7
ਉਡੀਕ ਜਾਂ ਤਾਂਘ ਉਹ ਭਾਵ ਹੈ ਜਿਸ ਵਿਚ ਸਬਰ ਤੇ ਬੇਚੈਨੀ ਦੋਵੇਂ ਹੀ ਸ਼ਾਮਲ ਹੁੰਦੇ ਹਨ । ਅਜੇ ਪਹਿਰ ਰਾਤ ਬਾਕੀ ਸੀ ਜਦੋਂ ਚਾਰੂ ਦੀ ਅੱਖ ਖੁੱਲ੍ਹ ਗਈ। ਉਸਨੇ ਅੱਖਾਂ ਉਘਾੜਦਿਆਂ ਆਸੇ ਪਾਸੇ ਦੇਖਦਿਆਂ ਸਮੇਂ ਦਾ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕੀਤੀ । ਅਜੇ ਚਿੜੀ ਨਹੀਂ ਸੀ ਚੂਕ ਰਹੀ ਤੇ ਨਾ ਹੀ ਗੁਰਦਵਾਰੇ ਦੇ ਸਪੀਕਰ ਤੋਂ ਹੀ ਕੋਈ ਆਵਾਜ਼ ਆ ਰਹੀ ਸੀ । ਚਾਰੂ ਸਮਝ ਗਿਆ ਕਿ ਅਜੇ ਤੜਕਾ ਨਹੀਂ ਹੋਇਆ । ਅਜੇ ਤਾਂ ਕੁੱਕੜ ਨੇ ਪਹਿਲੀ ਬਾਂਗ ਵੀ ਨਹੀਂ ਸੀ ਦਿੱਤੀ। ਉਸਨੇ ਦੁਬਾਰਾ ਸੌਣ ਦੀ ਕੋਸ਼ਿਸ਼ ਕੀਤੀ ਪਰ ਅੱਖਾਂ ਤੇ ਦਿਮਾਗ ਦੋਵੇਂ ਹੀ ਨੀਂਦ ਦਾ ਵਿਰੋਧ ਕਰ ਰਹੇ ਸਨ । ਇਸ ਸਮੇਂ ਉਠੇ ਤਾਂ ਉਠ ਕੇ ਕਰੇ ਵੀ ਕੀੇ ?
ਸੋਚੀਂ ਪਿਆ ਚਾਰੂ ਆਪਣੇ ਅਤੀਤ ਵਿਚ ਗੁਆਚ ਗਿਆ । ਬਚਪਨ ਦੀਆਂ ਘਟਨਾਵਾਂ ਉਸਨੂੰ ਚੇਤੇ ਆ ਰਹੀਆਂ ਸਨ । ਉਹ ਬਚਪਨ, ਜਦੋਂ ਉਸਨੂੰ ਦੁਨੀਆਂ ਦੀ ਕੋਈ ਸੋਝੀ ਨਹੀਂ ਸੀ । ਅਜ ਵਾਂਗ ਕੋਈ ਫਿਕਰ ਨਹੀਂ ਸੀ । ਉਸਨੇ ਬਹੁਤ ਵਾਰ ਸੁਣਿਆ ਸੀ ਕਿ, ਜਦ ਆਪ ਬਾਪੂ ਕਹਿੰਦੇ ਸੀ, ਬੜੇ ਸੁਖੀ ਰਹਿੰਦੇ ਸੀ । ਜਦੋਂ ਆਪ ਬਾਪੂ ਕਹਾਇਆ ਬੜਾ ਦੁਖ ਪਾਇਆ । ਅੱਜ ਫਿਰ ਇਹੀ ਅਟੱਲ ਸਚਾਈ ਉਸਨੂੰ ਇਕ ਪਹਾੜ ਜਿੱਡੀ ਨਜ਼ਰ ਆ ਰਹੀ ਸੀ।
ਬਚਪਨ ਤੋਂ ਬਾਅਦ ਜਵਾਨੀ ਆਈ ਤੇ ਕਰਮੀਂ ਨੇ ਆ ਕੇ ਉਸਦੇ ਜੀਵਨ ਨੂੰ ਰੰਗੀਨ ਬਣਾਇਆ । ਕਰਮੀਂ ਦੇ ਹੱਥਾਂ ਦਾ ਸਪਰਸ਼ ਉਸਨੂੰ ਅੱਜ ਵੀ ਮਹਿਸੂਸ ਹੋ ਰਿਹਾ ਸੀ । ਤੇ ਫਿਰ ਕਰਮੀਂ ਦਾ ਵਿਛੋੜਾ, ਆਪਣੇ ਪੁੱਤਰ ਨੂੰ ਪੜ੍ਹਾਉਣ ਦੇ ਤਰਲੇ ਕਰਦਿਆਂ ਹੀ ਉਸ ਜਾਨ ਦਿੱਤੀ । ਚਾਰੂ ਨੂੰ ਅਜੇ ਵੀ ਉਹ ਦਿਨ ਕੱਲ੍ਹ ਵਾਂਗ ਯਾਦ ਸਨ ।
“ਬਾਪੂ ! ਚਾਹ ਪੀ ਲਾ ।” ਚਾਰੂ ਅਜੇ ਹੋਰ ਪਤਾ ਨਹੀਂ ਕਿੰਨਾ ਚਿਰ ਸੋਚਾਂ ਵਿਚ ਪਿਆ ਰਹਿੰਦਾ ਜੇ ਚੰਨੀਂ ਉਸਨੂੰ ਆਵਾਜ਼ ਨਾ ਮਾਰਦੀ ।
“ਚੰਨੀਏਂ ! ਦੋ ਰੋਟੀਆਂ ਵੀ ਲਾਹ ਦੇ । ਮੈਂ ਸ਼ਹਿਰ ਜਾਣੈ ।‘
“ਕਿਉਂ ਬਾਪੂ ! ਸ਼ਹਿਰ ਕੀ ਕੰਮ ਪੈ ਗਿਆ ?” ਚੰਨੀ ਸ਼ਹਿਰ ਦਾ ਨਾਂ ਸੁਣ ਕੇ ਕੁਛ ਚਿੰਤਾਤੁਰ ਹੋਈ । ਸ਼ਹਿਰ ਭਾਵੇਂ ਬਹੁਤੀ ਦੂਰ ਨਹੀਂ ਸੀ । ਸਿਰਫ ਅੱਠ ਕੁ ਕਿਲੋਮੀਟਰ ਦੇ ਫਾਸਲੇ ਤੇ ਹੀ ਸੀ । ਪਰ ਚਾਰੂ ਨੂੰ ਸ਼ਹਿਰ ਕੋਈ ਕੰਮ ਪਵੇ, ਇਹ ਅਚੰਭੇ ਵਾਲੀ ਗੱਲ ਸੀ । ਚਾਰੂ ਹੁਣ ਕੀ ਜਵਾਬ ਦੇਵੇ, ਪਰ ਕੁਛ ਸੋਚ ਕੇ ਚੁੱਪ ਕਰ ਰਿਹਾ ।
“ਦਸਦਾ ਨੀਂ ਬਾਪੂ ?”
“ਕੰਮ ਤਾਂ ਕੁਛ ਨੀਂ....ਰਾਤੀਂ ਮੈਂ ਗਿਆ ਸੀ ਸਰਦਾਰਾਂ ਦੇ । ਉਹਨੇ ਕੋਈ ਸੁਨੇਹਾ ਦੇਣਾ ਸੀ ਅੱਡੇ ਤੇ ਈ । ਮੈਨੂੰ ਕਹਿੰਦਾ ਤੂੰ ਜਾ ਆਵੀਂ ।” ਚਾਰੂ ਨੇ ਬਹਾਨਾ ਲਾਇਆ ।
“ਬਾਪੂ ! ਸਰਦਾਰ ਨੇ ਪੈਸੇ ਤਾਂ ਦਿੱਤੇ ਨੀਂ ਆਪਾਂ ਨੂੰ । ਤੂੰ ਉਨ੍ਹਾਂ ਦਾ ਕੋਈ ਬੋਲ ਭੁੰਜੇ ਨੀਂ ਪੈਣ ਦਿੰਦਾ ।”
“ਕਮਲੀਏ ! ਉਹ ਮਾਲਕ ਐ...ਆਪਾਂ ਉਨ੍ਹਾਂ ਦੀ ਗੱਲ ਕਿਵੇਂ ਮੋੜ ਸਕਦੇ ਆਂ ? ਨਾਲੇ ਪੈਸੇ ਤਾਂ ਉਨ੍ਹੇ ਅੱਜ ਦੇ ਈ ਦੇਣੇ ਐ । ਰਾਤੀਂ ਹੈ ਨੀਂ ਸੀ ਕੋਲ।....ਚੰਗਾ ਉਠ ਤੂੰ ਰੋਟੀ ਲਾਹ ਦੇ ਮੈਂ ਤੇਜੇ ਕੋਲ ਜਾ ਆਵਾਂ । ਉਦ੍ਹੇ ਨਾਲ ਈ ਸ਼ੈਕਲ 'ਤੇ ਜਾਂਦਾ ਰਹੂੰ ।” ਕਹਿੰਦਾ ਹੋਇਆ ਚਾਰੂ ਉਠ ਕੇ ਬੈਠ ਗਿਆ । ਚਾਹ ਵਾਲੀ ਬਾਟੀ 'ਚੋਂ ਘੁੱਟ ਭਰੀ । ਉਸਦਾ ਦਿਲ ਕੀਤਾ ਭੋਰਾ ਕੁ ਮਾਵਾ ਛਕਣ ਨੂੰ । ਗੀਝੇ ’ਚੋਂ ਮੋਮੀ ਕਾਗਜ਼ ਵਿਚ ਲਪੇਟੀ ਅਫੀਮ ਉਸਨੇ ਕੱਢੀ, ਪਰ ਉਸਨੂੰ ਖੋਲ੍ਹਣ ਦੀ ਉਸ ਵਿਚ ਜਿਵੇਂ ਹਿੰਮਤ ਨਾ ਹੋਵੇ । ਕੁਛ ਦੇਰ ਉਸਨੂੰ ਹੱਥ ਦੀਆਂ ਉਂਗਲਾਂ ਨਾਲ ਟੋਂਹਦਾ ਰਿਹਾ ਤੇ ਫੇਰ ਗੀਝੇ 'ਚ ਪਾ ਲਈ । ਉਸਨੇ ਚਾਹ ਦੀਆਂ ਵੱਡੀਆਂ ਵੱਡੀਆਂ ਘੁੱਟਾਂ ਭਰ ਕੇ ਮੁਕਾਈ ਤੇ ਉਠ ਕੇ ਤੇਜੇ ਕੇ ਘਰ ਵੱਲ ਚੱਲ ਪਿਆ । ਤੇਜੇ ਕਾ ਘਰ ਉਨ੍ਹਾਂ ਦੇ ਘਰ ਤੋਂ ਬਹੁਤੀ ਦੂਰ ਸੀ । ਥੋੜ੍ਹੇ ਚਿਰ ਵਿਚ ਹੀ ਉਹ ਉਨ੍ਹਾਂ ਦੇ ਘਰ ਅੱਗੇ ਜਾ ਪਹੁੰਚਿਆ ।
