ਸੌ ਸਾਲ (ਕਹਾਣੀ)

ਇਕਵਾਕ ਸਿੰਘ ਪੱਟੀ    

Email: ispatti@gmail.com
Address: ਸੁਲਤਾਨਵਿੰਡ ਰੋਡ
ਅੰਮ੍ਰਿਤਸਰ India
ਇਕਵਾਕ ਸਿੰਘ ਪੱਟੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


‘ਓ.ਕੇ. ਬਾਬਾ! ਠੀਕ ਏ! ਸਿਰਫ਼ ਮੈਨੂੰ ਆਹ ਦੋ ਕੁ ਦਿਨ ਹੋਰ ਦੇ, ਫਿਰ ਮੈਂ ਪੱਕਾ ਦੱਸਾਂਗੀ ਉਸ ਬਾਰੇ ਜੋ ਮੈਨੂੰ ਬੇ-ਇੰਤਹਾ ਪਿਆਰ ਕਰਦਾ ਹੈ ਅਤੇ ਜਿਸ ਨੇ ਮੈਨੂੰ ਵੀ ਪਿਆਰ ਕਰਨ ਲਈ ਮਜ਼ਬੂਰ ਕਰ ਦਿੱਤਾ ਏ।’ ਨਵਦੀਪ ਨੇ ਆਪਣੀ ਪਿਆਰੀ ਅਤੇ ਪੱਕੀ ਸਹੇਲੀ ਮੰਨਤ ਵੱਲੋਂ ਵਾਰ-ਵਾਰ ਕੀਤੇ ਜਾਂਦੇ ਇੱਕ ਸਵਾਲ ‘ਮਰਜੇਂ ਤੂੰ ਵੀ ਕਦੇ ਖੋਲ੍ਹ ਦੇ ਆਪਣੇ ਦਿਲ ਦਾ ਭੇਦ, ਕਿਹੜਾ ਰਾਂਝਾ ਲਕੋਈ ਫਿਰਦੀ ਏਂ ਦਿਲ ਵਿੱਚ?’ ਦੇ ਜਵਾਬ ਵੱਜੋਂ ਕਿਹਾ।
‘ਅੱਛਾ ਇਹ ਹੁਣ ਦੋ ਦਿਨਾਂ ਦਾ ਕੀ ਮਸਲਾ ਏ? ਇਹ ਤਾਂ ਦੱਸਦੇ… ਕਿ ਮੰਗਣੀ ਹੋਣੀ ਆ ਦੋਹਾਂ ਦਿਨਾਂ ਵਿੱਚ ਤੇਰੀ?’ ਮੰਨਤ ਨੇ ਇੱਕ ਹੋਰ ਸਵਾਲ ਕਰਦਿਆਂ ਪੁੱਛਿਆ।
‘ਓ.ਕੇ. ਦੱਸਦੀ ਹਾਂ। ਅਗਲੇ ਠੀਕ ਦੋ ਦਿਨਾਂ ਬਾਅਦ ਮੇਰੇ ਜਨਮ ਦਿਨ ਵਿੱਚ ਪੂਰਾ ਇੱਕ ਮਹੀਨਾ ਰਹਿ ਜਾਣਾ ਏ ਅਤੇ ਉਸਦਾ ਰੋਜ਼ਾਨਾ ਸਵੇਰੇ ਇੱਕ ਮੈਸਜ ਆਇਆ ਕਰਨਾ ਏ ਜਿਵੇਂ ‘ਥਰਟੀ ਵੰਨ ਡੇਅਜ਼ ਆਰ ਲੈੱਫਟ’, ਫਿਰ ਰੋਜ਼ਾਨਾ ਇੱਕ-ਇੱਕ ਦਿਨ ਘੱਟਦਾ ਜਾਣਾ, ਹੌਲੀ-ਹੌਲੀ ‘ਟੈਨ ਡੇਅਜ਼ ਆਰ ਲੈੱਫਟ’, ਅਤੇ ਫਿਰ ‘ਵੰਨ ਡੇਅ ਲੈੱਫਟ’ ਤੋਂ ਬਾਅਦ ਟਵੰਟੀ ਫੋਰ ਆਰਜ਼ ਆਰ ਲੈੱਫਟ, ਫਿਰ ਟਵੈਲਵ ਆਰਜ਼ ਲੈੱਫਟ ਅਤੇ ਫਿਰ ਮਿੰਟਾਂ ਤੋਂ ਸਕਿੰਟਾਂ ਤੱਕ ਉਹ ਰਾਤ ਠੀਕ 12 ਵਜੇ ਮੈਨੂੰ ਜਨਮਦਿਨ ਦੀਆਂ ਸ਼ੁੱਭ-ਇੱਛਾਵਾਂ ਦਿੰਦਾ ਏ ਅਤੇ ਇਸ ਤਰ੍ਹਾਂ ਕਰਦੇ ਨੂੰ, ਉਸਨੂੰ ਪੂਰੇ ਪੰਜ ਸਾਲ ਹੋ ਜਾਣੇ ਆ। ਉਹ ਜਨਮਦਿਨ ਦੀਆਂ ਬਹੁਤ ਸਾਰੀਆਂ ਸ਼ੁੱਭ-ਇੱਛਾਵਾਂ ਦਿੰਦੇ ਹੋਏ ਆਖ਼ਰੀ ਮੈਸਜ ਵਿੱਚ ‘ਲਵ ਯੂ’ ਜ਼ਰੂਰ ਲਿਖਦਾ ਹੁੰਦਾ… ਬੱਸ ਇਸ ਵਾਰ ਜਦ ਮੈਂ ਲਵ ਯੂ ਟੂ ਲਿਖ ਕੇ ਭੇਜਾਂਗੀ ਤਾਂ ਫਿਰ ਤੈਨੂੰ ਦੱਸਾਂਗੀ ਕਿ ਉਹ ਕੌਣ ਏ? ਕਿੱਥੇ ਰਹਿੰਦਾ ਏ? ਕੀ ਕਰਦਾ ਏ? ਇੱਥੋਂ ਤੱਕ ਕਿ ਮੈਂ ਤਾਂ ਤੈਨੂੰ ਉਸ ਨਾਲ ਮਿਲਾਵਾਂਗੀ ਵੀ।’ ਨਵਦੀਪ ਨੇ ਬੋਲਦਿਆਂ-ਬੋਲਿਦਆਂ ਮਸਾਂ ਹੀ ਬ੍ਰੇਕ ਲਗਾਈ। 
‘ਅਰੇ ਵਾਹ! ਹਾਓ ਰੋਮਾਂਟਿਕ ਯਾਰ!’ ਮੰਨਤ ਕਹਿਣ ਲੱਗੀ, ‘ਸਾਨੂੰ ਕਦੇ ਨਹੀਂ ਕਿਸੇ ਨੇ ਇਸ ਤਰ੍ਹਾਂ ਬਰਥਡੇਅ ’ਤੇ ਵਿਸ਼ ਕੀਤਾ, ਜੇ ਕੋਈ ਇਸ ਤਰ੍ਹਾਂ ਵਿਸ਼ ਕਰੇ ਤਾਂ ਉਸ ਕੋਲੋਂ ਹੋਰ ਕਿਸੇ ਤੋਹਫ਼ੇ ਦੀ ਤਾਂ ਲੋੜ ਹੀ ਨਹੀਂ ਰਹਿ ਜਾਂਦੀ… ਹੈ ਨਾ...?’
‘ਸਹੀ ਕਿਹਾ ਯਾਰ!’ ਨਵਦੀਪ ਨੇ ਗੱਲ ਸ਼ੁਰੂ ਕੀਤੀ, ‘ਜਦ ਉਸਨੇ ਪਹਿਲੀ ਵਾਰ ਇਸ ਤਰ੍ਹਾਂ ਕੀਤਾ ਤਾਂ ਮੈਨੂੰ ਲੱਗਿਆ ਇਹ ਤਾਂ ਬਸ ਫਲਰਟ ਕਰ ਰਿਹਾ ਹੈ, ਮੈਂ ਬਹੁਤਾ ਨਹੀਂ ਗੌਲਿਆ… ਬੱਸ ਆਖ਼ਰੀ ਦਿਨ ਯਾਨੀ ਜਨਮਦਿਨ ਦਿਨ ਵਾਲੇ ਦਿਨ ਸਿਰਫ਼ ਥੈਂਕ ਯੂ ਲਿਖ ਕੇ ਮੈਸਜ ਭੇਜ ਦਿੱਤਾ ਸੀ। ਬੱਸ ਉਸ ਤੋਂ ਬਾਅਦ ਉਸਨੇ ਕਦੇ ਕੋਈ ਮੈਸਜ ਨਾ ਕੀਤਾ। ਮੈਂ ਵੀ ਇਸ ਪਹਿਲੇ ਸਾਲ ਵਿੱਚ ਸ਼ਾਇਦ ਉਸਨੂੰ ਦੋ ਕੁ ਵਾਰ ਮਿਲੀ ਹੋਣੀ ਆਂ, ਉਹ ਵੀ ਮੈਨੂੰ ਹੀ ਕੁਝ ਕੰਮ ਸੀ। ਮੈਂ ਉਸਨੂੰ ਕੋਈ ਭਾਅ ਨਾ ਦਿੱਤਾ, ਬੱਸ ਆਮ ਜਿਵੇਂ ਕਿਸੇ ਜਾਣਕਾਰ ਵਿਅਕਤੀ ਨੂੰ ਕਿਸੇ ਕੰਮ ਲਈ ਮਿਲੀਦਾ ਏ, ਉਸੇ ਤਰ੍ਹਾਂ ਮਿਲੀ ਸੀ। ਦੂਜੇ ਸਾਲ ਵੀ ਠੀਕ ਮੇਰੇ ਜਨਮਦਿਨ ਤੋਂ 30 ਦਿਨ ਪਹਿਲਾਂ ਉਸਦੇ ਪਿਛਲੇ ਸਾਲ ਵਾਂਗ ਸੁਨੇਹੇ ਆਉਣੇ ਸ਼ੁਰੂ ਹੋ ਗਏ। ਜਿਵੇਂ ਥਰਟੀ ਡੇਅਜ਼ ਆਰ ਲੈੱਫਟ, ਫਿਰ ਵੰਨ ਡੇਅ ਤੱਕ, ਫਿਰ ਟਵੰਟੀ ਫੋਰ ਆਰਜ਼ ਲੈੱਫਟ ਤੋਂ ਲੈ ਕੇ ਵੰਨ ਆਅਰ ਲੈੱਫਟ ਤੱਕ, ਅਤੇ ਫਿਰ ਫਿਫਟੀ ਨਾਈਨ ਮਿੰਨਟਸ ਆਰ ਲੈਫਟ ਤੋਂ ਲੈ ਕੇ ਵੰਨ ਮਿੰਨਟਜ਼ ਆਰ ਲੈੱਫਟ ਤੱਕ ਅਤੇ ਸੈਕਿੰਡਜ਼ ਤੋਂ ਹੁੰਦਾ ਹੋਇਆ ਠੀਕ ਰਾਤ 12 ਵਜੇ ਉਸਨੇ ਮੈਨੂੰ ਮੇਰੇ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ ਦੇ ਕੇ, ਆਖਰੀ ਵਿਸ਼ ਨਾਲ ‘ਲਵ ਯੂ’ ਲਿਖ ਦਿੱਤਾ, ਪਰ ਮੈਂ ਇਸ ਵਾਰ ਵੀ ਉਸਨੂੰ ਸਿਰਫ ‘ਥੈਂਕ ਯੂ’ ਹੀ ਲਿਖ ਭੇਜਿਆ ਸੀ।’
‘ਯਾਰ ਤੂੰ ਪਾਗਲ ਏਂ?’ ਮੰਨਤ ਨੇ ਆਪਣੇ ਚਿਹਰੇ ’ਤੇ ਹੈਰਾਨੀ ਭਰਿਆ ਭਾਵ ਪ੍ਰਗਟ ਕਰਦੇ ਹੋਏ ਨਵਦੀਪ ਨੂੰ ਕਿਹਾ। ਇਸ ਭਾਵ ਦਾ ਭਾਵ ਸੀ ਕਿ ਤੈਨੂੰ ਤਾਂ ਝੱਟ ਕੀਤੇ ਹੀ ਪਿਆਰ ਕਬੂਲ ਕਰਨਾ ਚਾਹੀਦਾ ਸੀ।
‘ਨਹੀਂ ਯਾਰ ਪਾਗਲ ਨਹੀਂ ਹਾਂ…’ ਨਵਦੀਪ ਨੇ ਅੱਗੇ ਗੱਲ ਤੋਰੀ, ‘ਮੈਂ ਦੱਸਿਆ ਤਾਂ ਹੈ ਕਿ ਮੈਂ ਦੋ ਵਾਰ ਉਸਨੂੰ ਪਹਿਲੇ ਸਾਲ ਵਿੱਚ ਮਿਲੀ ਸੀ, ਚੱਲ ਮੈਂ ਤਾਂ ਕੁੜੀ ਹਾਂ, ਪਰ ਉਹਨੇ ਵੀ ਅੱਖਾਂ ਚੁੱਕ ਕੇ ਇੱਕ ਵਾਰ ਵੀ ਮੇਰੇ ਵੱਲ ਨਾ ਦੇਖਿਆ।’ 
…ਵਿਚੋਂ ਹੀ ਟੋਕ ਕਿ ਮੰਨਤ ਨੇ ਪੁੱਛਿਆ, ‘ਪਰ ਜਿਸ ਕੰਮਾਂ ਲਈ ਤੂੰ ਉਸਨੂੰ ਮਿਲੀ ਸੀ ਕੀ ਉਹ ਤੇਰੇ ਕੰਮ ਉਸ ਨੇ ਕੀਤੇ?’
