ਕੌਰ ਸਿੰਮੀ, ਤੌਫ਼ੀਕ ਗਿੱਲ ਵੀ ਇਸ ਮੌਕੇ ਹਾਜ਼ਰ ਸਨ। ਪੰਜਾਬੀ ਭਵਨ ਕਨੇਡਾ ਦੇ ਸੁੱਖੀ ਬਾਠ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ।