ੳ :ਉਮਰਾ ਬੀਤ ਗਈ ਹੈ ਬੰਦਿਆ,
ਹਰੀ ਦਾ ਨਾਮ ਨਾ ਜਪਿਆ ਹੂ।
ਨਾ ਦੁਨੀਆਂਦਾਰੀ ਦੇ ਧੰਦੇ ਛੱਡੇ,
ਐਵੇਂ ਖਪ ਖਪ ਮਰਿਆ ਹੂ।
ਮਾਇਆ ਕਾਹਤੋਂ ਕਰੀ ਪਿਆਰੀ,
ਇਸੇ ਵਿੱਚ ਗ੍ਰਸਿਆ ਹੂ।
ਕਹੇ ਦੱਦਾਹੂਰੀਆ ਨਾਮ ਸਿਮਰ ਲੈ,
ਜੋ ਸਤਿਗੁਰਾਂ ਨੇ ਦੱਸਿਆ ਹੂ।
ਅ: ਐ ਇਨਸਾਨਾਂ ਜੱਗ ਵਿੱਚ ਆ ਕੇ,
ਕੀ ਕੀ ਕਰਮ ਕਮਾਇਆ ਹੂ।
ਕੀ ਕੀਤੀ ਕਿਸੇ ਗਰੀਬ ਦੀ ਮਦਦ?
ਕੀ ਭੁੱਖਿਆਂ ਨੂੰ ਖਵਾਇਆ ਹੂ?
ਕਿਸੇ ਲੋੜਵੰਦ ਦੇ ਕੰਮ ਤੂੰ ਆਇਐਂ?
ਜਾਂ ਫੋਕਾ ਰੋਹਬ ਜਮਾਇਆ ਹੂ।
ਦੱਦਾਹੂਰੀਆ ਕਹੇ ਦੱਸ ਜ਼ੁਬਾਨੋਂ,
ਕੀਹਨੂੰ ਕੀਹਨੂੰ ਸਤਾਇਆ ਹੂ।
ੲ: ਇੱਕ ਸਤਿਗੁਰੂ ਦੇ ਨਾਮ ਦੇ ਬਾਝੋਂ,
ਬਿਰਥਾ ਜਨਮੁ ਹੀ ਜਾਣਾ ਹੂ।
ਬੰਦਿਆ ਪੱਲੇ ਕੁੱਝ ਨਹੀਂ ਪੈਣਾ,
ਪਿੱਛੋਂ ਫਿਰ ਪਛਤਾਣਾ ਹੂ।
ਸਵਾਸ ਸਵਾਸ ਵਿੱਚ ਨਾਮ ਸਿਮਰ,
ਗੁਰਬਾਣੀ ਦਾ ਫੁਰਮਾਣਾ ਹੂ।,
ਇਹੀ ਸਹਾਰਾ ਬਨਣਾ ਸੱਭ ਦਾ,
ਦੱਦਾਹੂਰੀਆ ਕਹੇ ਨਿਮਾਣਾ ਹੂ।
ਸ: ਸਿਮਰਨ ਕਰਨਾ ਕੰਮ ਹੈ ਤੇਰਾ,
ਅਗਾਹ ਕਰੇ ਗੁਰਬਾਣੀ ਹੂ।
ਵਿਸਾਰ ਦਿੱਤਾ ਜੇ ਸਤਿਗੁਰ ਤਾਈਂ,
ਉਲਝ ਜਾਣੀ ਫਿਰ ਤਾਣੀ ਹੂ।
ਪਰਿਵਾਰਕ ਕੰਮ ਕਰ ਤੂੰ ਬੇਸ਼ੱਕ ,
ਉਪਰੋਕਤ ਗੱਲ ਸਿਆਣੀ ਹੂ।
ਜੋ ਦੱਦਾਹੂਰੀਆ ਯਾਦ ਕਰਾਉਂਦੈ,
ਓਹ ਨਾ ਗੱਲ ਭੁਲਾਣੀ ਹੂ।
ਹ: ਹਾਮ੍ਹੀ ਭਰੀਏ ਸਦਾ ਸੱਚ ਦੀ,
ਗੁਰਬਾਣੀ ਫੁਰਮਾਉਂਦੀ ਹੂ।
ਝੂਠ ਦੀ ਸਦਾ ਨਿਖੇਧੀ ਕਰੀਏ,
ਸਿੱਧੇ ਰਸਤੇ ਪਾਉਂਦੀ ਹੂ।
ਡੋਲਣ ਨਹੀਂ ਇਨਸਾਨ ਨੂੰ ਦਿੰਦੀ,
ਫੌਲਾਦ ਦੇ ਤਰਾਂ ਬਣਾਉਂਦੀ ਹੂ।
ਦੱਦਾਹੂਰੀਆ ਆਖੇ ਬੰਦੇ ਨੂੰ,
ਭਟਕਣ ਤੋਂ ਬਚਾਉਂਦੀ ਹੂ।
ਕ: ਕਾਮ ਕ੍ਰੋਧ ਮੋਹ ਲੋਭ ਹੰਕਾਰ ਨੂੰ ,
ਬੰਦਿਆ ਲਵੇਂ ਜੇ ਮਾਰ ਹੂ।
ਭਵਜਲ ਵਾਲੀ ਬੇੜੀ ਨੂੰ ਫਿਰ,
ਕਰ ਤੂੰ ਲੈਣਾ ਪਾਰ ਹੂ।
ਨਹੀਂ ਤਾਂ ਘੁੰਮਣਘੇਰੀ ਦੇ ਵਿੱਚ,
ਰਹੇਂਗਾ ਗੋਤੇ ਮਾਰ ਹੂ।
ਕਹੇ ਦੱਦਾਹੂਰੀਆ ਇਸੇ ਕਰਕੇ,
ਨਾ ਰਾਮ ਦਾ ਨਾਮ ਵਿਸਾਰ ਹੂ।
ਖ: ਖ਼ਤਮ ਤੂੰ ਕਰਲੈ ਬੰਦਿਆ ਦਿਲ ਚੋਂ,
ਚੁਸਤ ਚਲਾਕੀ ਅਤੇ ਮਕਾਰੀ ਹੂ।
ਡਾਢੇ ਅੱਗੇ ਚੱਲਣੀ ਨਹੀਂ ਤੇਰੀ,
ਵੇਖ ਲਵੀਂ ਹੁਸ਼ਿਆਰੀ ਹੂ।
ਪਰ ਤੂੰ ਤਾਂ ਚੱਤੋ ਪਹਿਰ ਹੀ ਕਰਦੈਂ,
ਚੜ੍ਹੇ ਘੋੜੇ ਅਸਵਾਰੀ ਹੂ।
ਦੱਦਾਹੂਰੀਆ ਤੈਨੂੰ ਹੈ ਸਮਝਾਉਂਦਾ,
ਕਿਉਂ ਬਣਿਆ ਕਾਲ ਵਗਾਰੀ ਹੂ।
ਗ:ਗੂੰਗਾ ਬੋਲਾ ਬਣ ਕੇ ਬੰਦਿਆ,
ਵਕਤ ਨਾਂ ਕਦੇ ਗਵਾਈਂ ਹੂ।
ਕੀਤੇ ਕੌਲ ਕਰਾਰ ਜੋ ਗਰਭ ਚ,
ਸੱਚੇ ਦਿਲੋਂ ਨਿਭਾਈਂ ਹੂ।
ਰਾਜੀ ਰਹੀਂ ਸਦਾ ਓਹਦੀ ਰਜ਼ਾ ਚ
ਆਪਣੀ ਨਾ ਪੁਗਾਈਂ ਹੂ।
ਤੈਨੂੰ ਦੱਦਾਹੂਰੀਆ ਕਹਿੰਦੈ ਸ਼ਰਮਾਂ
ਦਰ ਓਹਦੇ ਝੁਕ ਜਾਈਂ ਹੂ।
ਘ:ਘਰਬਾਰ ਗ੍ਰਿਹਸਤੀ ਛੱਡਣੀ ਨਹੀਂ
ਓਹਨੂੰ ਰੱਖਣਾ ਯਾਦ ਹਮੇਸ਼ਾ ਹੂ।
ਕਾਰੋਬਾਰ ਬਿਜ਼ਨਸ ਕੋਈ ਵੀ ਕਰ,
ਤੂੰ ਕਰਲੈ ਕੋਈ ਵੀ ਪੇਸ਼ਾ ਹੂ।
ਖਿਆਲਾਂ ਦੇ ਵਿੱਚ ਨਾਮ ਸਿਮਰ ਲੈ,
ਮਨ ਬਣਾ ਲੈ ਐਸਾ ਹੂ।
ਦੱਦਾਹੂਰੀਆ ਪਾਰਸ ਬਣੇਂਗਾ,
ਲੱਗਣਾ ਕੋਈ ਨਾ ਪੈਸਾ ਹੂ।
: ਗਈਏਂ ਵਾਂਗਰ ਜੇਕਰ ਦੋਸਤਾ,
ਨਾਂ ਅੱਗੇ ਕਿਸੇ ਦੇ ਲੱਗਿਆ ਹੂ।
ਕਿਸੇ ਵੀ ਤੈਨੂੰ ਯਾਦ ਨਹੀ ਕਰਨਾ
ਰਹੇਂਗਾ ਠੱਗਿਆ ਠੱਗਿਆ ਹੂ।
ਕੰਮ ਤੈਥੋਂ ਉਂਝ ਲੈਣਗੇ ਸਾਰੇ,
ਤੈਥੋਂ ਜਾਣਾਂ ਨਹੀਂਓਂ ਭੱਜਿਆ ਹੂ।
ਤੈਨੂੰ ਦੱਦਾਹੂਰੀਏ ਹੈ ਸਮਝੌਂਦਾ,
ਨੰਗ ਨਹੀਂ ਜਾਣਾ ਕੱਜਿਆ ਹੂ।
ਚ: ਚਮਕਣ ਦਮਕਣ ਵਾਲੀ ਚੀਜ਼ ,
ਸੱਭ ਨਾ ਹੁੰਦੀ ਹੀਰਾ ਹੂ।
ਹੱਕ ਹਲਾਲ ਦੀ ਕਰਕੇ ਖਾਵੀਂ,
ਕਦੇ ਨਾ ਕਰੀਂ ਕਚੀਰਾ ਹੂ।
ਇਹੀ ਜੱਗ ਤੇ ਔਣ ਦਾ ਮਕਸਦ,
ਦੱਸਾਂ ਸੱਚ ਇਹ ਵੀਰਾ ਹੂ।
ਦੱਦਾਹੂਰੀਆ ਖਰੀਆਂ ਕਹਿੰਦੈ,
ਕਾਹਦਾ ਮਾਣ ਸਰੀਰਾ ਹੂ।
ਛ: ਛਲ ਫਰੇਬ ਨਾ ਕਰੀਂ ਕਿਸੇ ਨਾਲ,
ਗੁਰਬਾਣੀ ਗੱਲ ਸਮਝਾਈ ਹੂ।
ਪਾਇਆ ਲੁਕਾਈ ਨੂੰ ਸਿੱਧੇ ਰਸਤੇ,
ਇਹ ਗੁਰੂਆਂ ਦੀ ਵਡਿਆਈ ਹੂ।
ਗੱਲ ਵਿੱਚ ਪੱਲੂ ਪਾ ਕੇ ਮੰਨੀਏਂ,
ਹਰ ਇੱਕ ਮਾਈ ਭਾਈ ਹੂ।
ਦੱਦਾਹੂਰੀਆ ਹੈ ਸੱਚ ਕਹਿੰਦਾ,
ਨਾ ਦੁਖੀ ਹੋਵੇ ਹਰਜਾਈ ਹੂ।
ਜ: ਜਨਮ ਮਰਨ ਤੋਂ ਮੁਕਤ ਹੈ ਕਰਦੀ,
ਜੇ ਗੁਰਬਾਣੀ ਨੂੰ ਪੜ੍ਹੀਏ ਹੂ।
ਪੜ੍ਹਨ ਦਾ ਫਾਇਦਾ ਤਾਂ ਹੀ ਹੋਣਾ,
ਅਮਲ ਵੀ ਉਸ ਤੇ ਕਰੀਏ ਹੂ।
ਨੀਵੇਂ ਹੋ ਕੇ ਰਹੀਏ ਸਦਾ ਹੀ,
ਓਸ ਖੁਦਾ ਤੋਂ ਡਰੀਏ ਹੂ।
ਛੱਡ ਦੱਦਾਹੂਰੀਆ ਹੈਂਕੜਬਾਜ਼ੀ,
ਚਰਨਾਂ ਵਿੱਚ ਸਿਰ ਧਰੀਏ ਹੂ।
