1
“ਚਾਚਾ! ਅਜ ਤੂੰ ਕੁਛ ਢਿੱਲਾ ਜਿਆ ਈ ਫਿਰਦੈਂ ?'' ਚੇਤੂ ਆਪਣੀ ਦਾਤੀ ਦੇ ਦੰਦਿਆਂ 'ਤੇ ਉਂਗਲ ਫੇਰਦਾ ਬੋਲਿਆ ।
“ਮਖ ਤੂੰ ਕਿਵੇਂ ਜਾਚ ਲਿਆ ? ਕੰਮ ਤਾਂ ਤੇਰੇ ਨਾਲੋਂ ਘੱਟ ਨੀਂ ਨਬੇੜਿਆ।” ਚਾਰੂ ਦਾ ਚਲਦਾ ਹੱਥ ਰੁਕ ਗਿਆ ।
“ਮੈਨੂੰ ਲਗਦੈ...ਮਖਿਆ ਮਾਵਾ ਭੋਰਾ ਵੱਧ ਛਕ ਲੈਂਦਾ ।" ਚੇਤੂ ਨੇ ਆਪਣਾ ਪੂਰਾ ਮੂੰਹ ਖੋਲ੍ਹ ਕੇ ਉਬਾਸੀ ਲਈ ।
“ਕਮਜ਼ਾਤੇ ! ਸਿੱਧਾ ਕਿਉਂ ਨੀਂ ਮਰਦਾ ? ਇਉਂ ਆਖ ਤਾਂ ਬਈ ਮੈਨੂੰ ਤੋੜ ਲੱਗੀ ਐ ।” ਚਾਰੂ ਦੀ ਗੱਲ ਸੁਣ ਕੇ ਕਣਕ ਵਢਦੇ ਬਾਕੀ ਕਾਮੇ ਵੀ ਹੱਸ ਪਏ।
ਸਰਦਾਰ ਜਸਵੰਤ ਸਿੰਘ ਪਿੰਡ ਦਾ ਜ਼ਿਮੀਂਦਾਰ ਸੀ ਅਤੇ ਚਾਰੂ ਉਸਦਾ ਪੱਕਾ ਕੰਮੀ । ਕਣਕਾਂ ਦੀਆਂ ਵਾਢੀਆਂ ਸ਼ੁਰੂ ਹੋਣ ਨਾਲ ਉਸਦੇ ਖੇਤਾਂ ਵਿਚ ਹੋਰ ਦਿਹਾੜੀਏ ਰਲ ਜਾਂਦੇ ਸਨ । ਚਾਰੂ ਸਾਰਿਆਂ ਲਈ ਮਨੋਰੰਜਨ ਦਾ ਸਾਧਨ ਸੀ । ਉਹ ਚਟਪਟੀਆਂ ਗੱਲਾਂ ਅਤੇ ਟੱਪਿਆਂ ਨਾਲ ਕਾਮਿਆਂ ਦਾ ਦਿਲ ਲਾਈ ਰਖਦਾ । ਭੋਰਾ ਭੋਰਾ ਮਾਵਾ ਵੰਡਣ ਵਿਚ ਵੀ ਉਹ ਸੰਕੋਚ ਨਹੀਂ ਸੀ ਕਰਦਾ ।
“ਚਾਚਾ ਚਾਰੂਆ ! ਤੂੰ ਤਾਂ ਆਪ ਸਿਆਣੈਂ ।” ਚੇਤੂ ਨੇ ਧੰਨਵਾਦ ਵਰਗੇ ਸ਼ਬਦ ਮੂੰਹੋਂ ਕਢੇ ।
“ਕੋਈ ਨੀ, ਮਰ ਨਾ । ਚਾਹ ਔਂਦੀ ਹੋਊ ਲੈ ਨੀਂ ਭੋਰਾ।”
“ਮਖ ਚਾਹ ਨੂੰ ਕਿਹੜਾ 'ਡੀਕੂ ? ਨਾਲੇ ਇਹ ਕਿਹੜਾ ਚਾਹ ਤੋਂ ਬਿਨਾਂ ਸੰਘ 'ਚ ਅੜਦੀ ਐ ।” ਚੇਤੂ ਦੇ ਸੁੱਕੇ ਬੁੱਲ੍ਹ ਮੁਸਕਰਾ ਉਠੇ । ਉਹ ਟੇਢੀ ਨਜ਼ਰੇ ਚਾਰੂ ਵੱਲ ਵੇਖੀ ਜਾ ਰਿਹਾ ਸੀ । ਚਾਰੂ ਆਪਣੇ ਕੰਮ ਵਿਚ ਮਸਤ ਰਿਹਾ । ਚੇਤੂ ਲਈ ਇਕ ਇਕ ਪਲ ਅਸਹਿ ਹੁੰਦਾ ਜਾ ਰਿਹਾ ਸੀ ।
“ਚਾਚਾ ਕਰ ਲਾ ਤਰਸ ਸਾਡੇ ਤੇ ।” ਚੇਤੂ ਨੇ ਤਰਲਾ ਮਾਰਿਆ ।
“ਤੇਰੀ ਜਾਨ ਕਿਉਂ ਨਿਕਲਦੀ ਐ ?.....ਲੈ ਫੜ੍ਹ ।” ਚਾਰੂ ਆਪਣੀ ਤਿੰਨ ਕੁ ਗਜ਼ ਰਹਿ ਚੁੱਕੀ ਮੈਲੀ ਪੱਗ ਦੇ ਲੜ ਹੇਠੋਂ ਅਫੀਮ ਕਢਦਾ ਬੋਲਿਆ। ਇਹ ਅਫੀਮ ਵਾਢੀਆਂ ਦੇ ਦਿਨਾਂ ਵਿਚ ਉਸਨੂੰ ਸਰਪੰਚ ਵੱਲੋਂ ਮਿਲ ਜਾਇਆ ਕਰਦੀ ਸੀ ।
“ਕੋਈ ਹੋਰ ਵੀ ਹੈਗਾ ਸ਼ੌਂਕੀ ਕਿ ਨਈਂ ?” ਚਾਰੂ ਜ਼ਰਾ ਉਚੀ ਆਵਾਜ਼ ਵਿਚ ਬੋਲਿਆ ।
“ਕਿਉਂ ਚਾਚਾ ! ਅਸੀਂ ਮਤੇਈ ਦੇ ਆਂ ?" ਕੋਲੋਂ ਮੰਗਲੂ ਵੀ ਬੋਲ ਉਠਿਆ ।
“ਸਾਹ ਲੈ ਉਇ ! ਚਾਰੂ ਕਿਸੇ ਨਾਲ ਵਿਤਕਰਾ ਨੀਂ ਕਰਦਾ ਹੁੰਦਾ। ਭਜਨਾ ਵੀ ਆਪਣੀ ਹਾਜ਼ਰੀ ਲੁਆ ਗਿਆ।
“ਮਖ ਤੁਸੀਂ ਸਾਰੇ ਈ ਲੈ ਲੋ । ਅਖੇ : ਬਗਾਨੀ ਮੱਝ ਦਾ ਦੁੱਧ ਬਹੁਤਾ ਸੁਆਦ ਹੁੰਦੈ ।" ਚਾਰੂ ਦੀ ਆਵਾਜ਼ ਵਿਚ ਜੋਸ਼ ਦਾ ਨਾਂ ਨਿਸ਼ਾਨ ਵੀ ਨਹੀਂ ਸੀ।
