''ਬੋ ਤੋ ਖ਼ਤਮ ਹੋ ਗਈ, ਆਜ ਯੇ ਵਾਲੀ ਲੇ ਲੋ।" ਮਜਦੂਰਾਂ ਦੇ ਅੱਡੇ ਕੋਲ ਪਾਨ ਬੀੜੀਆਂ ਦੀ ਨਿੱਕੀ ਜਿਹੀ ਖੋਖੀ ਚਲਾਉਦੇ ਪਰਵਾਸੀ ਨੇ ਆਪਣੇ ਨਿੱਤ ਦੇ ਗਾਹਕ ਲੀਲੇ ਹੱਥ ਅੱਜ ਕੋਈ ਵੱਖਰੀ ਤੰਬਾਕੂ ਦੀ ਪੁੜੀ ਟਿਕਾ ਦਿੱਤੀ। 'ਓਏ ਅੱਜ ਆ ਕਿਹੜੀ ਫੜ੍ਹਾ 'ਤੀ ? ਮੈਨੂੰ ਨੀ ਲਗਦਾ ਇਸ 'ਚ ਵੀ ਉਨਾ ਹੀ ਕਰੰਟ ਹੋਊ।” ਲੀਲੇ ਨੇ ਪੁੜੀ ਨੂੰ ਉਲਟ ਪੁਲਟ ਕਰ ਘੋਖਿਆ। " ਮੈਂ ਪੂਰੀ ਗਰੰਟੀ ਦਿੰਦਾ, ਕਿ ਇਸ ਵਿਚ ਵੀ ਬਹੁਤ ਕਰੰਟ ਐ।'' ਕੋਲ ਖੜ੍ਹੇ ਗੋਰੇ ਨੇ ਜਦ ਲੀਲੇ ਨੂੰ ਆਖਿਆ ਤਾਂ ਉਹ ਅਤਿਅੰਤ ਹੈਰਾਨ ਹੁੰਦਾ ਬੋਲਿਆ, "ਓ ਪਤੰਦਰਾ ਤੈਨੂੰ ਕਿਵੇਂ ਪਤਾ ? ਤੂੰ ਤਾਂ ਤੰਬਾਕੂ ਨੂੰ ਕਦੇ ਮੂੰਹ ਤਾਂ ਕੀ ਹੱਥ ਤੱਕ ਨ੍ਹੀ ਲਾਇਆ, ਬਲਕਿ ਮੈਨੂੰ ਵੀ ਇਹ ਖਾਣ ਤੋਂ ਨਿੱਤ ਵਰਜਦਾ ਰਹਿੰਦੈ।" ਲੀਲਾ ਤੰਬਾਕੂ ਦੀ ਚੁੰਢੀ ਬੁੱਲ੍ਹ ਹੇਠ ਰੱਖਦਾ ਬੋਲਿਆ। " ਆ ਦੇਖ ਤਾਂ ਸਹੀ ਇਸ 'ਤੇ ਵੀ ਉਹੀ ਛਪਿਆ, ਜੋ ਉਸ ਪੁੜੀ ਤੇ ਹੁੰਦਾ ਜਿਹੜੀ ਤੂੰ ਅਕਸਰ ਪਹਿਲਾਂ ਖਾਂਦਾ, ਕਿ ਤੰਬਾਕੂ ਖਾਣ ਨਾਲ ਮੂੰਹ ਕਾ ਕੈਂਸਰ ......।" ਗੋਰੇ ਦੀ ਅਧੂਰੀ ਗੱਲ ਪੁੜੀ ਤੇ ਛਪੀ ਤੰਬਾਕੂ ਕਾਰਨ ਲਹੂ ਲੁਹਾਣ ਹੋਏ ਇਨਸਾਨੀ ਮੂੰਹ ਦੀ ਤਸਵੀਰ ਨੇ ਬਾਖੂਬੀ ਬਿਆਨ ਦਿੱਤੀ, ਜਿਸਨੂੰ ਦੇਖ ਲੀਲੇ ਦਾ ਵਾਜੂਦ ਕੰਬ ਗਿਆ ਤਾਂ ਉਸ ਪੂਰੇ ਜ਼ੋਰ ਨਾਲ ਹੱਥ ਫੜੀ ਪੁੜੀ ਮਰੋੜ ਕੇ ਦੂਰ ਵਗਾਹ ਮਾਰੀ ਤੇ ਕੰਨਾਂ ਦੀਆਂ ਲੌਲਾਂ ਫੜ੍ਹ ਤੰਬਾਕੂ ਖਾਣ ਤੋਂ ਸਦਾ ਲਈ ਤੌਬਾ ਕਰ ਲਈ।