ਝ: ਝਗੜੇ ਝੇੜੇ ਛੱਡ ਦੁਨੀਆਂ ਦੇ,
ਚਰਨੀਂ ਤੂੰ ਲਿਵ ਲਾਈਂ ਹੂ।
ਕਦੇ ਨਾ ਕਿਸੇ ਨੂੰ ਕੌੜਾ ਬੋਲੀਂ,
ਮਿਠਤੁ ਪਿਆਰ ਵਧਾਈਂ ਹੂ।
ਇਹ ਦੁਨੀਆਂ ਦੇ ਗਰਜ਼ੀ ਨਾਤੇ,
ਦਿਲ ਦੇ ਵਿੱਚੋਂ ਭੁਲਾਈਂ ਹੂ।
ਦੱਦਾਹੂਰੀਏ ਦੀ ਮੰਨ ਲਈਂ ਤੂੰ,
ਕਦੇ ਵੀ ਨਾ ਘਬਰਾਈਂ ਹੂ।
:ਣਈਏਂ ਨਾਲ ਕੁੱਝ ਸ਼ੁਰੂ ਨਾ ਹੋਵੇ
ਇਹ ਪਿੱਛੇ ਦਾ ਆਦੀ ਹੂ।
ਪੰਜਾਬੀ ਪੈਂਤੀ ਦੇ ਵਿੱਚ ਇਹੇ
ਬਣਿਆ ਰਹੇ ਫਰਿਆਦੀ ਹੂ।
ਇਹਦੀ ਕਿਧਰੇ ਰੀਸ ਨਾ ਕਰਲੀਂ
ਲੱਗੇ ਇਹ ਅਪਰਾਧੀ ਹੂ।
ਦੱਦਾਹੂਰੀਆ ਹੈ ਸਮਝਾਉਂਦਾ
ਨਹੀਂ ਖੁੱਸਜੂ ਸ਼ਾਨ ਨਵਾਬੀ ਹੂ।
ਟ : ਟੁੱਟ ਗਈ ਜੇ ਪ੍ਰੀਤੀ ਬੰਦਿਆ,
ਦੱਸ ਗੰਢ ਕੌਣ ਫਿਰ ਲਾਊ ਹੂ।
ਕੌਣ ਮਿਲਾਊ ਇਲਾਹੀ ਜੋਤ ਨਾਲ
ਦੱਸਦੇ ਕੌਣ ਤੈਨੂੰ ਸਮਝਾਊ ਹੂ।
ਰਹਿੰਦੀ ਉਮਰੇ ਹਾਲੇ ਸੋਚ ਲਾ,
ਬੰਦਿਆ ਬਣ ਕੇ ਸਾਊ ਹੂ।
ਦੱਦਾਹੂਰੀਆ ਨਾਮ ਹੀ ਤੈਨੂੰ,
ਸਿੱਧੇ ਰਾਹੇ ਲਿਜਾਊ ਹੂ।
ਠ: ਠੱਗੀਆਂ ਧੋਖੇ ਕਿਸੇ ਨਾਲ ਬੰਦੇ,
ਨਹੀਂਓਂ ਕਦੇ ਵੀ ਕਰਨੇ ਹੂ।
ਧਰਮਰਾਜ ਦੇ ਅੱਗੇ ਜਾ ਕੇ,
ਪੈ ਜਾਂਦੇ ਓਹ ਭਰਨੇ ਹੂ।
ਕਦਰਦਾਨੀ ਇਨਸਾਨਾਂ ਨੇ ਹੀ,
ਡੂੰਘੇ ਭਵਜਲ ਤਰਨੇ ਹੂ।
ਜੋ ਸਿਮਰਨ ਕਰਦੇ ਦੱਦਾਹੂਰੀਆ
ਕਦੇ ਨਾ ਕਿਸੇ ਤੋਂ ਡਰਨੇ ਹੂ।
ਡ: ਡੋਲਣ ਦੀ ਨਹੀਂ ਲੋੜ ਓ ਬੰਦਿਆ
ਜੇ ਇੱਕ ਦਾ ਹੋ ਕੇ ਜੀਨਾ ਹੂ।
ਦਿੱਤਾ ਹੈ ਜੋ ਓਸ ਨੇ ਤੈਨੂੰ,
ਨਾਮ ਪਿਆਲਾ ਪੀਨਾ ਹੂ।
