ਪਹੁ ਫੁਟਾਲਾ - ਕਿਸ਼ਤ 2 (ਨਾਵਲ )

ਦਵਿੰਦਰ ਸਿੰਘ ਸੇਖਾ   

Email: dssekha@yahoo.com
Phone: +161 6549312
Cell: +91 9814070581
Address: ਸਰਾ ਨਿਟਿੰਗ ਵਰਕਸ 433/2, ਹਜ਼ੂਰੀ ਰੋਡ, ਲੁਧਿਆਣਾ
Sara Knitting Works, 433/2 Hazuri Road, Ludhiana Punjab India 141008
ਦਵਿੰਦਰ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


3

ਪਿੰਡ ਦੇ ਹਾਈ ਸਕੂਲ ਬਣੇ ਨੂੰ ਅਜੇ ਚਾਰ ਪੰਜ ਸਾਲ ਹੀ ਹੋਏ ਸਨ । ਸਕੂਲ ਦੀ ਦਿੱਖ ਮਨ ਨੂੰ ਮੋਹਣ ਵਾਲੀ ਸੀ । ਮੁੱਖ ਦੁਆਰ ਤੇ ਚੜ੍ਹੀਆਂ ਵੇਲਾਂ ਤੋਂ ਡਿਗਦੀਆਂ ਨਿੱਕੀਆਂ ਨਿੱਕੀਆਂ ਚਿੱਟੀਆਂ ਲਾਲ ਪੱਤੀਆਂ ਆਉਣ ਵਾਲਿਆਂ ਦਾ ਸਵਾਗਤ ਕਰਦੀਆਂ ਜਾਪਦੀਆਂ । ਸਕੂਲ ਦੇ ਅੰਦਰ ਪੈਰ ਰਖਦਿਆ ਹੀ ਖੱਬੇ ਪਾਸੇ ਲੱਗੇ ਗੇਂਦੇ ਦੇ ਫੁੱਲਾਂ ਦੀ ਕਿਆਰੀ ਮਨ ਵਿਚ ਮਹਿਕ ਭਰ ਦਿੰਦੀ । ਸਕੂਲ ਦੀ ਇਮਾਰਤ ਮੁੱਖ ਦੁਆਰ ਤੋਂ ਕੋਈ ਸੱਠ ਸੱਤਰ ਗਜ਼ ਦੀ ਦੂਰੀ ਤੇ ਸੀ । ਇਮਾਰਤ ਤੱਕ ਜਾਂਦੇ ਰਾਹ ਦੇ ਦੁਪਾਸੀਂ ਲੱਗੇ ਸਫੈਦੇ ਦੇ ਉਚੇ ਉਚੇ ਰੁੱਖ ਜਿਵੇਂ ਅਨੁਸਾਸ਼ਨ ਵਿਚ ਰਹਿਣਾ ਸਿਖਾ ਰਹੇ ਹੋਣ। ਸੱਜੇ ਖੱਬੇ ਖੁੱਲ੍ਹੇ ਮੈਦਾਨ ਸਨ ਜਿਥੇ ਸਰਦੀਆਂ ਦੀਆਂ ਪਿਆਰੀਆਂ ਧੁੱਪਾਂ ਵਿੱਚ ਜਮਾਤਾਂ ਲੱਗਿਆ ਕਰਦੀਆਂ ਸਨ ।

ਰੁਲਦੂ ਇਸੇ ਸਕੂਲ ਦੀ ਦਸਵੀਂ ਜਮਾਤ ਦਾ ਵਿਦਿਆਰਥੀ ਸੀ । ਇਸ ਸਕੂਲ ਵਿਚ ਆਸ ਪਾਸ ਦੇ ਕਈ ਪਿੰਡਾਂ ਦੇ ਮੁੰਡੇ ਕੁੜੀਆਂ ਪੜ੍ਹਨ ਲਈ ਆਉਂਦੇ ਸਨ । ਰੁਲਦੂ ਨਾ ਅਮੀਰ ਘਰ ਦਾ ਮੁੰਡਾ ਸੀ ਤੇ ਨਾ ਉਚੀ ਜਾਤ ਵਿੱਚੋਂ। ਪਰ ਫਿਰ ਵੀ ਸਾਰੇ ਮਾਸਟਰ ਉਸਨੂੰ ਪਿਆਰ ਕਰਦੇ ਸਨ । ਸਾਰਿਆਂ ਨੂੰ ਉਸ ਉਤੇ ਆਸਾਂ ਸਨ । ਉਹ ਹੁਸ਼ਿਆਰ ਵਿਦਿਆਰਥੀ ਸੀ । ਉਸਦੇ ਹੁਸ਼ਿਆਰ ਹੋਣ ਕਾਰਣ ਕਈ ਵਿਦਿਆਰਥੀ ਉਸ ਨਾਲ ਖਾਰ ਵੀ ਖਾਂਦੇ ਸਨ। ਇਨ੍ਹਾਂ ਵਿਚੋਂ ਸਰਪੰਚ ਦਾ ਮੁੰਡਾ ਹਰਦੇਵ ਵੀ ਸੀ । ਉਹ ਨਹੀਂ ਸੀ ਚਾਹੁੰਦਾ ਕਿ ਉਸ ਦੇ ਹੁੰਦਿਆਂ ਕਿਸੇ ਹੋਰ ਦੀ ਪੁੱਛ ਗਿੱਛ ਜਾਂ ਵਡਿਆਈ ਹੋਵੇ । ਅਧੀ ਛੁੱਟੀ ਦੀ ਘੰਟੀ ਵੱਜੀ ਤਾਂ ਸਕੂਲ ਦੇ ਮੈਦਾਨ ਵਿਚ ਚਹਿਲ ਪਹਿਲ ਹੋ ਗਈ । ਰੁਲਦੂ ਜਮਾਤ ਦੇ ਕਮਰੇ ਵਿਚੋਂ ਨਿਕਲ ਕੇ ਬਾਹਰ ਆਇਆ। ਬਾਹਰ ਲੱਗੇ ਨਲਕੇ ਤੋਂ ਪਾਣੀ ਪੀਣ ਵਾਲਿਆਂ ਦੀ ਭੀੜ ਘਟੀ ਤਾਂ ਰੁਲਦੂ ਨੇ ਵੀ ਪਾਣੀ ਪੀਤਾ ।

“ਰੁਲਦੂਆ !” ਪਿਆਰ ਭਰੀ ਆਵਾਜ਼ ਉਸਦੇ ਕੰਨਾਂ ਨਾਲ ਟਕਰਾਈ। ਉਸਨੇ ਪਿਛੇ ਮੁੜ ਕੇ ਦੇਖਿਆ ਤਾਂ ਪ੍ਰੀਤ ਖੜ੍ਹੀ ਸੀ । ਉਸਦੇ ਹੱਥ ਵਿਚ ਕਾਪੀ ਸੀ।

“ਆਹ ਲੈ ।” ਪ੍ਰੀਤ ਉਸ ਵੱਲ ਕਾਪੀ ਵਧਾਉਂਦੀ ਬੋਲੀ । ਪ੍ਰੀਤ ਨਾਲ ਦੇ ਪਿੰਡੋਂ ਪੜ੍ਹਨ ਵਾਸਤੇ ਆਉਂਦੀ ਸੀ । ਉਸਦਾ ਅਸਲ ਨਾਂ ਹਰਪ੍ਰੀਤ ਸੀ ਪਰ ਸਾਰੇ ਉਸਨੂੰ ਪ੍ਰੀਤ ਕਹਿ ਕੇ ਹੀ ਸੱਦਦੇ ।

