ਪਹੁ ਫੁਟਾਲਾ - ਕਿਸ਼ਤ 8 (ਨਾਵਲ )

ਦਵਿੰਦਰ ਸਿੰਘ ਸੇਖਾ   

Email: dssekha@yahoo.com
Phone: +161 6549312
Cell: +91 9814070581
Address: ਸਰਾ ਨਿਟਿੰਗ ਵਰਕਸ 433/2, ਹਜ਼ੂਰੀ ਰੋਡ, ਲੁਧਿਆਣਾ
Sara Knitting Works, 433/2 Hazuri Road, Ludhiana Punjab India 141008
ਦਵਿੰਦਰ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


15

ਜਦੋਂ ਦੀ ਚੰਨੀ ਸਰਦਾਰ ਦੇ ਵੱਸ ਪਈ ਸੀ, ਉਸਦੇ ਚਿਹਰੇ 'ਤੇ ਡਰ ਦੀ ਇਕ ਪਰਤ ਜਿਹੀ ਜੰਮ ਗਈ । ਨਿੱਕੀ ਨਿੱਕੀ ਗੱਲ ਤੋਂ ਉਸਦਾ ਦਿਲ ਧੜਕ ਜਾਂਦਾ । ਪਿਛਲੇ ਪੰਦਰਾਂ ਦਿਨਾਂ 'ਚ ਸਰਦਾਰ ਨੇ ਕਈ ਵਾਰ ਉਸਨੂੰ ਆਪਣੇ ਕੋਲ ਸੱਦਿਆ । ਚੰਨੀ ਕਿਸੇ ਅਣਜਾਣੇ ਡਰ ਕਾਰਣ ਉਸਦਾ ਕਿਹਾ ਮੰਨ ਲੈਂਦੀ ਪਰ ਉਸਦਾ ਦਿਲ ਉਸਨੂੰ ਲਾਹਨਤਾਂ ਪਾਉਂਦਾ । ਚੰਨੀ ਦੇ ਦਿਮਾਗ 'ਤੇ ਸਰਦਾਰ ਦੀ ਦੁਨਾਲੀ ਦਾ ਸਹਿਮ ਕਿਸੇ ਭਾਰੇ ਪੱਥਰ ਵਾਂਗ ਪਿਆ ਰਹਿੰਦਾ । ਇਕ ਘੁਟਣ ਜਿਹੀ 'ਚ ਉਦਾਸ ਮਨ ਨਾਲ ਚੰਨੀ ਕੰਮ ਕਰਦੀ ਰਹਿੰਦੀ ।
ਹੁਣ ਚੰਨੀ ਦੇ ਮਨ 'ਚ ਇਕ ਹੋਰ ਸਹਿਮ ਵੜਦਾ ਜਾ ਰਿਹਾ ਸੀ। ਉਸਨੂੰ ਹਵੇਲੀ ਅੰਦਰ ਫਿਰਦੇ ਹਰ ਬੰਦੇ ਦੀਆਂ ਨਜ਼ਰਾਂ ਆਪਣੇ ਵੱਲ ਤੱਕਦੀਆਂ ਮਹਿਸੂਸ ਹੁੰਦੀਆਂ । ਇੱਥੋਂ ਤਕ ਕਿ ਪਸ਼ੂ ਵੀ ਉਸ ਨਾਲ ਅੜਬ ਵਤੀਰਾ ਧਾਰਣ ਕਰਦੇ ਜਾ ਰਹੇ ਸਨ । ਉਸਨੂੰ ਇਉਂ ਮਹਿਸੂਸ ਹੁੰਦਾ ਜਿਵੇਂ ਸਾਰੇ ਪਸ਼ੂ ਉਸ ਵੱਲ ਅੰਗਾਰੇ ਵਰ੍ਹਾਉਂਦੀਆ ਅੱਖਾਂ ਨਾਲ ਤੱਕ ਰਹੇ ਹੋਣ । ਉਸਦਾ ਦਿਲ ਇਨ੍ਹਾਂ ਸੋਚਾਂ ਨਾਲ ਡੁਬੂੰ ਡੁਬੂੰ ਕਰਦਾ ਜਿਵੇਂ ਉਸਦਾ ਭੇਤ ਸਾਰੀ ਕਾਇਨਾਤ ਨੂੰ ਪਤਾ ਲੱਗ ਗਿਆ ਹੋਵੇ । ਇਸ ਮਾਹੌਲ ਤੋਂ ਦੁਖੀ ਹੋ ਕੇ ਉਸਨੇ ਕਿਸੇ ਖੂਹ 'ਚ ਛਾਲ ਮਾਰਨ ਦੀ ਵੀ ਸੋਚੀ ਪਰ ਕਿਸੇ ਭਵਿੱਖਤ ਖੁਸ਼ੀ ਬਾਰੇ ਸੋਚ ਕੇ ਅਜਿਹਾ ਕਰਨੋਂ ਰੁਕ ਜਾਂਦੀ। ਤਾਈ ਨੇ ਉਸਦੇ ਵਿਆਹ ਦਾ ਦਿਨ ਬੰਨ੍ਹਣ ਵੀ ਛੇਤੀ ਜਾਣਾ ਸੀ ।

ਅਜ ਚੰਨੀ ਨੂੰ ਦੁਪਹਿਰੇ ਦੋ ਘੰਟੇ ਤੋਂ ਵੱਧ ਸਮਾਂ ਹੋ ਗਿਆ ਸੀ ਮੰਜੇ ‘ਤੇ ਪਈ ਨੂੰ ਪਰ ਅਜੇ ਵੀ ਉਸਦਾ ਦਿਲ ਉਠਣ ਨੂੰ ਨਹੀਂ ਸੀ ਕਰਦਾ । ਉਸਨੂੰ ਪਤਾ ਲੱਗਿਆ ਸੀ ਕਿ ਸ਼ਾਮੋ ਆਈ ਹੋਈ ਹੈ । ਉਸਨੇ ਮਿਲਣ ਜਾਣ ਬਾਰੇ ਸੋਚਿਆ ਪਰ ਸਰੀਰ ਜਿਵੇਂ ਸਾਥ ਨਹੀਂ ਸੀ ਦੇ ਰਿਹਾ । ਨੀਂਦ ਜਿਵੇਂ ਉਸਤੇ ਭਾਰੂ ਹੋ ਰਹੀ ਹੋਵੇ । ਜਾਗੋ ਮੀਟੀ ਵਿਚ ਉਸਨੇ ਦੇਖਿਆ ਜਿਵੇਂ ਤੇਜਾ ਤੇ ਉਹ ਸ਼ਹਿਰ ਵਿਚ ਫਿਰ ਰਹੇ ਹਨ । ਤੇਜਾ ਭੀੜ ਵਿਚ ਉਸਤੋਂ ਦੂਰ ਹੁੰਦਾ ਜਾ ਰਿਹਾ ਹੈ । ਉਸਨੇ ਤੇਜੇ ਨੂੰ ਕਈ ਆਵਾਜ਼ਾਂ ਮਾਰੀਆਂ ਪਰ ਤੇਜਾ ਉਸਤੋਂ ਹੋਰ ਦੂਰ ਹੋਈ ਜਾ ਰਿਹਾ ਸੀ । ਉਹ ਭੀੜ ਨੂੰ ਚੀਰਦੀ ਹੋਈ ਤੇਜੇ ਕੋਲ ਪਹੁੰਚੀ ਤੇ ਉਸਨੂੰ ਖਿਚਦੀ ਹੋਈ ਭੀੜ ਤੋਂ ਬਾਹਰ ਲੈ ਆਈ । ਤੇਜੇ ਨੇ ਉਸਦਾ ਹੱਥ ਫੜਿਆ ਤੇ ਇਕ ਮੁੰਦਰੀ ਉਂਗਲ ਵਿਚ ਪਾ ਦਿੱਤੀ । ਮੁੰਦਰੀ ਉਂਗਲ ਵਿਚ ਫਸੀ ਵੀ ਨਹੀਂ ਸੀ ਕਿ ਸਾਹਮਣੇ ਖੜੇ ਸਰਦਾਰ ਵੱਲ ਵੇਖ ਕੇ ਚੁੰਨੀ ਦਾ ਤ੍ਰਾਹ ਨਿਕਲ ਗਿਆ । ਉਸਨੇ ਆਪਣੀ ਦੁਨਾਲੀ ਵਿਚ ਗੋਲੀਆਂ ਭਰ ਲਈਆਂ ਤੇ ਚੰਨੀ ਦੀ ਬਾਂਹ ਫੜ੍ਹ ਕੇ ਹਲੂਣਿਆਂ । ਚੰਨੀ ਜਿਵੇਂ ਪੱਥਰ ਹੋ ਗਈ ਹੋਵੇ । ਡਰ ਨਾਲ ਉਸਤੋਂ ਹਿੱਲਿਆ ਵੀ ਨਹੀਂ ਸੀ ਜਾਂਦਾ । ਸਰਦਾਰ ਨੇ ਉਸਨੂੰ ਫੇਰ ਹਲੂਣਿਆਂ । ਉਹ ਤ੍ਰਭਕ ਕੇ ਉਠ ਬੈਠੀ । ਸਾਹਮਣੇ ਸ਼ਾਮੋਂ ਖੜੀ ਵੇਖ ਕੇ ਉਸਦਾ ਸਾਹ ਵਿਚ ਸਾਹ ਆਇਆ । ਉਸਦਾ ਦਿਲ ਅਜੇ ਵੀ ਤੇਜ਼ੀ ਨਾਲ ਧੜਕ ਰਿਹਾ ਸੀ ।