ਵਾਲ ਵਿੰਗਾ ਨਾ ਹੋਏਗਾ ਤੇਰਾ,
ਖੜ੍ਹ ਜਾ ਤਣ ਕੇ ਸੀਨਾ ਹੂ।
ਕਹੇ ਦੱਦਾਹੂਰੀਆ ਅਡੋਲ ਰਹੀਂ
ਭਾਵੇਂ ਚੜ੍ਹਕੇ ਆਏ ਕਮੀਨਾ ਹੂ।
ਢ: ਢੋਅ ਢਾਸਣਾ ਲਾ ਨਾ ਬਹੀਏ,
ਵੇਲੇ ਸਿਮਰਨ ਆਵੇ ਸੁਸਤੀ ਹੂ।
ਅਲਰਟ ਹੋ ਕੇ ਜੇ ਬੈਠੀਏ,
ਸਰੀਰ ਚ ਆ ਜਾਏ ਚੁਸਤੀ ਹੂ।
ਸੱਚੇ ਦਿਲੋਂ ਜੇ ਲਾ ਲਿਵ ਲਈਏ,
ਵੀਰੋ ਮਿਲ ਜਾਏ ਮੁਕਤੀ ਹੂ।
ਦੱਦਾਹੂਰੀਆ ਸਤਿਗੁਰ ਅੱਗੇ,
ਕਾਇਨਾਤ ਕੁੱਲ ਝੁਕਤੀ ਹੂ।
ਣ: ਣਾਣਾ ਕਹੇ ਨਿਆਣੇ ਦੀ ਤਰ੍ਹਾਂ,
ਨਾ ਰੋਲੀਂ ਜਿੰਦ ਨਿਮਾਣੀ ਹੂ।
ਸੋਨੇ ਜਿਹੀ ਤਨ ਦੇਹੀ ਬੰਦਿਆ,
ਮਿੱਟੀ ਵਿੱਚ ਮਿਲ ਜਾਣੀ ਹੂ।
ਇਹ ਸਵਾਸਾਂ ਦੀ ਪੂੰਜੀ ਤੈਨੂੰ,
ਕਦੇ ਨਾ ਫਿਰ ਥਿਆਣੀ ਹੂ।
ਨਾਮ ਰਹੂ ਜੱਗ ਦੱਦਾਹੂਰੀਆ ਜੇ
ਸਿੱਖੇਂ ਗੁਰੂ ਦੇ ਨਾਲ ਨਿਭਾਣੀ ਹੂ।
ਤ: ਤੁਰ ਕੇ ਧੰਨ ਗੁਰੂ ਨਾਨਕ ਜੀ ਨੇ,
ਦਿੱਤੀ ਤਾਰ ਲੁਕਾਈ ਹੂ।
ਹਿੰਦੂ ਮੁਸਲਿਮ ਸਿੱਖ ਈਸਾਈ,
ਸਮਝਾਇਆ ਭਾਈ ੨ ਹੂ।
ਜਗਤ ਗੁਰੂ ਉਦਾਸੀਆਂ ਕਰਕੇ,
ਲੀਹ ਨਿਵੇਕਲੀ ਪਾਈ ਹੂ।
ਦੱਦਾਹੂਰੀਆ ਹੈ ਸੱਚ ਕਹਿੰਦਾ,
ਸਿਜਦਾ ਕਰੇ ਲੁਕਾਈ ਹੂ।
ਥ: ਥਾਂ ਥਾਂ ਫਿਰਿਆਂ ਗੁਰੂ ਨੀ ਲੱਭਣਾ
ਇੱਕ ਥਾਂ ਲਿਵ ਲਗਾ ਲੈ ਹੂ।
ਧੂਣੀਆਂ ਤਾ ਭਾਵੇਂ ਕਰ ਜਲਧਾਰਾ
ਭਬੂਤੀਆਂ ਪਿੰਡੇ ਤੇ ਲਾ ਲੈ ਹੂ।
ਅੱਗ ਮਚਾ ਭਾਵੇਂ ਚਾਰ ਚੁਫੇਰੇ,
ਸਾਰਾ ਬਦਨ ਜਲਾ ਲੈ ਹੂ।
ਦੱਦਾਹੂਰੀਆ ਓਹਨੇ ਤਾਂ ਮਿਲਣੈਂ
ਵਿੱਚੋਂ ਮੈਂ ਨੂੰ ਮਾਰ ਮੁਕਾ ਲੈ ਹੂ।