“ਤੇਜਿਆ! ਨਹੀਂ .ਓ ਤੇਜਾ ਸਿੰਹਾਂ !” ਚਾਰੂ ਦੀ ਆਵਾਜ਼ ਵਿਚ ਕੁਛ ਵੱਖ ਹੀ ਨਰੋਆਪਣ ਸੀ ।
“ਕੌਣ..ਚਾਰੂ ਸਿੰਹੁ ਐ ?” ਤੇਜੇ ਦੀ ਮਾਂ ਨੰਦ ਕੌਰ ਆਵਾਜ਼ ਪਛਾਣ ਕੇ ਬੋਲੀ ।
‘ਆਹੋ ਭਾਬੀ ! ਕਿਧਰ ਗਿਆ ਤੇਜਾ ?' ਚਾਰੂ ਨੇ ਅੰਦਰ ਵੜਦਿਆਂ ਪੁਛਿਆ ।
‘ਆ ਜਾ ਚਾਚਾ ! ਅੰਦਰ ਈ ਆਂ ।” ਨੰਦ ਕੌਰ ਦੀ ਬਜਾਇ ਤੇਜਾ ਸਿੰਘ ਆਪ ਹੀ ਬੋਲ ਪਿਆ । ਚਾਰੂ ਅੰਦਰ ਲੰਘ ਗਿਆ । ਤੇਜਾ ਤੇ ਨੰਦ ਕੌਰ ਦੋਨੋਂ ਹੀ ਇਸ ਘਰ ਵਿਚ ਰਹਿੰਦੇ ਸਨ । ਤੇਜਾ ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਸੀ । ਉਸਦਾ ਬਾਪੂ ਫੌਜ ਵਿਚ ਨੌਕਰ ਸੀ । ਤੇਜਾ ਅਜੇ ਪੰਜਵੀਂ ਵਿਚ ਪੜ੍ਹਦਾ ਸੀ, ਜਦੋਂ ਉਸਦਾ ਬਾਪੂ ਮੋਰਚੇ ਤੇ ਸ਼ਹੀਦ ਹੋ ਗਿਆ । ਮਾਂ-ਪੁੱਤ ਇਕੱਲੇ ਰਹਿ ਗਏ ਸਨ । ਨਾ ਕੋਈ ਚਾਚਾ, ਨਾ ਤਾਇਆ । ਬੱਸ ਜੋ ਕੁਝ ਵੀ ਸਨ ਵਿਹੜੇ ਵਾਲੇ ਹੀ ਸਨ । ਨੰਦ ਕੌਰ ਦਾ ਸੁਭਾਅ ਵੀ ਚੰਗਾ ਸੀ, ਹਰ ਇਕ ਦੇ ਕੰਮ ਆਉਣ ਵਾਲਾ । ਭਾਵੇਂ ਉਹ ਮਜ਼੍ਹਬੀ ਸਨ ਪਰ ਉਸਨੇ ਕਦੇ ਕਿਸੇ ਜੱਟ ਜ਼ਿੰਮੀਂਦਾਰ ਕੋਲ ਲਾਗ ਨਹੀਂ ਸੀ ਕੀਤੀ । ਪਤੀ ਦੀ ਤਨਖਾਹ ਹੀ ਬਹੁਤ ਸੀ । ਪਤੀ ਦੀ ਮੌਤ ਤੋਂ ਮਗਰੋਂ ਉਸਦੀ ਪੈਨਸ਼ਨ ਨਾਲ਼ ਹੀ ਔਖੀ ਸੌਖੀ ਨੇ ਤੇਜੇ ਨੂੰ ਪਾਲਿਆ । ਜਦੋਂ ਤੇਜਾ ਅਜੇ ਚੌਦਾਂ ਕੁ ਵਰ੍ਹਿਆਂ ਦਾ ਹੀ ਸੀ ਤਾਂ ਉਸਨੇ ਸ਼ਹਿਰ ਦੀ ਇਕ ਮਿੱਲ ਵਿਚ ਨੌਕਰੀ ਕਰ ਲਈ ਸੀ । ਮੱਲਾ, ਇਕ ਕੰਮ ਐ ਤੇਰੇ ਤਾਈਂ ।” ਚਾਰੂ ਨੇ ਤੇਜੇ ਕੋਲ ਬਹਿੰਦਿਆਂ ਕਿਹਾ । “ਪਰ ਦੱਸੀਂ ਨਾ ਕਿਸੇ ਨੂੰ ਮੇਰਾ ਸ਼ੇਰ । ਆਵਦੀ ਬੇਬੇ ਨੂੰ ਵੀ ਨਾ ।”
“ਚਾਚਾ ! ਕੰਮ ਤਾਂ ਦੱਸ ਕੀ ਆ ?” “ਤੂੰ ਐਂ ਕਰੀਂ ਜਾਂਦਾ ਹੋਇਆ ਮੈਨੂੰ ਸ਼ਹਿਰ ਲੈ ਜੀਂ ਆਵਦੇ ਨਾਲ।”
‘ਸੁਖ ਨਾਂ ਈ?”
“ਆਹੋ .....’ਕੇਰਾਂ ਤੂੰ ਦਸਦਾ ਸੀ ਨਾ ਬਈ ਹਸਪਤਾਲ 'ਚ ਲਹੂ ਵਿਕਦੈ । ਮੈਨੂੰ ਉਸੇ ਹਸਪਤਾਲ ਛੱਡ ਦੀਂ ।”
“ਆਹੋ ਕਿਹਾ ਤਾਂ ਸੀ ਪਰ ਤੇਰਾ ਕੀ ਵਾਹ ਉਦੇ ਨਾਲ ?”
‘ਬਗਿਆ ! ਗੱਲ ਇਉਂ ਐਂ ਬਈ ਦੱਸੀਂ ਨਾ ਮੇਰਾ ਸ਼ੇਰ ਬੱਗਾ ਕਿਸੇ ਨੂੰ ਆਪਣੇ ਰੁਲਦੂ ਦਾ ਦਾਖਲਾ ਭਰਨਾ ਸੀ ਦਸਮੀਂ ਦਾ ਚਾਲੀ ਰੁਪਏ। ਜੇ ਅੱਜ ਨਾ ਭਰਿਆ ਤਾਂ ਉਹ ਦਸਮੀਂ 'ਚੋਂ ਰਹਿ ਜੂਗਾ।"ਚਾਰੂ ਨੇ ਬੜੀ ਹੌਲੀ ਆਵਾਜ਼ ਵਿਚ ਕਿਹਾ ।
ੱ‘ਚਾਚਾ ! ਤੂੰ ਆਵਦਾ ਲਹੂ ਵੇਚੇਂਗਾ ? ਤੂੰ ਚਾਰ ਦਿਨ ਪਹਿਲਾਂ ਦਸਦਾ ਮੈਂ ਬਾਈ ਤਰੀਖ ਨੂੰ ਅਡਵਾਂਸ ਫੜ੍ਹ ਦਿੰਦਾ, ਪਰ ਤੂੰ ਤਾਂ ਭਾਫ ਨੀਂ ਕੱਢੀ ।”
‘ਕੋਈ ਨਾ ਪੁੱਤ । ਲਹੂ ਵੀ ਤਾਂ ਆਪਣੇ ਲਹੂ ਵਾਸਤੇ ਈ ਦੇਣੈ । ਕਿਹੜਾ 'ਸਾਨ ਕਰਨੈਂ ਕਿਸੇ 'ਤੇ । ਸਰਦਾਰਾਂ ਤੇ ਆਸ ਸੀ ਬਈ ਪੈਸੇ ਮਿਲ ਜਾਣਗੇ । ਉਹ ਸਹੁਰਾ ਮੁਕਰ ਈ ਗਿਆ ਰਾਤੀਂ । ਚੱਲ ਕੋਈ ਨਾ ਤੂੰ ਮੈਨੂੰ ਲੈ ਜਾਈਂ ਜਾਦ ਨਾਂ ।"
“ਚੰਗਾ ਚਾਚਾ ! ਜੇ ਤੇਰੀ ਇਹੀਓ ਮਰਜੀ ਐ ਅਜੇ ਤਾਂ ਬਹੁਤ ਚਿਰ ਐ ਜਾਣ 'ਚ, ਲੈ ਚਲੂੰਗਾ ।”
“ਮੈਂ ਓਨਾ ਚਿਰ ਸਰਦਾਰਾਂ ਦੇ ਆਖ ਆਵਾਂ ਬਈ ਮੈਂ ਭੋਰਾ ਪਛੜ ਕੇ ਆਊਂਗਾ । ਉਨ੍ਹਾਂ ਦੀਆਂ ਵੀ ਚਾਰ ਸੁਣਨੀਆਂ ਪੈਣਗੀਆਂ ।” ਕਹਿੰਦਾ ਹੋਇਆ ਚਾਰੂ ਉਠ ਕੇ ਤੁਰ ਪਿਆ।