‘ਹਾਂ! ਉਹ ਤਾਂ ਉਸਨੇ ਬਾਕੀ ਕੰਮ ਛੱਡ ਕੇ, ਮੇਰੀ ਪੂਰੀ ਮੱਦਦ ਕੀਤੀ।’ ਨਵਦੀਪ ਨੇ ਸੰਖੇਪ ਜਵਾਬ ਦਿੱਤਾ।
‘ਹਮਮਮ… ਕੋਈ ਹਾਲ ਨਹੀਂ ਤੇਰਾ, ਅੱਛਾ ਅੱਗੋਂ ਦੱਸ ਫਿਰ?’ ਮੰਨਤ ਨੇ ਬੜੀ ਉਤਸੁਕਤਾ ਨਾਲ ਪੁੱਛਿਆ।
‘ਹੋਰ ਤਾਂ ਕੁਝ ਖ਼ਾਸ ਨਹੀਂ, ਨਵਦੀਪ ਨੇ ਢਿੱਲੀ ਜਿਹੀ ਪੈਂਦਿਆਂ ਗੱਲ ਸ਼ੁਰੂ ਕੀਤੀ, ‘ਤੈਨੂੰ ਦੱਸਿਆ ਤਾਂ ਹੈ ਸਾਡੀਆਂ ਜ਼ਿਆਦਾ ਮੁਲਾਕਾਤਾਂ ਨਹੀਂ ਹੋਈਆਂ। ਹਾਂ ਇੱਕ ਵਾਰ ਪਤਾ ਨਹੀਂ ਕੋਈ ਗੱਲ ਹੋਈ ਸੀ ਤਾਂ ਉਸਨੇ ਮੈਨੂੰ ਸਵੇਰੇ ਸੰਦੇਹੇ ਹੀ ਇੱਕ ਕਵਿਤਾ ਲਿਖ ਕੇ ਭੇਜੀ ਸੀ, ਜਿਸ ਵਿੱਚ ਕੁਝ ਮੇਰੀ ਤਾਰੀਫ਼ ਵੀ ਸੀ ਅਤੇ ਮੇਰਾ ਨਾਮ ਵੀ ਸ਼ਾਮਿਲ ਸੀ’ ਅਤੇ ਇੱਕ ਹਲਕੀ ਜਿਹੀ ਮਾਣਮੱਤੀ ਮੁਸਕਰਹਾਟ ਨਵਦੀਪ ਨੇ ਬੁੱਲ੍ਹਾਂ ’ਤੇ ਬਿਖਰ ਗਈ।
‘ਆਹ ਹਾ! ਤਾਂ ਗੱਲ ਸ਼ਾਇਰੋ-ਸ਼ਾਇਰੀ ਤੱਕ ਵੀ ਪਹੁੰਚ ਗਈ, ਵਾਹ ਕਿਆ ਕਹਿਨੇ ਛੁਪੇ ਰੁਸਤਮਾਂ ਤੇਰੇ’ ਮੰਨਤ ਨੇ ਨਵਦੀਪ ਨੂੰ ਛੇੜਦੇ ਹੋਏ ਕਿਹਾ ਅਤੇ ਨਾਲ ਹੀ ਪੁੱਛਣ ਲੱਗੀ ਕਿ, ‘ਉਹ ਸੱਚਮੁਚ ਸ਼ਾਇਰ ਹੈ ਜਾਂ ਤੂੰ ਬਣਾ ਦਿੱਤਾ ਉਸਨੂੰ ਸ਼ਾਇਰ?’
ਨਵਦੀਪ ਨੇ ਜਵਾਬ ਵੱਜੋਂ ਕਿਹਾ, ‘ਇਹ ਤਾਂ ਉਸਨੇ ਦੱਸਿਆ ਸੀ ਕਿ ਉਹ ਲਿਖਦਾ ਹੈ, ਪਰ ਕੀ ਲਿਖਦਾ ਹੈ ਇਹ ਨਹੀਂ ਪਤਾ, ਪਰ ਵੱਡੀ ਗੱਲ ਤਾਂ ਇਹ ਹੈ ਕਿ ਉਸਦੀ ਉਸ ਦਿਨ ਵਾਲੀ ਸ਼ਾਇਰੀ ਲਈ ਮੈਂ ਸਿਰਫ਼ ਉਸਨੂੰ ਹਮੇਸ਼ਾਂ ਵਾਂਗ ਥੈਂਕ ਯੂ ਹੀ ਲਿਖ ਕੇ ਭੇਜਿਆ ਸੀ। ਇਹ ਗੱਲ ਸਵੇਰੇ ਸ਼ਾਇਦ ਕੋਈ 6:30 ਵਜੇ ਤੋਂ 7 ਕੁ ਵਜੇ ਵਿਚਕਾਰ ਦੀ ਹੈ ਅਤੇ ਮੈਂ ਸਕੂਲ ਬੱਸ ਵਿੱਚ ਸੀ, ਜ਼ਿਆਦਾ ਗੱਲ ਨਹੀਂ ਸੀ ਕਰ ਸਕਦੀ। ਨਾਲ ਦੀਆਂ ਸੀਟਾਂ ’ਤੇ ਹੋਰ ਸਟਾਫ਼ ਵੀ ਬੈਠਾ ਹੁੰਦਾ ਹੈ। ਸੋਚਿਆ ਸੀ ਅੱਧੀ ਛੁੱਟੀ ਜਾਂ ਸ਼ਾਮ ਵੇਲੇ ਅਰਾਮ ਨਾਲ ਗੱਲ ਕਰਾਂਗੀ। ਪਰ ਤੈਨੂੰ ਪਤਾ ਹੀ ਹੈ ਕਿ ਸਕੂਲ ਅਧਿਆਪਕ ਦੀ ਨੌਕਰੀ ਅੱਜ-ਕੱਲ੍ਹ ਕਿੰਨੀ ਔਖੀ ਹੋ ਗਈ ਹੈ। ਉਸ ਸ਼ਾਮ ਸਮਾਂ ਹੀ ਨਾ ਮਿਲਿਆ ਅਤੇ ਫਿਰ ਦੁਬਾਰਾ ਇਸ ਵਿਸ਼ੇ ਉੱਤੇ ਗੱਲ ਨਾ ਹੋ ਸਕੀ। ਪਰ ਸੱਚ ਇਹ ਵੀ ਹੈ ਕਿ ਇਹਨਾਂ ਗੱਲਾਂ ਲਈ ਮੇਰੇ ਕੋਲ ਸਮਾਂ ਹੀ ਨਹੀਂ ਹੈ ਅਤੇ ਨਾ ਹੀ ਮੇਰੀ ਕੋਈ ਦਿਲਚਸਪੀ। ਅਸੀਂ ਦੋਵੇਂ ਇੱਕ ਦੂਜੇ ਲਈ ਬਿਲਕੁਲ ਅਣਜਾਣ ਹਾਂ। ਠੀਕ ਹੈ ਉਹ ਚੰਗਾ ਬੋਲਦਾ ਹੈ, ਸੋਚਦਾ ਹੈ, ਸਮਝਦਾ ਹੈ, ਹੱਸਮੁੱਖ ਹੈ ਅਤੇ ਮੇਰੇ ਵਾਂਗ ਆਪਣੇ ਵਿਚਾਰ ਬੇਬਾਕੀ ਨਾਲ ਰੱਖਦਾ ਹੈ।’
‘ਆਏ ਹਾਏ! ਇੰਨਾ ਕੁਝ ਪਤਾ ਤੈਨੂੰ ਉਸ ਬਾਰੇ?’ ਸਵਾਲ ਕਰਦਿਆਂ ਮੰਨਤ ਨੇ ਪੁੱਛਿਆ।
‘ਨਹੀਂ ਨੀਂ ਕਮਲੋ! ਮਤਲਬ ਕਿ ਉਸਦੇ ਵੱਟਸਅੱਪ ਸਟੇਟਸ ਤੋਂ ਇਹ ਸਭ ਮੇਰਾ ਅੰਦਾਜ਼ਾ ਹੈ’ ਨਵਦੀਪ ਕਹਿਣ ਲੱਗੀ, ‘ਉਸਦੇ ਸਟੇਟਸ ਲਾਉਣਾ ਜਾਂ ਕਦੇ ਮੈਸਜ ਆਉਣੇ ਤਾਂ ਉਹ ਆਮ ਲੋਕਾਂ ਵਰਗੇ ਨਹੀਂ ਹੁੰਦੇ, ਕੁੱਝ ਵੱਖਰੇ ਅਤੇ ਖ਼ਾਸ ਹੁੰਦੇ ਹਨ। ਹਰ ਐਤਵਾਰ ਉਹ ਨੌਕਰੀਆਂ ਸਬੰਧੀ ਮੈਸਜ ਭੇਜਦਾ ਹੈ। ਉਸ ਵੱਲੋਂ ਭੇਜੀ ਆਸਾਮੀ ’ਤੇ ਮੈਂ ਇੰਟਰਵਿਊ ਦੇਣ ਗਈ ਅਤੇ ਚੁਣੀ ਗਈ ਸੀ। ਇਸ ਬਾਰੇ ਮੈਂ ਉਸ ਨੂੰ ਦੱਸਿਆ ਵੀ ਸੀ, ਪਰ ਉਹ ਕਿੰਨਾ ਖ਼ੁਸ਼ ਹੋਇਆ ਜਾਂ ਕਿਵੇਂ ਦਾ ਹਾਵ-ਭਾਵ ਉਸਨੇ ਦਿੱਤਾ ਮੈਂ ਕੁਝ ਨਹੀਂ ਜਾਣਦੀ ਕਿਉਂਕਿ ਇਹ ਗੱਲ ਮੈਂ ਉਸ ਨੂੰ ਫ਼ੋਨ ਕਾਲ ’ਤੇ ਹੀ ਦੱਸੀ ਸੀ।’
‘ਅੱਛਾ ਫੋਨ-ਸ਼ੋਨ ਵੀ ਕਰਦੇ ਹੋ ਇੱਕ ਦੂਜੇ ਨੂੰ?’ ਮੰਨਤ ਨੇ ਇੱਕ ਹੋਰ ਸਵਾਲ ਜੜ੍ਹ ਦਿੱਤਾ।
‘ਨਹੀਂ ਯਾਰ!’ ਨਵਦੀਪ ਕਹਿਣ ਲੱਗੀ, ‘ਉਸਦਾ ਫ਼ੋਨ ਕਦੇ ਨਹੀਂ ਆਇਆ, ਉਹ ਮੈਸਜ ਅਕਸਰ ਭੇਜਦਾ ਹੈ, ਫ਼ੋਨ ਹਮੇਸ਼ਾਂ ਮੈਂ ਹੀ ਕਰਦੀ ਹੈ ਉਸ ਵੱਡੇ ਸੋਸ਼ਲ ਵਰਕਰ ਨੂੰ’ ਹੱਸਦਿਆਂ ਹੋਇਆਂ ਨਵਦੀਪ ਨੇ ਮੰਨਤ ਨੂੰ ਦੱਸਿਆ।
