ਕਿਉਂਕਿ ਇਹ ਦਿਲ ਦਾ ਮਾਮਲਾ ਹੈ
(ਲੇਖ )
ਜਦੋਂ ਵੀ ਦਿਲ ਦੇ ਮਾਮਲੇ ਦੀ ਗੱਲ ਹੁੰਦੀ ਹੈ ਤਾਂ ਅਮੂਮਨ ਸਾਡਾ ਧਿਆਨ ਕਿਸੇ ਰੁਮਾਂਸਵਾਦੀ ਵਿਚਾਰ ਵੱਲ ਚਲਿਆ ਜਾਂਦਾ ਹੈ, ਪਰ ਦਿਲ ਦੇ ਜਿਸ ਮਾਮਲੇ ਮੈਂ ਗੱਲ ਕਰਨ ਲੱਗੀ ਹਾਂ, ਉਹ ਇਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੈ। ਕਿਉਂਕਿ ਇਹ ਸਾਡੇ ਦਿਲ ਨੂੰ ਲੱਗਣ ਵਾਲੀਆਂ ਖ਼ਤਰਨਾਕ ਅੰਦਰੂਨੀ ਬਿਮਾਰੀਆਂ ਨਾਲ ਸਬੰਧਿਤ ਹੈ। ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿੱਚ ਅਸੀਂ ਆਪਣੀ ਸਿਹਤ ਪੱਖੋਂ ਬਹੁਤ ਅਵੇਸਲੇ ਹੋ ਗਏ ਹਾਂ, ਜਿਸ ਕਾਰਨ ਅਸੀਂ ਕਈ ਕਿਸਮ ਦੀਆਂ ਛੋਟੀਆਂ-ਵੱਡੀਆਂ ਸਰੀਰਿਕ ਸਮੱਸਿਆਵਾਂ ਜਾਂ ਬਿਮਾਰੀਆਂ ਤੋਂ ਪੀੜ੍ਹਿਤ ਰਹਿੰਦੇ ਹਾਂ।
ਹੈਰਾਨਗੀ ਤੋਂ ਉਦੋਂ ਵੱਧ ਜਾਂਦੀ ਹੈ ਜਦ ਚੜ੍ਹਦੀ ਜਵਾਨੀ ਵਿੱਚ ਦਿਲ ਦੇ ਦੌਰੇ ਨਾਲ ਹੋਣ ਵਾਲੀਆਂ ਮੌਤਾਂ ਬਾਰੇ ਖ਼ਬਰ ਕਿਤੇ ਪੜ੍ਹੀਦੀ ਜਾਂ ਸੁਣੀਂਦੀ ਹੈ। ਅੱਜ ਸਾਡਾ ਰਹਿਣ-ਸਹਿਣ, ਖਾਣ-ਪੀਣ ਬਹੁਤ ਬਦਲ ਗਿਆ ਹੈ। ਉੱਥੇ ਸਾਡੇ ਆਲੇ-ਦੁਆਲੇ ਦਾ ਕੁਦਰਤੀ ਵਾਤਾਵਰਨ ਵੀ ਪ੍ਰਦੂਸ਼ਿਤ ਹੋਇਆ ਹੈ। ਇਸ ਦੇ ਨਾਲ ਕੁਝ ਆਮ ਸਮੱਸਿਆਵਾਂ ਜਾਂ ਬਿਮਾਰੀਆਂ ਜਿਵੇਂ ਸਰੀਰ ਦਾ ਭਾਰ ਵੱਧ ਹੋਣਾ, ਸ਼ੁਗਰ, ਹਾਈ ਬਲੱਡ ਪ੍ਰੈਸ਼ਰ, ਜ਼ਿਆਦਾ ਤਨਾਅ, ਜੰਕ ਫੂਡ ਜਾਂ ਡੱਬਾ ਬੰਦ ਭੋਜਨ ਤੋਂ ਇਲਾਵਾ ਕਿਸੇ ਨਾ ਕਿਸੇ ਨਸ਼ੇ ਦਾ ਸੇਵਨ ਆਦਿ ਮੁੱਖ ਕਾਰਨ ਹਨ ਜੋ ਦਿਲ ਦੇ ਦੌਰੇ ਲਈ ਜ਼ਿੰਮੇਵਾਰ ਹਨ। ਕੁਝ ਛੋਟੇ ਬੱਚਿਆਂ ਉੱਤੇ ਬੇਫ਼ਜ਼ੂਲਾ ਬੋਝ ਵੀ ਫਿਰ ਉਹ ਜ਼ਿਆਦਾ ਅੰਕ ਪ੍ਰਾਪਤ ਕਰਨ ਦਾ ਹੋਵੇ ਜਾਂ ਫਿਰ ਸਕੂਲ ਕਾਲਜ ਵਿੱਚੋਂ ਪਹਿਲੇ ਨੰਬਰ ’ਤੇ ਆਉਣ ਦਾ ਜਾਂ ਫਿਰ ਮਾਪਿਆ ਦੀ ਮਰਜ਼ੀ ਅਨੁਸਾਰ ਬੱਚਿਆਂ ਨੂੰ ਕਿੱਤਾ ਚੁਣਨ ਲਈ ਜ਼ੋਰ ਪਾਇਆ ਜਾਵੇ ਤਾਂ ਉਹ ਮਾਨਸਿਕ ਪੀੜਾ ਵਿੱਚ ਚਲੇ ਜਾਂਦੇ ਹਨ। ਇਸ ਸਭ ਤੋਂ ਵੀ ਅੱਜ ਬਚਣ ਦੀ ਲੋੜ ਹੈ।