-0-
ਸਾਈਕਲ ਦੇ ਕੈਰੀਅਰ 'ਤੇ ਬੈਠਾ ਚਾਰੂ ਇਕ ਅਜੀਬ ਬੇਚੈਨੀ ਮਹਿਸੂਸ ਕਰ ਰਿਹਾ ਸੀ । ਉਸਨੇ ਜ਼ਿੰਦਗੀ 'ਚ ਕਦੇ ਡਾਕਟਰ ਤੋਂ ਟੀਕਾ ਨਹੀਂ ਸੀ ਲਗਵਾਇਆ । ਕਦੇ ਬੁਖਾਰ ਹੁੰਦਾ ਤਾਂ ਘਰ ਦੇ ਓਹੜ ਪੋਹੜ ਨਾਲ ਹੀ ਉਤਰ ਜਾਂਦਾ । ਟੀਕੇ ਤੋਂ ਤਾਂ ਚਾਰੂ ਇਉਂ ਡਰਦਾ ਸੀ ਜਿਵੇਂ ਚੂਹਾ ਬਿੱਲੀ ਤੋਂ । ਅਜ ਉਸਨੇ ਖੂਨ ਦੇਣਾ ਸੀ । ਇਹੀ ਸੋਚ ਕੇ ਉਸਦੇ ਲੂੰ ਕੰਡਿਆ ਜਾਂਦੇ । ਉਸਨੂੰ ਅਜੇ ਤਕ ਇਹੀ ਨਹੀਂ ਸੀ ਪਤਾ ਕਿ ਡਾਕਟਰ ਉਸਦਾ ਖੂਨ ਕਿਵੇਂ ਕੱਢਣਗੇ ? ਉਸਦਾ ਦਿਲ ਕੀਤਾ ਕਿ ਤੇਜੇ ਤੋਂ ਪੁੱਛੇ ਪਰ ਬੋਲਣ ਦੀ ਉਸ ਵਿਚ ਜਿਵੇਂ ਹਿੰਮਤ ਹੀ ਨਹੀਂ ਸੀ।
ਅੱਧਾ ਘੰਟਾ ਵੀ ਨਹੀਂ ਸੀ ਬੀਤਿਆ ਪਿੰਡੋਂ ਚੱਲਿਆਂ ਨੂੰ ਕਿ ਹਸਪਤਾਲ ਆ ਗਿਆ । ਹਸਪਤਾਲ ਦੀ ਇਮਾਰਤ ਵੱਲ ਵਿੰਹਦਿਆਂ ਹੀ ਚਾਰੂ ਕੰਬ ਉਠਿਆ। ਇਕ ਵਾਰ ਤਾਂ ਉਸਦਾ ਦਿਲ ਕੀਤਾ ਕਿ ਵਾਪਸ ਮੁੜ ਜਾਵੇ ਪਰ ਉਸਦੀ ਮਜਬੂਰੀ ਨੇ ਜਿਵੇਂ ਉਸਨੂੰ ਧੱਕ ਕੇ ਅੰਦਰ ਕਰ ਦਿੱਤਾ । ਤੇਜਾ ਸਾਈਕਲ ਨੂੰ ਸਟੈਂਡ 'ਤੇ ਰੱਖ ਆਇਆ ।
“ਮਖ ਤੇਜਾ ਸਿੰਹਾਂ ! ਊਂ ਲਹੂ ਦੇਣ ਨਾਲ ਬੰਦੇ ਨੂੰ ਕੁਛ ਹੁੰਦਾ ਤਾਂ ਨੀਂ?” ਚਾਰੂ ਨੇ ਤੌਖਲਾ ਜਾਹਰ ਕੀਤਾ ।
“ਨਈਂ ਚਾਚਾ ! ਪਤਾ ਵੀ ਨੀਂ ਲੱਗਣ ਦਿੰਦੇ । ਪਰ ਆਪਾਂ ਨੂੰ ਪੁੱਛਣਾ ਪਊਗਾ...... ।”
“ਸਰਦਾਰ ਜੀ ! ਤੁਸੀਂ ਲਹੂ ਦੇਣੈ ?” ਤੇਜੇ ਦੀ ਗੱਲ ਅਜੇ ਪੂਰੀ ਵੀ ਨਹੀਂ ਸੀ ਹੋਈ ਕਿ ਪਿੱਛੇ ਆ ਰਹੇ ਇਕ ਮਾਯੂਸ ਚਿਹਰੇ ਵਾਲੇ ਬਾਬੂ ਨੇ ਪੁੱਛਿਆ।
“ਹਾਂ ਹਾਂ ਮੈਂ ਵੇਚਣੈ ਲਹੂ ।” ਤੇਜੇ ਦੀ ਬਜਾਇ ਚਾਰੂ ਬੋਲਿਆ ।
“ਮੈਨੂੰ ਲੋੜ ਆ ਖੂਨ ਦੀ । ਪ੍ਰਮਾਤਮਾ ਦੀ ਕ੍ਰਿਪਾ ਹੋਗੀ ਜਿਹੜੇ ਤੁਸੀਂ ਮਿਲਗੇ, ਨਹੀਂ ਤਾਂ ਮੇਰੇ ਮੁੰਡੇ ਦਾ ਪਤਾ ਨੀਂ ਕੀ ਹਾਲ ਹੁੰਦਾ।” ਬਾਬੂ ਬੋਲਿਆ
“ਕੀ ਹੋਇਆ ਥੋਡੇ ਮੁੰਡੇ ਨੂੰ ?”
“ਕੱਲ ਪਤੰਗ ਉਡਾਉਂਦਾ ਛੱਤ ਤੋਂ ਡਿੱਗ ਪਿਆ । ਸਿਰ 'ਚ ਸੱਟ ਲੱਗੀ, ਨਲੇ ਲੱਤ ਟੁੱਟਗੀ । ਡਾਕਟਰ ਖੂਨ ਮੰਗਦੇ ਆ । ਇਕ ਬੋਤਲ ਮੈਂ ਦਿੱਤੀ, ਇਕ ਮੇਰੀ ਘਰਵਾਲੀ ਨੇ । ਅਜੇ ਇਕ ਬੋਤਲ ਦੀ ਹੋਰ ਲੋੜ ਆ । ਤੁਸੀਂ ਆਓ ਮੇਰੇ ਨਾਲ, ਮੈਂ ਤੁਹਾਨੂੰ ਅੱਸੀ ਰੁਪਈਏ ਦਿਊਂ ਬੋਤਲ ਦੇ ।"ਅਜੀਬ ਇਤਫਾਕ ਸੀ, ਦੋਨੋਂ ਹੀ ਆਪਣੇ ਪੁੱਤਰਾਂ ਖਾਤਰ ਲਹੂ ਦਾ ਵਪਾਰ ਕਰ ਰਹੇ ਸਨ ।
“ਠੀਕ ਐ ਤੁਸੀਂ ਮੈਨੂੰ ਲੈ ਚੱਲੋ ।” ਚਾਰੂ ਨੇ ਕਾਹਲਾ ਪੈਂਦਿਆਂ ਕਿਹਾ।
‘ਚੰਗਾ ਚਾਚਾ! ਮੈਂ ਚਲਦਾਂ ਫੇਰ....ਤੂੰ ਯੱਕੇ 'ਤੇ ਜਾਂਦਾ ਰਹੀਂ।” ਚੰਗਾ ਚੱਲ ਮੇਰਾ ਸ਼ੇਰ ! ਮੈਂ ਆਪੇ ਜਾਂਦਾ ਰਊਂ ।”
ਤੇਜਾ ਪਿੱਛੇ ਮੁੜਿਆ ਤੇ ਚਾਰੂ ਬਾਬੂ ਨਾਲ ਅੰਦਰ ਵੱਲ ਚੱਲ ਪਿਆ। ਜਿਉਂ ਜਿਉਂ ਉਹ ਕਦਮ ਪਟਦਾ, ਉਸਦਾ ਦਿਲ ਹੋਰ ਤੇਜ਼ੀ ਨਾਲ ਧੜਕਣ ਲਗਦਾ। ਅਜੇ ਵੀ ਉਸਨੂੰ ਇਕ ਅਜੀਬ ਜਿਹਾ ਡਰ ਘੇਰੀ ਖੜ੍ਹਾ ਸੀ ।
“ਮਖ, ਲਹੂ ਤਾਂ ਵੱਡਾ ਡਾਕਦਾਰ ਆਪ ਈ ਲੈਂਦਾ ਹੋਊ ?” ਚਾਰੂ ਨੇ ਨਾਲ ਜਾਂਦੇ ਬਾਬੂ ਨੂੰ ਪ੍ਰਸ਼ਨ ਕੀਤਾ ।
“ਹਾਂ ਇਥੇ ਤਾ ਸਾਰਾ ਕੰਮ ਈ ਵੱਡੇ ਡਾਕਟਰ ਕਰਦੇ ਆ।ਪਰ ਤੁਸੀਂ ਇਹ ਨਾ ਦੱਸਿਓ ਕਿ ਖੂਨ ਵੇਚਣ ਲੱਗੇ ਓਂ । ਤੁਸੀਂ ਕਿਹੋ ਮੈਂ ਇਸਦਾ ਦੋਸਤ ਆਂ।ਆਪਣੇ ਦੋਸਤ ਪਿਛੇ ਖੂਨ ਦੇਣ ਲੱਗਿਐਂ, ਨਹੀਂ ਤਾਂ ਡਾਕਟਰ ਨੇ ਖੂਨ ਨੀਂ ਲੈਣਾ ।”
“ਚੰਗਾ ਏਵੇਂ ਈ ਕਹਿ ਦੂੰ । ਜਬਾਨ ਈ ਹਲੌਣੀ ਐ ।”
