ਸਿਰਜਣਧਾਰਾ ਸੰਸਥਾ ਦੀ ਹੋਈ ਮਹੀਨਾਵਾਰ ਮੀਟਿੰਗ
(ਖ਼ਬਰਸਾਰ)
ਸਾਹਿਤਕ ਸੰਸਥਾ ਸਿਰਜਣਧਾਰਾ ਦੀ ਮਹੀਨਾਵਾਰ ਮੀਟਿੰਗ ਕੱਲ੍ਹ ਪੰਜਾਬੀ ਭਵਨ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਸੰਸਥਾ ਦੀ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ ਨੇ ਕੀਤੀ। ਇਸ ਮੀਟਿੰਗ ਵਿੱਚ ਪੰਜਾਬੀ ਮਾਂ ਬੋਲੀ ਦੇ ਵੱਧ ਤੋਂ ਵੱਧ ਪ੍ਰਚਾਰ ਲਈ ਹਰ ਸੰਭਵ ਕੋਸ਼ਿਸ਼ ਕਰਨ ਤੇ ਜ਼ੋਰ ਦੇਣ ਦੀ ਗੱਲ ਕੀਤੀ ਗਈ, ਮੀਟਿੰਗ ਵਿੱਚ ਸ਼ਾਮਲ ਸੁਖਦੇਵ ਸਿੰਘ ਲਾਜ਼ ਅਤੇ ਡਾ. ਗੁਰਚਰਨ ਕੌਰ ਕੋਚਰ ਨੇ ਸਾਂਝੇ ਤੌਰ ਤੇ ਬੋਲਦੇ ਹੋਏ ਕਿਹਾ ਕਿ ਸਾਨੂੰ ਆਪਣੇ ਦੇਸ ਅੰਦਰ ਅਤੇ ਵਿਦੇਸ਼ ਗਏ ਬੱਚਿਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਤੋਂ ਕਦੇ ਵੀ ਮੁੱਖ ਨਾ ਮੋੜਨ ਦੀ ਕਸਮ ਲੈਣੀ ਚਾਹੀਦੀ ਹੈ। ਉਹਨਾਂ ਨੂੰ ਇਹ ਸਤਰਾਂ ਯਾਦ ਕਰਾਉਂਦੇ ਰਹਿਣਾ ਚਾਹੀਦਾ ਹੈ ਕਿ "ਮਾਂ ਬੋਲੀ ਜੇ ਭੁੱਲ ਜਾਓਗੇ ਕੱਖਾਂ ਵਾਂਗੂੰ ਰੁੱਲ ਜਾਓਗੇ"।
ਉੱਘੇ ਗਾਇਕ ਤੇ ਗੀਤਕਾਰ ਅਮਰਜੀਤ ਸ਼ੇਰਪੁਰੀ ਨੇ ਵੀ ਬੋਲਦੇ ਹੋਏ ਕਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਢਾਅ ਲਾਉਣ ਵਾਲੇ ਪ੍ਰਚਾਰ ਤੋਂ ਵੀ ਸਾਨੂੰ ਪੂਰੇ ਸੁਚੇਤ ਹੋ ਕੇ ਰਹਿਣਾ ਚਾਹੀਦਾ ਹੈ, ਕਿਉਂਕਿ ਬਜ਼ਾਰ ਵਿੱਚ ਸਰਗਰਮ ਵਪਾਰਕ ਕੰਪਣੀਆਂ ਵਾਧੂ ਪੈਸੇ ਜਾਂ ਨੌਕਰੀਆਂ ਦਾ ਲਾਲਚ ਦੇ ਕੇ ਹੋਰ ਭਾਸ਼ਾਵਾਂ ਵਿੱਚ ਉਹਨਾਂ ਨਾਲ ਗੱਲਬਾਤ ਕਰਦੀਆਂ ਹਨ। ਉਸ ਨੇ ਨਾਲ਼ ਹੀ ਆਪਣਾ ਇਹ ਸ਼ੇਅਰ ਵੀ ਦੁਹਰਾਇਆ ਕਿ "ਅੱਖਰ ਅੱਖਰ ਰੱਖੀਂ ਯਾਦ ਪੰਜਾਬੀ ਦਾ, ਹਰ ਥਾਂ ਜਾ ਰਚਾਈਂ ਸੰਵਾਦ ਪੰਜਾਬੀ ਦਾ"।
ਇਸ ਸਮੇਂ ਹਾਜ਼ਰ ਕਵੀਆਂ ਦਾ ਕਵੀ ਦਰਬਾਰ ਵੀ ਹੋਇਆ। ਜਿਸ ਵਿੱਚ ਮੈਡਮ ਕੋਚਰ ਜੀ ਨੇ ਕਵਿਤਾ "ਧੰਨ ਨਾਨਕ ਤੇਰੀ ਵੱਡੀ ਕਮਾਈ", ਅਮਰਜੀਤ ਸ਼ੇਰਪੁਰੀ ਨੇ ਗੀਤ "ਚੋਰੀ, ਚੁਗਲੀ, ਝੂਠ ਇਹ ਤਿੰਨੇ ਗੱਲਾਂ ਮਾਰਦੀਆਂ", ਸੰਪੂਰਨ ਸਿੰਘ ਸਨਮ ਸਾਹਨੇਵਾਲ ਨੇ ਕਵਿਤਾ "ਦਿਲ ਚੋਂ ਆਵਾਜ਼ ਆਉਂਦੀ ਹੈ ਕਿ ਇਨਕਲਾਬ ਆਵੇਗਾ", ਸੁਰਜੀਤ ਲਾਂਬੜਾਂ ਨੇ ਗੀਤ "ਤਪਦੇ ਹਿਰਦੇ ਠਾਰ ਗਿਆ ਬਾਬਾ ਗੁਰੂ ਨਾਨਕ", ਜੋਗਿੰਦਰ ਸਿੰਘ ਕੰਗ ਨੇ ਕਵਿਤਾ "ਗੁਰੂ ਨਾਨਕ ਦੀ ਸੱਚੀ ਬਾਣੀ", ਮਲਕੀਤ ਮਾਲੜਾ ਨੇ ਕਵਿਤਾ "ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ", ਇੰਦਰਜੀਤ ਕੌਰ ਲੋਟੇ ਨੇ " ਫੁੱਲ ਕਿਰਦੇ ਨੇ ਹਾਸਿਆਂ ਚੋਂ",ਮੰਚ ਸੰਚਾਲਨ ਸ਼ੇਰਪੁਰੀ ਨੇ ਬਾ-ਖੂਬੀ ਕੀਤਾ। ਅੰਤ ਵਿੱਚ ਸੁਖਦੇਵ ਸਿੰਘ ਲਾਜ਼ ਨੇ ਆਏ ਸਭਨਾਂ ਦਾ ਧੰਨਵਾਦ ਕੀਤਾ।