ਭੁਪਿੰਦਰ ਢਿੱਲੋਂ ਉਰਫ ਖੋਜੀ ਕਾਫ਼ਿਰ (ਲੇਖ )

ਸੀ. ਮਾਰਕੰਡਾ   

Email: markandatapa@gmail.com
Cell: +91 94172 72161
Address:
Tapa Mandi Sangroor India
ਸੀ. ਮਾਰਕੰਡਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਖੋਜੀ ਕਾਫ਼ਿਰ ਉਸਦਾ ਸਾਹਿਤਕ ਨਾਂਅ ਹੈ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਉਸਦਾ ਅਸਲੀ ਨਾਂਅ ਭੁਪਿੰਦਰ ਢਿੱਲੋਂ ਉਰਫ ਸ਼ੁਗਲੀ ਹੈ। ਉਸਦਾ ਇਹ ਕਾਵਿ ਸੰਗ੍ਰਹਿ ਕਾਰਪੋਰੇਟ ਘਰਾਣਿਆਂ ਲਈ ਕਿਰਸਾਨੀ ਦੀ ਲੁੱਟ ਦਾ ਰਸਤਾ ਖੋਲਣ ਲਈ ਪਾਸ ਕੀਤੇ ਗਏ  ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ  ਚੱਲੇ ਲੰਬੇ ਸੰਯੁਕਤ ਮੋਰਚੇ ਵਿਚ ਸ਼ਾਮਲ ਹੋਣ ਵਾਲੇ ਕਿਰਤੀਆਂ, ਕਿਸਾਨਾਂ, ਲੇਖਕਾਂ, ਪੱਤਰਕਾਰਾਂ, ਡਾਕਟਰਾਂ, ਵਕੀਲਾਂ, ਪਰਵਾਸੀਆਂ ਅਤੇ ਸੂਰਮਿਆਂ, ਭਾਵ ਹਰ  ਉਸ ਬੰਦੇ ਨੂੰ ਸਮਰਪਿਤ ਹੈ ਜਿਸਨੇ ਕਿਸੇ ਨਾ ਕਿਸੇ ਤਰ੍ਹਾਂ ਇਸ ਵਿੱਚ ਸਹਿਯੋਗ ਪਾਇਆ। ਇਹ ਉਸਦੀ ਲੋਕਪੱਖੀ ਅਤੇ ਜੁਝਾਰੂ ਵਿਚਾਰਧਾਰਾ ਦਾ ਲਖਾਇਕ ਹੈ ।

ਉਸ ਦੀ ਬਹੁਤੀ ਕਵਿਤਾ ਰੋਹ ਭਰੀ, ਜੁਝਾਰਵਾਦੀ,  ਪ੍ਰਗਤੀਵਾਦੀ ਅਤੇ ਵੇਗ ਭਰਪੂਰ ਹੈ। ਪਰ ਕਈ ਥਾਈਂ  ਵਿਅੰਗ ਦੇ ਨਾਲ ਨਾਲ ਸਹਿਜੇ ਹੀ ਹਾਸਰਸ ਵੀ ਪੈਦਾ ਹੋ  ਜਾਂਦਾ ਹੈ।