ਕਾਵਿ ਮਈ ਵਾਰਤਕ ਦੀ ਰੌਚਿਕ ਪੁਸਤਕ ਚੁੱਪ ਦਾ ਮਰਮ ਪਛਾਣੀਏ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਚੁੱਪ ਦਾ ਮਰਮ ਪਛਾਣੀਏ
ਲੇਖਕ –ਮਲਵਿੰਦਰ
ਪ੍ਰਕਾਸ਼ਕ ----ਕੈਫੇ ਵਰਲਡ ਜਲੰਧਰ /ਕਪੂਰਥਲਾ /ਬਠਿੰਡਾ
ਪੰਨੇ ---136  ਮੁੱਲ ----220 ਰੁਪਏ
ਪੁਸਤਕ ਲੇਖਕ ਨਾਮਵਰ ਪੰਜਾਬੀ ਸ਼ਾਇਰ ਹੈ ।ਉਘੇ ਕਵੀ ਮਲਵਿੰਦਰ ਦੀਆਂ 2002 -2020 ਤਕ ਅੱਠ ਕਾਵਿ ਕਿਤਾਬਾਂ ਛਪ ਚੁੱਕੀਆਂ ਹਨ ।ਇਂਨ੍ਹਾਂ ਵਿਚ ਇਕ ਹਾਈਕੂ ਸੰਗ੍ਰਹਿ ਹੈ ।ਚਿੜੀਆਂ ਦਾ ਚੰਬਾ ਹਾਈਕੂ ਕਿਤਾਬ ਦੇ ਦੋ ਐਡੀਸ਼ਨ ਛਪ ਚੁਕੇ ਹਨ । ਚੁਪ ਦੇ ਬਹਾਨੇ ,ਸਵਾਲ ਨਾ ਕਰ ,ਸੁਪਨਿਆਂ ਦਾ ਪਿਛਾਂ ਕਰਦਿਆਂ , ਕਾਇਆ ਦੇ ਹਰਫ ਉਸਦੇ ਚਰਚਿਤ ਕਾਵਿ ਸੰਗ੍ਰਹਿ ਹਨ । ਹਥਲੀ ਪੁਸਤਕ ਮਲਵਿੰਦਰ ਦੀ ਪਹਿਲੀ ਵਾਰਤਕ  ਸਿਰਜਨਾ ਹੈ । ਲੇਖਕ ਕੋਲ ਜ਼ਿੰਦਗੀ ਦਾ ਵਿਸ਼ਾਲ ਤਜ਼ਰਬਾ ਹੈ ।ਪੁਸਤਕ ਵਿਚ ਉਸਨੇ ਜ਼ਿੰਦਗੀ ਦੇ ਕਈ ਸਰੋਕਾਰਾਂ ਨੂੰ ਪੁਸਤਕ  ਵਿਚ ਲਿਆ ਹੈ । ਕਵੀ ਹੋਣ ਕਰਕੇ ਉਸਦੀ ਵਾਰਤਕ ਵਿਚ ਕਵਿਤਾ ਵਾਲਾ ਗੂੜ੍ਹਾ ਰੰਗ ਹੈ ।। ਵਾਰਤਕ ਲੇਖਾਂ ਦਾ ਸੁਹਜ ਪਾਠਕ ਨੂੰ ਖਿਚ  ਕੇ ਰਖਦਾ ਹੈ । ਪੁਸਤਕ ਦੇ  ਭਾਂਗ ਹਨ ।