‘ਨੀਂ! ਕਦੋਂ ਦੀ ਖੜ੍ਹੀ ਜਗਾਈ ਜਾਨੀ ਆਂ ਮੈਂ । ਇਹ ਕੋਈ ਸੌਣ ਦਾ ਵੇਲਾ ਐ ?" ਸ਼ਾਮੋਂ ਉਸਦੇ ਨਾਲ ਬੈਠ ਗਈ । 

"ਸਾਮੋਂ ਤੂੰ....ਮੈਂ ਬਸ ਤੇਰੇ ਵੱਲ ਈ ਔਣ ਲੱਗੀ ਸੀ । ਬਸ ਪਈ ਪਈ ਨੂੰ ਪਤਾ ਈਂ ਨੀਂ ਲੱਗਿਆ ।”

“ਚੰਨੀਏਂ ! ਤੇਰਾ ਹਾਲ ਕੀ ਬਣਿਐਂ ? ਅੜੀਏ, ਐਂ ਤਾਂ ਦਿਲ ਤੇ ਨੀਂ ਲਾਈਦੀ ਗੱਲ । ਜੋ ਹੋਣਾ ਸੀ ਹੋ ਗਿਆ । ਜੰਮਣਾ ਮਰਨਾ ਤਾਂ ਆਵਦੇ ਵੱਸ ਨੀਂ ਨਾ । ਤੂੰ ਆਵਦੀ ਸਿਹਤ ਦਾ ਤਾਂ ਖਿਆਲ ਕਰ । ਕਿਵੇਂ ਭੜੋਲੇ ਵਰਗੀ ਪਈ ਸੀ ਜਦੋਂ ਮੈਂ ਪਿਛਲੀ ਵਾਰੀ ਆਈ ਸੀ ਤੇ ਹੁਣ ਵੇਖ ਲਾ ਕਿਵੇਂ ਕਾਨੇ ਅਰਗੀ ਹੋ ਗੀ।” ਸ਼ਾਮੋਂ ਸੋਚ ਰਹੀ ਸੀ ਕਿ ਚੰਨੀ ਨੂੰ ਆਪਣੇ ਬਾਪ ਤੇ ਭਰਾ ਦੀ ਮੌਤ ਦਾ ਦੁੱਖ ਹੈ । ਇਸ ਵਿਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਦੀ ਮੌਤ ਦਾ ਉਸਨੂੰ ਬੇਹੱਦ ਦੁੱਖ ਸੀ । ਪਰ ਜਿਹੜਾ ਦੁੱਖ ਉਸਨੂੰ ਅੰਦਰੋਂ ਅੰਦਰੀਂ ਘੋਲਦਾ ਜਾ ਰਿਹਾ ਸੀ, ਉਸਦਾ ਕਿਸੇ ਨੂੰ ਕੀ ਪਤਾ । ਉਸਦਾ ਦਿਲ ਕੀਤਾ ਕਿ ਸਾਰਾ ਦਿਲ ਖੋਲ੍ਹ ਕੇ ਸ਼ਾਮੋਂ ਦੇ ਸਾਹਮਣੇ ਰੱਖ ਦੇਵੇ । ਪਰ ਕਿਸੇ ਅੰਦਰਲੇ ਡਰ ਨੇ ਉਸਨੂੰ ਰੋਕ ਲਿਆ । ਉਸਦੇ ਮੂੰਹੋਂ ਕੋਈ ਬੋਲ ਨਾ ਨਿਕਲਿਆ ਤੇ ਉਹ ਸ਼ਾਮੋਂ ਦੇ ਮੋਢੇ 'ਤੇ ਸਿਰ ਰੱਖ ਰੋਣ ਲੱਗ ਪਈ । ਸ਼ਾਮੋਂ ਦਾ ਆਪਣਾ ਮਨ ਵੀ ਭਰ ਆਇਆ।

“ਐਂ ਨਾ ਕਰ ਭੈਣੇ ! ਰੋ ਰੋ ਕੇ ਦੀਦੇ ਗਾਲ ਲਏਂਗੀ ! ਚੁੱਪ ਕਰ ਜਾ।" ਸ਼ਾਮੋਂ ਉਸਨੂੰ ਦਿਲਾਸਾ ਦਿੰਦੀ ਰਹੀ ਪਰ ਚੰਨੀ ਨੇ ਅਜ ਰੋਣ ਦੀਆਂ ਸਾਰੀਆਂ ਕਸਰਾਂ ਕਢ ਲਈਆਂ । ਜਦ ਉਸਦਾ ਮਨ ਹਲਕਾ ਹੋਇਆ ਤਾਂ ਰੋਣ ਵੀ ਥੰਮ੍ਹਿਆ ਗਿਆ ।

“ਹੋਰ ਸਾਰੇ ਠੀਕ ਠਾਕ ਐ ?” ਚੰਨੀ ਅੱਖਾਂ ਪੂੰਝਦੀ ਬੋਲੀ ।

‘ਹਾਂ ਠੀਕ ਐ ।”

‘ਜੀਜਾ ਵੀ ਆਇਆ ਨਾਲ ਕਿ....। ”

‘ਹਾਹੋ ਕੱਲ੍ਹ ਨੂੰ ਮੁੜ ਜਾਵਾਂਗੇ ।" ਸ਼ਾਮੋਂ ਨੇ ਦੇਖਿਆ ਕਿ ਚੰਨੀ ਜਿਵੇਂ ਰਸਮੀ ਜਿਹੀ ਗੱਲਬਾਤ ਕਰ ਰਹੀ ਹੋਵੇ । ਪਹਿਲਾਂ ਵਾਲਾ ਅਲ੍ਹੜਪਣ ਉਸ ਵਿਚ ਕਿਤੇ ਨਜ਼ਰ ਨਹੀਂ ਸੀ ਆ ਰਿਹਾ । ਅੱਗੇ ਉਹ ਬੜੇ ਉਤਾਵਲੇਪਣ ਨਾਲ ਅਤੇ ਚਹਿਕ ਕੇ ਜੀਜੇ ਬਾਰੇ ਗੱਲਾਂ ਕਰਿਆ ਕਰਦੀ ਸੀ, ਪਰ ਹੁਣ ਉਸਨੇ ਕਿਸੇ ਸਿਆਣੀ ਬੁੜ੍ਹੀ ਵਾਂਗ ਉਸ ਬਾਰੇ ਪੁੱਛਿਆ ਸੀ ।

‘ਐਨੀ ਛੇਤੀ? ”

“ਇਕ ਦਿਹਾੜੀ ਥੋੜ੍ਹੀ ਐ ?"