“ਕੀ ਗੱਲ ਪ੍ਰੀਤ, ਐਨੀ ਛੇਤੀ ?" ਰੁਲਦੂ ਹੈਰਾਨ ਹੋਇਆ ਉਸਤੋਂ ਕਾਪੀ ਫੜ੍ਹਦਾ ਬੋਲਿਆ । ‘ਅਜੇ ਕੱਲ ਤਾਂ ਲੈ ਕੇ ਗਈ ਸੀ ।”

“ਤੂੰ ਵੀ ਤਾਂ ਕੰਮ ਕਰਨਾ ਹੋਊਗਾ । ਮੈਂ ਫੇਰ ਲੈ ਜਾਊਂਗੀ ।" ਹਰਪ੍ਰੀਤ ਚਾਰ ਦਿਨ ਬਿਮਾਰ ਰਹੀ ਜਿਸ ਕਾਰਣ ਸਕੂਲ ਨਾ ਆ ਸਕੀ । ਆਪਣੀ ਕਾਪੀ ਪੂਰੀ ਕਰਨ ਵਾਸਤੇ ਉਸਨੇ ਰੁਲਦੂ ਤੋਂ ਕਾਪੀ ਲੈ ਲਈ ਸੀ । 

“ਪ੍ਰੀਤ ! ਤੂੰ ਕਿੰਨੀ ਲਿੱਸੀ ਹੋ ਗੀ ਬਮਾਰ ਹੋ ਕੇ ?” ਰੁਲਦੂ ਉਸਦੇ ਚਿਹਰੇ ਵੱਲ ਵੇਖਦਾ ਬੋਲਿਆ ।

“ਭਲਾ ਇਹਦੇ ਚ ਮੇਰੇ ਕੀ ਵੱਸ ਦੀ ਗੱਲ ਐ ?” ਪ੍ਰੀਤ ਦਾ ਚਿਹਰਾ ਸ਼ਰਮ ਨਾਲ ਸੂਹਾ ਹੋ ਗਿਆ । ਇੰਨੇ ਚਿਰ ਨੂੰ ਬਲਕਾਰ ਵੀ ਪਾਣੀ ਪੀਣ ਆ ਗਿਆ । ਬਲਕਾਰ ਹਰਦੇਵ ਦਾ ਜਿਗਰੀ ਦੋਸਤ ਸੀ । ਉਸਨੇ ਘੂਰ ਕੇ ਰੁਲਦੂ ਵੱਲ ਵੇਖਿਆ । ਰੁਲਦੂ ਨੇ ਉਥੇ ਖੜ੍ਹਨਾ ਠੀਕ ਨਾ ਸਮਝਿਆ ਤੇ ਉਥੋਂ ਤੁਰ ਪਿਆ । ਉਹ ਇਕ ਨੁੱਕਰੇ ਬਣੀ ਸਟੇਜ ਕੋਲ ਚਲਿਆ ਗਿਆ ਤੇ ਕੰਧ ਦੀ ਛਾਂ ਹੇਠ ਬੈਠ ਕੇ ਪੜ੍ਹਨ ਲੱਗ ਪਿਆ । ਉਹ ਬੈਠਾ ਕੁਛ ਦੇਰ ਪੜ੍ਹਦਾ ਰਿਹਾ। ਜਦ ਉਠਣ ਲੱਗਿਆ ਤਾਂ ਬਲਕਾਰ ਤੇ ਹਰਦੇਵ ਸਾਹਮਣੇ ਖੜ੍ਹੇ ਸਨ ।

“ਕੀ ਗੱਲ ਜਾਨ ਨੀਂ ਚਾਹੀਦੀ ?” ਹਰਦੇਵ ਘੂਰਦਾ ਉਸ ਵੱਲ ਵੇਖ ਰਿਹਾ ਸੀ ।

“ਕਿਉਂ ਮੈਂ ਕੀ ਕੀਤੈ ?" ਰੁਲਦੂ ਖੜ੍ਹਾ ਹੋ ਗਿਆ ।

“ਤੂੰ ਮੇਰੀ ਪ੍ਰੀਤ ਨੂੰ ਛੇੜਦਾ ਐਂ ।”

“ਪਹਿਲਾਂ ਪ੍ਰੀਤ ਨੂੰ ਜਾ ਕੇ ਪੁੱਛ ਮੈਂ ਉਹਨੂੰ ਕਦੋਂ ਛੇੜਿਐ ? ਮੈਂ ਤਾਂ ਕਦੇ ਬੁਲਾਇਆ ਵੀ ਨੀਂ ।”

“ਬਲਕਾਰ ਇਹਨੂੰ ਦੱਸ ਦਈਏ ਪਤਾ ਛੇੜਨ ਦਾ ?” ਹਰਦੇਵ ਜਿਵੇਂ ਬਲਕਾਰ ਤੋਂ ਆਗਿਆ ਲੈ ਰਿਹਾ ਹੋਵੇ ।

“ਨੇਕ ਕੰਮ ਨੂੰ ਦੇਰ ਕਿਉਂ ?” ਬਲਕਾਰ ਬੋਲਿਆ ।

“ਤੂੰ ਨਾਢੂ ਖਾਂ ਸਮਝਦੈਂ ਉਇ ਆਪਣੇ ਆਪ ਨੂੰ ?” ਹਰਦੇਵ ਨੇ ਉਸਨੂੰ ਕਾਲਰ ਤੋਂ ਫੜ੍ਹ ਲਿਆ । ਘੰਟੀ ਵੱਜ ਗਈ ਜਿਸ ਕਾਰਣ ਲੜਾਈ ਵਧ ਨਾ ਸਕੀ। ਰੁਲਦੂ ਨੇ ਕਿਸੇ 'ਤੇ ਹੱਥ ਚੁੱਕਣਾ ਨਹੀਂ ਸੀ ਸਿਖਿਆ । ਉਹ ਖੜ੍ਹਾ ਰਿਹਾ।

“ਕੋਈ ਨੀਂ ਬੱਚੂ..... ਫੇਰ ਪੁੱਛਾਂਗੇ ।” ਹਰਦੇਵ ਨੇ ਉਸਨੂੰ ਛੱਡ ਦਿੱਤਾ ਤੇ ਉਹ ਜਮਾਤ ਵਿਚ ਆਪੋ ਆਪਣੀ ਥਾਂ ਤੇ ਜਾ ਕੇ ਬੈਠ ਗਏ । ਮਾਸਟਰ ਨੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਪਰ ਹਰਦੇਵ ਅਜੇ ਵੀ ਰੁਲਦੂ ਨੂੰ ਘੂਰੀ ਜਾ ਰਿਹਾ ਸੀ।

“ਹਰਦੇਵ !” ਮਾਸਟਰ ਦੀ ਕੜਕਵੀਂ ਆਵਾਜ਼ ਨਾਲ ਹਰਦੇਵ ਸਾਵਧਾਨ ਹੋ ਗਿਆ । 

“ਖੜ੍ਹਾ ਹੋ ਜਾ ।” ਹਰਦੇਵ ਨੇ ਮਾਸਟਰ ਦੀ ਆਗਿਆ ਦਾ ਪਾਲਣ ਕੀਤਾ । “ਕਿਧਰ ਐ ਤੇਰਾ ਧਿਆਨ ? .....ਦੱਸ ਮੈਂ ਕੀ ਕਹਿ ਰਿਹਾ ਸੀ?” ਹਰਦੇਵ ਚੁੱਪ ਕਰਕੇ ਖੜ੍ਹਾ ਰਿਹਾ । ਉਸਨੂੰ ਕੋਈ ਪਤਾ ਨਹੀਂ ਸੀ ਕਿ ਮਾਸਟਰ ਨੇ ਕੀ ਪੜ੍ਹਾਇਆ ਹੈ । ਉਸਦੀ ਚੁੱਪ ਨੂੰ ਤਾੜਦਿਆਂ ਮਾਸਟਰ ਬੋਲਿਆ, “ਤੂੰ ਸਾਰਾ ਪੀਰੀਅਡ ਖੜ੍ਹਾ ਰਹੇਂਗਾ” । ਮਾਸਟਰ ਉਸਨੂੰ ਸਜ਼ਾ ਦੇ ਕੇ ਫੇਰ ਪੜ੍ਹਾਉਣ ਵਿਚ ਰੁੱਝ ਗਿਆ । ਹਰਦੇਵ ਖੜ੍ਹਾ ਖੜ੍ਹਾ ਵੀ ਰੁਲਦੂ ਨੂੰ ਘੂਰ ਵੀ ਰਿਹਾ ਸੀ । ਉਸਦੇ ਮਨ ਵਿਚ ਗੁੱਸੇ ਦੇ ਭਾਂਬੜ ਮੱਚ ਰਹੇ ਸਨ । ਉਸਦਾ ਵੱਸ ਚਲਦਾ ਤਾਂ ਉਹ ਰੁਲਦੂ ਨੂੰ ਹੁਣੇ ਹੀ ਖਤਮ ਕਰ ਦਿੰਦਾ । ਸਾਰਾ ਪੀਰੀਅਡ ਉਸਨੇ ਕਚੀਚੀਆਂ ਵਟਦਿਆਂ ਲੰਘਾ ਦਿੱਤਾ। ਜਦੋਂ ਘੰਟੀ ਵੱਜੀ ਤਾਂ ਉਸਨੇ ਸੁਖ ਦਾ ਸਾਹ ਲਿਆ । ਬਾਕੀ ਰਹਿੰਦੇ ਦੋ ਪੀਰੀਅਡ ਵੀ ਉਸਨੇ ਔਖੇ ਹੋ ਕੇ ਲੰਘਾਏ । ਛੁੱਟੀ ਹੁੰਦਿਆਂ ਹੀ ਉਹ ਸਭ ਤੋਂ ਪਹਿਲਾਂ ਜਮਾਤ ਵਿਚੋਂ ਨਿਕਲ ਕੇ ਬਾਹਰ ਆ ਗਿਆ । ਸਾਈਕਲ ਦੀ ਚਾਬੀ ਤੇ ਬਸਤਾ ਉਸਨੇ ਬਲਕਾਰ ਨੂੰ ਦੇ ਦਿੱਤੇ ਤੇ ਆਪ ਖਾਲੀ ਹੱਥੀਂ ਗੇਟ ਵੱਲ ਗਿਆ । ਭਾਵੇਂ ਸਕੂਲ ਉਸਦੇ ਪਿੰਡ ਵਿਚ ਹੀ ਸੀ ਪਰ ਫਿਰ ਵੀ ਸਾਈਕਲ ਤੇ ਆਉਣਾ ਉਹ ਆਪਣੀ ਸ਼ਾਨ ਸਮਝਦਾ ਸੀ । ਸਕੂਲ ਤੋਂ ਪਿੰਡ ਵੱਲ ਆਉਂਦਿਆਂ ਥੋੜ੍ਹੀ ਦੂਰ ਤੇ ਸੂਆ ਵਗਦਾ ਸੀ । ਹਰਦੇਵ ਸੂਏ ਦੇ ਪੁਲ ਤੇ ਖੜ੍ਹ ਗਿਆ । ਕੁਝ ਚਿਰ ਮਗਰੋਂ ਬਲਕਾਰ ਵੀ ਸਾਈਕਲ ਸਮੇਤ ਉਥੇ ਪਹੁੰਚ ਗਿਆ । ਦੋਵੇਂ ਰੁਲਦੂ ਦੀ ਉਡੀਕ ਕਰਨ ਲੱਗੇ ।

“ਬਲਕਾਰ ਸਿੰਹਾਂ ! ਅਜ ਤੂੰ ਦੇਖਦਾ ਚੱਲ ਮੈਂ ਏਸ ਰੁਲਦੂ ਦੇ ਬੱਚੇ ਦਾ ਹਾਲ ਕੀ ਕਰੂੰਗਾ, ਸਾਲਾ ਮੇਰਾ ਆਪਣੇ ਆਪ ਨੂੰ ਨਾਢੂ ਖਾਂ ਸਮਝਦੈ ।”

“ਮਖ ਤੂੰ ਫਿਕਰ ਨਾ ਕਰ ਦੋਸਤਾ, ਮੇਰੇ ਹੁੰਦਿਆਂ ਤੇਰੇ ਵੱਲ ਕੋਈ ਝਾਕ ਵੀ ਨੀਂ ਸਕਦਾ ।” ਰੁਲਦੂ ਨੂੰ ਆਉਂਦਿਆਂ ਦੇਖ ਦੋਵੇਂ ਦੰਦ ਘੁੱਟ ਗਏ । ਜਿਵੇਂ ਸ਼ਿਕਾਰ ਦੀ ਉਡੀਕ 'ਚ ਸ਼ਹਿ ਲਾਈ ਬੈਠੇ ਹੋਣ । ਜਿਉਂ ਹੀ ਰੁਲਦੂ ਨੇੜੇ ਆਇਆ, ਹਰਦੇਵ ਉਸਤੇ ਟੁੱਟ ਕੇ ਪੈ ਗਿਆ । ਇਕ ਦੋ ਘਸੁੰਨ ਬਲਕਾਰ ਵੀ ਲਾ ਗਿਆ । ਰੁਲਦੂ ਚਾਹੁੰਦਾ ਹੋਇਆ ਵੀ ਹੱਥ ਨਾ ਚੁੱਕ ਸਕਿਆ। ਤੁਰੇ ਜਾਂਦੇ ਮੁੰਡੇ ਵੀ ਤਮਾਸ਼ਾ ਦੇਖਣ ਲਈ ਰੁਕ ਗਏ ।

“ਹੁਣ ਦੱਸ ਪੁੱਤਰਾ ! ਤੂੰ ਆਪਣੇ ਆਪ ਨੂੰ ਸਮਝਦਾ ਕੀ ਐ?” ਹਰਦੇਵ ਬੋਲਿਆ ।

“ਕੱਲੇ ਨੂੰ ਦੋ ਦੋ ਪੈਨੇਂ ਓ ?’ ਰੁਲਦੂ ਦੇ ਮੂੰਹੋਂ ਮਸਾਂ ਹੀ ਨਿਕਲਿਆ। ਤੇਰੇ ਵਾਸਤੇ ਤਾਂ ਮੇਰਾ ਖੱਬਾ ਹੱਥ ਈ ਬਹੁਤ ਮੇਰੇ ਨਾਲ ਈ ਆ ਜਾ ।”