ਪਹਿਲੇ ਭਾਂਗ ਵਿਚ  ਸਵੈ ਜੀਵਨੀ  ਮੂਲਕ  ਲਿਖਤਾਂ ਹਨ। ਸਿਖਿਆ ਖੇਤਰ ਵਿਚ ਲੇਖਕ ਲੰਮਾ ਸਮਾਂ ਵਿਗਿਆਨ  ਅਧਿਆਪਕ ਤੇ ਪੰਜਾਬੀ ਅਧਿਆਪਨ ਨਾਲ ਜੁੜਿਆ ਰਿਹਾ ਹੈ  ਤੇ ਅਨੇਕਾਂ ਵਿਦਿਆਰਥੀਆ ਨੂੰ ਵਿਦਿਆ ਦਾ ਚਾਨਣ ਵੰਡ ਕੇ  ਸੇਵਾ ਮੁਕਤ ਹੋਇਆ ਹੈ । ਪੁਸਤਕ ਵਿਚ ਸਿੱਖਿਆ , ਅਧਿਆਪਨ ,ਸੁਚਜੇ ਅਧਿਆਪਕ ਦੇ ਗੁਣਮ ਸਿਖਿਆ ਨੀਤੀਆਂ ਬਾਰੇ ਅਜੋਕੀ ਸਿਖਿਆ ਤੇ ਪਹਿਲੇ ਸਮਿਆਂ ਦੀ ਸਿਖਿਆ  , ਭਾਸ਼ਾ  ਸਾਹਿਤ ਕਿਤਾਬਾਂ ਚੰਗੇ ਪਾਠਕ ਬਨਣ ਦੇ ਲਾਭ , ਲੇਖਕ ਦਾ ਕਵੀ ਬਨਣ ਦਾ ਸਫਰ ਤੇ ਹੋਰ ਬਹੁਤ ਕੁਝ ਹੈ । ਪਹਿਲੇ ਭਾਗ  ਦੇ 23 ਲੇਖਾਂ ਵਿਚ ਜ਼ਿੰਦਗੀ ਦਾ ਸੰਘਰਸ਼ ,ਮਨੋਵਿਗਿਆਨ ,ਤੇ ਜ਼ਿੰਦਗੀ ਦੇ ਅਰਥਾਂ ਨਾਲ ਜੁੜੇ ਸਰੋਕਾਰ ਹਨ । ਲੇਖਕ ਦਾ ਆਪਣਾ ਨਜ਼ਰੀਆ ਨਿਰੋਲ ਵਿਗਿਆਨਕ ਤੇ ਤਰਕਸ਼ੀਲ ਹੈ । ਲੇਖਾਂ ਵਿਚ ਬਿਰਤਾਂਤਕ  ਢੁਕਵੇਂ ਪ੍ਰਸ਼ੰਗ ਹਨ । ਜਿਨ੍ਹਾਂ  ਨੂੰ ਪੜ੍ਹ ਕੇ ਪਾਠਕ ਆਨੰਦਤ ਹੁੰਦਾ   ਹੈ । ਸੁਹਜ ਸਵਾਦ ਤੇ ਰੌਚਿਕ ਸ਼ੈਲੀ ਲੇਖਾਂ ਦੀ ਵਿਸ਼ੇਸ਼ਤਾ ਹੈ । ਸਾਹਿਤਕਾਰ ਗੁਰਦੇਵ ਚੌਹਾਨ ਨੇ ਪੁਸਤਕ ਬਾਰੇ ਸਟੀਕ ਵਿਚਾਰ ਲਿਖੇ  ਹਨ । ਪੁਸਤਕ ਦੇ ਦੂਸਰੇ ਭਾਗ ਵਿਚ ਪਰਵਾਸ ਦੇ ਸਰੋਕਾਰ ਹਨ । ਇਸ ਭਾਂਗ ਵਿਚ 11 ਲੇਖ ਹਨ । ਕੁਲ 34 ਲੇਖਾਂ ਦਾ ਗੁਲਦਸਤਾ ਹੈ । ਨਵੀੰ ਤਰਤੀਬ ਵਿਚ ਲੇਖਕ ਮਲਵਿੰਦਰ ਨੇ ਅੰਤਿਕਾ ਵਿਚ ਇਕ ਪੰਨਾ ਲਿਖਿਆ ਹੈ । ਜਿਸ ਵਿਚ ਲੇਖਕ ਨੇ ਪੁਸਤਕ ਲਿਖਣ ਦੇ ਸਬਬ  ਦੀ ਕਥਾ ਨੂੰ ਉਤਸ਼ਾਹ  ਨਾਲ ਲਿਖਿਆ ਹੈ ---- ਤਿੰਨ ਦਹਾਕਿਆਂ ਤੋਂ ਵਧ ਸਮਾਂ ਅਧਿਆਪਨ ਕਾਰਜ ਕਰਦਿਆਂ ਹੋਏ ਤਜ਼ਰਬੇ ਨੂੰ ਕਲਮਬੰਦ ਕੀਤਾ।   ਇਹ ਸਾਰਾ ਕੁਝ ਲਿਖਦਿਆਂ ਮੈਨੂੰ ਅਹਿਸਾਸ ਹੋਇਆ ਕਿ ਮੇਰੇ ਕੋਲ  ਵਾਰਤਕ ਲਿਖਣ ਦੀ ਭਾਸ਼ਾ ਹੈ ।ਇਹ ਅਹਿਸਾਸ ਹੀ ਪੁਸਤਕ ਲਿਖਣ ਦਾ ਸਬਬ  ਬਣਿਆ । 
ਲੇਖਕ ਵਿਗਿਆਨ ਤੋਂ ਸਾਹਿਤ ਵਲ ਆਇਆ ਹੈ । ਇਸ ਲਈ ਉਸ ਕੋਲ ਸ਼ਬਦਾਂ ਦੀ ਦੌਲਤ ਹੈ । ਇਸ ਖਜਾਨੇ ਨੂੰ ਉਹ ਖੁਲ੍ਹ ਕੇ ਲੇਖਾਂ ਵਿਚ ਵੰਡਦਾ ਹੈ । ਪੁਸਤਕ ਸਿਰਲੇਖ ਵਾਲੇ ਪਹਿਲੇ ਲੇਖ ਵਿਚ ਚੁੱਪ ਦੇ ਵਿਸ਼ਾਂਲ ਅਰਥਾਂ ਨੂੰ ਲੈ ਕੇ ਚਰਚਾ ਹੈ ।ਕਈ ਵਾਕ ਸੋਚਣ ਸਮਝਣ ਵਾਲੇ ਹਨ –ਅਵਾਮ ਦੀ ਬੇਵਸੀ ਵੀ ਚੁੱਪ ਵਿਚ ਹੁੰਦੀ ਹੈ – ਲੋਕਤੰਤਰ ਨਿਜ਼ਾਮ ਵਿਚ ਇਕਲੌਤੇ  ਜੇਤੂ ਉਮੀਦਵਾਰ ਦੀ ਚੁੱਪ ਸਿਆਲ ਚ ਮਾਰੀ ਲੋਈ ਦੀ ਬੁਕਲ ਵਰਗੀ ਹੁੰਦੀ ਹੈ । --- ਅਣਦੇਖੀ ਦਾ ਸ਼ਿਕਾਰ ਮਨੁਖ ਚੁਪ ਦੀ ਬੁਕਲ ਮਾਰ ਲੈਂਦਾ ਹੈ । ਇਸ ਤਰਾ ਚੁਪ ਦੇ ਕਈ  ਅਰਥ ਹਨ । ਲੇਖ ਵਿਚ ਵਖ ਵਖ ਸ਼ਖਸੀਅਤਾਂ ਦੀ ਚੁਪ ਦੇ ਗਹਿਰੇ ਅਰਥ ਸਿਰਜਦਾ ਹੈ । ਇਹ ਲੇਖਕ ਦੀ ਕਾਵਿਕ ਉਡਾਰੀ ਹੈ । ਉਹ ਚੁੱਪ ਦਾ ਸੰਬੰਧ ਖੇਡਾਂ ,ਰਿਸ਼ਤਿਆਂ ਮੁਹਬਤਾਂ ,ਜਿਤਾਂ, ਹਾਰਾਂ ਕਿਤਾਬਾ ਪੜ੍ਹਂਨ ,ਘਰਾਂ ਪਰਿਵਾਰਾਂ ਨਾਲ ਜੋੜ ਕੇ ਵਿਸਮਾਦ ਮਈ ਸਥਿਤੀ ਪੈਦਾ ਕਰਦਾ ਹੈ । ਲੇਖਕ  ਕੁਦਰਤ ਦੀ ਚੁੱਪ ਦੀ ਚਰਚਾ ਨੂੰ ਇਹ ਕਹਿ ਕੇ ਸਮੇਟਦਾਹੈ – ਕਾਮਨਾ ਕਰੀਏ ਸਾਡਾ ਸਮਾਜ ਜਾਗੇ ਹੋਏ ਮਨੁਖ ਦਾ ਸਮਾਜ ਹੋਵੇ । ਕਈ ਦਾਰਸ਼ਨਿਕ ਵਿਚਾਰ ਵਾਰਤਕ ਦੇ ਸੁਹਜ ਵਿਚ ਚਮਕ ਪੈਦਾ ਕਰਦੇ ਹਨ । ਲੇਖ ਸਿਖਿਆ ਭਾਸ਼ਾਂ ਤੇ ਸਾਹਿਤ ਦੀ ਪਹਿਲੀ ਸਤਰ ਹੈ –ਮੈਂ ਕਵੀ ਹਾਂ ਪੰਜਾਬੀ ਸਾਹਿਤ ਦਾ ਪਾਠਕ ਹਾਂ --- ਇੰਜ ਸਵੈ ਤੋਂ ਗਲ ਤੁਰਦੀ ਤੁਰਦੀ ਭਾਸ਼ਾ ਤੇ ਸਾਹਿਤ ਦੀ ਤਹਿਆਂ ਤਕ ਚਲੀ ਜਾਂਦੀ ਹੈ । ਵਿਚ ਲੇਖਕ  ਸ਼ਰੋਮਣੀ ਕਵੀ ਸੁਰਜੀਤ ਪਾਤਰ ਦੇ ਸ਼ਿਅਰ ਦਾ ਹਵਾਲਾ ਦੇ ਕੇ ਗਲ ਦੀ ਲੜੀ ਦੂਰ ਤਕ ਲੈ ਜਾਂਦਾ ਹੈ । ਇਹ ਮਲਵਿੰਦਰ ਦੀ  ਵਾਰਤਕ ਦੀ ਵਡੀ ਖੂਬੀ ਹੈ ਕਿ ਸਾਧਾਂਰਨ ਤੋਂ ਸੂਖਮਤਾ ਦਾ ਸਫਰ ਤਹਿ ਕਰਦੀ ਹੈ। ਲੇਖ ਕਵੀ ਤੇ ਭਾਸ਼ਾਂ  ਕਵਿਤਾ ਦੇ ਸੰਵਾਦ ਵਿਚ ਕਵੀ ਵਲੋਂ ਕਵਿਤਾ ਦੀ ਸਿਰਜਨਾ ਦਾ ਗਹਿਰਾ ਵਿਸ਼ਲੇਸ਼ਣ ਹੈ । ਲੇਖ ‘ਮੇਰੀ ਪਹਿਲੀ ਰਚਨਾ’ ਵਿਚ ਲੇਖਕ ਸਪਸ਼ਟ ਲਿਖਦਾ ਹੈ ਕਿ ਉਸਨੂੰ ਕਵਿਤਾ ਦੇ ਰਾਹ ਕਿਤਾਬਾਂ ਨੇ ਪਾਇਆ ।