“ਲੈ, ਦਿਹਾੜੀ ‘ਚ ਤੂੰ ਕੀਹਨੂੰ ਮਿਲੇਂਗੀ ਤੇ ਕੀਹਨੂੰ ਛੱਡੇਂਗੀ ?" 

“ਬੱਸ ਇਕ ਤੈਨੂੰ ਤਾਂ ਮਿਲਣਾ ਹੁੰਦੈ, ਹੋਰ ਕਿਹੜਾ ਮੈਂ ਤੇਰੇ ਆਂਗੂੰ….।” ਸ਼ਾਮੋਂ ਆਪਣੀ ਗੱਲ ਅਧੂਰੀ ਛੱਡ ਕੇ ਮੁਸਕਰਾ ਪਈ । 

‘ਸੌਂਕਣੇ ਤੂੰ ਨਾ ਟਲੀਂ ਭਕਾਈ ਮਾਰਨੋ ।” ਚੰਨੀ ਨੇ ਉਸਨੂੰ ਪੋਲਾ ਜਿਹਾ ਧੱਕਾ ਦੇ ਦਿੱਤਾ ।

‘ਇਕ ਚੀਜ਼ ਲਿਆਈ ਸੀ ਤੇਰੇ ਆਸਤੇ । ਪਹਿਲਾਂ ਛਾਪ ਦਖਾ ਹੈਗੀ ਕਿ ਗੁਆ ‘ਤੀ ।"

‘ਕੇੜ੍ਹੀ ਛਾਪ ?’’

“ਲੈ ਬਣਦੀ ਦੇਖ ਕਿਵੇਂ ਐ ....ਜੇੜ੍ਹੀ ਉਸ ਧਗੜੇ ਤੋਂ ਲਈ ਸੀ।” 

‘ਹੈਗੀ ਐ...ਤੂੰ ਦਖਾ ਕੀ ਗਿੱਦੜ ਸਿੰਗੀ ਲੈ ਕੇ ਆਈ ਐਂ ।” 

‘ਤੇਰੀਆਂ ਉਂਗਲਾਂ ’ਚ ਤਾਂ ਹੈ ਨੀਂ। ਚੰਗਾ ਤਾਂ ਨਸ਼ਾਨੀ ਸੰਭਾਲ ਕੇ ਰੱਖੀ ਐ । ਆਹ ਲੈ, ਦੇਦੀਂ ਤੂੰ ਵੀ ਨਸ਼ਾਨੀ ਓਸ ਨੂੰ ।" ਸ਼ਾਮੋਂ ਨੇ ਆਪਣੀ ਮੁੱਠੀ 'ਚ ਘੁੱਟਿਆ ਦੁੱਧ ਚਿੱਟਾ ਰੁਮਾਲ ਉਸ ਵੱਲ ਵਧਾਇਆ । ਦਸੂਤੀ ਤੇ ਲਾਲ ਹਰੇ ਰੰਗ ਨਾਲ ਕੱਢੇ ਦੋ ਫੁੱਲ ਮਨ ਨੂੰ ਮੋਂਹਦੇ ਸਨ । “ਮੈਂ ਆਵਦੀ ਨਣਾਨ ਆਸਤੇ ਕੱਢੇ ਸੀ । ਇਕ ਤੇਰੇ ਆਸਤੇ ਲੈ ਆਈ ।”

“ਸ਼ਾਮੋਂ ! ਕੋਈ ਚੱਜ ਦੀ ਗੱਲ ਕਰ । ਐਵੇਂ ਨਾ ਕਮਲ ਮਾਰ ।” ਚੰਨੀ ਰੁਮਾਲ ਨੂੰ ਦੇਖ ਕੇ ਉਦਾਸ ਹੋ ਗਈ । ਮਨੁੱਖੀ ਮਨ ਦਾ ਸੁਭਾਅ ਹੈ ਕਿ ਉਹ ਮਾਹੌਲ ਨਾਲ ਰਚਣ ਦੀ ਸੋਚਦਾ ਹੈ ਪਰ ਕਿਸੇ ਅਤੀਤ ਦੇ ਪਰਛਾਵੇਂ ਉਸ ਉਪਰ ਆਪਣਾ ਗਲਬਾ ਪਾਈ ਰਖਦੇ ਹਨ । ਹਰ ਮਨੁੱਖ ਕਿਸੇ ਖਾਸ ਕਿਸਮ ਦੇ ਮਾਹੌਲ ਵਿਚ ਵਿਚਰਦਾ ਹੈ । ਕਈ ਵਾਰ ਉਹ ਆਪਣੇ ਮਾਹੌਲ ਨੂੰ ਬੋਝਲ ਸਮਝਦਾ ਹੈ, ਪਰ ਉਹ ਚਾਹੁੰਦਾ ਹੋਇਆ ਵੀ ਉਸਨੂੰ ਬਦਲ ਨਹੀਂ ਸਕਦਾ । ਸਭ ਕੁਛ ਵੱਸ ਵਿੱਚ ਹੁੰਦਿਆਂ ਵੀ ਬੇਵਸ ਹੁੰਦਾ ਹੈ ।

“ਕਿਉਂ ਇਹ ਗੱਲ ਮਾੜੀ ਐ ਕੁੜੇ ?" ਸ਼ਾਮੋਂ ਆਪਣਾ ਰੁਮਾਲ ਉਸਦੇ ਹੱਥ 'ਤੇ ਰਖਦੀ ਬੋਲੀ ।

‘ਏਹੋ ਜੀਆਂ ਗੱਲਾਂ ਨੀਂ ਹੁਣ ਚੰਗੀਆਂ ਲਗਦੀਆਂ ।”

“ਕਿਉਂ ਹੁਣੇ ਸੱਤਰੀ ਬਹੱਤਰੀ ਹੋ ਗੀ ?” 

‘ਜੋ ਮਰਜੀ ਸਮਝ ਲਾ। ਮੈਂ ਤੈਨੂੰ ਦੱਸ ਨੀਂ ਸਕਦੀ ਮੈਂ ਕਿੰਨੀ ਦੁਖੀ ਆਂ।” 

‘ਲੈ, ਮੈਂ ਕਿਹੜਾ ਸਮਝਦੀ ਨੀਂ । ਪਰ ਦੁਖੀ ਹੋ ਕੇ ਕਿਤੇ ਦਿਨ ਸੌਖੇ ਨਿਕਲਦੇ ਐ । ਜੇਹੜੇ ਚਾਰ ਦਿਨ ਹੱਸ ਕੇ ਕਢ ਲਈਏ ਉਹੀ ਲਾਹੇ ਦੇ ਐ । ਆਂਹਦੇ ਐ ਕੁਆਰਿਆਂ ਦੀਆਂ ਖੁਸ਼ੀਆਂ ਵਿਆਹਿਆ ਦੇ ਝੋਰੇ ।"

‘ਤੂੰ ਆਵਦੀ ਤਾਂ ਦੇਹ ਖਬਰ ਕੋਈ।”

‘ਬੱਸ ਚੰਗੀ ਐ, ਜਿਹੜੀ ਨੰਘੀ ਜਾਂਦੀ ਐ ।”

“ਤੇਰੀ ਸੱਸ ਕਿਹੋ ਜੀ ਐ ?"