“ਚਾਚਾ ! ਊਂ ਤੇਰੇ ਕਿਹੜਾ ਪੌਂਡ ਖਰਚੇ ਐ ਏਸ ਉਤੇ ।” ਚੇਤੂ ਦੀ ਟਕੋਰ ਨੇ ਸਾਰਿਆਂ ਦਾ ਫਿੱਕਾ ਜਿਹਾ ਹਾਸਾ ਕਢ ਦਿੱਤਾ।
“ਚਲੋ ਹੁਣ ਕੰਮ ਕਰੋ ਸਾਰੇ ਦੱਬ ਕੇ ।” ਚਾਰੂ ਸਾਰਿਆਂ ਦਾ ਹਾਸਾ ਵਿਚੇ ਪੀ ਗਿਆ ।
“ਚਾਚਾ ਕੰਮ ਨੂੰ ਅਸੀਂ ਕੰਡ ਨੀਂ ਵਖੌਂਦੇ । ਅਸੀਂ ਵੀ ਸਵਾਏ ਦੇ ਡਿਉਢੇ ਦੇਣ ਜਾਣਦੇ ਆਂ ।” ਚੇਤੂ ਨੇ ਕੱਟੀਆਂ ਮੁੱਛਾਂ ਤੇ ਉਂਗਲ ਲਾਈ । ਸਾਰਿਆਂ ਦੇ ਚਿਹਰਿਆਂ 'ਤੇ ਪਹਿਲਾਂ ਨਾਲੋਂ ਦੂਣੀਆਂ ਰੌਣਕਾਂ ਆ ਗਈਆਂ ।ਸਾਰਿਆਂ ਦੇ ਹੱਥ ਤੇਜ਼ੀ ਨਾਲ ਚੱਲਣ ਲੱਗੇ ।
“ਚਾਚਾ ! ਕਢ ਫੇਰ ਵਾਜ ਤੇ ਲਾ ਦੇ ਰੌਣਕਾਂ ।” ਚੇਤੂ ਨੇ ਫਰਮਾਇਸ਼ ਕੀਤੀ ।
“ਚਾਚਾ ਅਜ ਜਾਗੋ ਸੁਣਾ । ਤੇਰੇ ਮੂੰਹੋਂ ਫਬਦੀ ਐ।” ਕੋਲੋਂ ਭਜਨਾ ਵੀ ਹਾਮੀ ਭਰ ਗਿਆ ।
“ਹੁਣ ਤਾਂ ਆਪਾਂ ਵੀ ਕੰਡੇ 'ਚ ਹੋਏ ਆਂ…..ਜੋ ਮਰਜ਼ੀ ਕਰਾ ਲੋ।” ਚਾਰੂ ਵੀ ਲੋਰ ਵਿਚ ਆ ਗਿਆ ।
“ਚੱਲ ਕਰ ਫੇਰ ਸ਼ੁਰੂ......ਅਸੀਂ ਮਗਰ ਬੋਲਾਂਗੇ ।” ਚੇਤੂ ਨੇ ਬੁਲਾਂ ੱਤੇ ਜੀਭ ਫੇਰੀ। ਕੁਛ ਦੇਰ ਚੁੱਪ ਛਾਈ ਰਹੀ । ਨੇ ਹੌਲੀ ਜਿਹੀ ਆਵਾਜ਼ ਈ ਰਹਾ । ਚਾਰੂ ਨੇ
“ਜੱਟਾ ਜਾਗ ਬਈ ਹੁਣ ਜਾਗੋ ਆਈ ਆ ।”
“ਹਾਹੋ ਬਈ ਹੁਣ ਜਾਗੋ ਆਈਆ ।” ਇਹ ਤੁਕ ਸਾਰਿਆਂ ਨੇ ਬੋਲੀ ਪਰ ਬਹੁਤ ਹੌਲੀ ਆਵਾਜ਼ ਵਿਚ । ਬੋਲਣ ਵਿਚ ਇਕਸੁਰਤਾ ਵੀ ਨਹੀਂ ਸੀ ।
“ਓ ਉਚੀ ਮਰੋ ਹੁਣ । ਮਡੀਰ ਕਿੰਨੀ ਕੱਠੀ ਹੋਈ ਐ ਤੇ ਬੋਲਦੇ ਦੇਖ ਜਿਵੇਂ ਖੂਹ 'ਚ ਖੜ੍ਹੇ ਹੋਣ । ਉਚੀ ਬੋਲਿਓ ਹੁਣ ਸਾਰੇ ।”
“ਜੱਟਾ ਜਾਗ ਬਈ ਓ ਹੁਣ ਜਾਗੋ ਆਈ ਆ।
ਸ਼ਾਵਾ ਬਈ ਹੁਣ ਜਾਗੋ ਆਈਆ ।
ਪੀਂਘਾਂ ਪਾ ਲਾ ਪਿਆਰ ਵਧਾ ਲਾ
ਆਈ ਨੂੰ ਗਲ ਨਾਲ ਲਾ ਲਾ ਬਈ ਹੁਣ ਜਾਗੋ......।”
ਸਾਰੇ ਨਸ਼ੇ ਨਾਲ ਨਿਹਾਲ ਹੋਏ ਆਵਾਜ਼ਾਂ ਕੱਢ ਰਹੇ ਸਨ। ਚੇਤੂ ਕੁਛ ਜ਼ਿਆਦਾ ਹੀ ਮਸਤ ਹੋ ਗਿਆ । ਉਸਨੇ ਚਾਰੂ ਦੇ ਬੋਲਣ ਤੋਂ ਪਹਿਲਾਂ ਹੀ ਕਹਿਣਾ ਸ਼ੁਰੂ ਕਰ ਦਿੱਤਾ;
ਮੰਗਲੂ ਆ ਜਾ ਭਜਨੇ ਆ ਜਾ,
ਜ਼ੋਰੂ ਨੂੰ ਸੰਗ ਲਿਆਈਂ ਬਈ ਹੁਣ ਜਾਗੋ......।”
ਸਾਰੇ ਖਿੜ ਖਿੜ ਕਰ ਉਠੇ ।
ਚੇਤੂ ਨੇ ਭਜਨੇ ਵੱਲ ਨਿਗਾਹ ਸੁੱਟੀ ।
“ਕਰ ਲਾ ਪੁੱਤਰਾ ਮਖੌਲ । ਤੂੰ ਈ ਕਰਨੇ ਐਂ, ਤੇਰੇ ਧੀਆਂ ਪੁਤਰਾਂ ਨੇ ਤਾਂ ਕਰਨੇ ਨੀਂ ।” ਭਜਨੇ ਨੇ ਮੋੜਵਾਂ ਜਵਾਬ ਦਿੱਤਾ ।
ਹਸਦਿਆਂ ਹਸਾਉਂਦਿਆਂ ਉਨ੍ਹਾਂ ਨੇ ਸਾਰਾ ਦਿਨ ਬਤੀਤ ਕਰ ਦਿੱਤਾ । ਸ਼ਾਮ ਵੇਲੇ ਆਪਣੇ ਥਕੇਵੇਂ ਨੂੰ ਹਾਸੇ ਵਿਚ ਲੁਕਾਉਂਦੇ ਸਾਰੇ ਆਪੋ ਆਪਣੀਂ ਘਰੀਂ ਤੁਰ ਪਏ । ਚਾਰੂ ਆਪਣੇ ਘਰ ਜਾਣ ਤੋਂ ਪਹਿਲਾਂ ਸਰਦਾਰ ਦੀ ਹਵੇਲੀ ਵੱਲ ਗਿਆ । ਇਹ ਉਸਦਾ ਨਿੱਤਨੇਮ ਸੀ । ਸਾਰੀ ਦਿਹਾੜੀ ਦੇ ਹੋਏ ਕੰਮ ਬਾਰੇ ਸਰਦਾਰ ਨੂੰ ਸੂਚਨਾ ਦੇਣੀ ਉਸਦੇ ਜ਼ਿੰਮੇਂ ਸੀ । ਅਜ ਸਰਦਾਰ ਸ਼ਹਿਰ ਗਿਆ ਹੋਇਆ ਸੀ ਜਿਸ ਕਾਰਣ ਚਾਰੂ ਛੇਤੀ ਹੀ ਹਵੇਲੀਓਂ ਨਿਕਲ ਕੇ ਆਪਣੇ ਘਰ ਵੱਲ ਤੁਰ ਪਿਆ ।