ਹਸਪਤਾਲ ਦੀ ਇਮਾਰਤ ਦੇ ਅੰਦਰ ਪੈਰ ਰਖਦਿਆ ਹੀ ਚਾਰੂ ਨੂੰ ਝੁਣਝੁਣੀ ਜਿਹੀ ਆਈ । ਭੈੜੀ ਜਿਹੀ ਗੰਧ ਉਸਦੀਆਂ ਨਾਸਾਂ ਵਿਚ ਘੁਸ ਗਈ । ਬਾਬੂ ਨੇ ਚਾਰੂ ਨੂੰ ਡਾਕਟਰ ਸਾਹਮਣੇ ਪੇਸ਼ ਕੀਤਾ । ਚਾਰੂ ਨੇ ਹੱਥ ਜੋੜ ਲਏ । ਲੱਤਾਂ ਉਸਦੀਆਂ ਕੰਬ ਰਹੀਆਂ ਸਨ ।
“ਤੁਹਾਡੀ ਕੀ ਰਿਸ਼ਤੇਦਾਰੀ ਐ ਇਨ੍ਹਾਂ ਨਾਲ ?” ਡਾਕਟਰ ਚਾਰੂ ਦੇ ਸਰੀਰ ਵੱਲ ਦੇਖਦਾ ਬੋਲਿਆ।
“ਇਹ ਮੇਰਾ ਦੋਸਤ ਐ ਜੀ ਬਚਪਨ ਤੋਂ । ਲੋੜ ਪੈਣ 'ਤੇ ਅਜ ਕਲ੍ਹ ਦੋਸਤ ਈ ਕੰਮ ਔਂਦੈ । ਰਿਸ਼ਤੇਦਾਰ ਤਾਂ ਪਾਸਾ ਵੱਟ ਜਾਂਦੇ ਐ ।” ਚਾਰੂ ਦੇ ਬੋਲਣ ਤੋਂ ਪਹਿਲਾਂ ਹੀ ਬਾਬੂ ਨੇ ਮੌਕਾ ਸੰਭਾਲ ਲਿਆ।
“ਪਰ ਇਹਦੇ ਸਰੀਰ ’ਚ ਐਂ ਲਗਦੈ ਜਿਵੇਂ ਖੂਨ ਹੁੰਦਾ ਹੀ ਨੀਂ।” ਡਾਕਟਰ ਵਿਅੰਗ ਨਾਲ ਬੋਲਿਆ ।
“ਲਹੂ ਬਥੇਰਾ ਐ ਜੀ, ਤੁਸੀਂ ਟੂਟੀ ਜੀ ਲਾ ਕੇ ਵੇਖੋ ਕੰਨਾਂ ਨੂੰ ।” ਚਾਰੂ ਨੂੰ ਡਰ ਸੀ ਕਿ ਕਿਤੇ ਡਾਕਟਰ ਜਵਾਬ ਹੀ ਨਾ ਦੇ ਦੇਵੇ ।
“ਚੰਗਾ ਚੱਲ ਪੈ ਮੰਜੇ 'ਤੇ ।”
ਚਾਰੂ ਧੜਕਦੇ ਦਿਲ ਨਾਲ ਮੰਜੇ 'ਤੇ ਪੈ ਗਿਆ । ਡਾਕਟਰ ਨੇ ਉਸਦੀ ਨਬਜ਼ ਵੇਖੀ । ਖੂਨ ਦਾ ਦਬਾਅ ਦੇਖਿਆ ਅਤੇ ਇਕ ਨਰਸ ਨੂੰ ਖੂਨ ਲੈ ਲੈਣ ਦਾ ਇਸ਼ਾਰਾ ਕਰਕੇ ਕਮਰੇ ਤੋਂ ਬਾਹਰ ਚਲਾ ਗਿਆ । ਨਰਸ ਨੇ ਇਕ ਬੋਤਲ ਥੱਲੇ ਰੱਖੀ ਅਤੇ ਉਸ ਵਿਚ ਲੱਗੀ ਨਾਲੀ ਦੇ ਵਲ ਠੀਕ ਕੀਤੇ । ਚਾਰੂ ਦੀ ਬਾਂਹ ਨੂੰ ਨਰਸ ਨੇ ਛੂਹਿਆ ਹੀ ਸੀ ਕਿ ਉਹ ਪਸੀਨੇ ਨਾਲ ਤਰ ਹੋ ਗਿਆ। ਉਸਦਾ ਸਰੀਰ ਕੰਬਣ ਲੱਗ ਪਿਆ । ਨਰਸ ਨੇ ਉਸਦੀ ਕੂਹਣੀ ਤੋਂ ਉਪਰ ਇਕ ਕੱਪੜਾ ਘੁੱਟ ਕੇ ਬੰਨ੍ਹਿਆਂ ਤੇ ਇਕ ਵੱਡੀ ਸੂਈ ਚੁੱਕ ਕੇ ਉਸਦਾ ਪਿਛਲਾ ਹਿੱਸਾ ਬੋਤਲ ਨਾਲ ਲੱਗੀ ਨਾਲੀ ਵਿਚ ਫਸਾ ਦਿੱਤਾ । ਬਾਂਹ ਦੀ ਉਭਰੀ ਨਾੜ ਨੂੰ ਵੇਖ ਕੇ ਸੂਈ ਲਗਾ ਦਿੱਤੀ ।ਚਾਰੂ ਦੀ ਸਹਿਣ ਸ਼ਕਤੀ ਜਵਾਬ ਦੇ ਚੁੱਕੀ ਸੀ । ਉਹ ਚੀਕਾਂ ਮਾਰਨ ਨੂੰ ਵੀ ਤਿਆਰ ਹੋ ਪਿਆ । ਪਰ ਨਰਸ ਉਹਦੇ ਕੋਲੋਂ ਦੂਰ ਜਾ ਚੁੱਕੀ ਸੀ। ਉਸਨੇ ਟੇਢੀ ਅੱਖ ਨਾਲ ਦੇਖਿਆ ਤਾਂ ਸੂਈ ਉਸਦੀ ਬਾਂਹ ਵਿਚ ਲੱਗੀ ਹੋਈ ਸੀ ਤੇ ਉਸ ਉਪਰ ਚਿੱਟੀਆਂ ਟੇਪਾਂ ਲੱਗੀਆਂ ਹੋਈਆਂ ਸਨ । ਉਸਨੂੰ ਪਤਾ ਵੀ ਨਾ ਲੱਗਿਆ ਕਿ ਨਰਸ ਨੇ ਕਦ ਇਹ ਸਾਰਾ ਕੁਛ ਕਰ ਦਿੱਤਾ । ਥੋੜ੍ਹੇ ਸਮੇਂ ਮਗਰੋਂ ਹੀ ਉਸਦੀ ਬਾਂਹ 'ਚੋਂ ਸੂਈ ਕੱਢ ਲਈ ਗਈ । ਉਸਨੇ ਉਠਣ ਦੀ ਕੋਸ਼ਿਸ਼ ਕੀਤੀ ਪਰ ਸਰੀਰ ਜਿਵੇਂ ਜਵਾਬ ਦੇ ਗਿਆ ਹੋਵੇ । ਬਾਬੂ ਨੇ ਸਹਾਰਾ ਦੇ ਕੇ ਉਠਾਇਆ । ਉਠ ਕੇ ਖੜ੍ਹਾ ਹੋਇਆ ਤਾਂ ਸਰੀਰ ਕੁਛ ਟਿਕਾਣੇ ਆ ਗਿਆ ਪਰ ਇਉਂ ਲਗਦਾ ਸੀ ਜਿਵੇਂ ਉਸਦੀ ਬਾਂਹ ਨਾਲੋਂ ਹੀ ਲਾਹ ਲਈ ਹੋਵੇ । ਪਰ ਉਸਨੇ ਪਰਵਾਹ ਨਹੀਂ ਕੀਤੀ । ਕਮਰੇ ਤੋਂ ਬਾਹਰ ਆ ਕੇ ਬਾਬੂ ਨੇ ਉਸਨੂੰ ਪੈਸੇ ਦਿੱਤੇ ।
“ਹੁਣ ਘੰਟਾ ਕੁ ਆਰਾਮ ਕਰ ਲੋ ਬਹਿ ਕੇ । ਫੇਰ ਜਾਇਉ ਜਿਥੇ ਜਾਣਾ ਹੋਇਆ।” ਬਾਬੂ ਨੇ ਸਲਾਹ ਦਿੱਤੀ ।
“ਬੱਸ ਹੁਣ ਤਾਂ ਘਰ ਜਾ ਕੇ ਈ ਰਾਮ ਕਰੂੰ । ਜੇ ਵੇਲੇ ਸਿਰ ਨਾ ਅਪੜਿਆ ਤਾਂ ਪਤਾ ਨੀਂ ਕੀ ਹੋ ਜੇ । ਅਖੇ ; ਘੜੀ ਦਾ ਖੁੰਝਿਆ ਕੋਹਾਂ ਤੇ ਜਾ ਪੈਂਦੈ।” ਚਾਰੂ ਦੇ ਚਿਹਰੇ 'ਤੇ ਹੁਣ ਇਕ ਅਜੀਬ ਰੌਣਕ ਸੀ । ਆਪਣੀ ਬਾਂਹ ਨੂੰ ਹਿੱਕ ਨਾਲ ਲਾਈ ਉਹ ਕਾਹਲੇ ਕਦਮੀਂ ਬਾਹਰ ਵੱਲ ਤੁਰ ਪਿਆ ।
8
ਵਿਹੜੇ ਦੀ ਹੱਦ 'ਤੇ ਕਾਫੀ ਸਾਰਾ ਥਾਂ ਖਾਲੀ ਪਿਆ ਸੀ । ਇਕ ਨੁੱਕਰ ਤੇ ਦੇਬੋ ਦੀ ਭੱਠੀ ਸੀ । ਭੱਠੀ ਹੰਸੇ ਬਾਣੀਏ ਦੀ ਹੱਟੀ ਦੀ ਪਿੱਠ ਨਾਲ ਲਗਦੀ ਹੈ ਜਿਸਦਾ ਮੂੰਹ ਪਿੰਡ ਦੀ ਬੀਹੀ ਵਿਚ ਖੁਲ੍ਹਦਾ ਸੀ । ਭੱਠੀ ਦੇ ਬਿਲਕੁਲ ਸਾਹਮਣੇ ਇਕ ਪੁਰਾਣਾ ਖੁੰਢ ਪਿਆ ਰਹਿੰਦਾ ਜਿਸ 'ਤੇ ਬੈਠ ਕੇ ਵਿਹਲੇ ਬੰਦੇ ਗੱਪਾਂ ਹੱਕਦੇ। ਬੰਤਾ ਫੌਜੀ ਤੇ ਘੁੱਲਾ ਭਲਵਾਨ ਏਸ ਸੱਥ ਦੀ ਜਿੰਦ ਜਾਨ ਸਨ । ਉਹ ਦੋਨੋਂ ਤੇ ਦੋ ਚਾਰ ਬੁਢੇ ਠੇਰੇ ਏਥੇ ਹੀ ਬੈਠੇ ਨਜ਼ਰ ਆਉਂਦੇ ।ਬੰਤਾ ਫੌਜੀ ਪੈਨਸ਼ਨੀਆ ਸੀ । ਉਸਦੇ ਹੱਥ ਵਿਚ ਗੋਲ ਕੀਤੀ ਅਖਬਾਰ ਹਰ ਵਕਤ ਫੜ੍ਹੀ ਹੁੰਦੀ ਜਿਸ ਵਿਚੋਂ ਕਿਸੇ ਦੀ ਸਿਫਾਰਸ਼ 'ਤੇ ਕੋਈ ਨਾ ਕੋਈ ਖਬਰ ਸੁਣਾਉਂਦਾ । ਉਸਨੂੰ ਆਪਣੇ ਫਿਲਾਸਫਰ ਹੋਣ ਦਾ ਮਾਣ ਸੀ। ਮਜ਼ਬੀਆਂ ਦੇ ਵਿਹੜੇ 'ਚੋਂ ਉਹ ਇਕੱਲਾ ਹੀ ਅੱਠ ਜਮਾਤਾਂ ਪੜ੍ਹਿਆ ਸੀ । ਉਹ ਰੋਜ਼ ਦੀ ਅਖਬਾਰ ਵਾਂਗ ਆਪਣੀ ਫਿਲਾਸਫੀ ਵੀ ਰੋਜ਼ਾਨਾ ਹੀ ਘੜਦਾ ਰਹਿੰਦਾ ।
ਘੁੱਲਾ ਵੀ ਨਾਂ ਦਾ ਹੀ ਭਲਵਾਨ ਸੀ । ਉਸਦੇ ਸਰੀਰ ਦੀਆਂ ਤਾਂ ਸਾਰੀਆਂ ਹੱਡੀਆਂ ਗਿਣੀਆਂ ਜਾ ਸਕਦੀਆਂ ਸਨ ਪਰ ਇਹ ਭਲਵਾਨ ਵਾਲੀ ਅੱਲ ਪਤਾ ਨਹੀਂ ਕਦੋਂ ਤੋਂ ਉਸਦਾ ਪਿੱਛਾ ਕਰਦੀ ਆ ਰਹੀ ਸੀ । ਗੱਲ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨਾ ਉਸਦੀ ਮੁਢਲੀ ਕਮਜ਼ੋਰੀ ਸੀ । ਅਜ ਵੀ ਏਸ ਸੱਥ 'ਚ ਉਨ੍ਹਾਂ ਤੋਂ ਇਲਾਵਾ ਚਾਰ ਪੰਜ ਬੁਢੇ ਠੇਰੇ ਹੋਰ ਬੈਠੇ ਸਨ । ਵਿਹੜੇ ਵਿਚ ਦਾਖਲ ਹੋਣ ਤੋਂ ਪਹਿਲਾਂ ਇਨ੍ਹਾਂ ਕੋਲੋਂ ਹੀ ਲੰਘਣਾ ਪੈਂਦਾ ।
‘ਫੌਜੀਆ ! ਕੀ ਆਂਹਦੀ ਆ 'ਖਬਾਰ ਅਜ ?'' ਬਾਬਾ ਮੋਦਨ ਆਪਣੀ ਸੋਟੀ ਨਾਲ ਮਿੱਟੀ ਖੁਰਚਦਾ ਪੁੱਛ ਰਿਹਾ ਸੀ ।
“ਬਾਬਾ ! ਹੁਣ ਨੀਂ ਆਪਾਂ ਬਚਦੇ .....।”
“ਕਿਉਂ ਅਜ ਫੌਜਣ ਨੇ ਰੋਟੀ ਨੀਂ ਦਿਤੀ ?" ਤੁਰਿਆ ਜਾਂਦਾ ਬਿੱਕਰ ਵੀ ਵਿਅੰਗ ਕਰਦਾ ਉਨ੍ਹਾਂ ਕੋਲ ਆ ਖੜ੍ਹਾ ਹੋਇਆ ।
“ਓ ਨਈਂ ਭਤੀਜ ! ਰੋਟੀ ਬਿਨਾਂ ਤਾਂ ਸਰਜੂ ਪਰ ਕੁਰਸੀ ਬਿਨਾਂ ਨੀਂ ਸਰਦਾ ।”
“ਜੇ ਆਖੇਂ ਤਾਂ ਕੁਰਸੀ ਲਿਆਵਾਂ ਲੰਬੜਦਾਰਾਂ ਤੋਂ ਦਾਜ ਆਲੀ ? ਨਲੇ ਬਹਿਕੇ ਐਂ ਲੱਗੂ ਜਿਵੇਂ ਰੂੰ ਦੀ ਢੇਰੀ 'ਤੇ ਬੈਠਾ ਹੋਵੇਂ ।”
“ਮੈਂ ਓਸ ਕੁਰਸੀ ਦੀ ਗੱਲ ਨੀਂ ਕਰਦਾ । ਮੈਂ ਤਾਂ ਆਪਣੇ ਲੀਡਰਾਂ ਆਲੀ ਕੁਰਸੀ ਦੀ ਗੱਲ ਕਰਦੈਂ । ਸਾਰੇ ਆਂਹਦੇ ਆ ਬਈ ਮੈਨੂੰ ਮਿਲਜੇ । ਨਲੇ ਸਹੁਰੇ ਆਪ ਲੜਦੇ ਆ ਨਲੇ ਮੰਡੀਰ ਨੂੰ ਲੜਾਈ ਜਾਂਦੇ ਆ।”
“ਲੀਡਰੀ ਪਿੱਛੇ ਤਾਂ ਆਪਣਾ ਵਢਖਾਣਿਆਂ ਦਾ ਜੀਤੂ ਲੱਤਾਂ ਭੰਨਾ ਆਇਆ ਸੀ ਕੱਲ੍ਹ ।” ਕਾਫੀ ਦੇਰ ਤੋਂ ਚੁੱਪ ਬੈਠਾ ਘੁੱਲਾ ਬੋਲਿਆ ।
“ਉਹ ਕਿਵੇਂ ਬਈ ?” ਬਾਬਾ ਮੋਦਨ ਨੇ ਪੁੱਛਿਆ ।
“ਆਂਹਦੇ ਜਿਥੇ ਪੜ੍ਹਦੇ ਆ ਓਥੇ ਲੀਡਰ ਬਨੌਣ ਵਾਸਤੇ ਵੋਟਾਂ ਪੈਣੀਆਂ ਸੀ । ਵਢਖਾਣਿਆਂ ਦਾ ਜੀਤੂ ਵੀ ਮਿੰਬਰ ਸੀਗਾ ਲੀਡਰੀ ਆਸਤੇ । ਵਾਗਰੂ ਜਾਣੇ ਇਹ ਜਿੱਤਿਆ ਕਿ ਉਹ, ਦੋਨੋਂ ਖਹਿਬੜ ਪੇ । ਵਢਖਾਣਿਆਂ ਦਾ ਆਂਹਦਾ ਅਸੀਂ ਜੱਟ ਹੁੰਨੇ ਆਂ ਤੇ ਨਲੇ ਕੱਢਤੀ ਇਕ ਗਾਲ੍ਹ । ਥੋਨੂੰ ਪਤਾ ਬਗਾਨੇ ਪੁੱਤ ਸੁਣਦੇ ਆ ਗਾਲ੍ਹ । ਉਨ੍ਹਾਂ ਨੇ ਜੁੰਡਿਓਂ ਫੜ੍ਹ ਲਿਆ । ਓਥੇ ਤਾਂ ਮਾਸਟਰਾਂ ਨੇ ਛਡਾ ਤਾ ਪਰ ਉਹ ਮੁੰਡੇ ਬਾਹਰ ਆ ਕੇ ਖੜ੍ਹਗੇ । ਹੁਣ ਇਹ ਆਪਣੇ ਆਲਾ ਦੇਖੇ ਕਿ ਉਹ ਹਿੱਲਣ ਤਾਂ ਮੈਂ ਜਾਵਾਂ ਪਰ ਉਹ ਕਿਥੇ ਹਿਲਦੇ ਆ ।”
“ਫੇਰ ਇਹ ਉਥੇ ਈ ਰਿਹਾ ?” ਬਿੱਕਰ ਨੇ ਪੁੱਛਿਆ ।
“ਕਾਨੂੰ...ਜਦੋਂ ਲਾਰੀ ਆਈ ਤਾਂ ਇਹ ਭੱਜ ਪਿਆ ਬਈ ਮੈਂ ਤਾਂ ਹੁਣ ਚੜ੍ਹ ਜਾਨੈਂ । ਇਹਦੇ ਪਾਈ ਸੀ ਉਹ ਘੁਤਨੀਂ ਜੀ, ਕੀ ਆਂਹਦੈ ਐ ਓਨੁੰ ਲੀਲੀ ਜੀ ਪੈਂਟ । ਮੁੰਡੇ ਇਹਨੂੰ ਪੈਗੇ । ਇਹ ਛੂਟ ਵੱਟ ਕੇ ਭੱਜੇ ਤੇ ਲਾਰੀ ਉਤੇ ਚੜ੍ਹਿਆ ਨਾ ਜਾਵੇ । ਕੋਈ ਚੱਜ ਦਾ ਪਜਾਮਾ ਪਾਇਆ ਹੁੰਦਾ ਤਾਂ ਬਚ ਵੀ ਜਾਂਦਾ ਪਰ ਓਸ ਲੀਲੀ ਜੀ ਪੈਂਟ ਨੇ ਇਹਦੇ ਆਲਾ ਭੱਠਾ ਬਠਾ ਤਾ । ਅਗਲਿਆ ਨੇ ਕੁੱਟ ਕੁੱਟ ਪੁੱਤ ਬਣਾ ਲਿਆ, ਬਹੁਤਾ ਤੀਂਘੜਦਾ ਫਿਰਦਾ ਸੀ।”