‘ਸੱਸ ਦੀ ਨਾ ਪੁੱਛ ਤੂੰ । ਨਿੱਕੀ ਜੀ ਗੱਲ ਤੇ ਪਿਛਲੇ ਪੁਣਨ ਬਹਿ ਜਾਂਦੀ ਐ । ਐਨੀ ਬੁਰੀ ਨੀਂ ਕਿਸੇ ਦੀ ਸੱਸ ਹੋਣੀ, ਜਿੰਨੀ ਮੇਰੀ ਐ । ਆਖੂ ਬੱਸ ਮੇਰੀ ਹਾਂ ‘ਚ ਹਾਂ ਮਿਲਾਈ ਚੱਲੋ । ਗਿੱਠ ਦੀ ਜੁਬਾਨ ਲੱਗੀ ਐ ਉਹਦੀ।”

‘ਤੇ ਤੂੰ ਫੇਰ ਚੁੱਪ ਚਾਪ ਸਹਿ ਲੈਨੀਂ ਐ ਸਾਰਾ ਕੁਛ ?" 

‘ਲੈ ਮੇਰੀ ਸਹਿੰਦੀ ਐ ਜੁੱਤੀ । ਮੈਂ ਉਨ੍ਹਾਂ ਦੀ ਗੋਲੀ ਆਂ । ਤੇਰਾ ਜੀਜਾ ਈ ਨੀਂ ਮੇਰੀ ਪੇਸ਼ ਜਾਣ ਦਿੰਦਾ ਨਈਂ ਮੈਂ ਤਾਂ ਦਿਨੇ ਈ ਤਾਰੇ ਦਿਖਾ ਦਿਆਂ ਵੱਡੀ ਮੀਰ ਜਾਦੀ ਨੂੰ ।”

“ਮੇਰੇ ਜੀਜੇ ਨੂੰ ਕਿਉਂ ਨਿੰਦਦੀ ਐਂ ਕੁੜੇ ?ਵਿਚਾਰੇ ਨੇ ਕਦੇ ਮੂੰਹ ਤਾਂ ਖੋਲ੍ਹਿਆ ਨੀਂ।” 

“ਸੁਭਾਅ ਤਾਂ ਨੀ ਮਾੜਾ । ਊਂ ਲਾਈਲੱਗ ਐ । ਜਿਵੇਂ ਮਾਂ ਨੇ ਕਹਿਤਾ ਉਹੀ ਆਖੂ ਪੱਥਰ ਤੇ ਲੀਕ ਐ । ਚੱਲ ਛੱਡ, ਤੂੰ ਦੱਸ ਕਦੋਂ ਦੀ ਆਸ ਰੱਖੀਏ ਤੇਰੇ ਵਿਆਹ ਦੀ ।”

“ਕਾਹਦੀ ਆਸ....ਸਾਰੀਆਂ ਆਸਾਂ ਮਿੱਟੀ ਹੋ ਗਈਆਂ।ਮਾਪਿਆਂ ਦੇ ਸਿਰ ਤੇ ਈ ਆਸਾਂ ਪੂਰੀਆਂ ਹੋਣੀਆਂ ਸੀ । ਜਦੋਂ ਰੱਬ ਨੇ ਮੈਥੋਂ ਸਾਰਾ ਕੁਛ ਈ ਖੋਹ ਲਿਆ ਤਾਂ ਆਸ ਕਾਹਦੀ ਕਰਨੀ ਹੋਈ।ਜੇ ਮੁੰਡਾ ਹੁੰਦਾ ਤਾਂ ਹੋਰ ਗੱਲ ਸੀ । ਕੁੜੀ ਦਾ ਕੀ ਐ, ਜੀਨੇ ਹੱਕ ਲੀ, ਉਦੇ ਨਾਂ ਹੋ ਤੁਰੀ ।” 

‘ਤਾਈ ਤਾਂ ਆਂਹਦੀ ਸੀ ਦਿਨਾਂ 'ਚ ਈ ਵਿਆਹ ਕਰਾ ਦੂੰ ।”

‘ਤਾਈ ਵੱਲੋਂ ਤਾਂ ਕੋਈ ਕਸਰ ਨੀਂ । ਅੱਜ ਵੀ ਗਈ ਹੋਈ ਐ । ਮੈਨੂੰ ਤਾਂ ਪਤਾ ਕਰਨ ਜਾਂਦੀ ਨੂੰ ਵੀ ਸੰਗ ਔਂਦੀ ਐ । ਮੇਰੀ ਤਾਂ ਕਿਸਮਤ ਈ ਰੱਬ ਨੇ ਪਸੂਆਂ ਅਰਗੀ ਲਿਖਤੀ ।”

“ਕਿਉਂ ਦੋਸ਼ ਦਿੰਨੀ ਐਂ ਕਿਸਮਤ ਨੂੰ । ਰੱਬ ਬਥੇਰੀ ਚੰਗੀ ਕਰੂਗਾ, ਉਹਦੇ ਰੰਗਾਂ ਨੂੰ ਕੋਈ ਨੀਂ ਜਾਣਦਾ ।” 

“ਸ਼ਾਮੋਂ ! ਮੇਰਾ ਤਾਂ ਜੀਅ ਕਰਦੈ ਕਿਤੇ ਉਡ ਜਾਂ । ਬੱਸ ਜੀ ਜਿਆ ਨੀ ਲਗਦਾ ।”

“ਜਦੋਂ ਜੀ ਦਾਸ ਹੋਵੇ ਤਾਂ ਸਾਡੇ ਘਰ ਜਾਂਦੀ ਰਹੀ । ਗੱਲਾਂ ਬਾਤਾਂ ਕਰਕੇ ਮਨ ਤੋਂ ਭਾਰ ਲਹਿ ਜਾਂਦੈ । ਚੰਗਾ ਮੈਂ ਤਾਂ ਚਲਦੀ ਆਂ । ਤੇਰਾ ਜੀਜਾ ਝਾਕਦਾ ਹੋਊ ਪਤਾ ਨੀਂ ਕਿਧਰ ਚਲੀ ਗਈ ਮੈਨੂੰ ਛੱਡ ਕੇ । ਆ ਜੀਂ ਤੂੰ ਓਧਰ।”