ਚਾਰੂ ਪਿੰਡ ਦਾ ਗਰੀਬ ਅਤੇ ਅਨਪੜ੍ਹ ਵਿਅਕਤੀ ਸੀ । ਉਸਦੀ ਉਮਰ ਚਾਲੀ ਤੋਂ ਘੱਟ ਹੀ ਸੀ ਪਰ ਦੇਖਣ ਨੂੰ ਪੰਜਾਹ ਤੋਂ ਵੀ ਵੱਧ ਦਾ ਲਗਦਾ ਸੀ । ਜ਼ਾਤ ਦਾ ਉਹ ਮਜ਼੍ਹਬੀ ਸੀ । ਉਸਨੇ ਆਪਣੇ ਜੀਵਨ ਵਿਚ ਗਰੀਬੀ ਹੀ ਵੇਖੀ ਸੀ, ਦੁਨੀਆਂ ਨਹੀਂ । ਉਸਦੇ ਅੱਧੋਰਾਣੇ ਕੱਪੜੇ ਵੀ ਉਸਦਾ ਸਾਥ ਛੱਡ ਰਹੇ ਜਾਪਦੇ ਸਨ। ਉਸਨੇ ਨਵਾਂ ਕਪੜਾ ਸਿਰਫ ਆਪਣੇ ਵਿਆਹ ਵੇਲੇ ਹੀ ਪਾਇਆ ਸੀ। ਜੋ ਵੀ ਸਰਦਾਰਾਂ ਦੇ ਘਰੋਂ ਮਿਲ ਜਾਂਦਾ, ਉਹ ਹੰਢਾ ਲੈਂਦਾ । ਉਹ ਸਰਦਾਰਾਂ ਦਾ ਹਰ ਕੰਮ ਕਰਦਾ ਜਿਸ ਬਦਲੇ ਸਾਲ ਭਰ ਖਾਣ ਪੀਣ ਨੂੰ ਮਿਲ ਜਾਂਦਾ ਸੀ ।
ਚਾਰੂ ਦਾ ਅਸਲੀ ਨਾਂ ਤਾਂ ਕੋਈ ਨਹੀਂ ਸੀ ਜਾਣਦਾ ਪਰ ਉਸਦਾ ਨਾਮ 'ਚਾਰੂ' ਕਿਵੇਂ ਪਿਆ, ਇਸ ਪਿਛੇ ਵੀ ਬੜੀ ਦਿਲਚਸਪ ਕਹਾਣੀ ਹੈ । ਬਚਪਨ ਵਿਚ ਉਹ ਕੋਈ ਕੰਮ ਨਹੀਂ ਸੀ ਕਰਦਾ । ਵਿਹਲਾ ਫਿਰਨਾ ਉਸਦੀ ਆਦਤ ਬਣ ਚੁੱਕੀ ਸੀ । ਉਸਦਾ ਬਾਪ ਰੋਜ਼ ਉਸਨੂੰ ਕਿਸੇ ਕੰਮ ਧੰਦੇ ਲੱਗਣ ਲਈ ਕਹਿੰਦਾ ਪਰ ਉਹ ਕੰਮ ਤੇ ਜੀਅ ਨਹੀਂ ਸੀ ਲਾ ਸਕਦਾ । ਰੋਜ਼ ਰੋਜ਼ ਦੇ ਕਲੇਸ਼ ਤੋਂ ਤੰਗ ਆ ਕੇ ਉਸਨੇ ਕੰਮ ਕਰਨ ਬਾਰੇ ਸੋਚਿਆ । ਇਹ ਕੰਮ ਸੀ ਬੱਕਰੀਆਂ ਚਾਰਣ ਦਾ । ਨਾਲੇ ਵਿਹਲੇ ਰਹੋ ਤੇ ਨਾਲੇ ਦੁੱਧ ਪੀਓ । ਉਸਨੇ ਆਪਣੇ ਬਾਪ ਨੂੰ ਕਹਿ ਦਿੱਤਾ ਕਿ ਉਹ ਬੱਕਰੀਆਂ ਚਾਰੇਗਾ । ਪਰ ਬੱਕਰੀਆਂ ਆਉਣ ਕਿੱਥੋਂ ? ਆਖਰ ਬਾਪ ਨੇ ਸੋਚ ਵਿਚਾਰ ਪਿਛੋਂ ਕਿਸੇ ਤਰ੍ਹਾਂ ਇਕ ਬੱਕਰੀ ਉਸਨੂੰ ਖਰੀਦ ਦਿੱਤੀ । ਉਹ ਸਵੇਰੇ ਹੀ ਬੱਕਰੀ ਨੂੰ ਲੈ ਕੇ ਬਾਹਰ ਚਲਾ ਗਿਆ । ਬੱਕਰੀ ਨੂੰ ਛੱਡ ਕੇ ਆਪ ਛੱਪੜ 'ਚੋਂ ਮੱਛੀਆਂ ਫੜਨ ਬੈਠ ਗਿਆ । ਮੱਛੀਆਂ ਫੜ੍ਹਨ 'ਚ ਐਹੋ ਜਿਹਾ ਰੁਝਿਆ ਕਿ ਬੱਕਰੀ ਦਾ ਖਿਆਲ ਹੀ ਨਾ ਰਿਹਾ । ਸ਼ਾਮ ਵੇਲੇ ਆਸੇ ਪਾਸੇ ਵੇਖਿਆ ਪਰ ਬੱਕਰੀ ਨਾ ਦਿਸੀ । ਆਉਣ ਜਾਣ ਵਾਲੇ ਤੋਂ ਪੁੱਛਗਿੱਛ ਵੀ ਕੀਤੀ ਪਰ ਬੱਕਰੀ ਤਾਂ ਜਿਵੇਂ ਅਲੋਪ ਹੀ ਹੋ ਗਈ ।
ਸ਼ਾਮ ਨੂੰ ਰੋਂਦਾ ਘਰ ਮੁੜਿਆ । ਆਉਂਦੇ ਨੂੰ ਪਿਉ ਨੇ ਛਿੱਤਰ ਲਾਹ ਲਿਆ । ਗਲੀ ’ਚੋਂ ਲੰਘਣ ਵਾਲਾ ਗੱਲ ਪੁੱਛੇ ਤਾਂ ਉਸਦਾ ਮੱਲੋਮੱਲੀ ਹਾਸਾ ਨਿਕਲ ਜਾਵੇ । ਬਾਪ ਬੋਲੀ ਜਾਵੇ, ਅਖੇ,ਇਹ ਦੇਖੋ ਵੱਡਾ ਚਾਰੂ । ਅਖੇ ਮੈਂ ਬੱਕਰੀਆਂ ਚਾਰਿਆ ਕਰੂੰ । ਇਕੋ ਨੀਂ ਸਾਂਭੀ ਗਈ । ਪਤਾ ਨੀਂ ਕਿਥੇ ਭਜਾ ਤੀ। ਇਹ ਵੱਡਾ ਚਾਰੂ ।” ਬੱਕਰੀ ਤਾਂ ਲਭ ਗਈ ਪਰ ਉਸਦਾ ਨਾਂ ਅਜਿਹਾ ‘ਚਾਰੂ’ ਪੱਕਿਆ ਕਿ ਲੋਕੀਂ ਉਸਦਾ ਅਸਲੀ ਨਾਂ ਭੁੱਲ ਗਏ । ਪਿਉ ਸਰਦਾਰਾਂ ਦੇ ਕੰਮ ਕਰਦਾ ਸੀ । ਅਖੇ; ਵਿਹਲ ਨਾਲੋਂ ਵਗਾਰ ਭਲੀ । ਸੋ ਉਸਨੇ ਚਾਰੂ ਨੂੰ ਆਪਣੇ ਨਾਲ ਲਿਜਾਣਾ ਸ਼ੁਰੂ ਕਰ ਦਿੱਤਾ ।