ਕਵੀ ਦੇਸ਼ ਦੀ ਗਰਕਦੀ ਹਾਲਤ, ਵਿਗੜ ਰਹੇ ਸਮਾਜਕ  ਤਾਣੇ  ਬਾਣੇ,ਭ੍ਰਿਸ਼ਟ ਸਿਸਟਮ, ਨਿੱਘਰੇ ਧਰਮ ਬਾਰੇ ਫ਼ਿਕਰਮੰਦ ਹੀ ਨਹੀਂ ਸਗੋਂ ਇਹ ਸੋਚ ਉਸਦੀ ਚੇਤਨਾ ਨੂੰ ਝੰਜੋੜਦਿਆਂ ਉਸ ਵਿੱਚ ਰੋਹ ਵੀ ਭਰਦੀ ਹੈ। ਇਹੀਰੋਹ ਉਸਨੂੰ ਕਈ ਵਾਰ ਨਾਬਰੀ ਦੀ ਹੱਦ ਤੱਕ ਵੀ ਲੈ ਜਾਂਦਾ ਹੈ। ਮਤਲਬ ਦੇ ਸਮਾਜੀ ਰਿਸ਼ਤਿਆਂ, ਕਚਹਿਰੀਆਂ ਠਾਣਿਆਂ ਆਦਿ ਵਿੱਚ ਵਰਤਦੇ ਭ੍ਰਿਸ਼ਟਾਚਾਰ, ਧਰਮ ਅਤੇ ਸਿੱਖਿਆ ਦੇ ਨਾਂ  ਤੇ ਹੋ ਰਹੀ ਲੁੱਟ, ਰਾਜਨੀਤਿਕ ਮੌਕਾਪ੍ਰਸਤੀ, ਅਖੌਤੀ ਬਾਬਿਆਂ ਵਲੋਂ ਜਨਤਾ ਨੂੰ ਗੁੰਮਰਾਹ ਕਰਕੇ ਧੀਆਂ,ਭੈਣਾਂ ਦਾ ਜਿਸਮਾਨੀ ਸ਼ੋਸ਼ਣ ਕਰਨਾ ਉਸਨੂੰ ਚਿੰਤਿਤ ਕਰਦਾ ਹੈ।
              ਵਾਹਗੇ ਦੇ ਆਰ  ਪਾਰ ਨਾਂ ਦੀ ਕਵਿਤਾ ਵਿੱਚ ਉਹ ਦੋਹਾਂ ਪੰਜਾਬਾਂ ਦੀ ਮੰਦਹਾਲੀ ਵਿਚਲੀਆਂ ਸਮਾਨਤਾਵਾਂ ਨੂੰ ਪਰਗਟ ਕਰਦਾ ਹੈ : ਏਧਰ ਭਗਵੇਂ ਸਿੰਗ ਫਸਾ ਏ/ਓਧਰ ਮੁੱਲਾਂ ਬਣੇ ਕਸਾਈ ਆ/ਏਧਰ ਮਸਜਿਦ ਜਾਂਦੀ ਢਾਹੀ ਈ/ ਓਧਰ ਮੰਦਿਰ ਪਾਉਣ ਦੁਹਾਈ ਆ/ ਏਧਰ ਆਲਮ ਕਨੇਡਾ ਜਾਂਦੇ ਨੇ/ ਓਧਰ ਫ਼ਾਜ਼ਿਲ ਯੂਰਪ ਜਾਂਦੇ ਨੇ...
ਦਗਾ ਨਾ ਦੀ ਕਵਿਤਾ ਵਿਚ ਉਹ ਪੰਜਾਬ ਦੀ ਕਿਰਸਾਨੀ ਦੀ ਲੁੱਟ ਕਰਨ ਲਈ ਘੜੇ ਕਾਨੂੰਨਾਂ ਉਤੇ ਕਿੰਤੂ ਕਰਦਿਆਂ ਕਿਸਾਨ ਅੰਦੋਲਨ ਨੂੰ ਵਧੀਆ ਕਾਵਿ ਚਿੱਤਰ ਵਿੱਚ ਢਾਲਦਾ ਹੈ।
ਕਵੀ ਬੇਰੁਜ਼ਗਾਰੀ ਅਤੇ ਪੰਜਾਬ ਦੀ ਜਵਾਨੀ ਨੂੰ ਲੈ ਕੇ ਵੀ ਕਾਫੀ ਚਿੰਤਤ ਹੈ। ਨਿੱਜੀ ਵਿਦਿਆਕ ਅਦਾਰਿਆਂ ਵੱਲੋਂ ਪੜ੍ਹਾਈਆਂ ਦੇ ਨਾਂ ਤੇ ਕੀਤੀ ਜਾਂਦੀ ਲੁੱਟ ਕਾਰਨ ਕਰਜ਼ਾਈ ਹੋਈ ਮਾਪਿਆਂ ਦੀ ਦੁਰਦਸ਼ਾ ਉਸਨੂੰ ਦੁਖੀ ਕਰਦੀ ਹੈ।  