ਦ: ਦੁੱਖ ਦਰਦ ਸੱਭ ਨੱਸ ਜਾਣਗੇ
ਜੇ ਓਹਦੇ ਹੋ ਜਾਈਏ ਹੂ।
ਦੁਖੀਏ ਕਿਸੇ ਪ੍ਰਾਣੀ ਨੂੰ ਜੇ,
ਨਾਲ ਹਿੱਕ ਦੇ ਲਾਈਏ ਹੂ।
ਰਹਿ ਕੇ ਓਹਦੀ ਰਜ਼ਾ ਦੇ ਅੰਦਰ
ਜ਼ਿੰਦਗੀ ਨੂੰ ਹੰਢਾਈਏ ਹੂ।
ਦੱਦਾਹੂਰੀਆ ਮੰਨੀਏਂ ਕਹਿਣਾ
ਕਦਮ ਨਾ ਬਾਹਰ ਟਿਕਾਈਏ ਹੂ
ਧ: ਧੰਨਵਾਨ ਹੈ ਜੱਗ ਵਿੱਚ ਓਹੋ ਜੋ,
ਸਿਮਰਨ ਸਦਾ ਹੀ ਕਰਦਾ ਹੂ।
ਅੰਗ ਸੰਗ ਸਮਝੇ ਮਾਲਕ ਨੂੰ
ਸਦਾ ਹੀ ਰਹਿੰਦਾ ਡਰਦਾ ਹੂ।
ਦੁਨੀਆਂ ਉੱਤੇ ਨਾਮ ਕਮਾਉਂਦਾ
ਬਣ ਕੂਕਰ ਓਹਦੇ ਦਰ ਦਾ ਹੂ।
ਦੱਦਾਹੂਰੀਆ ਇਹ ਓਹੋ ਕਰਦਾ
ਜੋ ਉਪਾਸ਼ਕ ਓਹਦੇ ਘਰ ਦਾ ਹੂ।
ਨ: ਨਾਪ ਤੋਲ ਜੋ ਗੱਲ ਹੈ ਕਰਦਾ
ਓਹੀ ਮਾਲਕ ਨੂੰ ਭਾਉਂਦਾ ਹੂ।
ਦੁਨੀਆਂ ਚੋਂ ਜਸ ਖੱਟ ਜਾਂਦਾ ਹੈ
ਜੋ ਗੁਣ ਪ੍ਰਭੂ ਦੇ ਗਾਉਂਦਾ ਹੂ।
ਮਨਮਰਜ਼ੀ ਜੋ ਆਪਣੀ ਕਰਦਾ
ਪਿੱਛੋਂ ਫਿਰ ਪਛਤਾਉਂਦਾ ਹੂ।
ਦੱਦਾਹੂਰੀਆ ਨਾਮ ਸਿਮਰ ਲੈ
ਧੁਨਕਾਰਾਂ ਅੰਦਰੋਂ ਪਾਉਂਦਾ ਹੂ।
ਪ: ਪਾਖੰਡਵਾਦ ਲਈ ਕੋਈ ਥਾਂ ਹੈਨੀ
ਬਾਣੀ ਵਿੱਚ ਫਰਮਾਇਆ ਹੂ।
ਗੁਰੂਆਂ ਇਹਦੀ ਨਿਖੇਧੀ ਕੀਤੀ
ਸ਼ਬਦ ਗੁਰੂ ਲੜ ਲਾਇਆ ਹੂ।
ਭਵਜਲ ਵਿਚੋਂ ਇਹੀ ਤਾਰੂ
ਬਾਰ ੨ ਸਮਝਾਇਆ ਹੂ।
ਦੱਦਾਹੂਰੀਆ ਤਰ ਜਾਵੇਂਗਾ ਜੇ ,
ਦਿਲ ਵਿੱਚ ਸ਼ਬਦ ਵਸਾਇਆ ਹੂ
ਫ: ਫਸ ਗਿਆ ਮਾਇਆ ਦੇ ਜੇ ਮੋਹ
ਨਹੀਂ ਹੱਥ ਪੱਲੇ ਕੁੱਝ ਪੈਣਾ ਹੂ।
ਬਖਸ਼ਿਸ਼ ਓਹਦੀ ਨਹੀਂਓਂ ਹੋਣੀ
ਖਾਲੀ ਕਾਸਾ ਰਹਿਣਾ ਹੂ।