ਹਰਦੇਵ ਨੇ ਰੁਲਦੂ ਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ । ਸਕੂਲ ਵੱਲੋਂ ਦੋ ਮਾਸਟਰ ਆ ਰਹੇ ਸਨ । ਇਨ੍ਹਾਂ ਵਿਚੋਂ ਇਕ ਉਹੀ ਸੀ ਜਿਸਨੇ ਹਰਦੇਵ ਨੂੰ ਸਜ਼ਾ ਦਿੱਤੀ ਸੀ । ਮਾਸਟਰਾਂ ਵੱਲ ਦੇਖਕੇ ਮੁੰਡੇ ਉਥੋਂ ਖਿਸਕ ਗਏ । ਹਰਦੇਵ ਤੇ ਬਲਕਾਰ ਇਸ ਤਰ੍ਹਾਂ ਖੜੋ ਗਏ ਜਿਵੇਂ ਕੁਛ ਵੀ ਨਾ ਹੋਇਆ ਹੋਵੇ । ਰੁਲਦੂ ਆਪਣਾ ਬਸਤਾ ਸੰਭਾਲਣ ਲੱਗ ਪਿਆ ।

“ਕੀ ਗੱਲ ਉਇ, ਐਥੇ ਖੜ੍ਹੇ ਓਂ ?" ਮਾਸਟਰ ਸੰਪੂਰਨ ਸਿੰਘ ਸਥਿਤੀ ਨੂੰ ਭਾਂਪਦਾ ਹੋਇਆ ਹਰਦੇਵ ਨੂੰ ਮੁਖਾਤਬ ਹੋਇਆ । 

“ਕੁਛ ਨਈਂ ਜੀ ।”

‘ਚੱਕ ਆਪਣਾ ਸੈਕਲ ...ਚਲੋ ਜਾਹੋ ਆਪਣੇ ਘਰਾਂ ਨੂੰ ।” ਮਾਸਟਰ ਦੀ ਆਗਿਆ ਦਾ ਪਾਲਣ ਕਰਦਿਆਂ ਹਰਦੇਵ ਨੇ ਸਾਈਕਲ ਚੁੱਕ ਲਿਆ ਤੇ ਘਰ ਵੱਲ ਤੋਰ ਲਿਆ । 

“ਕੀ ਗੱਲ ਕਾਕਾ ! ਤੈਨੂੰ ਕਿਉਂ ਘੇਰਿਐ ਇਨ੍ਹਾਂ ਨੇ ?" ਮਾਸਟਰ ਨੇ ਰੁਲਦੂ ਨੂੰ ਪਿਆਰ ਨਾਲ ਪੁੱਛਿਆ ।

“ਪਤਾ ਨਹੀਂ ਜੀ ।” ਰੁਲਦੂ ਨੇ ਬੜੀ ਔਖ ਨਾਲ ਤਿੰਨ ਸ਼ਬਦ ਬੋਲੇ। ਮਾਸਟਰ ਵੱਲੋਂ ਜਤਾਈ ਹਮਦਰਦੀ ਨੇ ਉਸਦੀਆਂ ਅੱਖਾਂ ਵਿਚ ਪਾਣੀ ਲੈ ਆਂਦਾ । ਉਹ ਹਟਕੋਰੇ ਭਰਨ ਲੱਗ ਪਿਆ । 

“ਬੱਸ ਬੱਸ ਰੋਈਦਾ ਨੀਂ ।” ਮਾਸਟਰ ਨੇ ਹੋਰ ਕੁਛ ਪੁੱਛਣਾ ਠੀਕ ਨਾ ਸਮਝਿਆ ।

ਹਰਦੇਵ ਨੇ ਥੋੜ੍ਹੀ ਦੂਰ ਜਾ ਕੇ ਸਾਈਕਲ ਬਲਕਾਰ ਨੂੰ ਫੜਾ ਦਿੱਤਾ। ਬਲਕਾਰ ਸਾਈਕਲ ਚਲਾਉਣ ਲੱਗ ਪਿਆ । ਹਰਦੇਵ ਨੇ ਪਿਛੇ ਮੁੜ ਕੇ ਵੇਖਿਆ ਤਾਂ ਮਾਸਟਰ ਅਜੇ ਵੀ ਰੁਲਦੂ ਕੋਲ ਖੜ੍ਹੇ ਸਨ । ਉਹ ਚਲਦੇ ਸਾਈਕਲ ਮਗਰ ਬੈਠ ਗਿਆ ।

‘ਹੁਣ ਦੇਖਿਐ ਕਿਵੇਂ ਰੋਂਦੈ ?" ਹਰਦੇਵ ਦੇ ਮਨ ਵਿਚ ਅਜੇ ਵੀ ਗੁੱਸਾ ਸੀ ।

“ਅਜੇ ਤਾਂ ਮੈਂ ਨੀਂ ਝੰਬਿਆ.....ਜੇ ਕਿਤੇ ਮੇਰੇ ਹੱਥ ਲੱਗ ਜਾਂਦੇ ਤਾਂ ਫੇਰ ਵੇਖਦਾ ।

“ਕੋਈ ਨਾ ਐਤਕੀਂ ਵੱਧ ਨੰਬਰ ਲੈ ਕੇ ਵਖਾਵੇ । ਮਾਸਟਰ ਵੀ ਪੂਛ ਪੂਛ ਕਰਦੇ ਐ ਇਹਦੀ । ਨਕਲਾਂ ਮਾਰ ਕੇ ਨੰਬਰ ਲੈ ਜਾਂਦੈ.....ਹੁਣ ਦੇਖਿਆ ਕਿਵੇਂ ਰੋ ਰੋ ਕੇ ਸ਼ਕੈਤਾਂ ਲੌਂਦੈ ਸੰਪੂਰਨ ਸਿੰਘ ਕੋਲ……ਊਂ ਨਾ ਸ਼ਕਲ ਨਾ ਅਕਲ ਜਿਹੋ ਜੀ ਸ਼ਕਲ ਉਹੋ ਜਿਹਾ ਘਰਦਿਆਂ ਨੇ ਨਾਂ ਰੱਖ ਦਿੱਤਾ...ਰੁਲਦੂ ਹੂੰ ਸਾਲਾ ਮਜ਼੍ਹਬੀ ।” ਹਰਦੇਵ ਨੇ ਨਫਰਤ ਨਾਲ ਨੱਕ ਵੱਟਿਆ।

“ਦੇਵ ! ਕਦੇ ਯਾਰ ਨੂੰ ਪਰਖ ਕੇ ਦੇਖੀਂ।ਤੂੰ ਕਹੇਂ ਤਾਂ ਮੈਂ ਇਹਨੂੰ ਸੂਏ 'ਚ ਗੋਤੇ ਖੁਆ ਦਿਆਂ।ਹੁਕਮ ਕਰ ਸਹੀ ।” ਬਲਕਾਰ ਨੇ ਪਿੱਛੇ ਰਹਿਣਾ ਠੀਕ ਨਾ ਸਮਝਿਆ ।