‘…ਪਰ ਤੂੰ ਕਿਉਂ ਕਰਦੀ ਏਂ ਫ਼ੋਨ, ਜਦ ਉਹ ਨਹੀਂ ਕਰਦਾ ਤਾਂ?’ ਮੰਨਤ ਦਾ ਅਗਲਾ ਸਵਾਲ ਸੀ।
‘ਦੱਸਿਆ ਤਾਂ ਹੈ, ਉਹ ਸੋਸ਼ਲ ਵਰਕ ਬਹੁਤ ਕਰਦਾ ਅਤੇ ਮੇਰੇ ਨਾਲ ਉਸ ਦੀ ਜਾਣ-ਪਛਾਣ ਠੀਕ-ਠਾਕ ਹੈ ਤਾਂ ਜਦ ਮੈਨੂੰ ਕਦੇ ਕੋਈ ਲੋੜ ਮਹਿਸੂਸ ਹੋਵੇ ਤਾਂ ਮੈਂ ਉਸ ਨੂੰ ਫ਼ੋਨ ਕਰ ਲੈਂਦੀ ਹਾਂ, ਜੇ ਉਹ ਮੱਦਦ ਨਾ ਵੀ ਕਰ ਸਕਦਾ ਹੋਵੇ ਤਾਂ ਕੁੱਝ ਨਾ ਕੁਝ ਬਦਲੇ ਵਿੱਚ ਹੋਰ ਸੁਝਾਅ ਦੇ ਦਿੰਦਾ ਹੈ। ਜਿਸ ਨਾਲ ਮੇਰਾ ਕੁਝ ਫ਼ਾਇਦਾ ਹੋ ਜਾਂਦਾ ਹੈ। ਬੱਸ ਇਸ ਤੋਂ ਵੱਧ ਕਦੇ ਗੱਲ ਨਹੀਂ ਕੀਤੀ।’ ਕਹਿੰਦੇ ਹੋਏ ਨਵਦੀਪ ਨੇ ਗੱਲ ਮੁਕਾਈ।
‘ਅੱਛਾ ਤਾਂ ਇਹ ਗੱਲ ਏ’ ਕਹਿੰਦੇ ਹੋਏ ਮੰਨਤ ਪੁੱਛਣ ਲੱਗੀ, ‘ਮੁਲਾਕਾਤ ਵੀ ਹੁੰਦੀ ਹੈ ਕਦੇ?’
ਨਹੀਂ ਕੁਝ ਖ਼ਾਸ ਨਹੀਂ, ਆਖ਼ਰੀ ਮੁਲਾਕਾਤ ਇੱਕ ਸਾਲ ਪਹਿਲਾਂ ਹੋਈ ਸੀ ਅਤੇ ਉਹ ਮੁਲਾਕਾਤ ਸ਼ਾਇਦ ਦੋ ਸਾਲ ਬਾਅਦ ਹੀ ਹੋਈ ਸੀ। ਪਹਿਲੀ ਮੁਲਾਕਾਤ ਉਸ ਨਾਲ ਉਦੋਂ ਹੋਈ ਸੀ, ਜਦ ਮੈਂ ਆਪਣੇ ਨਾਲ ਦੇ ਘਰ ਦੀ ਕੁੜੀ ਨਾਲ ਉਸਦੇ ਕਿਸੇ ਕੰਮ ਲਈ, ਉਸ ਨੂੰ ਪਹਿਲੀ ਵਾਰ ਮਿਲੀ ਸਾਂ। ਖ਼ੈਰ! ਆਖ਼ਰੀ ਮੁਲਾਕਾਤ ਬਾਰੇ ਦੱਸਦੀ ਹਾਂ ਦਰਅਸਲ ਮੈਂ ਇੱਕ ਪਾਰਟ ਟਾਈਮ ਨੌਕਰੀ ਲਈ ਉਸਨੂੰ ਮਿਲੀ ਸੀ, ਕੁਝ ਸਮਾਂ ਉਹ ਨੌਕਰੀ ਕੀਤੀ ਵੀ ਪਰ ਫਿਰ ਛੱਡ ਦਿੱਤੀ ਸੀ। ਸਮੱਸਿਆ ਇਹ ਸੀ ਕਿ ਇੱਕ ਤਾਂ ਥੋੜ੍ਹੀ ਦੂਰ ਸੀ, ਦੂਜਾ ਸਰਦੀਆਂ ਦੇ ਦਿਨ ਸੀ ਅਤੇ ਹਨ੍ਹੇਰਾ ਵੀ ਵਾਹਵਾ ਹੋ ਜਾਂਦਾ ਸੀ ਅਤੇ ਪੈਂਡਾ ਲੰਮਾ।’
ਵਿਚੋਂ ਹੀ ਗੱਲ ਟੋਕਦਿਆਂ ਮੰਨਤ ਨੇ ਪੁੱਛਿਆ, ‘ਉਹ ਵੀ ਉੱਥੇ ਤੇਰੇ ਨਾਲ ਹੁੰਦਾ ਸੀ?’