ਸ਼ਾਮੋਂ ਉਠ ਕੇ ਚਲੀ ਗਈ । ਚੰਨੀ ਦੀ ਨਜ਼ਰ ਕਿੰਨਾਂ ਚਿਰ ਦਰਵਾਜ਼ੇ 'ਤੇ ਅਟਕੀ ਰਹੀ । ਕਦੇ ਉਸਦਾ ਦਿਮਾਗ ਸ਼ਾਮੋ ਬਾਰੇ ਸੋਚਦਾ ਤੇ ਕਦੇ ਉਸਦੀ ਆਪਣੀ ਜ਼ਿੰਦਗੀ ਦਿਮਾਗ 'ਚੋਂ ਲੰਘਦੀ । ਉਹ ਇਕ ਠੰਡਾ ਸਾਹ ਭਰਦੀ ਹੋਈ ਮੰਜੇ ਤੋਂ ਉਠ ਖੜੀ । ਉਸਦੀ ਨਜ਼ਰ ਮੰਜੇ 'ਤੇ ਪਏ ਰੁਮਾਲ ਤੇ ਗਈ ਜੋ ਸ਼ਾਮੋਂ ਛੱਡ ਗਈ ਸੀ । ਉਸਨੇ ਬੁਝੇ ਮਨ ਨਾਲ ਰੁਮਾਲ ਨੂੰ ਚੁੱਕ ਲਿਆ । ਹੌਲੀ ਹੌਲੀ ਤੁਰਦੀ ਉਹ ਆਲੇ ਕੋਲ ਪਹੁੰਚੀ । ਉਸਨੇ ਦੇਖਿਆ ਕਿ ਮੁੰਦਰੀ ਉਵੇਂ ਪਈ ਸੀ ਪਰ ਉਸਦਾ ਰੰਗ ਕੁਛ ਕਾਲਾ ਪੈ ਗਿਆ ਸੀ । ਉਸਨੇ ਮੁੰਦਰੀ ਚੱਕ ਕੇ ਰੁਮਾਲ ੱਤੇ ਰੱਖੀ ਜਿਵੇਂ ਮੇਲਣਾ ਚਾਹੁੰਦੀ ਹੋਵੇ ਕਿ ਕਿਹੜੀ ਚੀਜ਼ ਪਿਆਰੀ ਹੈ । ਉਸਦੀਆਂ ਅੱਖਾਂ ਸਾਹਮਣੇ ਤੇਜੇ ਦਾ ਭੋਲਾ ਜਿਹਾ ਮੂੰਹ ਆ ਗਿਆ । ਉਸਨੂੰ ਉਹ ਦਿਨ ਅਜ ਵਾਂਗ ਹੀ ਯਾਦ ਸੀ ਜਦ ਇਹ ਮੁੰਦਰੀ ਤੇਜੇ ਨੇ ਦਿੱਤੀ ਸੀ । ਚੰਨੀ ਦਾ ਮਨ ਕਾਹਲਾ ਪੈਣ ਲੱਗਿਆ । ਉਸਦੇ ਦਿਮਾਗ 'ਚ ਇਕ ਅਜੀਬ ਜਿਹੀ ਉਥਲ ਪੁਥਲ ਹੋ ਰਹੀ ਸੀ।

“ਵਚਾਰਾ ਤੇਜਾ ਕਿੰਨਾਂ ਮੋਹ ਜਿਹਾ ਕਰਦਾ ਸੀ ਮੇਰੇ ਨਾਂ ...ਕਿਵੇਂ ਓਦਣ ਗੱਲਾਂ ਕਰਦਾ ਸੀ....ਏਸ ਕੁੱਤੇ ਸਰਪੰਚ ਨਾਲੋਂ ਤਾਂ ਲੱਖ ਦਰਜੇ ਚੰਗੈ....ਜਿੱਦਣ ਦਾ ਬਾਪੂ ਮਰਿਐ, ਵਚਾਰੇ ਨੇ ਅੱਖ ਚੱਕ ਕੇ ਨੀਂ ਦੇਖਿਆ....ਅੱਗੇ ਤਾਂ ਭਲਾ ਮਸ਼ਕਰੀਆਂ ਜੀਆਂ ਕਰਦਾ ਰਹਿੰਦਾ ਸੀ....ਏਸ ਕੁੱਤੇ ਆਂਗੂੰ ਕਦੇ ਹੱਥ ਤਾਂ ਨੀਂ ਪਾਇਆ .....ਕਿੰਨੀ ਆਰੀ ਗੋਂਦਾ ਹੁੰਦਾ ਸੀ....ਤੇਰੀਆਂ ਮੈਂ ਲੱਖ ਮੰਨੀਆਂ, ਮੇਰੀ ਇਕ ਵੀ ਮੰਨੋਂ ਤਾਂ ਜਾਣਾ ....ਤੇਜਿਆ ! ਤੇਰੀਆਂ ਤਾਂ ਮੈਂ ਲੱਖ ਵੀ ਮੰਨ ਲੂੰ । ਮੇਰਾ ਕੀ ਐ ਤੂੰ ਆਖ ਤਾਂ ਸਈ ਹੁਣ ਇਕ ਆਰੀ....ਸਰਪੰਚ ਨਾਲੋਂ ਤਾਂ ਚੰਗਾ ਈ ਐ ਤੇਰਾ ਮੂੰਹ ਢਿਲਕਿਆ ਕਿਉਂ ਦੇਖਾਂ..... ਮੈਂ ਆਪ ਈ ਆਖਦੂੰ ਤੈਨੂੰ.... ਹੁਣ ਆ ਈ ਗਿਆ ਹੋਊ ਕੰਮ ਤੋਂ.....ਨਲੇ ਤਾਈ ਨੀਂ ਘਰ.... ਮੈਂ ਹੁਣੇ ਜਾਨੀਂ ਆਂ ਉਹਦੇ ਘਰ । ਸੋਚਦੀ ਚੰਨੀ ਜਿਵੇਂ ਅਭੜਵਾਹੇ ਨੀਂਦ 'ਚੋਂ ਜਾਗੀ ਹੋਵੇ । ਉਸਨੇ ਮੁੰਦਰੀ ਉਂਗਲ ‘ਚ ਪਾ ਲਈ ਤੇ ਤੇਜੇ ਹੋਰਾਂ ਦੇ ਘਰ ਵੱਲ ਤੁਰ ਪਈ ।

ਚੰਨੀ ਤੁਰੀ ਜਾ ਰਹੀ ਸੀ । ਉਸਦੇ ਦਿਮਾਗ ਵਿਚ ਉਲਾਰ ਸੋਚਾਂ ਨੇ ਹਨੇਰੀ ਲਿਆਂਦੀ ਹੋਈ ਸੀ । ਕੁਛ ਚਿਰ ਮਗਰੋਂ ਉਹ ਤੇਜੇ ਦੇ ਘਰ ਪਹੁੰਚ ਗਈ।ਤੇਜਾ ਅਜੇ ਹੁਣੇ ਹੀ ਕੰਮ ਤੋਂ ਆਇਆ ਸੀ।ਤੇਜੇ ਨੂੰ ਦੇਖ ਕੇ ਚੰਨੀ ਦਾ ਦਿਲ ਬੇਮੁਹਾਰਾ ਧੜਕ ਉਠਿਆ । ਉਸਦੀ ਹਿੰਮਤ ਜਿਵੇਂ ਜਵਾਬ ਦੇ ਗਈ ਹੋਵੇ । ਉਹ ਬੂਹੇ 'ਚ ਹੀ ਰੁਕ ਗਈ । ਉਸਦੇ ਪੈਰ ਜਿਵੇਂ ਦਸ ਮਣ ਦੇ ਹੋ ਗਏ ਹੋਣ ।

"ਚੰਨੀ ਐਂ...ਆ ਜਾ ।” ਤੇਜੇ ਦੀ ਆਵਾਜ਼ ਸੁਣ ਕੇ ਚੰਨੀ ਜਿਵੇਂ ਹੋਸ਼ ਵਿਚ ਆਈ ਹੋਵੇ।ਉਹ ਅੰਦਰ ਲੰਘ ਗਈ ।


‘ਮੈਂ.... ਆਈ ਸੀ...ਮੈਂ ...।” ਚੰਨੀ ਨੂੰ ਜਿਵੇਂ ਸ਼ਬਦ ਨਹੀਂ ਸਨ ਅਹੁੜ ਰਹੇ।ਉਸਦਾ ਸਰੀਰ ਕੰਬਣ ਲੱਗ ਪਿਆ । ਉਸਦਾ ਦਿਮਾਗ ਉਸਨੂੰ ਵਾਪਸ ਮੁੜ ਜਾਣ ਨੂੰ ਪ੍ਰੇਰ ਰਿਹਾ ਸੀ ਜਿਵੇਂ ਉਹ ਕੋਈ ਪਾਪ ਕਰ ਰਹੀ ਹੋਵੇ ।