‘ਬਲਕਾਰ ਸਿੰਹਾਂ!ਸਹੁੰ ਪ੍ਰੀਤ ਦੀ,ਜੇ ਇਹਨੇ ਐਤਕੀਂ ਸਾਰਿਆਂ ਤੋਂ ਵੱਧ ਨੰਬਰ ਲਏ ਤਾਂ ਮੈਂ ਇਹਨੂੰ ਵਢ ਦਿਊਂਗਾ ।” ਹਰਦੇਵ ਜੋਸ਼ ਨਾਲ ਬੋਲਿਆ। ਇਸਤੋਂ ਮਗਰੋਂ ਡੂੰਘੀ ਖਮੋਸ਼ੀ ਛਾ ਗਈ । ਸਾਈਕਲ ਦੇ ਪਹੀਏ ਘੁੰਮਦੇ ਰਹੇ । ਦੋਵੇਂ ਘਰਾਂ ਕੋਲ ਅੱਪੜ ਗਏ ।

‘ਫਿਕਰ ਨਾ ਕਰੀਂ ਯਾਰ ! ਤੇਰਾ ਯਾਰ ਤੇਰੇ ਪਸੀਨੇ ਦੇ ਬਦਲੇ ਆਪਣਾ ਲਹੂ ਡੋਲ੍ਹੂ ।” ਬਲਕਾਰ ਹਰਦੇਵ ਨੂੰ ਸਾਈਕਲ ਫੜਾਉਂਦਾ ਬੋਲਿਆ। ਹਰਦੇਵ ਸੋਚਾਂ ਵਿਚ ਡੁਬਿਆ ਹੋਇਆ ਸੀ । ਉਸਨੇ ਕੋਈ ਜਵਾਬ ਨਾ ਦਿੱਤਾ। ਹਰਦੇਵ ਨੇ ਸਾਈਕਲ ਫੜ੍ਹ ਲਿਆ । ਦੋਵੇਂ ਹੱਥ ਮਿਲਾ ਕੇ ਆਪੋ ਆਪਣੇ ਘਰੀਂ ਤੁਰ ਪਏ । ਹਰਦੇਵ ਨੇ ਆਪਣੀ ਸੂਰਤ ਰੋਣਹਾਕੀ ਬਣਾ ਲਈ ਸੀ ।




4

ਸਰਦਾਰ ਜਸਵੰਤ ਸਿੰਘ ਪਿੰਡ ਦਾ ਸਰਦਾਰ ਸੀ । ਵਾਹੀ ਵਾਸਤੇ ਉਸ ਕੋਲ ਟਰੈਕਟਰ ਸੀ । ਪੰਜ ਮੱਝਾਂ ਉਸਦੀ ਹਵੇਲੀ ਦੀ ਸੋਭਾ ਬਣੀਆਂ ਹੋਈਆਂ ਸਨ। ਸ਼ਰਾਬ ਦੇ ਠੇਕੇ ਦੀ ਮਾਲਕੀ ਵੀ ਉਸ ਕੋਲ ਸੀ । ਸੱਜੇ ਮੋਢੇ ਤੇ ਦੁਨਾਲੀ ਟੰਗ ਕੇ ਉਹ ਬਾਹਰ ਨਿਕਲਦਾ । ਉਹ ਇਸ ਸਾਲ ਪਿੰਡ ਦਾ ਸਰਪੰਚ ਵੀ ਚੁਣਿਆਂ ਗਿਆ। ਪਿੰਡ ਵਿਚ ਉਸਦਾ ਪੂਰਾ ਰੋਹਬ ਸੀ ।

ਜਸਵੰਤ ਸਿੰਘ ਦੀ ਹਵੇਲੀ ਪਿੰਡ ਦੇ ਐਨ ਵਿਚਕਾਰ ਅਤੇ ਇਕ ਹਜ਼ਾਰ ਗਜ਼ ਦੇ ਰਕਬੇ ਵਿਚ ਫੈਲੀ ਹੋਈ ਸੀ । ਹਵੇਲੀ ਵਿਚ ਦਾਖਲ ਹੋਣ ਲਈ ਡਾਟਦਾਰ ਦਰਵਾਜ਼ਾ (ਡਿਉਢੀ) ਸੀ ਜਿਸਨੂੰ ਲੱਕੜ ਦੇ ਦੋ ਮੋਟੇ ਤਖਤੇ ਲੱਗੇ ਹੋਏ ਸਨ । ਵੱਡੇ ਤਖਤੇ ਵਿਚ ਇਕ ਛੇ ਕੁ ਫੁੱਟ ਲੰਬਾ ਨਿੱਕਾ ਦਰਵਾਜ਼ਾ ਵੀ ਸੀ । ਡਿਉਢੀ ਤੋਂ ਅੱਗੇ ਖੱਬੇ ਹੱਥ ਸਵਾਤ ਸੀ । ਉਸਦੇ ਨਾਲ ਹੀ ਰਸੋਈ। ਕੁਝ ਫਾਸਲੇ 'ਤੇ ਤਿੰਨ ਵੱਡੇ ਕਮਰੇ ਸਨ । ਦੋ ਕਮਰਿਆਂ ਦੇ ਅੱਗੇ ਬਰਾਂਡਾ ਸੀ। ਸੱਜੀ ਬਾਹੀ ਤੇ ਦੋ ਵੱਡੇ ਕਮਰੇ ਸਨ । ਦੋ ਕਮਰਿਆਂ ਦੇ ਬੂਹੇ ਬਾਹਰ ਵੱਲ ਤੇ ਇਕ ਦਾ ਸੱਜੇ ਹੱਥ ਖੁੱਲ੍ਹਦਾ ਸੀ । ਦੋ ਕਮਰਿਆਂ ਦੇ ਅੱਗੇ ਬਰਾਂਡਾ ਸੀ । ਸੱਜੀ ਬਾਹੀ ਤੇ ਦੋ ਵੱਡੇ ਕਮਰੇ ਦਾਣਿਆਂ ਵਾਸਤੇ ਅਲੱਗ ਸਨ । ਬਾਕੀ ਬਚਦੀ ਥਾਂ ਨੂੰ ਵਿਹੜੇ ਦਾ ਨਾਂ ਦਿੱਤਾ ਜਾਂਦਾ ਸੀ ਜਿਥੇ ਪਸ਼ੂ ਬੰਨ੍ਹੇ ਜਾਂਦੇ ਸਨ । ਵਿਹੜੇ ਵਿਚ ਇਕ ਨਿੰਮ ਲੱਗੀ ਹੋਈ ਸੀ । ਹਵੇਲੀ ਦੀ ਬਾਹਰਲੀ ਬਾਹੀ ਨਾਲ ਇਕ ਬੈਠਕ ਸੀ ਤੇ ਉਪਰ ਇਕ ਚੁਬਾਰਾ ਜਿਸ 'ਤੇ ਚੜ੍ਹਨ ਲਈ ਪੱਕੀਆਂ ਪੌੜੀਆਂ ਬਣੀਆਂ ਹੋਈਆਂ ਸਨ । ਚੁਬਾਰੇ ਉਪਰ ਹਰਦੇਵ ਦਾ ਕਬਜ਼ਾ ਸੀ । ਡਿਉਢੀ ਕਾਫੀ ਵੱਡੀ ਸੀ । ਇਸ ਵਿਚ ਟਰੈਕਟਰ ਖੜ੍ਹਾ ਰਹਿੰਦਾ । ਬੈਠਕ ਦੇ ਨਾਲ ਪਸ਼ੂਆਂ ਲਈ ਸਵਾਤ ਬਣੀ ਹੋਈ ਸੀ ਜਿਸ ਦਾ ਮੂੰਹ ਅੰਦਰ ਵੱਲ ਖੁਲ੍ਹਦਾ ਸੀ।