‘ਮੈਨੂੰ ਪਤਾ ਸੀ ਤੂੰ ਪੱਕਾ ਇਹ ਪੁੱਛੇਂਗੀ’ ਕਹਿੰਦੇ ਹੋਏ ਨਵਦੀਪ ਕਹਿਣ ਲੱਗੀ, ‘ਹਾਂ! ਉਹ ਵੀ ਉੱਥੇ ਹੀ ਹੁੰਦਾ ਸੀ। ਉਹ ਵੀ ਨੌਕਰੀ ਕਰਦਾ ਸੀ ਉੱਥੇ। ਪਰ ਦੱਸਣ ਵਾਲੀ ਗੱਲ ਇਹ ਹੈ ਕਿ ਛੁੱਟੀ ਵੇਲੇ ਅਸੀਂ ਇਕੱਠੇ ਦਫ਼ਤਰ ਤੋਂ ਨਿਕਲਦੇ ਹੁੰਦੇ ਸੀ। ਉਸ ਕੋਲ ਬਾਈਕ ਹੁੰਦੀ ਅਤੇ ਮੇਰੇ ਕੋਲ ਸਕੂਟੀ ਅਤੇ ਉਹ ਅਮੂਮਨ ਆਪਣੀ ਬਾਈਕ ਮੇਰੇ ਸਕੂਟੀ ਦੇ ਪਿੱਛੇ ਰੱਖਦਾ ਸੀ ਅਤੇ ਜੇਕਰ ਅੱਗੇ ਹੁੰਦਾ ਤਾਂ ਬਾਈਕ ਦੇ ਸਾਈਡ ਸ਼ੀਸ਼ੇ ਵਿੱਚੋਂ ਉਸਦਾ ਪੂਰਾ ਧਿਆਨ ਪਿੱਛੇ ਮੇਰੀ ਸਕੂਟੀ ਵੱਲ ਹੁੰਦਾ ਸੀ। ਇੱਕ ਵਧੀਆ ਅਹਿਸਾਸ ਸੀ, ਪਰ ਫਿਰ ਮੈਂ ਉਹ ਨੌਕਰੀ ਛੱਡ ਹੀ ਦਿੱਤੀ।’
‘ਵਾਹ ਕਿਆ ਬਾਤ ਏ’ ਹੋਰ ਕੀ ਹੋਇਆ ਉਸ ਨੌਕਰੀ ਦੌਰਾਨ? ਉਸਨੇ ਕੋਈ ਗੱਲ ਕੀਤੀ? ਕੋਈ ਹੋਰ ਯਾਦ?’ ਮੰਨਤ ਨੇ ਉਤਸ਼ਾਹੀ ਹੁੰਦੇ ਪੁੱਛਿਆ।
‘ਹੋਰ ਕੁਝ ਖ਼ਾਸ ਨਹੀਂ! ਹਾਂ ਸੱਚ ਇੱਕ ਦਿਨ ਜਦੋਂ ਨਵੀਂ-ਨਵੀਂ ਨੌਕਰੀ ਲੱਗੀ ਤਾਂ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸਰਦੀਆਂ ਦੇ ਦਿਨ ਸੀ, ਉਸਨੇ ਖ਼ਾਸ ਮੇਰੇ ਲਈ ਚਾਹ ਬਣਾਈ ਸੀ।’ ਨਵਦੀਪ ਦੱਸ ਹੀ ਰਹੀ ਸੀ ਕਿ ਵਿੱਚੋਂ ਹੀ ਮੰਨਤ ਬੋਲ ਪਈ, ‘ਅਰੇ! ਕਿਆ ਬਾਤ ਏ, ਚਾਹ ਤਾਂ ਫਿਰ ਬੜੇ ਚਾਅ ਨਾਲ ਬਣਾਈ ਹੋਣੀ ਅਗਲੇ ਨੇ?’ ਅਤੇ ਨਾਲ ਹੱਸਣ ਲੱਗ ਪਈ।
‘ਹਮਮਮ… ਕਹਿ ਸਕਦੇ ਹਾਂ’ ਨਵਦੀਪ ਬੋਲਣ ਲੱਗੀ, ‘ਪਰ ਮੈਨੂੰ ਤਾਂ ਜਮ੍ਹਾ ਸੁਵਾਦ ਨਾ ਲੱਗੀ ਅਤੇ ਮੈਂ ਸਾਰੀ ਰੋੜ ਦਿੱਤੀ ਸੀ।’
‘ਹੋਅਅਅ!’ ਮੰਨਤ ਦਾ ਮੂੰਹ ਖੁੱਲ੍ਹਾ ਹੀ ਰਹਿ ਗਿਆ ਕਹਿਣ ਲੱਗੀ ‘ਕੋਈ ਹਾਲ ਨਹੀਂ ਤੇਰਾ।’
