ਸਾਡੀ ਚਲੀ ਜਾਵੇ ਭਾਵੇਂ ਜਿੰਦ ਜਾਨ ਸੂਬਿਆ।
ਅਸੀਂ ਕਰੀਏ ਨਾ ਈਨ ਪਰਵਾਨ ਸੂਬਿਆ।
ਅਸੀਂ ਗੋਬਿੰਦ ਦੇ ਪੁੱਤ ਗੁਜਰੀ ਦੇ ਲਾਲ ਹਾਂ,
ਸਦਾ ਮਜ਼ਲੂਮਾਂ ਲਈ ਬਣ ਜਾਂਦੇ ਢਾਲ ਹਾਂ।
ਸਾਡਾ ਵਿਕਦਾ ਨਹੀਂ ਧਰਮ ਈਮਾਨ ਸੂਬਿਆ
ਅਸੀਂ…
ਅਸੀਂ ਤੇਰਿਆਂ ਮੁਕਾਇਆਂ ਏਦਾਂ ਨਹੀਂਉਂ ਮੁੱਕਣਾ,
ਇਹ ਸ਼ਹਾਦਤਾਂ ਦਾ ਬੂਟਾ ਕਦੇ ਨਹੀਉਂ ਸੁੱਕਣਾ।
ਤੇਰਾ ਮਿਟ ਜਾਣਾ ਨਾਮ ਤੇ ਨਿਸ਼ਾਨ ਸੂਬਿਆ
ਅਸੀਂ…
ਅਸੀਂ ਸਿੱਖੀ ਵਾਲੇ ਮਹਿਲ ਨੂੰ ਪੱਕਾ ਬਣਾਵਾਂਗੇ,
ਇਹਦੀ ਨੀਂਹ ਵਿੱਚ ਰੱਤ ਆਪਣੀ ਚੁਆਵਾਂਗੇ।
ਸਾਡੀ ਜੱਗ ਉਤੇ ਰਹਿਣੀ ਉੱਚੀ ਸ਼ਾਨ ਸੂਬਿਆ
ਅਸੀਂ…
ਕਦੇ ਸਿੰਘ ਸਰਦਾਰ ਸਰਹੰਦ ਆਉਣਗੇ,
ਜਿਹੜੇ ਇੱਟ ਨਾਲ ਇੱਟ ਇਹਦੀ ਖੜਕਾਉਣਗੇ।
ਸਾਡਾ ਦੁਨੀਆਂ ‘ਚ ਝੁੱਲੂਗਾ ਨਿਸ਼ਾਨ ਸੂਬਿਆ
ਅਸੀਂ…
ਅਸੀਂ ਬੋਲੇ ਸੋ ਨਿਹਾਲ ਦੇ ਜੈਕਾਰੇ ਲਾਵਾਂਗੇ,
ਲਾੜੀ ਮੌਤ ਨੂੰ ਵੀ ‘ਦੀਸ਼’ ਹੱਸ ਕੇ ਵਿਆਵਾਂਗੇ।
ਅਸਾਂ ਧਰਮ ਤੋਂ ਹੋਣਾ ਕੁਰਬਾਨ ਸੂਬਿਆ
ਅਸੀਂ…