ਚਾਰੂ ਦੇ ਵਿਆਹ ਦਾ ਫਿਕਰ ਵੀ ਹੋਇਆ । ਪਰ ਰਿਸ਼ਤਾ ਕਿਸੇ ਪਾਸਿਉਂ ਨਹੀਂ ਸੀ ਆ ਰਿਹਾ । ਉਹ ਸਤਾਰਾਂ ਸਾਲ ਦਾ ਹੋ ਚੁਕਿਆ ਸੀ । ਵਿਹੜੇ ਦੇ ਲੋਕ ਉਸਨੂੰ ਕਦੀ ਕਦਾਈਂ ‘ਛੜਾ’ ਕਹਿ ਜਾਂਦੇ । ਮਾਂ ਬਾਪ ਨੇ ਵਿਆਹ ਬਾਰੇ ਸੋਚਣਾ ਬੰਦ ਕਰ ਦਿੱਤਾ । ਚਾਰੂ ਨੇ ਵੀ ਆਸ ਲਾਹ ਦਿੱਤੀ । ਪਰ ਉਹ ਦਿਲ ਵਿਚ ਅਰਦਾਸਾਂ ਰੋਜ਼ ਹੀ ਕਰਦਾ ਰਹਿੰਦਾ । ਸ਼ਾਇਦ ਉਸਦੀ ਅਰਦਾਸ ਸੁਣੀ ਗਈ ਹੋਵੇ। ਵੀਹਵੇਂ ਸਾਲ ਉਸਦਾ ਵਿਆਹ ਹੋ ਗਿਆ । ਉਸਦਾ ਪੈਰ ਧਰਤੀ ਨਾਲ ਨਾ ਲੱਗੇ । ਨਵੇਂ ਪਾਏ ਕੱਪੜਿਆਂ ਵਿਚ ਉਹ ਆਪਣੇ ਆਪ ਨੂੰ ਲਾਟ ਸਾਹਿਬ ਤੋਂ ਘੱਟ ਨਹੀਂ ਸੀ ਸਮਝ ਰਿਹਾ ।
ਉਸਦੀ ਪਤਨੀ ਕਾਫੀ ਅਕਲਮੰਦ ਸੀ । ਭਾਵੇਂ ਬਹੁਤੀ ਸੁਹਣੀ ਨਹੀਂ ਸੀ ਪਰ ਦੇਖਣ ਵਾਲੇ ਭੈੜੀ ਵੀ ਨਹੀਂ ਸੀ ਕਹਿ ਸਕਦੇ । ਨਾਮ ਸੀ ਉਸਦਾ 'ਕਰਮੀਂ’ । ਕਰਮੀਂ ਨੂੰ ਚਾਰੂ ਦਾ ਗੁਲਾਮ ਬਣ ਕੇ ਰਹਿਣਾ ਪਸੰਦ ਨਹੀਂ ਸੀ । ਉਹ ਚਾਰੂ ਨੂੰ ਸਲਾਹ ਦਿੰਦੀ ਸੀ ਕਿ ਉਹ ਕਿਸੇ ਦੀ ਜ਼ਮੀਨ ਅੱਧ ਤੇ ਲੈ ਕੇ ਵਾਹ ਲਿਆ ਕਰੇ । ਪਰ ਚਾਰੂ ਦੀ ਤਾਂ ਆਦਤ ਬਣ ਚੁੱਕੀ ਸੀ, ਗੁਲਾਮੀ ਕਰਨੀ । ਉਹ ਆਖਦਾ,‘ਭਲੀਏ ਲੋਕੇ ! ਸਾਡੀਆਂ ਰਗਾਂ ‘ਚ ਤਾਂ ਲਹੂ ਈ ਗੁਲਾਮਾਂ ਦਾ ਵਗਦੈ । ਸਾਡੇ ਕਰਮਾਂ ‘ਚ ਗੁਲਾਮੀ ਈ ਲਿਖੀ ਐ । ਅਖੇ; ਭਜਿਆ ਨਠਿਆ ਜਾਹ ਤੇ ਕਰਮਾਂ ਦਾ ਖੱਟਿਆ ਖਾਹ ।
ਵਿਆਹ ਤੋਂ ਦੋ ਸਾਲ ਮਗਰੋਂ ਚਾਰੂ ਦੇ ਘਰ ਕੁੜੀ ਨੇ ਜਨਮ ਲਿਆ। ਕੁੜੀ ਦਾ ਰੰਗ ਤਾਂ ਸਾਂਵਲਾ ਹੀ ਸੀ ਪਰ ਸੁੰਦਰਤਾ ਦਾ ਅੰਤ ਨਹੀਂ ਸੀ । ਜਿਹੜਾ ਵੇਖਦਾ ਸਲਾਹੇ ਬਿਨਾਂ ਨਾ ਰਹਿ ਸਕਦਾ । ਚਾਰੂ ਨੇ ਆਪਣੀ ਚੰਨ ਵਰਗੀ ਧੀ ਦਾ ਨਾਂ ‘ਚੰਨੀ’ ਰਖਿਆ । ਚਾਰੂ ਦੀ ਦੂਜੀ ਸੰਤਾਨ ਮੁੰਡਾ ਸੀ । ਮੁੰਡਾ ਕੀ ਜੰਮਿਆ, ਚਾਰੂ ਦੇ ਘਰ ਖੁਸ਼ੀਆਂ ਦਾ ਹੜ੍ਹ ਆ ਗਿਆ । ਜਿਹੜਾ ਆਉਂਦਾ, ਚਾਰੂ ਨੂੰ ਵਧਾਈਆਂ ਦੇ ਕੇ ਜਾਂਦਾ । ਮੁੰਡੇ ਦਾ ਨਾਂ ‘ਰੁਲਦੂ ਸਿੰਘ’ ਰਖਿਆ ਗਿਆ । ਕਰਮੀਂ ਵੀ ਪੁੱਤ ਨੂੰ ਲੋਰੀਆਂ ਦੇਣ ਲੱਗੀ ਬੱਸ ਨਾ ਕਰਦੀ । “ਮੈਂ ਆਪਣੇ ਪੁੱਤ ਨੂੰ ਡਿਪਟੀ ਬਣਾਊਂਗੀ । ਵੱਡਾ ਅਫਸਰ ਬਣਾਉਂਗੀ......ਬਾਪੂ ਤਾਂ ਹੋਇਆ ਗੁਲਾਮ, ਮੇਰਾ ਪੁੱਤ ਡਿਪਟੀ ।”
ਸਮਾਂ ਬੀਤਦਾ ਗਿਆ । ਬੱਚੇ ਵੱਡੇ ਹੁੰਦੇ ਗਏ । ਕਰਮੀਂ ਨੂੰ ਆਪਣੇ ਸੁਪਨੇ ਅਸਲੀਅਤ ਹੁੰਦੇ ਜਾਪੇ । ਰੁਲਦੂ ਛੇ ਸਾਲ ਦਾ ਹੋ ਗਿਆ । ਕਰਮੀਂ ਨੇ ਚਾਰੂ ਕੋਲ ਉਸਦੀ ਪੜ੍ਹਾਈ ਬਾਰੇ ਗੱਲ ਕੀਤੀ । ਚਾਰੂ ਨੇ ਆਪਣੀ ਗਰੀਬੀ ਦਾ ਰੋਣਾ ਰੋਇਆ ਪਰ ਕਰਮੀਂ ਜ਼ਿੱਦ 'ਤੇ ਅੜੀ ਰਹੀ । ਆਖਰ ਰੁਲਦੂ ਨੂੰ ਸਕੂਲ ਵਿਚ ਦਾਖਲ ਕਰਵਾ ਦਿੱਤਾ ਗਿਆ ।
ਕਰਮੀਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਦਾ ਮੌਕਾ ਨਾ ਮਿਲਿਆ । ੳਸਨੂੰ ਬੁਖਾਰ ਚੜ੍ਹ ਗਿਆ । ਬੁਖਾਰ ਅਜਿਹਾ ਚੜ੍ਹਿਆ ਕਿ ਮਰਨ ਵੇਲੇ ਤਕ ਨਾ ਉਤਰਿਆ । ਕਰਮੀਂ ਨੂੰ ਪੁੱਤਰ ਦੀ ਪੜ੍ਹਾਈ ਦਾ ਫ਼ਿਕਰ ਸੀ । ਆਖਰੀ ਵਾਰ ਵੀ ਉਹ ਪਤੀ ਦੇ ਤਰਲੇ ਕਰਦੀ ਰਹੀ, ‘ਜੀ ਤੂੰ ਮੇਰੀ ਗੱਲ ਮੰਨ ਲਈਂ......ਮੇਰੇ ਪੁੱਤ ਨੂੰ ਗੁਲਾਮ ਨਾ ਬਣਾਈਂ......ਡਿਪਟੀ ਬਣਾਈਂ.. ਬਹੁਤ ਸਾਰਾ ਪੜਾ ਕੇ.....ਮੇਰੀ ਮਿੰਨਤ ਐ ।”
‘ਪਰ ਮੈਂ ਐਨਾ ਪੈਸਾ ਕਿਥੋਂ ਲਿਆਊਂ ?” ਚਾਰੂ ਦੇ ਸਾਹਮਣੇ ਉਸਦੀ ਆਰਥਿਕ ਹਾਲਤ ਦੈਂਤ ਬਣ ਕੇ ਖੜ੍ਹੀ ਸੀ ।
‘ਮੈਂ ਨੀਂ ਜਾਣਦੀ......ਜਿਥੋਂ ਮਰਜ਼ੀ ਲਿਆਈਂ....ਮੇਰੇ ਤੇ ਭਾਵੇ ਖਫਣ ਨਾ ਪਾਈਂ ਪਰ ਮੇਰੇ ਪੁੱਤ ਜ਼ਰੂਰ ਪੜ੍ਹਾਈਂ.....ਭਾਵੇਂ ਤੇਰੀ ਜਾਨ ਵਿਕ ਜੇ.. ਭਾਵੇਂ ਤੂੰ ਆਪਣਾ ਸਾਰਾ ਲਹੂ ਵੇਚ ਦੀਂ ਪਰ ਮੇਰੇ ਪੁੱਤਰ ਨੂੰ ਜ਼ਰੂਰ ਪੜ੍ਹਾਈਂ।”
ਕਰਮੀਂ ਤਰਲੇ ਕਰਦੀ ਮਰ ਗਈ । ਚਾਰੂ ਨੂੰ ਮਹਿਸੂਸ ਹੋਇਆ ਜਿਵੇਂ ਉਸਦੀ ਹਿੰਮਤ ਚਲੀ ਗਈ ਹੋਵੇ, ਉਸਦੀ ਜਵਾਨੀ ਰੁੱਸ ਗਈ ਹੋਵੇ । ਬੱਚਿਆਂ ਨੂੰ ਸੁੰਨਾ ਘਰ ਡਰਾਵਣਾ ਲਗਦਾ । ਚਾਰੂ ਦੇ ਮੂੰਹ ਤੇ ਉਦਾਸੀ ਨੇ ਡੇਰੇ ਲਾ ਲਏ ।
ਸਮਾਂ ਆਪਣੀ ਚਾਲੇ ਚਲਦਾ ਗਿਆ । ਚਾਰੂ ਦੇ ਦਿਲ ਦੇ ਜ਼ਖਮ ਆਠਰਦੇ ਗਏ । ਰੁਲਦੂ ਪੜ੍ਹਾਈ ਵਿਚ ਤੇਜ਼ ਨਿਕਲਿਆ । ਉਸਨੇ ਪੰਜਵੀਂ ਚੰਗੇ ਨੰਬਰਾਂ ਨਾਲ ਪਾਸ ਕਰ ਲਈ ਤੇ ਪਿੰਡ ਦੇ ਹਾਈ ਸਕੂਲ ਵਿਚ ਦਾਖਲ ਹੋ ਗਿਆ । ਭਾਵੇਂ ਫੀਸ ਮਾਫ ਹੋ ਜਾਂਦੀ ਸੀ ਤੇ ਵਜ਼ੀਫਾ ਵੀ ਮਿਲ ਜਾਂਦਾ ਸੀ, ਪਰ ਫੇਰ ਵੀ ਚਾਰੂ ਨੂੰ ਮੁੰਡੇ ਦੀ ਪੜ੍ਹਾਈ ਇਕ ਬੋਝ ਜਾਪਦੀ ।
2
ਚਾਰੂ ਘਰ ਪਹੁੰਚਿਆ ਤਾਂ ਚੰਨੀਂ ਚੌਂਕੇ 'ਚ ਬੈਠੀ ਰੋਟੀ ਦਾ ਆਹਰ ਕਰ ਰਹੀ ਸੀ । ਚਾਰੂ ਨੇ ਵਿਹੜੇ 'ਚ ਪਈ ਅਲਾਣੀ ਮੰਜੀ 'ਤੇ ਬੈਠਦਿਆਂ ਆਪਣੀ ਮੈਲੀ ਪੱਗ ਸਿਰੋਂ ਲਾਹ ਕੇ ਮੂੰਹ ਪੂੰਝਿਆ ।
‘ਬਾਪੂ ! ਪਾਣੀ ਲਿਆਮਾਂ ?'' ਚੰਨੀਂ ਧੂੰਏਂ ਤੋਂ ਬਚਣ ਲਈ ਅੱਖਾਂ ਮੀਚਦੀ ਬੋਲੀ ।
“ਨਹੀਂ ਪੁੱਤ ! ਤੇਹ ਨੀਂ ਲੱਗੀ ।” ਚਾਰੂ ਨੇ ਲੰਮੇਂ ਪੈਂਦਿਆਂ ਕਿਹਾ। “ਮਖ ਅਜ ਰੁਲਦੂ ਨੀਂ ਦੀਂਹਦਾ.. ਕਿਥੇ ਗਿਐ ?”