“ਤੈਨੂੰ ਕੀਹਨੇ ਦੱਸਿਐ ?” ਫੌਜੀ ਨੂੰ ਜਿਵੇਂ ਯਕੀਨ ਨਹੀਂ ਸੀ ਆਇਆ।
“ਆਹ ਦਰਜੀਆਂ ਦਾ ਪਾੜ੍ਹਾ ਆਂਹਦਾ ਸੀ ਕੱਲ ਫਿਰਨੀ ਆਲੀ ਸੱਥ ਤੇ। ਇਹ ਵੀ ਤਾਂ ਉਹਦੇ ਨਾਲ ਈ ਪੜ੍ਹਦੈ ।"
“ਲੈ ਸੁਣਲੀਆਂ ਤੂੰ ਗੱਲਾਂ ਓਹਦੀਆਂ । ਉਨ੍ਹਾਂ ਦਾ ਤਾਂ ਇੱਟ ਕੁੱਤੇ ਦਾ ਵੈਰ ਐ । ਊਂ ਈ ਗੱਲ ਬਣਾ ਤੀ ਹੋਣੀ ਐ ਉਹਨੇ । ਜੀਤੂ ਨੂੰ ਤਾਂ ਮੈਂ ਸਵੇਰੇ ਦੇਖਿਐ ਸ਼ਹਿਰ ਜਾਂਦੇ ਨੂੰ ।” ਫ਼ੌਜੀ ਸਾਰੀ ਗੱਲ ਨੂੰ ਝੂਠ ਸਮਝ ਰਿਹਾ ਸੀ ।
“ਕਰਤੀ ਗੱਲ……ਭਲਾ ਉਹਨੂੰ ਕੀ ਲੋੜ ਐ ਗੱਲ ਬਨੌਣ ਦੀ ਦੇਖੀਂ ਤਾਂ ਸਈ ਉਹਦੇ 'ਚ ਆਕੜ ਈ ਬਲਾ ਐ । ਲੀਲੀ ਜੀ ਪਾ ਕੇ ਲਾਟ ਸਾਹਬ ਈ ਸਮਝਦੈ । ਬੋਚ ਬੋਚ ਪੱਬ ਧਰਦਾ ਹੁੰਦੈ ਸਕੂਲ ਆਲੀ ਮਾਸਟਰਨੀ ਆਂਗੂ ।” ਘੁੱਲਾ ਆਪਣੀ ਗੱਲ ਨੂੰ ਸੱਚੀ ਸਾਬਤ ਕਰਨ ਤੇ ਤੁਲਿਆ ਹੋਇਆ ਸੀ।
“ਕਿਥੇ ਲੈ ਤਾ ਨਾਂ ਤੂੰ ਓਹਦਾ ਦਫੇ ਹੋਣੀ ਦਾ ।” ਮਾਘੀ ਬੁੜ੍ਹਾ ਮੂੰਹ ਕੁਸੈਲਾ ਜਿਹਾ ਬਣਾਉਂਦਾ ਬੋਲਿਆ ।
“ਕਿਉਂ ਕੀ ਗੱਲ ਹੋਗੀ ?” ਘੁਲੇ ਸਮੇਤ ਸਾਰਿਆਂ ਦੀਆਂ ਨਜ਼ਰਾਂ ਮਾਘੀ ਤੇ ਟਿਕ ਗਈਆਂ ।
“ਗੱਲ ਕੀ ਹੋਣੀ ਆਂ, ਸੰਗ ਈ ਨੀਂ ਮੰਨਦੀ ਕਿਸੇ ਦੀ । ਧੋਤੀ ਬੰਨ੍ਹ ਕੇ ਔਂਦੀ ਹੁੰਦੀ ਐ, ਜੀਹਨੂੰ ਪਾੜ੍ਹੇ ਸਾੜ੍ਹੀ ਆਂਹਦੇ ਐ । ਇਕ ਦਿਨ ਅਸੀਂ ਅੱਡੇ ’ਤੇ ਬੈਠੇ ਸੀ । ਉਧਰੋਂ ਇਹ ਵੀ ਆ ਗਈ ਠੁਮਕ ਠੁਮਕ ਕਰਦੀ । ਏਹਦੇ ਧੋਤੀ ਬੰਨ੍ਹੀ ਵੀ ਤੇ ਸੜਕ ਹੂੰਝਦੀ ਆਵੇ । ਤੇ ਜਦੋਂ ਭਾਈ ਲੱਗੀ ਯੱਕੇ 'ਤੇ ਬਹਿਣ, ਹਵਾ ਸੀਗੀ ਤੇਜ਼...ਤੇ ਇਹਦੀ ਧੋਤੀ ਮੋਢਿਆਂ 'ਤੇ ਜਾ ਪੀ...ਮਰ ਓ ਸਹੁਰੀ ਦਿਓ, ਮੈਂ ਤਾਂ ਦੇਖ ਕੇ ਅੱਖਾਂ ਮੀਚ ਗਿਆ । ਪਰ ਏਸ ਮਾਂ ਦੀ ਧੀ ਨੇ ਜਵਾਂ ਸੰਗ ਨੀਂ ਕੀਤੀ ।” ਮਾਘੀ ਦੀ ਗੱਲ ਸੁਣਕੇ ਸਾਰੇ ਹੱਸ ਪਏ । ਬੁੜ੍ਹਿਆਂ ਦੇ ਚਿਹਰੇ ਰੌਣਕਾਂ ਨਾਲ ਭਰ ਗਏ ।
“ਅੱਜ ਆਹ ਚਾਰੂ ਕਿਵੇਂ ਬਾਂਹ ਜੀ ’ਕੜਾਈ ਫਿਰਦੈ ?” ਤੁਰੇ ਆਉਂਦੇ ਚਾਰੂ ਵੱਲ ਦੇਖ ਕੇ ਬਾਬਾ ਮੋਦਨ ਬੋਲਿਆ।
“ਐਂ ਲਗਦੈ ਜਿਵੇਂ ਜੱਟ ਨੇ ਕੁੱਟ ਕੇ ਘਰੋਂ ਕਢਿਆ ਹੁੰਦੈ ।” ਘੁੱਲੇ ਨੇ ਅਨੁਮਾਨ ਲਾਇਆ ।
“ਕਾਹਨੂੰ ਭਲਵਾਨਾਂ ! ਆਪਣਾ ਕਿਹੜਾ ਵੈਰ ਐ ਕਿਸੇ ਨਾਂ ।” ਚਾਰੂ ਨੇ ਕੋਲ ਆਉਂਦਿਆਂ ਸਫਾਈ ਦਿੱਤੀ ।
“ਤੇ ਫੇਰ ਆਹ ਬਾਂਹ ਕਿਉਂ ਘੋੜੇ ਦੇ ਕੰਨ ਆਂਗੂੰ ਤਾਂਹ ਚੁੱਕੀ ਐ?” ਇਹ ਤਾਂ ਅਜ ਮੈਨੂੰ ਸਰਦਾਰਾਂ ਨੇ ਭੇਜਤਾ ਸ਼ਹਿਰ ਕਿਸੇ ਕੰਮ । ਓਥੇ ਲਾਰੀਆਂ 'ਚ ਭੀੜ ਐ ਕਿਤੇ....ਹੇ ਵਾਗਰੂ......ਕੋਈ ਮਾਤੜ ਖੜ੍ਹ ਕਿਹੜਾ ਸਕਦੈ । ਐਧਰੋਂ ਧੱਕਾ ਵੱਜਿਆ ਓਧਰ, ਓਧਰੋਂ ਧੱਕਾ ਵੱਜਿਆ ਐਧਰ। ਬੱਸ ਉਦੋਂ ਦੀ ਬਾਂਹ ਜਾਣੀ ਸੁੱਤੀ ਪਈ ਐ ਜਿਵੇਂ ਕੀੜੀਆਂ ਜੀਆਂ ਤੁਰਦੀਆਂ ਹੋਣ ।” ਚਾਰੂ ਸੱਚ ਨੂੰ ਛੁਪਾਂਦਿਆਂ ਔਖਾ ਜਿਹਾ ਮਹਿਸੂਸ ਕਰ ਰਿਹਾ ਸੀ । ਉਸਦਾ ਦਿਲ ਤਾਂ ਕਰਦਾ ਸੀ ਕਿ ਕੂਕ ਕੂਕ ਕੇ ਵਿਹੜੇ ਵਾਲਿਆਂ ਕਹੇ ਕਿ ‘ਵੇਖੋ ਓਏ ਵੇਹੜੇ ਆਲਿਓ ! ਮੈਂ ਆਂ ਥੋਡੇ ਸਾਰਿਆਂ ਤੋਂ ਉਚਾ । ਕੋਈ ਹੈ ਜਿਹੜਾ ਮੇਰੇ ਆਂਗੂੰ ਆਪਣਾ ਲਹੂ ਵੇਚਕੇ ਆਪਣੇ ਪੁੱਤ ਨੂੰ ਪੜਂੌਦੈ?” ਪਰ ਉਸ ਵਿਚ ਹਿੰਮਤ ਨਹੀਂ ਸੀ ਪੈ ਰਹੀ । ਇਸ ਵਿਚ ਤਾਂ ਸਰਦਾਰ ਦੀ ਬੇਇਜ਼ਤੀ ਹੋ ਜਾਣੀ ਸੀ ਤੇ ਗੁੱਸੇ 'ਚ ਆ ਕੇ ਉਹ ਕੀ ਪਤਾ ਕੀ ਕਰ ਦੇਵੇ ?