‘ਤੈਨੂੰ ਪਤਾ ਹੀ ਏ ਮੇਰੇ ਸੁਭਾਅ ਦਾ’ ਨਵਦੀਪ ਕਹਿਣ ਲੱਗੀ, ‘ਜੋ ਚੰਗਾ ਹੈ ਤਾਂ ਚੰਗਾ ਕਹੂੰ, ਭੈੜਾ ਹੈ ਤਾਂ ਭੈੜਾ ਕਹੂੰ, ਝੂਠ ਨਹੀਂ ਬੋਲ ਹੁੰਦਾ ਮੇਰੇ ਤੋਂ ਅਤੇ ਕਿਸੇ ਵਿਅਕਤੀ ਜਾਂ ਸ਼ੈਅ ਦੀ ਝੂਠੀ ਤਾਰੀਫ਼ ਤਾਂ ਬਿਲਕੁਲ ਨਹੀਂ। ਪਰ ਇੱਕ ਗੱਲ ਚੰਗੀ ਉਸ ਨਾਲ ਉਹ ਕੁਝ ਦਿਨ ਰਹਿ ਕੇ ਇਹ ਜ਼ਰੂਰ ਮਹਿਸੂਸ ਹੋਇਆ ਕਿ ਉਹ ਵੀ ਮੇਰੀ ਤਰ੍ਹਾਂ ਦਾ ਹੀ ਹੈ ਥੋੜ੍ਹਾ ਅਲੋਚਕ ਜਿਹਾ ਅਤੇ ਸਾਫ਼ਗੋਈ ਕਰਨ ਵਾਲਾ।’
‘ਯਾਰ ਮੈਂ ਬਹੁਤ ਐਕਸਾਈਟਿਡ ਹੋ ਰਹੀ ਹਾਂ ਉਸ ਨੂੰ ਦੇਖਣ ਲਈ’ ਮੰਨਤ ਕਹਿਣ ਲੱਗੀ, ‘ਤੇਰੀਆਂ ਆਹ ਭਾਵੇਂ ਦੋ-ਚਾਰ ਗੱਲਾਂ ਹੀ ਉਸ ਇਨਸਾਨ ਬਾਰੇ ਸੁਣੀਆਂ ਨੇ, ਮੈਨੂੰ ਤਾਂ ਉਸ ਬਾਰੇ ਸੁਣਨਾ ਵੀ ਚੰਗਾ ਲੱਗਿਆ ਏ, ਬਾਕੀ ਗੱਲਾਂ ਵੀ ਠੀਕ ਨੇ, ਪਰ ਉਸ ਵੱਲੋਂ ਇਸ ਤਰ੍ਹਾਂ ਕੇਅਰ ਕਰਨਾ, ਖ਼ਿਆਲ ਰੱਖਣਾ, ਫਿਰ ਜਤਾਉਣਾ ਤੱਕ ਨਹੀਂ, ਦੂਜੇ ਦੀ ਪਸੰਦ ਨਾ ਪਸੰਦ ਦਾ ਖ਼ਿਆਲ ਰੱਖਣਾ, ਹਰ ਵੇਲੇ ਮੱਦਦ ਲਈ ਤਿਆਰ ਰਹਿਣਾ ਅਤੇ ਫਿਰ ਵੀ ਆਪਣੀਆਂ ਭਾਵਨਾਵਾਂ ਨੂੰ ਸ਼ਬਦ ਨਾ ਦੇਣੇ ਅਤੇ ਚੁੱਪ ਰਹਿਣਾ, ਨਾਲੇ ਉਹ ਐਨੇ ਸਾਲਾਂ ਤੋਂ ਇੱਕ-ਇੱਕ ਦਿਨ ਗਿਣ ਕੇ ਤੇਰਾ ਜਨਮਦਿਨ ਯਾਦ ਰੱਖਦਾ… ਜਸਟ ਅਮੇਜ਼ਿੰਗ ਯਾਰ… ਇਹੋ ਜਿਹਾ ਸਾਥੀ ਤਾਂ ਉਮਰ ਭਰ ਲਈ ਚਾਹੀਦਾ ਹੁੰਦਾ… ਕਾਸ਼!’
‘ਕੀ ਕਾਸ਼? ਕਾਸ਼ ਦੀਏ ਕੁਝ ਲੱਗਦੀਏ’ ਨਵਦੀਪ ਕਹਿਣ ਲੱਗੀ, ‘ਇਹ ਅੱਜ-ਕੱਲ੍ਹ ਸਭ ਮੁੰਡਿਆਂ ਦਾ ਇਹੋ ਹਾਲ ਏ, ਜਿੰਨਾ ਮਿੱਠਾ ਅਤੇ ਮਿਲਾਪੜਾ ਸੁਭਾਅ ਪਹਿਲਾਂ-ਪਹਿਲਾਂ ਵਿਖਾਉਂਦੇ ਨੇ, ਬਾਅਦ ਵਿੱਚ ਇਹੋ ਜਿਹੇ ਸੜੀਅਲ, ਕਮੀਨੇ ਅਤੇ ਗੁੱਸੇਖੋਰ ਹੁੰਦੇ ਨੇ।’
‘ਯਾਰ! ਜੋ ਮਰਜ਼ੀ ਹੋਵੇ’ ਮੰਨਤ ਕਹਿਣ ਲੱਗੀ, ‘ਪਰ ਜਨਮਦਿਨ ਯਾਦ ਰੱਖਣਾ ਅਤੇ ਹਰ ਸਾਲ ਇੱਕ ਹੀ ਤਰ੍ਹਾਂ ਨਾਲ ਬਰਥਡੇਅ ਵਿਸ਼ ਕਰਨਾ, ਇਹ ਸਭ ਮਾਜਰਾ ਆਪਣੇ ਆਪ ਹੀ ਬਹੁਤ ਕੁਝ ਸਪੱਸ਼ਟ ਕਰਦਾ ਹੈ, ਬਾਕੀ ਕੋਈ ਜਾਣ ਬੁੱਝ ਕੇ ਅਣਜਾਣ ਬਣਿਆ ਰਹੇ ਤਾਂ ਕੋਈ ਕੀ ਕਰ ਸਕਦਾ ਏ? ਪਰ ