ਭਾਵੇਂ ਇੱਥੇ ਸਾਡੇ ਯਾਰ ਬੜੇ ਨੇ,
ਪਰ ਔਕੜ ਵੇਲੇ ਨਾ ਨਾਲ ਖੜ੍ਹੇ ਨੇ।
ਜਾਨ ਕਿਸਾਨਾਂ ਦੀ ਮੁੱਠ 'ਚ ਆ ਜਾਵੇ,
ਪੱਕੀਆਂ ਫ਼ਸਲਾਂ ਤੇ ਜਦ ਪੈਂਦੇ ਗੜ੍ਹੇ ਨੇ।
ਉਹ ਬੰਦੇ ਉਹਨਾਂ ਦੇ ਦਿਲਾਂ 'ਚ ਵਸੇ ਨੇ,
ਲੋਕਾਂ ਦੇ ਹੱਕਾਂ ਖ਼ਾਤਰ ਜੋ ਲੜੇ ਨੇ।
ਉਹਨਾਂ ਨੂੰ ਆਪਣੀ ਸਿਹਤ ਦੀ ਚਿੰਤਾ ਹੈ,
ਜਿਹਨਾਂ ਨੇ ਪਾਣੀ ਲਈ ਰੱਖੇ ਘੜੇ ਨੇ।
ਨੇਤਾਵਾਂ ਨੂੰ ਲਾਭ ਹੋਇਆ ਹੈ ਬਹੁਤਾ,
ਜਦ ਤੋਂ ਲੋਕਾਂ ਦੇ ਵਿੱਚ ਬਣੇ ਧੜੇ ਨੇ।
ਇਕ ਦਿਨ ਰਲ ਕੇ ਵੀ ਬੈਠਣਗੇ ਸਾਰੇ,
ਜੇ ਭਾਈ, ਭਾਈ ਆਪਸ 'ਚ ਲੜੇ ਨੇ।
ਛੇਤੀ ਹੀ ਉਹਨਾਂ ਹੋ ਜਾਣਾ ਹਰੇ ਭਰੇ,
ਜਿਹਨਾਂ ਰੁੱਖਾਂ ਦੇ ਹੁਣ ਪੱਤੇ ਝੜੇ ਨੇ।