ਪੜ੍ਹਨ ਦਾ ਚਸਕਾ ਸ਼ੁਰੂ ਵਿਚ ਇਸ ਕਦਰ ਸੀ ਕਿ ਕੋਈ ਪੰਜਾਬੀ ਦਾ ਰਿਸਾਲਾ ਹੋਵੇ ਕਿਤਾਬ ਜਾ ਅਖਬਾਰ ਹੁੰਦਾ ਉਹ ਪੜ੍ਹ ਕੇ ਛਡਦਾ ਸੀ । ਲੇਖਕ ਦੀ ਪਹਿਲੀ ਕਵਿਤਾ ਰਿਸਾਲੇ ਲੋਅ ਦੇ ਜਨਵਰੀ 1984 ਦੇ ਅੰਕ ਵਿਚ ਛਪੀ ਸੀ ਤੇ ਫਿਰ ਇਹ ਕਵਿਤਾ ਕਹਾਣੀਕਾਰ ਦਲਬੀਰ ਚੇਤਨ ਦੇ ਘਰ ਹੋਏ ਸਾਹਿਤਕ ਸਮਾਗਮ ਵਿਚ ਪੜ੍ਹ ਕੇ ਖੂਬ ਨਾਮਣਾ ਖਟਿਆ । ਲੇਖ ‘ਆਓ ਵਾਰਤਕ ਲਿਖੀਏ’ ਨਵੇਂ ਸਿਖਾਂਦਰੂ ਕਲਮਕਾਰਾਂ  ਲਈ ਮਾਰਗ ਦਰਸ਼ਕ ਲਿਖਤ ਹੈ । ਇਸ ਲੇਖ ਵਿਚ ਚੰਗੀ ਵਾਰਤਕ ਦੇ ਗੁਣਾਂ ਦੀ ਚਰਚਾ ਹੈ । 
ਲੇਖ ‘ਸੁਚਜ  ਸੰਜਮ ਤੇ ਸੁਹਜ’ ਵਿਚ ਮਨੁਖੀ ਗੁਣਾ ਦੀ ਗੱਲ ਹੈ ।ਚੰਗੀਆਂ ਕਿਤਾਬਾਂ ਨਾਲ ਜੁੜਂਨ ਦਾ ਪਿਆਰਾ ਜਿਹਾ ਸੰਦੇਸ਼ ਹੈ । --ਸੁਚਜ ਬਾਰੇ ਸੰਜਮ ਨਾਲ ਕਵਿਤਾ ਲਿਖੋ ਸੁਹਜ ਆਪਣੇ  ਆਪ ਪੈਦਾ ਹੋ ਜਾਵੇਗਾ । ਲੇਖਕ ਕਵਿਤਾ ਨਾਲ ਸੰਬੰਧ ਜੋੜ ਕੇ ਲਿਖਤ ਦਾ ਨਿਚੋੜ ਕਢਦਾ ਹੈ । ਬਚਪਨ ਦੇ ਅਧਿਆਪਕਾਂ ਨਾਲ ਲੇਖਕ ਦੀ ਮੁਹਬਤ ਯਾਂਦਗਾਰੀ ਹੈ (ਲੇਖ ਬਚਪਨ ਦੇ ਚੇਤਿਆਂ ਵਿਚ ਅਧਿਆਪਕ ) ਲੇਖ’ਭੀੜ’ ਵਿਚ ਵਿਚਾਰਾਂ ਦੀ ਭੀੜ ਹੈ । ਭੀੜ ਬਾਰੇ ਮਨੋਵਿਗਿਆਨਕ ਜਾਣਕਾਰੀ ਹੈ । ਭੀੜ ਚ ਗੁਆਚੇ ਬੰਦੇ ਦੀ ਮਾਨਸਿਕਤਾ ਦੇ ਦਰਸ਼ਨ ਹੁੰਦੇ ਹਨ । ਲੇਖਕ ਬਜ਼ਾਰਾਂ ਦੀ ਭੀੜ ਦੇ ਕਈ ਅਰਥ ਲਿਖ ਕੇ ਸੂਖਮ ਵਿਚਾਰ ਪੇਸ਼ ਕਰਦਾ ਹੈ ।। ਗੁਰੂ ਕੀ ਨਗਰੀ ਅੰਮ੍ਰਿਤਸਰ ਵਿਚ ਘਰ  ਬਨਾਉਣ ਲਈ ਕੀਤੇ ਸੰਘਰਸ਼ ਦੀ ਗਾਥਾ ਪੜ੍ਹਨ ਵਾਲੀ ਹੈ । (ਇੰਝ ਬਣਿਆ ਸ਼ਹਿਰ ਚ ਮੇਰਾ ਘਰ ਪੰਨਾ 500) ਇਸ ਵਡੇ ਕਾਰਜ ਵਿਚ  ਸਤਿਕਾਰਤ  ਮਿੱਤਰ ਗੁਰਮੇਜ ਸਿੰਘ ਨੇ ਜਿਸ ਤਰਾ ਸੇਧ  ਤੇ ਸਹਿਯੋਗ ਦਿਤਾ ਉਸਦਾ ਦਿਲਚਸਪ ਜ਼ਿਕਰ ਹੈ । ਲੇਖ ਮੇਰੇ ਬਚਪਨ ਦੇ ਗਆਂਢ ,ਪੱਕੀ ਗਲੀ ਦੀ ਕਹਾਣੀ ,ਆਪਣੀ ਹੋੰਦ ਦਾ ਸਵਾਲ ,ਮਨੁਖੀ ਸੋਚਾਂ, ਡਰ ਰਹਿਤ ਸਮਾਜ ,ਕਿਛੁ ਸੁਣਿਐ ਕਿਛੁ ਕਹੀਐ ,ਸੈਰ ਨੂੰ ਸਲਾਹ ਦੀ ਲੋੜ ਨਹੀ ਹੁੰਦੀ, ਕੂੜਾ ਕੈਨੇਡਾ ਤੇ ਕਵਿਤਾ ਬਾਕਮਾਲ ਵਾਰਤਕ ਦੀ ਮਿਸਾਲ ਹਨ । ਲਿਖਤ ਸਾਡੀ ਸੋਚ ਸਾਡਾ ਵਿਅਕਤਿਤਵ  ਲੇਖ ਵਿਚ ਮਨੁਖ ਦੀਆਂ ਸੋਚਾਂ ਦੀਆਂ ਉਡਾਰੀਆ ਨੂੰ ਰੂਪਮਾਨ ਕੀਤਾ ਹੈ  । ਸੋਚਾਂ ਦੇ ਫੁਰਨੇ ਆਕਾਸ਼ਾਂ ਤਕ ਲੈ ਜਾਂਦੇ ਹਨ । ਕਥਨ ਹੈ ਮਾੜੀਆਂ ਸੋਚਾਂ ਸਾਡੀ ਬਿਮਾਰ ਮਾਨਸਿਕਤਾ ਦੀ ਦੇਣ ਹਨ ।---ਚੰਗੇ ਵਿਚਾਰ ਚੰਗੇ ਦੋਸਤਾਂ ਵਰਗੇ ਹੁੰਦੇ ਹਨ  ।  ਚੰਗੀਆਂ  ਕਿਤਾਬਾਂ ਚੰਗੀ ਸੋਚ ਪੈਦਾ ਕਰਦੀਆਂ ਹਨ । ਵਿਸ਼ੇ ਨਾਲ ਸੰਬੰਧਤ ਇਹੋ ਜਿਹੇ ਕਈ  ਕਥਨ ਪੁਸਤਕ  ਦੇ ਹਰੇਕ ਪੰਨੇ ਤੇ ਹਨ ।