‘ਜਾਣਾ ਕਿਥੇ ਐ ਬਾਪੂ ! ਸਵੇਰ ਦਾ ਅੰਦਰ ਬੈਠਾ ਪੜ੍ਹੀ ਜਾਂਦੈ । ਸਵੇਰ ਦੀ ਪਿੱਟੀ ਜਾਨੀਂ ਐਂ ਬਈ ਬਿੰਦ ਝੱਟ ਉਠ ਕੇ ਤੁਰ ਫਿਰ ਲਾ.... ਬੈਠੇ ਦੀਆਂ ਲੱਤਾਂ ਜੁੜ ਜਾਣਗੀਆਂ.....ਪਰ ਇਹਨੇ ਤਾਂ ਲੱਗਣੈ ਡਿਪਟੀ ਪੜ੍ਹ ਪੜ੍ਹ ਕੇ...ਅਖੇ ਮੇਰਾ ਤਾਂ ਪੇਪਰ ਐ....ਮੈਨੂੰ ਕੀ ਭਾਵੇਂ ਸਾਰੀ ਰਾਤ ਬੈਠਾ ਰਵੇ....ਫੇਰ ਮੈਨੂੰ ਤਰਸ ਆ ਜਾਂਦੈ । ਮੈਂ ਦੋ ਵਾਰ ਚਾਹ ਬਣਾ ਕੇ ਦਿੱਤੀ ਐ ।” ਚੰਨੀ ਇਕੋ ਸਾਹ ਬੋਲਦੀ ਗਈ
“ਸਾਹ ਵੀ ਲੈ ਕਮਲੀਏ ! ਕਿਉਂ ਐਵੇਂ ਅੱਗ ਭਬੂਕਾ ਹੋਈ ਜਾਨੀ ਐਂ?" ਚਾਰੂ ਨੇ ਉਠਣ ਦੀ ਕੋਸ਼ਿਸ਼ ਕੀਤੀ ਪਰ ਹੱਡ ਭੰਨਵੀਂ ਮਿਹਨਤ ਨੇ ਉਸਦਾ ਅੰਗ ਅੰਗ ਦੁਖਣ ਲਾ ਦਿੱਤਾ ਸੀ । ਕੁਝ ਉਸਦੀ ਖਾਧੀ ਅਫੀਮ ਦਾ ਨਸ਼ਾ ਵੀ ਉਤਰ ਚੁੱਕਿਆ ਸੀ ।
ੱਸਾਹ ਕੀ ਲਵਾਂ ਬਾਪੂ ! ਇਹਨੂੰ ਸਮਝਾ ਤਾਂ ਕੁਛ । ਐਨਾ ਪੜ੍ਹ ਕੇ ਡਮਾਕ ਨਾ ਹਿਲੂ ਇਹਦਾ ?” ਸੋਲ੍ਹਾਂ ਵਰ੍ਹਿਆਂ ਦੀ ਅੱਲ੍ਹੜ ਚੰਨੀਂ ਦੇ ਮੂੰਹ ਤੇ ਆਇਆ ਗੁੱਸਾ ਉਸਦੇ ਸੁਹੱਪਣ ਵਿਚ ਹੋਰ ਵਾਧਾ ਕਰ ਰਿਹਾ ਸੀ ।
“ਰੁਲਦੂਆ ! ਓ ਪੁੱਤ ਰੁਲਦੂਆ ! ਚਾਰੂ ਨੇ ਉਬਾਸੀ ਲੈਂਦਿਆਂ ਪੁੱਤ ਨੂੰ ਬੁਲਾਇਆ । ਬਾਹਰ ਆ ਮੇਰਾ ਸ਼ੇਰ।”
“ਬਾਪੂ ! ਤੂੰ ਵੀ ਇਹਦੀ ਵਾਹਰ ਕਰੌਣਾਂ ? ਜਾਹ ਮੈਂ ਨੀਂ ਤੇਰੇ ਨਾਲ ਬੋਲਨਾਂ ।” ਰੁਲਦੂ ਗੁੱਸੇ ਨਾਲ ਭਰਿਆ ਬਾਹਰ ਨਿਕਲਿਆ । ਉਸਦੇ ਰੋਣਹਾਕੇ ਮੂੰਹ ਤੋਂ ਪਤਾ ਲਗਦਾ ਸੀ ਕਿ ਉਹ ਸੱਚਮੁੱਚ ਹੀ ਪੜ੍ਹਾਈ ਵਿੱਚ ਲੀਨ ਹੋਣਾ ਚਾਹੁੰਦਾ ਸੀ ।
“ਨਾ ਬੋਲ...ਮੈਂ ਕਿਹੜਾ ਤੈਥੋਂ ਟਿੰਡਾਂ ਲੈਣੀਐਂ ।” ਚੰਨੀਂ ਨੇ ਮੂੰਹ ਵੱਟ ਲਿਆ ।
“ਨਾ ਪੁੱਤ ! ਲੜੋ ਨਾ …… ਰੁਲਦੂਆ ! ਤੁਰ ਫਿਰ ਲਾ ਬੰਦ ਫੇਰ ਪੜ੍ਹ ਲਵੀਂ । ਤੁਰਨ ਫਿਰਨ ਨਾਲ ਦਿਮਾਗ ਹੌਲਾ ਹੋ ਜਾਂਦੈ । ਜਾਹ ਇਕ ਪਾਣੀ ਦੀ ਬਾਲਟੀ ਲਿਆ ਦੇ ਮੈਂ ਨਹਾ ਲਵਾਂ ।”
“ਬਾਪੂ ! ਇਹਨੂੰ ਆਖ ਫੇਰ ਮੈਨੂੰ ਟੋਕਿਆ ਨਾ ਕਰੇ ।” ਰੁਲਦੂ ਨੂੰ ਆਪਣੀ ਭੈਣ 'ਤੇ ਗੁੱਸਾ ਸੀ ।
“ਨਹੀਂ ਟੋਕਦੀ ਜਾਹ ਤੂੰ ।” ਬਾਪੂ ਨੇ ਦਿਲਾਸਾ ਦਿੰਦਿਆਂ ਕਿਹਾ । ਕੈਰੀ ਅੱਖ ਚੰਨੀਂ ਵੱਲ ਝਾਕਦਾ ਰੁਲਦੂ ਸਵਾਤ 'ਚੋਂ ਬਾਲਟੀ ਚੁੱਕ ਲਿਆਇਆ।
“ਟੋਕੂੰਗੀ ।” ਚੰਨੀਂ ਹੌਲੀ ਜਿਹੀ ਬੋਲੀ ਪਰ ਰੁਲਦੂ ਨੂੰ ਸੁਣ ਗਿਆ। ਉਹ ਦੰਦ ਪੀਂਹਦਾ ਸਾਰੇ ਘਰਾਂ ਦੇ ਸਾਂਝੇ ਨਲਕੇ ਤੋਂ ਪਾਣੀ ਲੈਣ ਤੁਰ ਗਿਆ ।
ਚਾਰੂ ਦਾ ਮਕਾਨ ਕਾਫੀ ਪੁਰਾਣਾ ਬਣਿਆ ਹੋਇਆ ਸੀ । ਚੰਨੀਂ ਘਰ ਨੂੰ ਲਿੰਬ ਪੋਚ ਕੇ ਰਖਦੀ ਜਿਸ ਕਾਰਣ ਪੁਰਾਣਾ ਘਰ ਵੀ ਆਪਣੀ ਉਮਰ ਲੰਮੀ ਕਰੀ ਜਾ ਰਿਹਾ ਸੀ । ਘਰ ਬਹੁਤਾ ਵੱਡਾ ਨਹੀਂ ਸੀ ਪਰ ਉਨ੍ਹਾਂ ਦਾ ਗੁਜ਼ਾਰਾ ਚੰਗਾ ਹੋਈ ਜਾਂਦਾ ਸੀ । ਇਕ ਵੱਡਾ ਕਮਰਾ, ਉਸਦੇ ਮੂਹਰੇ ਨਾਲ ਲਗਵੀਂ ਸਵਾਤ, ਜਿਸ ਤੋਂ ਰਸੋਈ ਦਾ ਕੰਮ ਵੀ ਲਿਆ ਜਾਂਦਾ ਸੀ । ਅਤੇ ਛੱਤੀ ਹੋਈ ਜਗ੍ਹਾ ਜਿੰਨਾਂ ਹੀ ਵਿਹੜਾ ਬਾਕੀ ਬਚਦਾ ਸੀ । ਸਵਾਤ ਦੇ ਮੂਹਰੇ ਚੌਂਕਾ ਬਣਿਆ ਹੋਇਆ ਸੀ। ਕਮਰੇ ਦਾ ਮੂੰਹ ਚੜ੍ਹਦੇ ਵੱਲ ਤੇ ਮਕਾਨ ਦਾ ਬੂਹਾ ਦੱਖਣ ਵੱਲ ਖੁੱਲ੍ਹਦਾ ਸੀ । ਚਾਰੂ ਦੇ ਆਸ ਪਾਸ ਦੇ ਘਰ ਵੀ ਉਸਦੀ ਜਾਤ ਦੇ ਹੀ ਸਨ । ਇਸ ਕਰਕੇ ਪਿੰਡ ਵਿਚ ਇਨ੍ਹਾਂ ਘਰਾਂ ਨੂੰ ‘ਮਜ਼ਬੀਆਂ ਦਾ ਵਿਹੜਾ” ਕਹਿ ਕੇ ਸੱਦਿਆ ਜਾਂਦਾ ਸੀ ।