“ਬਹਿ ਜਾ ।” ਤੇਜਾ ਉਸਨੂੰ ਝਿਜਕਦੀ ਦੇਖ ਕੇ ਬੋਲਿਆ । 

‘ਨਈਂ...ਮੈਂ ਤਾਈ ਨੂੰ ਪੁੱਛਣ ਆਈ ਸੀ ।”

“ਉਹ ਤਾਂ ਆਈ ਨੀਂ ਅਜੇ ।”

‘ਚੰਗਾ ।” ਆਖਦੀ ਹੋਈ ਚੰਨੀ ਕਾਹਲੇ ਕਦਮੀਂ ਘਰ ਵੱਲ ਮੁੜ ਪਈ। ਜਿੰਨਾਂ ਚਿਰ ਖੜ੍ਹੀ ਰਹੀ, ਉਸਦੀਆਂ ਅੱਖਾਂ ਉਪਰ ਨਹੀਂ ਉਠੀਆਂ । ਘਰ ਆ ਕੇ ਉਹ ਮੰਜੇ 'ਤੇ ਇਉਂ ਡਿੱਗੀ ਜਿਵੇਂ ਬੇਹੱਦ ਥੱਕੀ ਹੋਵੇ ।




16

ਹਰਦੇਵ ਸਤਾਰਾਂ ਵਰ੍ਹਿਆ ਦਾ ਹੋ ਚੁੱਕਿਆ ਸੀ ਪਰ ਦੇਖਣ ਨੂੰ ਉਹ ਵੀਹਾਂ ਤੋਂ ਘੱਟ ਨਹੀਂ ਸੀ ਲੱਗਦਾ । ਜਦੋਂ ਦਾ ਫੇਲ੍ਹ ਹੋ ਕੇ ਪੜ੍ਹਨੋਂ ਹਟਿਆ ਸੀ, ਉਦੋਂ ਦੀਆਂ ਉਸਨੇ ਖੇਤਾਂ ਦੀਆਂ ਵੋਟਾਂ ਮਿੱਧਣ ਜਾਂ ‘ਵਿਹੜੇ ਵਿਚ ਗੇੜੇ ਮਾਰਨ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਸੀ ਕੀਤਾ । ਖਾਣ ਪੀਣ ਨੂੰ ਖੁਲ੍ਹਾ ਸੀ। ਜਦੋਂ ਦਿਲ ਕਰਦਾ, ਟਰੈਕਟਰ ਲੈ ਕੇ ਸ਼ਹਿਰ ਦਾ ਗੇੜਾ ਕੱਢਣ ਤੁਰ ਜਾਂਦਾ । ਸੁਭਾਅ ਦਾ ਉਹ ਆਪਣੇ ਪਿਉ ਨਾਲੋਂ ਵੀ ਵੱਧ ਗੁਸੈਲ ਤੇ ਲੋੜੋਂ ਵੱਧ ਅਮੋੜ ਹੋ ਚੁੱਕਾ ਸੀ ।

ਜਦੋਂ ਦੀ ਚੁੰਨੀ ਉਨ੍ਹਾਂ ਦੇ ਘਰ ਆਉਣ ਲੱਗੀ ਸੀ, ਉਦੋਂ ਦੀ ਉਸਦੇ ਦਿਲ ਨੂੰ ਜਿਵੇਂ ਖੋਹ ਜਿਹੀ ਪੈਂਦੀ ਹੋਵੇ । ਉਹ ਕਿਸੇ ਮੌਕੇ ਤੇ ਬਹਾਨੇ ਦੀ ਤਲਾਸ਼ ਵਿਚ ਸੀ ਜਦੋਂ ਉਸ ਨਾਲ ਗੱਲ ਕਰੇ । ਉਸਨੂੰ ਆਪਣੇ ਬਾਪੂ 'ਤੇ ਗੁੱਸਾ ਆਉਂਦਾ ਜੋ ਚੰਨੀ ਦੇ ਆਸ ਪਾਸ ਹੀ ਰਹਿੰਦਾ ਸੀ । ਉਸਨੇ ਕਈ ਤਰੀਕਿਆਂ ਨਾਲ ਚੰਨੀ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਚੰਨੀ ਨੂੰ ਕੁਛ ਪਤਾ ਹੀ ਨਹੀਂ ਸੀ ਲਗਦਾ । ਉਹ ਅੱਧੀ ਅੱਧੀ ਰਾਤ ਤਕ ਸੋਚਾਂ ਵਿਚ ਡੁੱਬਿਆ ਰਹਿੰਦਾ ਪਰ ਨੀਂਦ ਉਸਦੇ ਨੇੜੇ ਨਾ ਆਉਂਦੀ । ਹੁਣ ਉਹ ਦੂਜੇ ਤੀਜੇ ਦਿਨ ਪੀਣ ਵੀ ਲੱਗ ਪਿਆ ਸੀ । ਉਸਦਾ ਜੋਟੀਦਾਰ ਆਮ ਤੌਰ ੱਤੇ ਬਲਕਾਰ ਹੀ ਹੁੰਦਾ ।

"ਕਾਰੀ ! ਕੋਈ ਦੱਸ ਜਾਰ ਢੰਗ ਕਿਵੇਂ ਗੱਲ ਬਣੇ !''

‘ਕਿਹੜੀ ਗੱਲ ਬਈ ?” 

‘ਉਹੀ ਚੰਨੀ ਆਲੀ । ਸਹੁਰੀ ਝਾਕਦੀ ਈ ਨੀਂ ਜਿਵੇਂ ਸਰਦਾਰਾਂ ਦੀ ਧੀ ਹੁੰਦੀ ਐ । ਇਕ ਮੇਰਾ ਬਾਪੂ ਨੀਂ ਮੌਕਾ ਲੱਗਣ ਦਿੰਦਾ । ਸਾਰੀ ਦਿਹਾੜੀ ਉਹਦੇ ਦੁਆਲੇ ਪੈਲਾਂ ਜੀਆਂ ਪਾਈ ਜਾਊ ਮੋਰ ਆਂਗੂੰ ।”

“ਤੂੰ ਉਹਦੇ ਘਰ ਜਾ ਵੱਜ । ਕੱਲੀ ਤਾਂ ਹੈਗੀ ਐ ।”

“ਲੈ, ਮੇਰੇ ਤਾਂ ਦਮਾਗ 'ਚ ਈ ਨੀਂ ਸੀ ਆਈ ਇਹ ਗੱਲ । ਅੱਜ ਈ ਲੈ, ਤੂੰ ਦੱਸ ਨਾਲ ਜਾਣੈ ਤਾਂ ।”

“ਅੱਜ ਤੂੰ ਈ ਜਾਹ, ਸਾਡੇ ਘਰ ਪ੍ਰਾਹੁਣੇ ਆਏ ਹੋਏ ਐ । ਫੇਰ ਸਹੀ ਕਿਸੇ ਦਿਨ ।”

“ਪਰ ਜਾਰ ਜੇ ਉਹ ਨਾ ਮੰਨੀ । ਕਿਤੇ ਰੌਲਾ ਈ ਨਾ ਪਾ ਦੇਵੇ ।” ਹਰਦੇਵ ਦਾ ਦਿਲ ਡਰ ਗਿਆ ।

“ਤੂੰ ਆਖਦੀਂ ਮੈਨੂੰ ਸਾਰਾ ਕੁਝ ਪਤੈ ਤੇਰਾ ਤੇ ਬਾਪੂ ਦਾ । ਡਰਾਵਾ ਦੇ ਦੀਂ ਸਾਰੇ ਪਿੰਡ ਨੂੰ ਦੱਸਣ ਦਾ ।"