ਚਾਰੂ ਸਰਦਾਰ ਦਾ ਪੱਕਾ ਕੰਮੀ ਸੀ ਜੋ ਰੋਟੀ ਕਪੜੇ ਬਦਲੇ ਕੰਮ ਕਰਦਾ। ਸਰਦਾਰ ਸਾਲ ਛਿਮਾਹੀ ਉਸਦਾ ਮਿਹਨਤਾਨਾ ਵੀ ਦਿੰਦਾ ਸੀ। ਸਰਦਾਰ ਜਸਵੰਤ ਸਿੰਘ ਬਰਾਂਡੇ ਵਿਚ ਪਏ ਮੰਜੇ 'ਤੇ ਖੱਬੇ ਪਾਸੇ ਨੂੰ ਝੁਕਿਆ ਬੈਠਾ ਸੀ । ਚਾਰੂ ਵਿਹੜੇ ਵਿਚ ਲੱਗੇ ਨਲਕੇ ਤੋਂ ਪਸ਼ੂਆਂ ਨੂੰ ਪਾਣੀ ਪਿਆ ਰਿਹਾ ਸੀ । ਸਰਦਾਰ ਦੀ ਪਤਨੀ ਬਚਿੰਤ ਕੌਰ ਰਸੋਈ ਵਿਚ ਚਾਹ ਬਣਾ ਰਹੀ ਸੀ । ਉਹ ਚਾਹ ਤਿਆਰ ਕਰਕੇ ਪਤੀ ਕੋਲ ਲੈ ਆਈ । ਇਹ ਚਾਹ ਹਰਦੇਵ ਦੇ ਆਉਣ ਵੇਲੇ ਹੀ ਬਣਦੀ ।

“ਅਜ ਦੇਵ ਅਜੇ ਤਕ ਨੀਂ ਆਇਆ ।" ਬਚਿੰਤ ਕੌਰ ਮੰਜੇ 'ਤੇ ਬੈਠਦੀ ਬੋਲ਼ੀ ।

“ਆ ਜਾਊਗਾ..ਅਜੇ ਛੁੱਟੀ ਨੀਂ ਮਿਲੀ ਹੋਣੀ।" ਜਸਵੰਤ ਸਿੰਘ ਨੇ ਜਵਾਬ ਦਿੱਤਾ ।

‘ਛੁੱਟੀ ਤਾਂ ਕਦੋਂ ਦੀ ਹੋਈ ਹੋਣੀ ਐਂ । ਮੈਂ ਤਾਂ ਪੜਛਾਵਾਂ ਦੇਖ ਹੀ ਦੱਸ ਦਿਆਂ ।”

ਹਰਦੇਵ ਉਨ੍ਹਾਂ ਦੀ ਇਕਲੌਤੀ ਔਲਾਦ ਸੀ । ਬਚਿੰਤ ਕੌਰ ਨੂੰ ਉਸਦਾ ਕੁਛ ਜ਼ਿਆਦਾ ਹੀ ਫਿਕਰ ਰਹਿੰਦਾ । ਉਹ ਅਜੇ ਗੱਲਾਂ ਕਰ ਹੀ ਰਹੇ ਸਨ ਕਿ ਹਰਦੇਵ ਆ ਗਿਆ । ਉਸਨੇ ਜ਼ੋਰ ਨਾਲ ਸਾਈਕਲ ਨੂੰ ਧੱਕਾ ਦੇ ਕੇ ਛੱਡ ਦਿੱਤਾ । ਸਾਈਕਲ ਦੂਰ ਜਾ ਕੇ ਡਿੱਗ ਪਿਆ । ਫਿਰ ਵਾਰੀ ਆਈ ਬਸਤੇ ਦੀ । ਬਸਤਾ ਰਸੋਈ ਦੇ ਦਰਵਾਜ਼ੇ ਅੱਗੇ ਤੇ ਕਿਤਾਬਾਂ ਅੱਧੀਆਂ ਬਾਹਰ । ਹਰਦੇਵ ਮਾਂ-ਬਾਪ ਦੇ ਕੋਲ ਆ ਕੇ ਅੱਖਾਂ ਮਲਣ ਲੱਗ ਪਿਆ ।

“ਕੀ ਗੱਲ ਪੁੱਤ, ਮਾਸਟਰ ਨੇ ਕੁੱਟਿਆ ?” ਬਚਿੰਤ ਕੌਰ ਚਿੰਤਾਤੁਰ ਹੋ ਉਠੀ । ਪਰ ਹਰਦੇਵ ਨੇ ਕੋਈ ਜਵਾਬ ਨਾ ਦਿੱਤਾ । 

“ਬੋਲਦਾ ਕਿਉਂ ਨੀਂ ਉਇ ! ਕੀ ਹੋਇਆ ਤੈਨੂੰ ?” ਜਸਵੰਤ ਸਿੰਘ ਦਾ ਦਿਲ ਵੀ ਘੇਰਨੀ ਖਾ ਗਿਆ ।

“ਦੱਸ ਮੇਰਾ ਪੁੱਤ ! ਐਦਾਂ ਦੀ ਸੂਰਤ ਕਿਉਂ ਬਣਾਈ ਐ ।” ਬਚਿੰਤ ਕੌਰ ਪੁੱਤਰ ਨੂੰ ਬੁੱਕਲ ਵਿਚ ਲੈਂਦੀ ਬੋਲੀ ।

‘ਮੈਨੂੰ ਰੁਲਦੂ ਨੇ ਕੁੱਟਿਆ ਤੇ ਨਾਲੇ ਮਾਸਟਰ ਤੋਂ ਕੁਟਵਾਇਆ ।” ਹਰਦੇਵ ਨੇ ਸ਼ਿਕਾਇਤ ਕੀਤੀ ।

‘ਫੜ੍ਹ ਕੇ ਢਾਈਦਾ ਨੀਂ ਸੀ ਸਾਲੇ ਨੂੰ ? ਹੁਣ ਡੁਸਕਣ ਲੱਗਿਐਂ…ਐਡਾ ਵੱਡਾ ਹੋ ਕੇ ਬੂਹਕਦੇ ਨੂੰ ਸੰਗ ਨੀਂ ਔਂਦੀ ?” ਜਸਵੰਤ ਸਿੰਘ ਬੋਲਿਆ ।

‘ਗੱਲ ਕੀ ਹੋਈ ਸੀ ?” ਬਚਿੰਤ ਕੌਰ ਦੀ ਚਿੰਤਾ ਵਧੀ । 

“ਉਇ ਚਾਰੂ ! ਐਧਰ ਆ ਉਇ ।” ਹਰਦੇਵ ਦਾ ਜਵਾਬ ਉਡੀਕੇ ਬਿਨਾਂ ਹੀ ਜਸਵੰਤ ਸਿੰਘ ਗਰਜਿਆ । ਚਾਰੂ ਮੱਝ ਨੂੰ ਕਿੱਲੇ ਤੇ ਬੰਨ੍ਹ ਕੇ ਉਨ੍ਹਾਂ ਕੋਲ ਪਹੁੰਚਿਆ ।

