ਚਾਨਣ ਬੰਦੇ ਨਾਲ ਵਫਾ ਨਿਭਾਉਂਦਾ ਹੈ।
ਪ੍ਰਛਾਵੇਂ ਨੂੰ ਉਸ ਦੇ ਸਾਥ ਚਲਾਉਂਦਾ ਹੈ।
ਬੰਦਾ ਹੀ ਹੈ ਦਾਰੂ ਬੰਦੇ ਦੀ ਕਹਿੰਦੇ
ਬੰਦਾ ਹੀ ਬੰਦੇ ਨੂੰ ਮਾਰ ਮਕਾਉਂਦਾ ਹੈ।
ਹਾਥੀ ਸ਼ੇਰ ਬਘੇਰੇ ਭਾਵੇਂ ਤੱਕੜੇ ਨੇ,
ਬੰਦੇ ਅੱਗੇ ਹਰ ਇਕ ਪੂਛ ਹਿਲਾਉਂਦਾ ਹੈ।
ਅੱਧੋਂ ਬਹੁਤੇ ਜਾਂਦੇ ਨੇ ਉਸ ਦੇ ਐਬ ਢਕੇ,
ਦੂਜੇ ਨੂੰ ਉਹ ਜਦ ਜੀ ਆਖ ਬੁਲਾਉਂਦਾ ਹੈ।
ਰਾਜਾ ਰੰਕ ਪਛਾਣਿਆ ਜਾਂਦਾ ਉਸ ਵੇਲੇ,
ਆਣ ਪਰੇ ਵਿਚ ਜਦ ਔਕਾਤ ਵਿਖਾਉਂਦਾ ਹੈ।
ਨਿਰਧਨ ਦੀ ਬਾਂਹ ਫੜਨ ਕੋਈ ਵਿਰਲੇ ਹੀ,
ਜੋਰਾਵਰ ਨੂੰ ਹਰ ਇਕ ਸੀਸ ਝਕਾਉਂਦਾ ਹੈ।
ਜਿਸ ਦਿਲ ਵਿਚ ਮਜਲੂਮਾਂ ਦੀ ਖਾਤਰ ਦਰਦ ਹੈ,
ਦੂਜੇ ਖਾਤਰ ਉਹ ਹੀ ਸੀਸ ਲਗਾਉਂਦਾ ਹੈ।
ਗੱਲੀਂ ਬਾਤੀਂ ਬਣਿਆ ਸੇਵਾਦਾਰ ਸਿੱਧੂ,
ਪਰ ਮਾੜੇ ਨੂੰ ਉਂਗਲੀ ਨਾਚ ਨਚਾਉਂਦਾ ਹੈ।