 ਪੁਸਤਕ ਦੇ ਦੂਸਰੇ ਭਾਂਗ ਵਿਚ ਪਰਵਾਸ ਦੇ ਸਰੋਕਾਰ ਹਨ । ਇਸ ਭਾਗ ਦੇ 11 ਲੇਖਾਂ ਵਿਚ ਲੇਖਕ ਆਪਣੀ ਕੇਂਨੇਡਾ ਯਾਂਤਰਾ ਤੋਂ ਪ੍ਰਾਪਤ ਪ੍ਰਭਾਵਾਂ ਨੂੰ ਪੇਸ਼ ਕਰਦਾ ਹੈ । ਕੈਂਨੇਡਾ ਵਿਚ ਰਹਿੰਦੇ ਪੰਜਾਬੀਆਂ ਦੇ ਮਸਲੇ ਵਿਚਾਰਦਾ ਹੈ । ਪਾਰਕਾਂ ਵਿਚ ਬੈਠੈ ਬਜ਼ੁਰਗਾਂ ਦੀਆਂ ਗਲਾਂ ਪੰਜਾਬ ਦੀਆਂ ਬਾਤਾਂ ਆਪੋ  ਆਪਣੇ  ਪਰਵਾਸ ਦੇ ਅਨੁਭਵ ਸਾਂਝੇ ਕਰਦੇ ਬਜ਼ੁਰਗਾਂ ਦੇ ਸੰਵਾਦ ਇਸ ਕਾਂਡ ਵਿਚ ਹਨ । ਲੇਖਕ ਇਹ ਸਭ ਕੁਝ ਖੁਦ  ਵੇਖਦਾ ਹੈ । ਹਢਾਉਂਦਾ  ਹੈ। ਬਜ਼ੁਰਗਾਂ ਦੀ ਮਾਨਸਿਕਤਾ ਬਹੁਤ ਕੁਝ ਕਹਿ ਜਾਂਦੀ ਹੈ । ਵਧੇਰੇ ਕਰਕੇ ਬਜ਼ੁਰਗ ਆਪਣੇ ਬਚਿਆਂ ਨਾਲ ਮਿਲ ਬੈਠਣ ਵਿਚ ਤੰਗੀ ਮਹਿਸੂਸ ਕਰਦੇ ਹਨ ।ਕਿਉਂ ਕਿ ਬੱਚੇ ਤਾਂ ਡਾਲਰ ਕਮਾਉਣ ਚਲੇ ਜਾਂਦੇ ਹਨ । ਪਿਛੈ ਬਜ਼ੁਰਗ ਇਕਲਤਾ ਦਾ ਸੰਤਾਪ ਭੋਗਦੇ ਹਨ । ਜਾਂ ਫਿਰ ਪਾਰਕਾਂ ਵਿਚ ਚਲੇ ਜਾਂਦੇ ਹਨ ।  ਕੈਨੇਡਾ  ਵਿਚ ਅਖਬਾਰਾਂ ਮੁਫਤ ਹਨ । ਹੋਰ ਕਾਂਡਾਂ ਵਿਚ ਫੁਲਾਂ ਦੇ ਸ਼ਹਿਰ ਬਰੈਂਪਟਨ, ਕੁਦਰਤੀ ਨਜ਼ਾਰੇ ,ਗੁਰਦੁਆਰੇ ਮੰਦਰ , ਕੈਨੇਡਾ ਵਿਚ ਕਿਰਤ ਦੀ ਕਦਰ ਬਾਰੇ ਲੇਖਕ ਲਿਖਦਾ ਹੈ --- ਬਾਬਾ ਨਾਨਕ ਦੇ ਕਿਰਤ ਦੇ ਸੰਦੇਸ਼ ਨੂੰ ਅਸਲ ਵਿਚ ਕੈਨੇਡਾ ਨੇ ਸਾਂਭਿਆ ਹੈ । ਕਿਉਂ ਕਿ ਕੈਂਨੇਡਾ ਵਿਚ ਕਿਰਤ ਦਾ ਪੂਰਾ ਮੁੱਲ ਮਿਲਦਾ ਹੈ । ਕੰਮ ਜਾਤੀ ਅਨੁਸਾਰ ਨਹੀ ਹਨ ।