‘ਹਾਂ ਇਹ ਗੱਲ ਠੀਕ ਐ ।” ਹਰਦੇਵ ਦੇ ਚਿਹਰੇ ਤੇ ਰੌਣਕ ਆ ਗਈ। ਸ਼ਰਾਬ ਦੇ ਨਸ਼ੇ ਨੇ ਉਸਦੀ ਹਿੰਮਤ ਵਿਚ ਹੋਰ ਵਾਧਾ ਕੀਤਾ । ਉਹ ਉਥੋਂ ਉਠ ਕੇ ਘਰ ਵੱਲ ਚੱਲ ਪਿਆ । ਘਰ ਵੱਲ ਜਾਣ ਦੀ ਬਜਾਇ ਉਸਦੇ ਕਦਮ ਵਿਹੜੇ ਵੱਲ ਹੋ ਤੁਰੇ । ਅਜੇ ਬਹੁਤਾ ਹਨੇਰਾ ਨਹੀਂ ਸੀ ਹੋਇਆ । ਉਸਨੇ ਦੇਖਿਆ ਚੰਨੀ ਦੇ ਘਰ ਦੀ ਕੱਚੀ ਕੰਧ ਬਹੁਤੀ ਉਚੀ ਨਹੀਂ ਸੀ । ਉਸਨੂੰ ਆਸਾਨੀ ਨਾਲ ਟੱਪਿਆ ਜਾ ਸਕਦਾ ਸੀ । ਉਹ ਕਾਹਲੇ ਕਦਮੀਂ ਘਰ ਵੱਲ ਚੱਲ ਪਿਆ ।

ਥੋੜ੍ਹੀ ਥੋੜ੍ਹੀ ਠੰਡ ਉਤਰ ਆਈ ਸੀ ਜਿਸ ਕਾਰਣ ਕੁਛ ਲੋਕ ਅੰਦਰ ਪੈਣ ਲੱਗ ਪਏ ਸਨ । ਪਰ ਬਹੁਤੇ ਅਜੇ ਬਾਹਰ ਹੀ ਸੌਂਦੇ ਸਨ । ਹਰਦੇਵ ਰੋਟੀ ਖਾ ਕੇ ਚੁਬਾਰੇ ਚੜ੍ਹ ਗਿਆ । ਉਸ ਲਈ ਸਮਾਂ ਹੌਲੀ ਹੌਲੀ ਬੀਤ ਰਿਹਾ ਸੀ । ਕੋਈ ਇਕ ਘੰਟੇ ਮਗਰੋਂ ਉਸਨੇ ਦੇਖਿਆ ਕਿ ਉਸਦੀ ਮਾਂ ਤੇ ਬਾਪੂ ਸੌਂ ਚੁੱਕੇ ਹਨ ਤਾਂ ਉਹ ਪੋਲੇ ਪੈਰੀਂ ਥੱਲੇ ਉਤਰਿਆ । ਸੋਚ ਰਿਹਾ ਸੀ ਕਿਸੇ ਨੇ ਪੁੱਛਿਆ ਤਾਂ ਬਾਹਰ ਜਾਣ ਦਾ ਬਹਾਨਾ ਲਾ ਦੇਵੇਗਾ । ਪਰ ਕਿਸੇ ਨੂੰ ਪਤਾ ਨਾ ਲੱਗਿਆ । ਉਸਨੇ ਹੌਲੀ ਜਿਹੀ ਬਾਹਰਲੇ ਛੋਟੇ ਦਰਵਾਜ਼ੇ ਦੀ ਅਰਲ ਲਾਹੀ ਤੇ ਬਿਨਾਂ ਆਵਾਜ਼ ਕੀਤਿਆਂ ਦਰਵਾਜ਼ਾ ਥੋੜ੍ਹਾ ਜਿਹਾ ਖੋਲ੍ਹ ਕੇ ਬਾਹਰ ਨਿਕਲ ਗਿਆ । ਉਸਨੇ ਖੇਸ ਦੀ ਬੁੱਕਲ ਮਾਰੀ ਹੋਈ ਸੀ ਤਾਂ ਕਿ ਕੋਈ ਸਿਆਣ ਨਾ ਸਕੇ।

ਛੇਤੀ ਹੀ ਉਹ ਚੰਨੀ ਦੇ ਘਰ ਕੋਲ ਪਹੁੰਚ ਗਿਆ । ਉਸਨੇ ਆਸੇ ਪਾਸੇ ਦੇਖਿਆ, ਕੋਈ ਨਹੀਂ ਸੀ । ਆਪਣੇ ਖੇਸ ਦੀ ਬੁੱਕਲ ਚੰਗੀ ਤਰ੍ਹਾਂ ਕੱਸ ਕੇ ਉਹ ਕੱਚੀ ਕੰਧ ਤੇ ਚੜ੍ਹ ਗਿਆ । ਕੱਚੀ ਕੰਧ ਤੋਂ ਉਸਨੂੰ ਡਰ ਵੀ ਲੱਗਿਆ ਕਿਤੇ ਡਿੱਗ ਈ ਨਾ ਪਵੇ । ਪਰ ਕੰਧ ਕਾਇਮ ਰਹੀ । ਉਸਨੇ ਹੌਲੀ ਜਿਹੀ ਅੰਦਰ ਛਾਲ ਮਾਰ ਦਿੱਤੀ । ਚੰਨੀ ਵਿਹੜੇ ਵਿਚ ਸੁੱਤੀ ਪਈ ਸੀ । ਛੜੱਪ ਦੀ ਆਵਾਜ਼ ਹੋਣ ਨਾਲ ਉਸਦੀ ਅੱਖ ਖੁੱਲ੍ਹ ਗਈ । ਸਾਹਮਣੇ ਕਿਸੇ ਆਦਮੀ ਨੂੰ ਖੜ੍ਹਾ ਦੇਖ ਕੇ ਉਹ ਤਰੇਲੀਓ ਤਰੇਲੀ ਹੋ ਗਈ । ਉਸਦੇ ਮੂੰਹੋਂ ਡਰ ਨਾਲ ਆਵਾਜ਼ ਵੀ ਨਾ ਨਿਕਲੀ । ਹਨੇਰੀ ਰਾਤ ‘ਚ ਉਹ ਪਹਿਚਾਨ ਨਾ ਸਕੀ ਕਿ ਕੌਣ ਹੈ । ਜਦ ਆਦਮੀ ਨੇੜੇ ਆਇਆ ਤਾਂ ਉਹ ਥਰ ਥਰ ਕੰਬਣ ਲੱਗ ਪਈ।

“ਕ....ਕੌਣ ਐ ?” ਚੰਨੀ ਘਗਿਆਈ ਆਵਾਜ਼ ਵਿਚ ਬੋਲੀ । 

“ਘਬਰਾ ਨਾ, ਮੈਂ ਹਰਦੇਵ ਆਂ ।”

‘ਤੂੰ ਐਥੇ ਕਿਉਂ ਆਇਐਂ ?”