ਖ਼ਾਹਸ਼ਾਂ ਦਿਲ ਵਿੱਚ ਰਹਿ ਜਾਣੀਆਂ
ਮਹਿਲ ਆਸਾਂ ਦਾ ਢਹਿਣਾ ਹੂ।
ਦੱਦਾਹੂਰੀਆ ਸਿਮਰਨ ਕਰਲੈ
ਵਾਰ ਵਾਰ ਇਹ ਕਹਿਣਾ ਹੂ।
ਬ: ਬੋਲ ਮਿੱਠੇ ਬੋਲ ਜ਼ੁਬਾਨ ਦੇ ਵਿੱਚੋਂ
ਇਹ ਜਿੰਦਗੀ ਦਾ ਗਹਿਣਾ ਹੂ।
ਮਿੱਠੇ ਪਿਆਰੇ ਬੋਲਾਂ ਨਾਲ ਹੀ
ਦੁਨੀਆਂ ਵਿੱਚ ਨਾਮ ਰਹਿਣਾ ਹੂ।
ਕਿਉਂ ਮਾੜਾ ਬੋਲੀਏ ਕਿਸੇ ਦੇ ਤਾਈਂ
ਜੋ ਨਾ ਕਿਸੇ ਨੇ ਸਹਿਣਾ ਹੂ।
ਦੱਦਾਹੂਰੀਏ ਸੱਚ ਦੱਸ ਦਿੱਤਾ
ਅੱਗੇ ਕਰ ਜੋ ਤੇਰੀ ਚਹਿਣਾ ਹੂ।
ਭ: ਭਾਈ ਨੂੰ ਭਾਈ ਹੈ ਮਾਰੀ ਜਾਂਦੇ
ਦੁਨੀਆਂ ਚਾਰ ਦਿਨਾਂ ਦਾ ਮੇਲਾ ਹੂ
ਆਖ਼ਿਰ ਇਥੋਂ ਕੂਚ ਹੈ ਕਰਨਾ
ਮਿਲਣਾ ਕਾਠ ਦਾ ਠੇਲ੍ਹਾ ਹੂ।
ਹਾਲੇ ਵੀ ਸੰਭਲ ਜਾ ਓਹ ਬੰਦੇ
ਹੱਥ ਵਿੱਚ ਤੇਰੇ ਵੇਲਾ ਹੂ।
ਦੱਦਾਹੂਰੀਆ ਗੌਰ ਤੂੰ ਕਰਲੈ
ਦੁਨੀਆਂ ਇੱਕ ਝੰਮੇਲਾ ਹੂ।
ਮ: ਮੇਲਾ ਦੁਨੀਆਂ ਵਾਲਾ ਛੱਡਣੈਂ
ਕਾਹਤੋਂ ਪੈਰ ਪਸਾਰੇ ਹੂ।
ਸਵਾਸ ਜੋ ਮਾਲਕ ਕੋਲੋਂ ਲਿਆਇਆ
ਇਹ ਤਾਂ ਮਿਲੇ ਉਧਾਰੇ ਹੂ।
ਸਵਾਸ ਜੋ ਲੇਖੇ ਦੇ ਵਿੱਚ ਲਾ ਗਏ
ਜਾਣੇ ਓਹ ਸਤਿਕਾਰੇ ਹੂ।
ਦੱਦਾਹੂਰੀਆ ਹੋ ਜਾਹ ਚੁਕੰਨਾ
ਨਹੀਂ ਜਮ ਆਏ ਹਤਿਆਰੇ ਹੂ।
ਯ: ਯਾਰੀ ਲਾਈਏ ਨਾਲ ਇੱਕ ਦੇ
ਫਿਰ ਓੜ ਦੇ ਤੱਕ ਨਿਭਾਈਏ ਹੂ।
ਜੇ ਦਿਲ ਨਾ ਮੰਨੇ ਮੇਰੇ ਵੀਰੀਓ,
ਫਿਰ ਕਦੇ ਨਿਉਂ ਨਾ ਲਾਈਏ ਹੂ।
ਜੇ ਲੱਗ ਗਿਆ ਨਾ ਪਿੱਛੇ ਰਹੀਏ
ਓੜ ਦੇ ਤੱਕ ਪੁਗਾਈਏ ਹੂ।
ਘਾਟਾ ਵਾਧਾ ਗਿਣੀਏਂ ਨਾ ਫਿਰ