ਬੇਰੋਜ਼ਗਾਰੀ ਦੀ ਜਿੱਲਣ ਵਿੱਚ ਫਸੇ ਨੌਜਵਾਨਾਂ ਨੂੰ ਰੁਜ਼ਗਾਰ ਦੀ ਕੋਈ ਕਿਰਨ ਦਿਖਾਈ ਨਹੀਂ ਦਿੰਦੀ ਤਾਂ ਰਾਜਨੀਤੀ  ਓਹਨਾਂ ਨੂੰ ਨਸ਼ਿਆਂ ਦਾ ਸ਼ਿਕਾਰ ਬਣਾ ਕੇ  ਜ਼ੁਰਮ ਦੇ ਰਸਤੇ ਪਾ ਕੇ ਆਪਣਾ ਉੱਲੂ ਸਿੱਧਾ ਕਰਦੀ ਹੈ । ਇਹ ਸਭ ਫਿਕਰ ਵੀ ਉਸਦੀ ਕਵਿਤਾ ਵਿਚ ਬਿਰਾਜਮਾਨ ਨੇ ।

ਕਵੀ ਆਪਣੀਆਂ ਕਵਿਤਾਵਾਂ ਵਿੱਚ ਅਰਥਾਂ ਨੂੰ ਬਿੰਬਾਂ ਪ੍ਰਤੀਕਾਂ ਵਿੱਚ ਲੁਕਾਉਂਦਾ ਨਹੀ ਸਗੋਂ ਉਹਨਾਂ ਨੂੰ ਸਪਸ਼ਟਤਾ ਨਾਲ ਉਜਾਗਰ ਕਰਦਾ ਹੈ : ਆਜ਼ਾਦੀ ਜੰਮੀ ਤੇ ਮਿਲਣ ਵਧਾਈਆਂ/ ਪਿੰਜਰਾਂ ਤੇ ਪੀੜ੍ਹਾ ਡਠਿਆ...
ਉਸਦੀ ਕਵਿਤਾ ਜਨਵਾਦੀ ਅਤੇ ਲੋਕ ਰੰਗ ਵਿੱਚ ਰੰਗੀ ਹੋਈ ਹੈ।ਜਿਸਦੀ ਅਭਿਵਿਅਕਤੀ ਲਈ ਉਸਨੂੰ ਲੋਕ ਬੋਲੀ, ਲੋਕ ਸ਼ੈਲੀ, ਲੋਕ ਮੁਹਾਵਰੇ  ਅਤੇ ਲੋਕ ਅਖਾਣ ਦੇ ਨਾਲ ਨਾਲ ਲੋਕ ਛੰਦ ਦੀ ਸੁਚੱਜੀ ਜਾਚ ਹੈ। ਜਿਵੇਂ:ਫਾਂਸੀ ਝੂਠ ਗਏ ਤੱਤੇ ਲਹੂ ਵਾਲੇ/ਲੰਬੜਾਂ ਪੰਜਾਬ ਲੁੱਟਿਆ...। ਜੋਬਨ ਢਲ ਜਾਂਦੇ ਅੰਦਰ ਕਾਲਜਾਂ ਦੇ/ਦਾਜਾਂ ਬਾਝ ਨਾ ਲੱਭਦੇ ਹਾਣ ਮਾਤਾ...! ਆਪਣੇ ਸਿਰੀਂ ਤਾਜ਼ ਟਿਕਾਕੇ ਲੋਕਾਂ ਦੇ ਸੀਸ ਕਟਾਈਏ/ਸ਼ੀਰਨੀ ਵੰਡੀਏ ਅੰਨ੍ਹਿਆਂ  ਵਾਂਗੂੰ ਤੇ ਘਰ ਦੇ ਖੂਬ ਰਜਾਈਏ...। ਮੁੱਛਾਂ ਦਾਹੜੇ ਲੰਮੇ ਚੋਗ/ਜਿਥੋਂ ਲੰਘਣ ਵਿਛਦੇ ਸੋਗ/ਜਤੀ ਸਤੀ ਸੰਤੋਖੀ ਸੋਘ/ਕੰਜ ਕਆਰੀਆਂ ਲਾਵਣ ਭੋਗ...।
ਖ਼ੋਜੀ ਕਾਫ਼ਿਰ ਦੇ ਇਸ ਛੇਂਵੇਂ ਕਾਵਿ ਸੰਗ੍ਰਹਿ "ਅੱਥਰੇ ਵੇਗ" ਦਾ ਪੰਜਾਬੀ ਕਾਵਿ ਜਗਤ ਵਿੱਚ ਸਵਾਗਤ ਹੈ।