“ਬਹਿ ਜਾ ਚਾਰੂ ਸਿੰਹਾਂ ! ਸੁਣਾ ਕੋਈ ਸ਼ਹਿਰ ਦੀ ।” ਮਾਘੀ ਥੋੜ੍ਹਾ ਜਿਹਾ ਪਾਸੇ ਨੂੰ ਸਰਕਦਾ ਬੋਲਿਆ ।
“ਬੱਸ ਚਲਦੇ ਆਂ, ਅਜ ਸਵੇਰ ਦੇ ਸਰਦਾਰਾਂ ਵੱਲ ਈ ਨੀਂ ਗਏ।” ਚਾਰੂ ਜ਼ਮੀਨ ' ਤੇ ਬੈਠਦਾ ਬੋਲਿਆ । ਅਜ ਉਸਦਾ ਆਪਣਾ ਵੀ ਦਿਲ ਉਥੇ ਬੈਠਣ ਨੂੰ ਕਰਦਾ ਸੀ ।
“ਓ ਜਾਂਦਾ ਰਈਂ, ਅੱਗੇ ਸਰਦਾਰਾਂ ਦੇ ਈ ਰਹਿੰਨੈ ਸਾਰਾ ਦਿਨ ।"
“ਅਜ ਪਹਿਲਾਂ ਸ਼ਹਿਰ ਗਿਆ ਤੇ ਫੇਰ ਸਕੂਲ ਮੁੰਡੇ ਦਾ ਦਾਖਲਾ ਭਰਨਾ ਸੀ ।” ਚਾਰੂ ਬਹਾਨੇ ਨਾਲ ਦੱਸਣਾ ਚਾਹੁੰਦਾ ਸੀ ਕਿ ਉਸਨੇ ਅਜ ਮੁੰਡੇ ਦਾ ਦਾਖਲਾ ਭਰਿਆ ਹੈ।
“ਕੈਵੀਂ ’ਚ ਹੋ ਗਿਆ ਸੁਖ ਨਾਂ ਐਤਕੀਂ ?” ਬਾਬੇ ਮੋਦਨ ਨੇ ਪੁੱਛਿਆ।
“ਐਂਤਕੀ ਪੇਪਰ ਦਿਊਗਾ ਦਸਮੀਂ ਦੇ ।”
“ਸੁਣਿਐਂ ਤੇਰਾ ਮੁੰਡਾ ਤਾਂ ਭੜਾਈ ‘ਚ ਬਲਾ ਤਿਖੈ। ਮਾਸਟਰ ਵੀ ਸਲਾਹੁੰਦੇ ਆ । ਨਈਂ ਆਪਣਿਆਂ ਨੂੰ ਤਾਂ ਕੋਈ ਲਿਵੇ ਨੀ ਲੱਗਣ ਦਿੰਦਾ ।” ਘੁੱਲੇ ਨੇ ਕਿਸੇ ਤੋਂ ਸੁਣੀ ਹੋਈ ਗੱਲ ਕਹੀ ।
“ਭਲਵਾਨਾਂ ! ਇਹ ਤਾਂ ਆਪਾਂ ਈ ਗੀਦੀ ਹੋਏ । ਸ਼ਹਿਰ 'ਚ ਕੋਈ ਕਿਸੇ ਨੂੰ ਚੂੜਾ ਕਹਿਕੇ ਦਖਾਵੇ ਅਗਲੇ ਝੱਟ ਰਪਟ ਕਰ ਦਿੰਦੇ ਆ ।” ਫੌਜੀ ਬੋਲਿਆ ।
“ਸੁਣ ਲਾ ਬਾਬਾ ! ਐਥੇ ਸਾਨੂੰ ਜੱਟ ਕਮੀਨ ਜਾਤ ਤੋਂ ਬਿਨਾਂ ਗੱਲ ਨੀਂ ਕਰਦੇ । ਨਲੇ ਅਗਲੇ ਪਿਛਲਿਆਂ ਨੂੰ ਐਵੇਂ ਪੜੇਥਣ ਲਾ ਦਿੰਦੇ ਐ ।”
“ਉਨ੍ਹਾਂ ਨੂੰ ਪਤੈ ਬਈ ਉਹ ਜੋ ਮਰਜੀ ਭੌਂਕੀ ਜਾਣ ਤੁਸੀਂ ਤਾਂ ਘਿਉ ਸਮਝ ਕੇ ਪੀ ਜਾਣੈ । ਥੋਨੂੰ ਪਤੈ ਏਥੋਂ ਦੇ ਅਸਲੀ ਮਾਲਕ ਕੌਣ ਐ ? ਅਸਲੀ ਮਾਲਕ ਆਪਾਂ ਸਾਰੇ ਕੰਮੀ ਕਮੀਨ ਈ ਆਂ । ਇਹ ਸਾਰੇ ਬਾਹਰੋਂ ਆਏ ਧਾੜਵੀ ਸੀ ਜਿਨ੍ਹਾਂ ਨੇ ਆਪਣੀਆਂ ਜ਼ਮੀਨਾਂ ਖੋਹ ਕੇ ਆਪਾਂ ਨੂੰ ਨੌਕਰ ਬਣਾ ਲਿਆ । ਅਜ ਸਾਡਾ ਹੱਥ ਲੱਗ ਜੇ ਤਾਂ ਉਨ੍ਹਾਂ ਦੇ ਭਾਂਡੇ ਭਿੱਟੇ ਜਾਂਦੇ ਐ॥ ਦਿਨ ਦਿਹਾੜੇ ਸਾਡੀਆਂ ਤੀਮੀਆਂ ਦੀਆਂ ਬੇਪਤੀਆਂ ਕਰਦੇ ਐ ਉਦੋਂ ਨੀ ਇਹ ਭਿੱਟੇ ਜਾਂਦੇ ।” ਫੌਜੀ ਨੇ ਆਪਣੇ ਗਿਆਨ ਅਨੁਸਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ।
“ਇਹ ਤਾਂ ਫੌਜੀਆ ਕਰਮਾਂ ਦੀਆਂ ਗੱਲਾਂ ਐ ਕਿ ਅਗਲੇ ਜੱਦੀ ਪੁਸ਼ਤੀ ਜ਼ਮੀਨਾਂ ਆਲੇ ਤੁਰੇ ਔਂਦੇ ਆ । ਆਪਾਂ ਉਨ੍ਹਾਂ ਦੇ ਕੰਮ ਨਾ ਕਰੀਏ ਤਾਂ ਭੁੱਖੇ ਮਰ ਜੀਏ ।” ਚਾਰੂ ਦੀ ਜ਼ੁਬਾਨ ਵਿਚੋਂ ਉਸਦੀ ਸਵਾਮੀ ਭਗਤੀ ਬੋਲ ਰਹੀ ਸੀ ।
“ਬੱਸ ਇਹੀ ਇਕ ਵਹਿਮ ਐ ਜਿਹੜਾ ਸਾਡੇ ਮਨਾਂ 'ਚੋਂ ਨੀਂ ਨਿਕਲਦਾ। ਥੋਨੂੰ ਪਤੈ ਸਾਡੇ ਗੁਰੂਆਂ ਨੇ ਊਚ-ਨੀਚ, ਜਾਤ-ਪਾਤ ਖਤਮ ਕਰਕੇ ਸਿੱਖ ਬਣਾਏ ਸੀ । ਪਰ ਅੱਜ ਵੇਖ ਲੋ ਏਨ੍ਹਾਂ ਨੇ ਆਪਣੇ ਗੁਰਦਵਾਰੇ ਅੱਡ ਬਣਾ ਲੇ । ਕਹਿਣ ਨੂੰ ਤਾਂ ਏਹ ਰੋਜ਼ ਪਾਠ ਕਰਦੇ ਹੋਣਗੇ ਪਰ ਅਮਲ ਕੌਣ ਕਰੇ ?”