ਅੱਗੇ ਈ ਪੈਰ ਵਧਾਈਏ ਹੂ।
ਰ: ਰਾਮ ਵਾਹਿਗੁਰੂ ਗੌਡ ਤੇ ਅੱਲ੍ਹਾ
ਸੱਭ ਚ ਇੱਕੋ ਜੋਤ ਸਮਾਈ ਹੂ।
ਹਿੰਦੂ ਮੁਸਲਿਮ ਸਿੱਖ ਈਸਾਈ
ਇਹ ਸੱਭ ਭਾਈ ਭਾਈ ਹੂ।
ਜਿਥੇ ਕਿਸੇ ਦੀ ਨੇਹਚਾ ਜਾਵੋ
ਪਰ ਕਰਨੀ ਨਹੀਂ ਲੜਾਈ ਹੂ।
ਵੰਡੀਆਂ ਨਾ ਪਾ ਦੱਦਾਹੂਰੀਆ
ਹੈ ਇਸੇ ਵਿੱਚ ਭਲਾਈ ਹੂ।
ਲ: ਲੁਕਾਈ ਨੂੰ ਸਿੱਧੇ ਰਸਤੇ ਪਾਇਆ
ਓਹ ਇੱਕੋ ਜੋਤ ਨਿਰਾਲੀ ਹੂ।
ਓਸ ਨੂਰਾਨੀ ਜੋਤ ਦੇ ਬਾਝੋਂ
ਜਗ੍ਹਾ ਕੋਈ ਨਾ ਖ਼ਾਲੀ ਹੂ।
ਕਾਇਨਾਤ ਸਾਰੀ ਇੱਕ ਜੋਤ ਨੇ
ਬਾਖੂਬੀ ਵੇਖੋ ਸੰਭਾਲੀ ਹੂ।
ਦੱਦਾਹੂਰੀਆ ਹੁਕਮ ਓਹਦੇ ਬਿਨ
ਹਿਲਦੀ ਨਹੀਂਓਂ ਡਾਲੀ ਹੂ।
ਵ: ਵੰਨ ਸੁਵੰਨੀਆਂ ਸ਼ਕਲਾਂ ਐਪਰ
ਸਾਜੀਆਂ ਇੱਕ ਕਰਤਾਰ ਹੂ।
ਓਹੀ ਸੱਭ ਦਾ ਪਾਲਣਹਾਰਾ
ਇੱਕ ਓਹੀ ਪਰਵਰਦਗਾਰ ਹੂ।
ਸ਼ਕਲੋਂ ਦਿਸੀਏ ਵੱਖੋ ਵੱਖਰੇ
ਇੱਕ ਓਸੇ ਦਾ ਪਰਿਵਾਰ ਹੂ।
ਦੱਦਾਹੂਰੀਆ ਸਿਜਦਾ ਕਰਦਾ
ਸਦਾ ਜਾਏ ਬਲਿਹਾਰ ਹੂ।
ੜ: ੜਾੜੇ ਬਾਜੋਂ ਪੰਜਾਬੀ ਪੈਂਤੀ ਸੱਜਣੋਂ
ਰਹਿੰਦੀ ਜਿਵੇਂ ਅਧੂਰੀ ਹੂ।
ਇਨਸਾਨ ਨੂੰ ਬਿਲਕੁਲ ਇਸੇ ਤਰ੍ਹਾਂ
ਜਪਣਾ ਨਾਮ ਜ਼ਰੂਰੀ ਹੂ।
ਕਾਹਤੋਂ ਦੂਰੀ ਪਾਈਏ ਨਾਮ ਤੋਂ
ਕੀ ਦੱਸੋ ਮਜਬੂਰੀ ਹੂ।
ਦੱਦਾਹੂਰੀਆ ਰੱਖੀਏ ਮਨੀਂ ਵਸਾ ਕੇ
ਜੱਗ ਓਹਦੇ ਚਰਨਾਂ ਦੀ ਧੂੜੀ ਹੂ।
(ਨੋਟ:ਦੋ ਅੱਖਰ ਮੋਬਾਇਲ ਦੀ ਪੰਜਾਬੀ ਪੈਂਤੀ ਵਿੱਚ ਨਹੀਂ ਹਨ ਜੀ,ਇਸ ਲਈ ਖਿਮਾ ਦਾ ਜਾਚਕ ਹਾਂ ਜੀ)