ਰੁਲਦੂ ਪਾਣੀ ਲੈ ਆਇਆ । ਵਿਹੜੇ ਦੀ ਇਕ ਨੁੱਕਰੇ ਥੋੜ੍ਹੀਆਂ ਜਿਹੀਆਂ ਛਿਟੀਆਂ ਪਈਆਂ ਸਨ । ਛਿਟੀਆਂ ਤੋਂ ਹਟ ਕੇ ਇਕ ਲੱਕੜ ਦਾ ਫੱਟਾ ਰੱਖਿਆ ਹੋਇਆ ਸੀ ਜੋ ਨਹਾਉਣ ਜਾਂ ਕਪੜੇ ਧੋਣ ਦੇ ਕੰਮ ਆਉਂਦਾ ਸੀ । ਵਿਹੜੇ ਦੇ ਐਨ ਵਿਚਕਾਰ ਇਕ ਡੇਕ ਖੜ੍ਹੀ ਸੀ ।
ਚਾਰੂ ਮੰਜੇ ਤੋਂ ਉਠਿਆ । ਦੁਖਦੇ ਹੱਡਾਂ ਨੂੰ ਹਿਲਾਉਂਦਿਆਂ ਉਸਨੂੰ ਕਸੀਸ ਵੱਟਣੀ ਪਈ । ਉਹ ਫੱਟੇ ’ਤੇ ਬੈਠ ਕੇ ਨਹਾਉਣ ਲੱਗ ਪਿਆ । ਨਹਾਉਂਦੇ ਚਾਰੂ ਦਾ ਧਿਆਨ ਮੰਜੇ 'ਤੇ ਬੈਠ ਚੁੱਕੇ ਰੁਲਦੂ ਵੱਲ ਗਿਆ ਜੋ ਚੰਨੀ ਨੂੰ ਘੂਰ ਰਿਹਾ ਸੀ ।
“ਰੁਲਦੂਆ ! ਪੁੱਤ ਅਜੇ ਮ੍ਹੀਨਾ ਵੀ ਨੀਂ ਹੋਇਆ ਜਮਾਤਾਂ ਚੜ੍ਹੀਆਂ ਨੂੰ ਤੇ ਹੁਣੇ ਈ ਪੇਪਰ ਕਾਹਦੇ ਹੋਣ ਲੱਗ ਪੇ ?" ਚਾਰੂ ਨੂੰ ਜਿਵੇਂ ਅਚਾਨਕ ਖਿਆਲ ਆ ਗਿਆ ਹੋਵੇ । ਉਹ ਆਪਣੇ ਬੱਚਿਆਂ ਨੂੰ ਹੱਦੋਂ ਵੱਧ ਪਿਆਰ ਕਰਦਾ ਸੀ ।
ਮਾਂ ਦਾ ਪਿਆਰ ਵੀ ਇਕ ਬਾਪ ਹੀ ਪੂਰਾ ਕਰ ਰਿਹਾ ਸੀ । ਵੈਸੇ ਉਨ੍ਹਾਂ ਦੇ ਆਂਢ ਗੁਆਂਢ ਦਿਨ ਰਾਤ ਝਗੜਾ ਚਲਦਾ ਸੀ ਪਰ ਚਾਰੂ ਨੇ ਆਪਣੇ ਬੱਚਿਆਂ ਨੂੰ ਗੁੱਸੇ ਹੋ ਕੇ ਨਹੀਂ ਸੀ ਦੇਖਿਆ ।
“ਬਾਪੂ ! ਮਾਸਟਰ ਕਹਿੰਦੇ ਹੁਣ ਹਰ ਮਹੀਨੇ ਟੈਸਟ ਲਿਆ ਕਰਾਂਗੇ । ਸਗੋਂ ਚੰਗਾ ਈ ਐ ਨਾਲ ਦੀ ਨਾਲ ਤਿਆਰੀ ਹੋਈ ਜਾਊ ।”
“ਦਸਮੀਂ ਤੋਂ ਮਗਰੋਂ ਤਾਂ ਫੇਰ ਵੱਡੀ ਪੜ੍ਹਾਈ ਹੁੰਦੀ ਹੋਊ ?”
“ਹਾਂ ਬਾਪੂ ।"
“ਤੇ ਉਹਦੇ ਤੇ ਖਰਚਾ ਵੀ ਬਾਹਲਾ ਔਂਦਾ ਹੋਊ ?” ਚਾਰੂ ਨੂੰ ਆਪਣੀ ਗਰੀਬੀ ਦਾ ਖਿਆਲ ਸੀ ।
“ਬਾਪੂ ! ਮੇਰੀਆਂ ਤਾਂ ਫੀਸਾਂ ਮਾਫ਼ ਹੋ ਜਾਣਗੀਆਂ, ਵਜ਼ੀਫ਼ਾ ਨਾਲ ਮਿਲੂਗਾ । ਤੇ ਨਾਲੇ ਬਾਪੂ ! ਜੇ ਐਂਤਕੀ ਮੈਂ ਪੰਜਾਬ 'ਚੋਂ ਫਸਟ ਆ ਜਾਵਾਂ ਤਾਂ ਮੌਜਾਂ ਈ ਲੱਗ ਜਾਣ ।” ਰੁਲਦੂ ਦਾ ਚਿਹਰਾ ਖਿਲ ਉਠਿਆ ।
“ਬਾਪੂ ! ਨਹਾ ਲਿਆ ਤਾਂ ਰੋਟੀ ਪਾਮਾਂ ਕਿ ਖਾ ਆਇਆ ?’ ਚੰਨੀ ਨੇ ਪੁੱਛਿਆ ।
“ਪਹਿਲਾਂ ਬਿਸਤਰਾ ਵਿਛਾ ਦੇ ਪੁੱਤ ! ਅੱਜ ਤਾਂ ਥਕੇਵਾਂ ਈ ਬਲਾ ਹੋ ਗਿਆ । ਅੱਜ ਸਰਦਾਰ ਸ਼ਹਿਰ ਗਿਆ ਸੀ ਤੇ ਮੈਂ ਵੀ ਆਖਿਆ ਰੋਟੀ ਘਰ ਜਾ ਕੇ ਖਾਊਂ ।”
ਚੰਨੀ ਨੇ ਰੋਟੀ ਪਕਾ ਲਈ ਸੀ । ਉਸਨੇ ਤਿੰਨ ਮੰਜੇ ਡਾਹ ਕੇ ਵਿਛਾ ਦਿੱਤੇ । ਗਰਮੀ ਕਾਫੀ ਵਧ ਚੁੱਕੀ ਸੀ ਜਿਸ ਕਾਰਣ ਉਹ ਵਿਹੜੇ ਵਿਚ ਹੀ ਸੌਂਦੇ। ਚਾਰੂ ਨਹਾਉਣ ਤੋਂ ਮਗਰੋਂ ਮੰਜੇ ਤੇ ਬੈਠ ਗਿਆ ਤਾ ਚੰਨੀ ਨੇ ਰੋਟੀ ਵਾਲਾ ਥਾਲ ਉਸ ਅੱਗੇ ਲਿਆ ਧਰਿਆ । ਚਾਰੂ ਰੋਟੀ ਖਾਣ ਲੱਗ ਪਿਆ । ਚੰਨੀ ਨੇ ਰੁਲਦੂ ਨੂੰ ਵੀ ਰੋਟੀ ਪਾ ਦਿੱਤੀ ।
“ਰੁਲਦੂ !” ਰੋਟੀ ਖਾਂਦਾ ਚਾਰੂ ਅਚਾਨਕ ਬੋਲਿਆ।
“ਹਾਂ ਬਾਪੂ !”