“ਐਥੇ ਟਮਾਟੇ ਤਾਂ ਵਿਕਦੇ ਨੀਂ ਜਿਹੜੇ ਮੈਂ ਖਰੀਦਣ ਆਇਐਂ । ਤੈਨੂੰ ਪਤਾ ਈ ਐ ਜੁਆਨ ਮੁੰਡੇ ਕਿਉਂ ਕੰਧਾਂ ਕੋਠੇ ਟਪਦੇ ਐ ।” 

“ਭਲੀ ਪੱਤ ਨਾਂ ਆਪੇ ਈ ਮੁੜ ਜਾ ਜਿੰਨ੍ਹੀ ਰਾਹੀਂ ਆਇਐਂ, ਨਹੀਂ ਤਾਂ ਤੇਰੇ ਬਾਪੂ ਨੂੰ ਦਸੂੰ ਕੱਲ੍ਹ ਨੂੰ ।” 

“ਬਾਪੂ ਕਿਹੜਾ ਗੋਲੀ ਮਾਰਦੂ ਮੇਰੇ । ਉਹਨੇ ਈ ਤਾ ਭੇਜਿਐ ਤੇਰੇ ਕੋਲ। ਉਹਦਾ ਤਾਂ ਹਰ ਰੋਜ਼ ਆਖਾ ਮੰਨਦੀ ਐਂ, ਮੇਰਾ ਇਕ ਦਿਨ ਵੀ ਨੀਂ ਮੰਨ ਸਕਦੀ।” ਹਰਦੇਵ ਦੀ ਗੱਲ ਸੁਣਕੇ ਚੰਨੀ ਦੀ ਜਿਵੇਂ ਖਾਨਿਉਂ ਨਿਕਲ ਗਈ। ਉਸਨੂੰ ਸੁਝਦਾ ਨਹੀਂ ਸੀ ਕਿ ਕੀ ਕਰੇ । ਉਸਦੀਆ ਅੱਖਾਂ 'ਚ ਪਾਣੀ ਭਰ ਆਇਆ । ਉਹ ਮਜਬੂਰ ਹੋਈ ਖੜ੍ਹੀ ਸੀ ।

“ਹਰਦੇਵ ! ਬੀਰ ਬਣ ਕੇ ਏਥੋਂ ਜਾਂਦਾ ਰਹਿ । ਤੂੰ ਮੇਰੇ ਭਰਾ ਰੁਲਦੂ ਅਰਗੈਂ । ਮੈਨੂੰ ਤਾ ਅੱਗੇ ਈ ਰੱਬ ਦੀ ਮਾਰ ਪਈ ਐ, ਹੋਰ ਕਿਉਂ ਦੁਖੀ ਕਰਦੇ ਓਂ। ਦੱਸ ਮੈਂ ਥੋਡਾ ਕੀ ਵਿਗਾੜਿਐ ? ਜੇ ਤੂੰ ਹੁਣੇ ਨਾ ਗਿਆ ਤਾਂ ਮੈਂ ਰੌਲਾ ਪਾ ਕੇ ਸਾਰੇ ਵਿਹੜੇ ਨੂੰ ਕੱਠਾ ਕਰ ਲੂੰ ।”

‘ਕਰ ਲਾ ’ਕੱਠਾ । ਨਾ ਸਾਰਿਆਂ 'ਚ ਤੇਰਾ ਪਾਜ ਖੋਲ੍ਹਿਆ ਤਾਂ ਆਖੀਂ । ਜਿਹੜਾ ਲੱਛ ਤੂੰ ਸਾਡੇ ਘਰ ਖਲਾਰਦੀ ਐਂ ਉਹ ਮੈਥੋਂ ਭੁਲਿਆ ਨੀਂ।” ਹਰਦੇਵ ਦੀ ਗੱਲ ਸੁਣਕੇ ਚੰਨੀ ਦਾ ਰੋਣ ਨਿਕਲ ਗਿਆ । ਉਸਨੂੰ ਸਮਝ ਨਹੀਂ ਸੀ ਆ ਰਹੀ ਕਿ ਕਿਸਨੂੰ ਮਦਦ ਲਈ ਪੁਕਾਰੇ । ਪ੍ਰਮਾਤਮਾ ਤਾਂ ਉਹ ਸੋਚਦੀ ਸੀ ਉਸ ਨਾਲ ਰੁੱਸਿਆ ਹੋਇਆ ਹੈ ।

“ਖੇਖਣ ਨਾ ਕਰ ਜਾਦਾ । ਅੱਜ ਮੇਰੀ ਗੱਲ ਮੰਨ ਲਾ, ਗਾਂਹ ਤੋਂ ਨੀਂ ਆਉਂਦਾ।” ਚੰਨੀ ਵਿਚਾਰਗੀ ਦੀ ਮੂਰਤ ਬਣੀ ਖੜ੍ਹੀ ਸੀ । ਉਸ ਲਈ ਕੋਈ ਰਾਹ ਨਹੀਂ ਸੀ । ਪਰ ਉਸਨੂੰ ਇਹ ਵੀ ਯਕੀਨ ਨਹੀਂ ਸੀ ਕਿ ਅਜ ਤੋਂ ਬਾਅਦ ਹਰਦੇਵ ਕਦੇ ਨਹੀਂ ਆਵੇਗਾ । ਉਸਦੇ ਪਿਉ ਨੇ ਵੀ ਇਹੋ ਗੱਲ ਆਖੀ ਸੀ, ਪਰ ਮਗਰੋਂ ਭੁੱਲ ਗਿਆ ।

ਚੰਨੀ ਨੂੰ ਨਹੀਂ ਪਤਾ ਕਿ ਹਰਦੇਵ ਕਿੰਨਾਂ ਚਿਰ ਉਥੇ ਰਿਹਾ ਪਰ ਇਹ ਯਾਦ ਹੈ ਕਿ ਜਾਂਦਾ ਹੋਇਆ ਇਹ ਧਮਕੀ ਦੇ ਗਿਆ ਕਿ ਜੇ ਅੱਗੋਂ ਨਾਂਹ ਕੀਤੀ ਤਾਂ ਤੇਰੇ ਭਰਾ ਆਂਗੂੰ ਤੇਰਾ ਵੀ ਗਲ ਘੁੱਟ ਕੇ ਛੱਪੜ 'ਚ ਸਿੱਟ ਦਿਊਂ । ਸੁਣ ਕੇ ਜਿਵੇਂ ਚੰਨੀ ਸੁੰਨ ਹੋ ਗਈ । ਉਸਦੀਆ ਅੱਖਾਂ 'ਚ ਦਹਿਸ਼ਤ ਉਤਰ ਆਈ । ਉਸਨੂੰ ਅੱਜ ਸਮਝ ਲੱਗੀ ਸੀ ਕਿ ਉਸਦਾ ਭਰਾ ਮਰਿਆ ਨਹੀਂ ਸਗੋਂ ਮਾਰਿਆ ਗਿਆ ਹੈ । ਪਿਛਲੀਆ ਸਾਰੀਆਂ ਘਟਨਾਵਾਂ ਉਸਦੇ ਦਿਮਾਗ 'ਚ ਘੁੰਮ ਗਈਆਂ । ਹਰਦੇਵ ਦੇ ਚਿਹਰੇ 'ਚੋਂ ਉਸਨੂੰ ਥਾਣੇਦਾਰ ਦਾ ਮੂੰਹ ਧਮਕੀਆਂ ਦਿੰਦਾ ਦਿਸਿਆ। ਚੰਨੀ ਰੋ ਰਹੀ ਸੀ ਪਰ ਉਸਨੂੰ ਕੋਈ ਨਹੀਂ ਸੀ ਦੇਖ ਰਿਹਾ। ਅਜ ਉਸਨੂੰ ਆਪਣੀ ਮਾਂ ਤੇ ਗਿਲਾ ਹੋ ਰਿਹਾ ਸੀ ਜਿਸਨੇ ਉਸਨੂੰ ਜਨਮ ਦਿੱਤਾ। ਚੰਨੀ ਸਾਰੀ ਰਾਤ ਰੋਂਦੀ ਰਹੀ ਪਰ ਚੁੱਪ ਕਰਾਉਣ ਵਾਲਾ ਕੋਈ ਨਹੀਂ ਸੀ । ਇਸ ਡਰਾਉਣੀ ਰਾਤ 'ਚ ਕਦੋਂ ਉਸਦੀ ਅੱਖ ਲੱਗੀ, ਇਸਦਾ ਉਸਨੂੰ ਕੋਈ ਪਤਾ ਨਹੀਂ ।

...ਚਲਦਾ...