ਬੰਦੀ ਸਿੰਘਾਂ ਦੀ ਰਿਹਾਈ ਕਾਹਤੋਂ ਹੋਈ ਨਹੀਂ ਹਾਲੇ ਤੱਕ,
ਪੁੱਛਦੇ ਪੰਜਾਬੀ ਸਾਰੇ ਸਮੇਂ ਦੀਆਂ ਸਰਕਾਰਾਂ ਨੂੰ।
ਇੱਕ ਹੱਥ ਨਾਲ ਤਾੜੀ ਵੱਜਦੀ ਨਾ ਵੇਖੀ ਕਦੇ,
ਫਿਰ ਜੇਲੀਂ ਕਾਹਤੋਂ ਡੱਕਿਆ ਹੈ ਸਿੰਘਾਂ ਸਰਦਾਰਾਂ ਨੂੰ?
ਸਜਾ ਪੂਰੀ ਹੋਈ ਦਿੱਤੀ ਮਾਨਯੋਗ ਜੋ ਅਦਾਲਤਾਂ ਨੇ,
ਫਿਰ ਵੀ ਕਿਉਂ ਦਿਲ ਵਿੱਚ ਰੱਖੀ ਬੈਠੇ ਖ਼ਾਰਾਂ ਨੂੰ।
ਧਰਨੇ ਐਜੀਟੇਸ਼ਨ ਤੇ ਰੋਸ ਮੁਜ਼ਾਹਰੇ ਵੀ ਨੇ ਬਹੁਤ ਹੋਏ,
ਪੱਤਰਕਾਰਾਂ ਲਿਖ ਲਿਖ ਭਰਤਾ ਅਖ਼ਬਾਰਾਂ ਨੂੰ।
ਜਵਾਨੀ ਤੋਂ ਬੁਢਾਪਾ ਤੇ ਬੀਮਾਰੀਆਂ ਨਾਲ ਜੂਝਦੇ ਕਈ,
ਲੰਬੇ ਸਮੇਂ ਤੋਂ ਵਿਛੋੜਾ ਪਾਇਆ ਪਰਿਵਾਰਾਂ ਨੂੰ।
ਕਰਕੇ ਰਿਹਾਈ ਮੁੱਖ ਧਾਰਾ ਵਿੱਚ ਲਿਆਓ ਛੇਤੀ,
ਰਲਮਿਲ ਸਰਕਾਰ ਜੀ ਕਰ ਦਿਓ ਸੁਧਾਰਾਂ ਨੂੰ।
ਕੇਂਦਰ ਤੇ ਪੰਜਾਬ ਸਰਕਾਰ ਕਰਨ ਜੇ ਉਜਰ ਕੋਈ,
ਦੱਦਾਹੂਰੀਆ ਨਾ ਦੇਈਏ ਤਰਜੀਹ ਜਿੱਤਾਂ ਅਤੇ ਹਾਰਾਂ ਨੂੰ।