ਹਰੇਕਬੰਦਾ ਕੋਈ ਵੀ ਕੰਮ ਕਰ ਸਕਦਾ ਹੈ ਤੇ ਉਜਰਤ ਵੀ ਪੂਰੀ ਮਿਲਦੀ ਹੈ ਸਾਡੇ ਮੁਲਕ ਵਾਂਗ ਕਿਤੇ ਸ਼ੋਸ਼ਣ ਨਹੀ ਹੈ । ਇਕ ਕਾਂਡ ਵਿਚ ਲੇਖਕ ਖੁਦ ਸਕੂਲੀ ਬਚਿਆਂ  ਦੇ ਸੁੰਦਰ ਲਿਖਤ ਮੁਕਾਬਲੇ ਤੇ ਸਭਿਆਚਾਰਕ ਪ੍ਰੋਗਰਾਮ ਵੇਖਦਾ ਹੈ ।  ਇਸੇ ਕਾਂਡ ਵਿਚ ਲੇਖਕ ਬੱਚਿਆਂ ਵਿਚ ਨਸ਼ਿਆਂ ਦੀਆ ਵਧ ਰਹੀਆ ਆਦਤਾਂ  ਡਰਗ ਕਾਰੋਬਾਰ,  ਬੱਚਿਆਂ ‘ਚ ਡਿਪਰੈਸ਼ਨ ਦਾ ਫਿਕਰ ਹੈ । ਕੁਝ ਕੁਝ ਨਸਲੀ ਵਿਤਕਰੇ ਦਾ ਜ਼ਿਕਰ  ਵੀ ਹੈ   । ਇਸ ਦਾ ਇਕ ਪਾਰਕ ਵਿਚ  ਲੇਖਕ ਨੂੰ ਨਿਜੀ ਤਜ਼ਰਬਾ ਹੁੰਦਾ ਹੈ । ਖੂਬਸੂਰਤ ਸ਼ਹਿਰ ਟਰਾਂਟੋ, ਝੀਲ  ਓਨਟਾਰੀਓ , ਨਿਆਗਰਾ ਫਾਲਜ਼ ਦੇ ਮਨਮੋਹਕ ਨਜ਼ਾਰੇ ਹਨ ।ਕੈਲਸੋ ਬੀਚ ਪਾਰਕ ਵਿਚ ਬੋਟਿੰਗ ਦਾ ਅਨੁਭਵ ਹੈ । ਕਿਸ਼ਤੀ ਸਫਰ ਤੇ ਖੇਤੀ ਬਾਰੇ ਜਾਣਕਾਰੀ ਹੈ । ਪੁਸਤਕ ਦੀ ਸ਼ੈਲੀ ਸਰਲ ਹੈ । ਸਾਧਾਰਨ ਪਾਠਕ ਵੀ ਪੁਸਤਕ ਪੜ੍ਹ ਕੇ ਕੈਨੇਡਾ ਦੀ ਸੈਰ ਕਰ ਸਕਦਾ ਹੈ । ਹਰ ਵਰਗ ਦਾ  ਪਾਠਕ ਪੁਸਤਕ ਪੜ੍ਹ ਕੇ  ਬਹੁਤ ਕੁਝ ਹਾਸਲ ਕਰ ਸਕਦਾ ਹੈ । ਪੁਸਤਕ ਬਹੁਪਖੀ ਜਾਣਕਾਰੀ ਨਾਲ ਲਬਰੇਜ਼ ਹੈ । ਪਾਠਕ ਪੜ੍ਹ ਕੇ ਆਪਣੀ ਸ਼ਖਸੀਅਤ ਵਿਚ ਨਿਖਾਰ ਲਿਆ ਸਕਦਾ ਹੈ । ਵਾਰਤਕ ਪੁਸਤਕ ਰੀਝਾਂ ਨਾਲ ਪੜ੍ਹਨ ਵਾਲੀ ਹੈ । ਭਰਪੂਰ ਸਵਾਗਤ ਹੈ । ਲੇਖਕ ਮਲਵਿੰਦਰ  ਵਾਰਤਕ ਵਿਚ ਹੋਰ ਵੀ ਸਿਰਜਨਾ ਕਰੇ । ਪਾਠਕਾਂ ਦੀ ਮੁਹਬਤ ਹਾਸਲ ਕਰੇ ।