“ਭਲਾ ਡਿਪਟੀ ਕਿੰਨੀਆਂ ਜਮਾਤਾਂ ਪੜ੍ਹ ਕੇ ਲੱਗੀਦੈ ?”
“ਬਾਪੂ ! ਡਿਪਟੀ ਬਣਨ ਵਾਸਤੇ ਤਾਂ ਬਹੁਤ ਪੜ੍ਹਨਾ ਪੈਂਦੈ ।" ਅਸਲ ਵਿਚ ਰੁਲਦੂ ਨੂੰ ਆਪ ਵੀ ਅਜੇ ਇਸ ਬਾਰੇ ਗਿਆਨ ਨਹੀਂ ਸੀ ।
“ਬਾਪੂ ! ਤੂੰ ਸਰਦਾਰ ਕੋਲ ਉਹਦੇ ਮੁੰਡੇ ਦੀ ਸ਼ਕੈਤ ਨੀਂ ਕੀਤੀ ?”
“ਨਾ ਪੁੱਤ ! ਆਪਾਂ ਉਨ੍ਹਾਂ ਦਾ ਨੂਣ ਖਾਨੇਂ ਆਂ…..ਆਪਾਂ ਉਨ੍ਹਾਂ ਦੇ ਵਿਰੁੱਧ ਨੀਂ ਬੋਲ ਸਕਦੇ ।”
“ਤੂੰ ਉਨ੍ਹਾਂ ਦਾ ਲੂਣ ਨਾ ਖਾਇਆ ਕਰ ਬਾਪੂ ! ਉਹਦਾ ਮੁੰਡਾ ਤਾਂ ਮੇਰੇ ਨਾਲ ਲੜਦਾ ਰਹਿੰਦੈ । ਕਹਿੰਦਾ ਜੇ ਐਂਤਕੀ ਤੂੰ ਮੈਥੋਂ ਵੱਧ ਨੰਬਰ ਲਏ ਤਾਂ ਮੈਂ ਤੈਨੂੰ ਵੱਢ ਦਿਊਂ ।”
“ਕੋਈ ਨਾ ਪੁੱਤ ! ਤੂੰ ਉਹਦੇ ਨਾਲ ਨਾ ਲੜੀਂ । ਓ ਜਾਣੇ, ਤੂੰ ਦੋ ਨੰਬਰ ਘੱਟ ਲੈ ਲੀਂ ।” ਚਾਰੂ ਦੀ ਇਸ ਗੱਲ ਤੇ ਰੁਲਦੂ ਨਿਰੁੱਤਰ ਹੋ ਗਿਆ । ਰੋਟੀ ਖਾ ਕੇ ਚਾਰੂ ਸੌਂ ਗਿਆ । ਰੁਲਦੂ ਨੇ ਆਪਣਾ ਲੈਂਪ ਜਗਾਇਆ ਤੇ ਅੰਦਰ ਬੈਠ ਕੇ ਪੜ੍ਹਨ ਲੱਗ ਪਿਆ ।
“ਬੀਰੇ ! ਚਾਹ ਬਣਾ ਕੇ ਦੇਵਾਂ ?” ਚੰਨੀ ਅੰਦਰ ਆ ਕੇ ਬੋਲੀ । “ਸਰਦੈ ।” ਰੁਲਦੂ ਮੱਥੇ ਵੱਟ ਪਾ ਕੇ ਬੋਲਿਆ ।
“ਬੋਲਨਾਂ ਨੀਂ ਮੇਰੇ ਨਾਲ ?”
‘ਨਹੀਂ ।”
“ਬੋਲਨਾਂ ਕਾਹਤੋਂ ਨੀਂ ? ਤੂੰ ਤਾਂ ਮੇਰਾ ਚੰਗਾ ਵੀਰ ਐਂ । ਮੈਂ ਤਾਂ ਆਪਣੇ ਬੀਰ ਨੂੰ ਵਧੀਆ ਜਿਹੀ ਚਾਹ ਬਣਾ ਕੇ ਦਿਊਂ, ਬਹੁਤਾ ਦੁੱਧ ਪਾ ਕੇ ਝੋਟੇ ਦੇ ਸਿਰ ਅਰਗੀ ।” ਚੰਨੀ ਲਾਡ ਨਾਲ ਬੋਲੀ ।
“ਮੈਂ ਨੀਂ ਪੀਣੀ ਚਾਹ ਚੂਹ ਤੇਰੀ ਮੇਰੀ ਆੜੀ ਟੂਟ ।"
‘ਜਦੋਂ ਤੂੰ ਡਿਪਟੀ ਲੰਗ ਗਿਆ ਤਾਂ ਮੈਂ ਇਕ ਵਧੀਆ ਜਿਆ ਸੂਟ ਲੈਣਾ ਤੈਥੋਂ।"
“ਬੜਾ ਚਿਤ ਕਰਦੈ ਮਿੱਠਿਆਂ ਚੌਲਾਂ ਨੂੰ । ਊਂ ਮੇਰੇ ਨਾਲ ਲੜਦੀ ਰਹਿੰਨੀ ਐਂ ।"
“ਚੰਗਾ ਹੁਣ ਨੀਂ ਲੜਦੀ.....ਬੱਸ?ਲਿਆ ਮੈਨੂੰ ਆਵਦੀ ਕੋਈ ਮੂਰਤਾਂ ਵਾਲੀ ਕਤਾਬ ਦੇ ਦੇ,ਮੈਂ ਤਾਂ ਆਪ ਪੜੂੰਗੀ ।”
“ਊਂ.....ਪੜ੍ਹਨਾ ਵੀ ਔਂਦੈ ?”
“ਤੂੰ ਸਖਾ ਦੇ......ਚੱਲ ਰਹਿਣ ਦੇ, ਸਾਡਾ ਬੀਰ ਜਿਉਂ ਹੈਗੇ ਪੜ੍ਹਨ ਨੂੰ..... ਮੈਂ ਤਾ ਆਵਦੇ ਬੀਰ ਨੂੰ ਚਾਹ ਬਣਾ ਕੇ ਦਿੰਨੀ ਆਂ।" ਰੁਲਦੂ ਨੇ ਚੰਨੀ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ । ਚੰਨੀ ਉਠ ਕੇ ਚਾਹ ਬਨਾਉਣ ਚਲੀ ਗਈ ।
...ਚਲਦਾ...