“ਐਧਰ ਦੇਖ ਮੁੰਡੇ ਵੱਲ……ਤੇਰੇ ਲਾਡਲੇ ਨੇ ਇਹਨੂੰ ਮਾਰਿਐ । ਤੈਨੂੰ ਅੱਗੇ ਵੀ ਕਿਹਾ ਸੀ ਉਹਨੂੰ ਸਮਝਾਈਂ ।” “ਸਰਦਾਰ ਜੀ ! ਮੇਰਾ ਮੁੰਡਾ ਐਨੇ ਜੋਗਾ ਹੈ ਤਾਂ ਨੀਂ ।” ਗਰੀਬ ਚਾਰੂ ਨੂੰ ਆਪਣੇ ਪੁੱਤ 'ਤੇ ਵਿਸ਼ਵਾਸ ਸੀ ।

‘ਡੱਕਰੇ ਹੋਣਾ ਅੱਗੋਂ ਆਕੜਦੈ...ਆਹ ਜੁਆਕ ਦਾ ਬੁਰਾ ਹਾਲ ਕਰ ਦਿੱਤਾ ਤੇ ਇਹ ਉਸਦੀ ਰਈ ਕਰੌਂਦੈ ।” ਬਚਿੰਤ ਕੌਰ ਤਮਕ ਪਈ । 

“ਮੈਂ ਬਹੁਤੀਆਂ ਗੱਲਾਂ ਨੀਂ ਸੁਣਨੀਆਂ ਚਾਹੁੰਦਾ । ਪਹਿਲਾਂ ਵੀ ਕਿਹਾ ਸੀ ਤੇ ਹੁਣ ਵੀ ਸੁਣ ਲਾ, ਜੇ ਉਹਨੇ ਅੱਗੇ ਤੋਂ ਐਸੀ ਵੈਸੀ ਗੱਲ ਕੀਤੀ ਤਾਂ ਮੇਰੇ ਘਰ ਵਿਚ ਤੇਰੇ ਵਾਸਤੇ ਕੋਈ ਥਾਂ ਨੀਂ ਹੋਊਗੀ । ਸਾਲੇ ਜਿਹੜੀ ਥਾਲੀ 'ਚ ਖਾਂਦੇ ਐ ਉਹਦੇ 'ਚ ਈ ਛੇਕ ਕਰਦੇ ਐ ।” ਜਸਵੰਤ ਸਿੰਘ ਦੀਆਂ ਅੱਖਾਂ 'ਚੋਂ ਗੁੱਸਾ ਟਪਕ ਰਿਹਾ ਸੀ ।

“ਸਰਦਾਰ ਜੀ ! ਐਤਕੀਂ ਗਲਤੀ ਭੁੱਲ ਜਾਓ...ਅੱਗੋਂ ਐਦਾਂ ਨੀ ਹੋਊਗਾ। ਗਰੀਬ ਜੀਹਦਾ ਨੂਣ ਖਾਵੇ ਉਹਦਾ ਬੁਰਾ ਨੀਂ ਸੋਚ ਸਕਦਾ । ਰੁਲਦੂ ਦੀ ਗਲਤੀ ਦੀ ਮੈਂ ਮਾਫੀ ਮੰਗਦਾਂ ।” ਚਾਰੂ ਦੇ ਕਾਮੇ ਹੱਥ ਫਰਿਆਦ ਲਈ ਜੁੜ ਗਏ।

‘ਜਾਹ ਦਫਾ ਹੋ ਜਾ ਐਥੋਂ....ਖੜ੍ਹ ਨਾ ਮੇਰੇ ਸਾਹਮਣੇ । ਜਾਹ ਘਰ ਜਾ ਕੇ ਆਵਦੇ ਕੁਲਗਦੇ ਨੂੰ ਸਮਝਾ ।” ਸਰਦਾਰ ਦੀ ਆਗਿਆ ਦਾ ਪਾਲਣ ਕਰਦਾ ਚਾਰੂ ਉਥੋਂ ਤੁਰ ਪਿਆ । ਜਿੰਨੀ ਉਸਦੇ ਕਦਮਾਂ 'ਚ ਕੰਮ ਕਰਦਿਆਂ ਤੇਜ਼ੀ ਹੁੰਦੀ ਸੀ, ਓਨੀ ਹੀ ਹੁਣ ਸਥਿਰਤਾ ਆ ਗਈ ਜਾਪਦੀ ਸੀ।ਉਸਨੂੰ ਹਸ਼ਰ ਦਾ ਦਿਨ ਸਾਹਮਣੇ ਖੜ੍ਹਾ ਪ੍ਰਤੀਤ ਹੋ ਰਿਹਾ ਸੀ ।

“ਤੂੰ ਵੀ ਸੁਣ ਲਾ ਉਇ ! ਜੇ ਮੈਂ ਤੈਨੂੰ ਅੱਗੋਂ ਰੋਂਦਾ ਦੇਖਿਆ ਤਾਂ ਤੇਰੀ ਹੱਡੀ ਪਸਲੀ ਇਕ ਕਰ ਦਿਊਂ ।” ਸਰਦਾਰ ਨੇ ਜ਼ਹਿਰੀਲੇ ਗੁੱਸੇ ਦੀ ਫੁੰਕਾਰ ਆਪਣੇ ਪੁੱਤ ਵੱਲ ਸੁੱਟੀ, “ਸਾਡਾ ਪੁੱਤ ਹੋ ਕੇ ਗੀਦੀ ਬਣਦੈਂ ?" ਸਰਦਾਰ ਦਾ ਹੰਕਾਰ ਉਬਾਸੀ ਲੈ ਰਿਹਾ ਸੀ ।

ਚਾਰੂ ਚੁੱਪ ਚਾਪ ਹਵੇਲੀਓਂ ਬਾਹਰ ਹੋ ਗਿਆ । ਉਸਦੀ ਸੋਚ ਉਸ ਨਾਲੋਂ ਤੇਜ਼ ਚੱਲ ਰਹੀ ਸੀ । ਆਪਣੀ ਇੱਟ ਵਰਗੀ ਪੱਕੀ ਨੌਕਰੀ ਖੁੱਸ ਜਾਣ ਦੀ ਸੋਚ ਨਾਲ ਉਸਦਾ ਸਰੀਰ ਝੁਣਝੁਣੀ ਖਾ ਗਿਆ । ਉਹ ਆਪਣੇ ਆਪ ਵਿਚ ਗੁਆਚਿਆ ਪਤਾ ਨੀਂ ਕਿਹੜੇ ਵੇਲੇ ਘਰ ਪਹੁੰਚ ਗਿਆ ।