“ਚੱਲ ਛੱਡ ਫੌਜੀਆ ! ਆਪਾਂ ਨੂੰ ਕੀ, ਅਖੇ ; ਕਰਨਗੇ ਸੋ ਭਰਨਗੇ ਤੂੰ ਕਿਉਂ ਹੁੰਨੈਂ 'ਦਾਸ ।” ਬਿੱਕਰ ਨੇ ਗੱਲ ਕਿਸੇ ਹੋਰ ਪਾਸੇ ਲਿਜਾਣੀ ਚਾਹੀ ।
“ਆਪਾਂ ਨੀਂ ਭਾਈ ਗੁਰੂ ਦੇ ਸੱਚੇ ਸਿੱਖ । ਕਦੇ ਨਾਂ ਵੀ ਨੀਂ ਲਿਆ ਉਹਦਾ ।”
“ਸੱਚੇ ਸਿੱਖ ਤਾ ਆਪਾਂ ਈ ਆਂ । ਘੱਟੋ ਘੱਟ ਪਖੰਡ ਤਾ ਨੀਂ ਕਰਦੇ। ਸੱਚ ਬੋਲਦੇ ਆਂ, ਕਿਰਤ ਕਰਦੇ ਆਂ, ਕਿਸੇ ਦੀ ਇੱਜ਼ਤ ਨੂੰ ਹੱਥ ਨੀਂ ਪੌਂਦੇ।”
‘ਵਾਗਰੂ ਤਾਂ ਦੇਖਦਾ ਉਪਰ ਬੈਠਾ ।” ਬਾਬੇ ਮੋਦਨ ਨੇ ਹੱਥ ਜੋੜਦਿਆਂ ਉਪਰ ਵੱਲ ਵੇਖ ਕੇ ਕਿਹਾ ।
“ਬਾਬਾ ! ਅਜ ਕਲ ਜ਼ਮਾਨਾ ਖਰਾਬ ਐ । ਲੋਕੀਂ ਰਬ ਨੂੰ ਮੰਨਣੋਂ ਈ ਹਟਗੇ । ਤਸੀਲੇ ਚਲੇ ਜਾਓ, ਕਚੈਰੀ ਚਲੇ ਜਾਓ, ਹਰ ਥਾਂ ਝੂਠ ਈ ਤੁਲਦੈ । ਸੱਚ ਨੂੰ ਕੋਈ ਨੀਂ ਪੁੱਛਦਾ । ਸੱਚ ਤਾਂ ਸੁਨਿਆਰੇ ਦੀ ਸੁਆਹ ਵਿਚਲਾ ਸੋਨੇ ਦਾ ਕਣ ਐ ਜੀਹਨੂੰ ਲਗਨ ਤੇ ਮਿਹਨਤ ਨਾਲ ਈ ਸਾਹਮਣੇ ਲਿਆ ਸਕੀਦੈ ।” ਬੰਤੇ ਫੌਜੀ ਨੇ ਆਪਣੀ ਫਿਲਾਸਫੀ ਦੱਸ ਕੇ ਸਾਰਿਆਂ ਵੱਲ ਵੇਖਿਆ ਜਿਵੇਂ ਚਿਹਰੇ ਦੇ ਪ੍ਰਭਾਵ ਪੜ੍ਹ ਰਿਹਾ ਹੋਵੇ ।
“ਨਾ ਫੌਜੀਆ!ਕੱਲ ਤਾ ਤੂੰ ਸੱਚ ਨੂੰ ਸੂਰਜ ਈ ਆਖੀ ਜਾਂਦਾ ਸੀ ਤੇ ਅਜ ਇਹ ਐਨਾ ਨਿੱਕਾ ਕਿਵੇਂ ਬਣ ਗਿਆ ?'' ਘੁੱਲੇ ਭਲਵਾਨ ਨੇ ਮਸ਼ਕਰੀ ਕੀਤੀ।
“ਓ ਹਮਾਰੀ ਫਲਾਸਫ਼ੀ ਕੋ ਤੁਮ ਨਹੀਂ ਸਮਝ ਸਕਦੇ ।” ਬੰਤੇ ਨੇ ਮਾਣ ਨਾਲ ਸਿਰ ਉਚਾ ਚੁਕਦਿਆਂ ਕੁਝ ਸ਼ਬਦ ਹਿੰਦੀ ਦੇ ਬੋਲੇ ।
“ਤੂੰ ਰੋਜ਼ ਫਲਾਸਫੀਆਂ ਈ ਨਾ ਬਦਲੀ ਜਾਇਆ ਕਰ ।” “ਤੁਮ ਨਹੀਂ ਜਾਣਦੇ, ਬੰਦੇ ਨੂੰ ਸਮੇਂ ਅਨੁਸਾਰ ਬਦਲਣਾ ਚਾਹੀਦੈ।”
‘ਕਰਤੀ ਨਾ ਫੌਜੀਆਂ ਆਲੀ ਗੱਲ । ਐਵੇਂ ਤਾਂ ਨੀਂ ਆਂਹਦੇ.....।''
‘ਗਾਂਹ ਨਾ ਬੋਲੀਂ ਉਇ ਭਲਵਾਨਾ ! ਮੇਰੀ ਇਕ ਵੱਜੀ ਤਾਂ ਧਿਆਈ ਬੋਤੀ ਆਂਗੂੰ ਝਾਕੇਂਗਾ ।”
‘ਨਾ ਬਈ ਸ਼ੇਰੋ!ਚਲੋ ਚੱਲੀਏ ਹੁਣ ਬਥੇਰਾ ਹੋ ਗਿਆ ਹਾਸਾ ਮਖੌਲ।” ਕਹਿੰਦਾ ਹੋਇਆ ਚਾਰੂ ਉਠ ਖੜ੍ਹਾ ਹੋਇਆ । ਦੇਖਦਿਆਂ ਦੇਖਦਿਆਂ ਦੋ ਬੁਢਿਆਂ ਨੂੰ ਛੱਡ ਕੇ ਸਾਰੀ ਸੱਥ ਖਾਲੀ ਹੋ ਗਈ ।
ਸੱਥ 'ਚੋਂ ਉਠ ਕੇ ਚਾਰੂ ਘਰ ਪਹੁੰਚਿਆ ਤਾਂ ਅੱਗੇ ਨੰਦ ਕੌਰ ਬੈਠੀ ਸੀ। ਚਾਰੂ ਕੁਛ ਘਬਰਾ ਜਿਹਾ ਗਿਆ ।
“ਹੋਰ ਭਾਬੀ ! ਸੁਖ ਐ ?"
“ਹਾਂ ਸੁਖ ਐ...ਮੈਂ ਗੱਲ ਕਰਨੀ ਸੀ ਇਕ ਤੇਰੇ ਨਾਂ । ਸੁਖ ਨਾਂ ਚੰਨੀ ਬਾਰੇ ਵੀ ਕੁਛ ਸੋਚਿਐ ? ਕੋਠੇ ਜਿੱਡੀ ਹੋਈ ਖੜ੍ਹੀ ਐ ਅਜੇ ਮੰਗਣਾ ਵਿਔਣਾ ਕਿ ਨਈਂ ?” ਚਾਰੂ ਦੇ ਸਿਰ 'ਤੇ ਜਿਵੇਂ ਵਦਾਨ ਦੀ ਸੱਟ ਵੱਜੀ ਹੋਵੇ। ਉਸਨੇ ਤਾਂ ਅਜੇ ਤਕ ਸੋਚਿਆ ਹੀ ਨਹੀਂ ਸੀ।
“ਭਾਬੀ ! ਤੂੰ ਹੀ ਫਿਕਰ ਕਰ ਕੋਈ ।”
‘ਹੈ ਕਮਲਾ, ਜੇ ਭਲਾਂ ਫਿਕਰ ਨਾ ਹੁੰਦਾ ਤਾਂ ਪੁੱਛਣ ਈ ਕਿਉਂ ਆਉਂਦੀ?ਮੇਰੇ ਮਾਮੇ ਦਾ ਪੁੱਤ ਗੱਲ ਚਲੌਂਦਾ ਸੀ । ਉਹਦੀ ਘਰਵਾਲੀ ਦਾ ਭਤੀਜਾ ਐ । ਸੋਹਣਾ ਸੁਨੱਖਾ ਐ ਕੰਮ ਕਾਰ ਕਰਦੈ । ਜੇ ਤੇਰੀ ਮਰਜ਼ੀ ਹੋਵੇ ਤਾਂ ਗੱਲ ਚਲਾਵਾਂ ?''
“ਮੇਰੀ ਮਰਜ਼ੀ ਕਾਹਦੀ ਐ ਭਾਬੀ ! ਮੈਂ ਤਾਂ ਸਾਰੀ ਗੱਲ ਤੇਰੇ 'ਤੇ ਸਿੱਟੀ । ਭਾਵੇਂ ਖੂਹ 'ਚ ਸਿੱਟ, ਭਾਵੇਂ ਮਹਿਲੀਂ ਵਾੜ, ਇਹਨੂੰ ਆਪਣੀ ਧੀ ਸਮਝ।” ਚਾਰੂ ਨੇ ਨੰਦ ਕੌਰ ਦੇ ਨਾਲ ਨੀਵੀਂ ਪਾਈ ਬੈਠੀ ਚੰਨੀ ਵੱਲ ਇਸ਼ਾਰਾ ਕਰਦਿਆਂ ਕਿਹਾ ।
“ਚੰਗਾ ਫੇਰ, ਮੈਂ ਚਲਾਊਂਗੀ ਗੱਲ ਉਨ੍ਹਾਂ ਨਾਂ । ਤੂੰ ਫਿਕਰ ਨਾ ਕਰੀਂ ਭੋਰਾ ਵੀ । ਬੰਦੇ ਬਲਾ ਸਾਊ ਐ । ਅੱਖ 'ਚ ਪਾਏ ਨੀਂ ਰੜਕਦੇ ।”
‘ਤੇਰੇ ਹੁੰਦਿਆਂ ਸਾਨੂੰ ਕਾਹਦਾ ਫਿਕਰ ਐ ਭਾਬੀ ।” ਚਾਰੂ ਨੂੰ ਨੰਦ ਕੌਰ ਪ੍ਰਤੱਖ ਦੇਵਤਾ ਨਜ਼ਰ ਆ ਰਹੀ ਸੀ । ਉਹ ਉਠ ਕੇ ਚਲੀ ਗਈ ਤਾਂ ਚੰਨੀ ਵੀ ਉਠੀ। ਹੁਣ ਤੱਕ ਤਾਂ ਜਿਵੇਂ ਉਸ ਵਿਚ ਸਾਹ ਹੀ ਨਾ ਵਗਦੇ ਹੋਣ ।
“ਬਾਪੂ ! ਮਿਲਗੇ ਪੈਸੇ ?” ਚੰਨੀ ਨੂੰ ਆਪਣੇ ਭਰਾ ਦਾ ਫਿਕਰ ਅਜੇ ਵੀ ਸਤਾ ਰਿਹਾ ਸੀ ।
‘ਲੈ, ਭਲਾ ਪੈਸੇ ਕਾਹਤੋਂ ਨੀਂ ਸੀ ਮਿਲਣੇ ? ਆਹ ਲੈ ਰੱਖ ਦੇ ਆਹਾ ਠੱਤੀ ਰੁਪਈਏ ਆ । ਸੰਭਾਲ ਕੇ ਰੱਖੀਂ । ਰੁਲਦੂ ਦਾ ਦਾਖਲਾ ਮੈਂ ਦੇ ਆਇਆ ।
‘ਇਹ ਪੈਸੇ ਸਰਦਾਰ ਨੇ ਦਿੱਤੇ ਐ ?”
“ਆਹੋ ਕਿ...ਆਪਣੇ ਲਈ ਤਾਂ ਉਹ ਰੱਬ ਐ ਰਬ । ਚੰਗਾ ਮੈਂ ਗੇੜਾ ਮਾਰ ਆਵਾਂ ਓਧਰ ਨੂੰ ।” ਚਾਰੂ ਮੰਜੇ ਤੋਂ ਉਠਿਆ ਤਾਂ ਇਕ ਘੇਰਨੀ ਉਸਨੂੰ ਚੜ੍ਹੀ। ਧੰਮ ਕਰਕੇ ਉਹ ਮੰਜੇ ’ਤੇ ਬੈਠ ਗਿਆ ।
...ਚਲਦਾ...