ਜੇ ਉਪਰਕੋਤ ਗੱਲਾਂ ਦੇ ਵਿਸਥਾਰ ਵੱਲ ਜਾਵਾਂ ਤਾਂ ਲਿਖਤ ਲੰਮੇਰੀ ਹੋਵੇਗੀ, ਪਰ ਇਸ ਸਭ ਬਾਰੇ ਅਸੀਂ ਜਾਣਦੇ ਹੋਏ ਵੀ ਅਣਜਾਣ ਬਣੇ ਰਹਿੰਦੇ ਹਾਂ, ਇਹੀ ਸਾਡੀ ਕਮ-ਅਕਲੀ ਸਮਝੀ ਜਾਣੀ ਚਾਹੀਦੀ ਹੈ। ਕਿਉਂਕਿ ਅਸੀਂ ਦਿਲ ਸਬੰਧੀ ਲੇਖ ਦੇ ਅਰੰਭ ਵਿੱਚ ਲਿਖੀ ਪਹਿਲੀ ਲਾਈਨ ਪ੍ਰਤੀ ਤਾਂ ਸੁਚੇਤ ਰਹਿੰਦੇ ਹਾਂ, ਪਰ ਦਿਲ ਦੇ ਅਸਲ ਮਾਮਲਿਆਂ ਬਾਰੇ ਸੁਚੇਤ ਨਹੀਂ ਹੁੰਦੇ। ਸ਼ਾਇਦ ਇਹੀ ਕਾਰਨ ਹੈ ਕਿ ਦਿਲ ਦੇ ਮਾਮਲਿਆਂ ਤੋਂ ਅਨਜਾਣਤਾ ਵਿੱਚ ਜੀਅ ਰਹੇ ਲੋਕਾਂ ਵਿੱਚ ਜਾਗ੍ਰਿਤੀ ਪੈਦਾ ਕਰਨ ਲਈ ਵਿਸ਼ਵ ਸਿਹਤ ਸੰਗਠਨ ਵੱਲੋਂ ਸਾਲ 2000 ਤੋਂ ਹਰ ਸਾਲ ਸਤੰਬਰ ਮਹੀਨੇ ਦੀ 29 ਤਰੀਕ ਨੂੰ ‘ਦਿਲ ਦਿਵਸ’ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਸੀ ਅਤੇ ਸਾਲ 2014 ਤੋਂ ‘ਵਰਡਲ ਹਾਰਟ ਡੇਅ’ ਮਨਾਇਆ ਵੀ ਜਾਣ ਲੱਗ ਪਿਆ।
ਇਸ ਨੂੰ ਮਨਾਉਣ ਦਾ ਮੁੱਖ ਕਾਰਨ ਲੋਕਾਂ ਨੂੰ ਦਿਲ ਦੀ ਸਿਹਤ ਪ੍ਰਤੀ ਸੁਚੇਤ ਕਰਨਾ ਹੈ, ਕਿਉਂਕਿ ਦਿਲ ਸਾਡੇ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹੈ ਅਤੇ ਇਸ ਦੀ ਸੰਭਾਲ ਲਈ ਸਾਨੂੰ ਆਪਣੀ ਜ਼ਿੰਦਗੀ ਜਿਊਣ ਦੇ ਤੌਰ ਤਰੀਕੇ ਕੁੱਝ ਹੱਦ ਤੱਕ ਬਦਲਣੇ ਪੈਣਗੇ। ਡਾਕਟਰਾਂ ਮੁਤਾਬਿਕ ਕੋਰੋਨਾ ਕਾਲ ਤੋਂ ਬਾਅਦ ਮਨੁੱਖਾਂ ਵਿੱਚ ਦਿਲ ਦੇ ਰੋਗ ਨਾਲ ਲੜਨ ਦੀ ਸ਼ਕਤੀ ਘਟੀ ਹੈ। ਸੋ ਆਓ! ਕੁਝ ਨੁਕਤਿਆਂ ਵੱਲ ਤਵਜੋਂ ਦੇਈਏ, ਜਿਵੇਂ:
ਦਿਲ ਦੇ ਦੌਰੇ ਤੋਂ ਬਚਣ ਲਈ, ਸਮੇਂ ਸਿਰ ਸੌਣਾ ਅਤੇ ਸਵੇਰੇ ਸਮੇਂ ਸਿਰ ਉੱਠ ਕੇ ਸੈਰ ਦੀ ਆਦਤ ਨੂੰ ਅਪਨਾਉਣਾ ਪਵੇਗਾ। ਜ਼ਿਆਦਾ ਦੇਰ ਤੱਕ ਮੋਬਾਇਲ, ਕੰਪਿਊਟਰ ਜਾਂ ਮੋਬਾਇਲ ਦੇ ਵੱਲ ਟਿਕਟਿਕੀ ਲਗਾਈ ਵੇਖਣ ਨਾਲ ਵੀ ਤਨਾਅ ਪੈਦਾ ਹੁੰਦਾ ਹੈ ਇਸ ਸਭ ਦੀ ਵਰਤੋਂ ਨੂੰ ਬਿਨ੍ਹਾਂ ਦੇਰੀ ਘਟਾਉਣ ਨਾਲ ਸਾਡੀ ਮਨਾਸਿਕ ਸਿਹਤ ਵਿੱਚ ਸੁਧਾਰ ਹੋਵੇਗਾ। ਰਾਤ ਦਾ ਭੋਜਨ ਸ਼ਾਮ ਸੱਤ ਵੱਜੇ ਤੱਕ ਕਰ ਲਿਆ ਜਾਵੇ ਤਾਂ ਚੰਗੀ ਆਦਤ ਹੋਵੇਗੀ ਅਤੇ ਜੇਕਰ ਭੋਜਨ ਪ੍ਰੋਟੀਨ ਅਤੇ ਫਾਈਬਰ ਯੁਕਤ ਹੋਵੇ ਤਾਂ ਹੋਰ ਵੀ ਚੰਗਾ ਹੈ। ਮੋਟਾਪਾ ਵਧਾਉਣ ਵਾਲੇ ਭੋਜਨਾਂ ਦੀ ਵਰਤੋਂ ਬਿਨ੍ਹਾਂ ਦੇਰੀ ਘਟਾਉਣੀ ਚਾਹੀਦੀ ਹੈ। ਰੋਜ਼ਾਨਾ ਸੈਰ ਜਾਂ ਕੁਝ ਸਮਾਂ ਕਸਰਤ ਦੀ ਆਦਤ ਸਾਨੂੰ ਹੋਰ ਵੀ ਕਈ ਬਿਮਾਰੀਆ ਤੋਂ ਬਚਾਉਂਦੀ ਹੈ। ਨੇੜੇ-ਤੇੜੇ ਜਾਣ ਲਈ ਪੈਦਲ ਜਾਈਏ ਜਾਂ ਫਿਰ ਸਾਈਕਲ ਦੀ ਵਰਤੋਂ ਕਰਨ ਨਾਲ ਵੀ ਸਾਡਾ ਸਰੀਰ ਚੁਸਤ ਫੁਰਤ ਰਹਿੰਦਾ ਹੈ। ਸਮੇਂ- ਸਮੇਂ ਡਾਕਟਰੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਦਾ ਸੰਕੇਤ ਮਿਲੇ ਤਾਂ ਤੁਰੰਤ ਇਲਾਜ ਅਰੰਭ ਕਰਨਾ ਚਾਹੀਦਾ ਹੈ।
ਦਿਲ ਉੱਤੇ ਪੈਣ ਵਾਲਾ ਕੋਈ ਵੀ ਪ੍ਰਭਾਵ ਮਨੁੱਖ ਦੇ ਸਮੁੱਚੇ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ ਜ਼ਰੂਰੀ ਹੈ ਸਕੂਲਾਂ/ਕਾਲਜਾਂ ਵਿੱਚ ਵੀ ਸਿਹਤ ਸਿਖਿਆ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ। ਕਿਉਂਕਿ ਇਹ ਦਿਲ ਦਾ ਮਾਮਲਾ ਹੈ। ਦਿਲ ਮਜ਼ਬੂਤ ਹੈ ਤਾਂ ਸਾਡੇ ਸਾਰੇ ਫ਼ੈਸਲੇ, ਸਾਡੇ ਸੁਪਨੇ ਅਤੇ ਸੁਪਨਿਆ ਨਾਲ ਲੜਨ ਵਾਲੀ ਇੱਛਾ ਸ਼ਕਤੀ ਵੀ ਮਜ਼ਬੂਤ ਰਹਿੰਦੀ ਹੈ।