“ਚੰਨੀਏਂ ! ਰੁਲਦੂ ਕਿਥੇ ਆ ।” ਬਾਪੂ ਦੀ ਗੁੱਸੇ ਵਿਚ ਹੋਈ ਅਜੀਬ ਜਿਹੀ ਸ਼ਕਲ ਵੇਖ ਕੇ ਚੰਨੀ ਦੇ ਹੱਥ ਬੇਜਾਨ ਹੋ ਗਏ । ਉਸਦੇ ਮੂੰਹੋਂ ਆਵਾਜ਼ ਨਾ ਨਿਕਲੀ । ਬਾਪੂ ਦੀ ਆਵਾਜ਼ ਸੁਣ ਕੇ ਰੁਲਦੂ ਇਕ ਦਮ ਬਾਹਰ ਆ ਗਿਆ । ਚਾਰੂ ਨੇ ਰੁਲਦੂ ਦੀ ਗੱਲ੍ਹ ਤੇ ਇਕ ਚਪੇੜ ਜੜ ਦਿੱਤੀ । ਰੁਲਦੂ ਬਾਪੂ ਕੋਲ ਹਰਦੇਵ ਦੀ ਸ਼ਿਕਾਇਤ ਲਾਉਣ ਆਇਆ ਸੀ ਪਰ ਬਾਪੂ ਉਸ ਉਤੇ ਵਰ੍ਹ ਪਿਆ । ਰੁਲਦੂ ਡੌਰ ਭੌਰ ਹੋਇਆ ਇਕ ਪਾਸੇ ਹੋ ਗਿਆ । ਸਰਦਾਰ ਦੇ ਸਾਹਮਣੇ ਫਰਿਆਦ ਵਾਸਤੇ ਜੁੜੇ ਹੱਥ ਇਕ ਮਾਸੂਮ ਵਾਸਤੇ ਚੰਡਾਲ ਦਾ ਰੂਪ ਧਾਰ ਗਏ ।

“ਤੂੰ ਅਜ ਸਰਦਾਰਾਂ ਦੇ ਮੁੰਡੇ ਨਾਲ ਕਿਉਂ ਲੜਿਆ ?’ ਚਾਰੂ ਨੇ ਅਜ ਪਹਿਲੀ ਵਾਰ ਪੁੱਤਰ ‘ਤੇ ਹੱਥ ਚੁੱਕਿਆ ਸੀ । ਰੁਲਦੂ ਚੁੱਪ ਕੀਤਾ ਇਕ ਪਾਸੇ ਖੜ੍ਹਾ ਰਿਹਾ । ਚਾਰੂ ਦੀਆਂ ਅੱਖਾਂ 'ਚ ਪਾਣੀ ਭਰ ਆਇਆ । ਸਹਿਮੇ ਹੋਏ ਪੁੱਤ ਵੱਲ ਵੇਖ ਕੇ ਚਾਰੂ ਦਾ ਗੁੱਸੇ ਨਾਲ ਭਰਿਆ ਦਿਲ ਇਕ ਦਮ ਮੋਹ ਨਾਲ ਭਰ ਗਿਆ । ਉਸਨੇ ਰੁਲਦੂ ਨੂੰ ਬੁੱਕਲ ਵਿੱਚ ਲੈ ਲਿਆ ।

“ਪੁੱਤ ! ਤੈਨੂੰ ਮੈਂ ਕਿਹਾ ਸੀ ਤੂੰ ਦੇਵ ਨਾਲ ਨਾ ਲੜੀਂ.....ਆਪਾਂ ਉਨ੍ਹਾਂ ਦਾ ਮੁਕਾਬਲਾ ਨੀਂ ਕਰ ਸਕਦੇ । ਉਹ ਅਮੀਰ ਬਾਦਸ਼ਾਹ, ਆਪਾਂ ਉਨ੍ਹਾਂ ਦੇ ਟੁੱਕੜਬੋਚ ।” ਬਾਪੂ ਨੂੰ ਨਰਮ ਹੋਇਆ ਦੇਖ ਕੇ ਚੰਨੀ ‘ਚ ਵੀ ਹਿੰਮਤ ਆ ਵੀ ਗਈ। ਉਹ ਵੀ ਬਾਪੂ ਕੋਲ ਆ ਗਈ ।

“ਬਾਪੂ ! ਤੂੰ ਮੇਰੇ ਵੀਰ ਨੂੰ ਮਾਰਿਆ ?..ਬਾਪੂ ! ਪਹਿਲਾਂ ਕੁਝ ਸੋਚ ਤਾਂ ਲੈਂਦਾ । ਅੱਜ ਤੈਨੂੰ ਕੀ ਹੋ ਗਿਆ ਬਾਪੂ ?” ਚੰਨੀ ਦੀਆਂ ਅੱਖਾਂ ਵੀ ਸਿੰਮ ਆਈਆਂ । 

‘ਪੁੱਤ ! ਗੁੱਸਾ ਚੰਡਾਲ ਹੁੰਦੈ ।”

“ਨਲੇ ਤਾਂ ਸਰਦਾਰ ਦੇ ਮੁੰਡੇ ਨੇ ਏਸਨੂੰ ਕੁੱਟਿਆ ਤੇ ਨਲੇ ਆ ਕੇ ਤੂੰ ਮਾਰਨ ਲੱਗ ਪਿਆ । ਇਹ ਵਿਚਾਰਾ ਕਿਧਰ ਜਾਵੇ ?”

“ਚੰਨੀਏਂ ! ਪੁੱਤ ਆਪਾਂ ਉਨ੍ਹਾਂ ਦਾ ਮੁਕਾਬਲਾ ਨੀਂ ਕਰ ਸਕਦੇ । ਉਹ ਆਪਣੇ ਮਾਲਕ ਐ, ਆਪਣੇ ਅੰਨ ਦਾਤੇ ।”

“ਪਰ ਬਾਪੂ ! ਇਹਦਾ ਮਤਲਬ ਇਹ ਤਾਂ ਨੀਂ ਤੂੰ ਉਨ੍ਹਾਂ ਦੇ ਆਖੇ ਲੱਗ ਕੇ ਬੀਰ ਨੂੰ ਮਾਰਨ ਲੱਗ ਜਾਵੇਂ ।”

‘ਮੈਨੂੰ ਤਾਂ ਪਹਿਲਾਂ ਈ ਪਤਾ ਸੀ ਕਿ ਰੁਲਦੂ ਨੇ ਕੁਛ ਨੀਂ ਕਿਹਾ ਹੋਣਾ ਪਰ ....।” ਚਾਰੂ ਨੇ ਵਾਕ ਅਧੂਰਾ ਛੱਡ ਦਿੱਤਾ । ਰੁਲਦੂ ਅੰਦਰ ਜਾ ਕੇ ਮੰਜੇ 'ਤੇ ਮੂਧੇ ਮੂੰਹ ਡਿੱਗ ਪਿਆ । ਭੈਣ ਵੱਲੋਂ ਜਤਾਈ ਹਮਦਰਦੀ ਨੇ ਉਸਦੇ ਹੰਝੂਆਂ ਦੀ ਗਿਣਤੀ ਵਿਚ ਵਾਧਾ ਕਰ ਦਿੱਤਾ । ਚਾਰੂ ਵਿਹੜੇ ਵਿਚ ਪਏ ਮੰਜੇ ’ਤੇ ਬੈਠ ਗਿਆ। ਉਹ ਆਪਣੀ ਗਲਤੀ ਤੇ ਪਛਤਾ ਰਿਹਾ ਸੀ । ਚੰਨੀਂ ਅੰਦਰ ਜਾ ਕੇ ਰੁਲਦੂ ਨੂੰ ਚੁੱਪ ਕਰਾਉਣ ਲੱਗ ਪਈ ।

 

...ਚਲਦਾ...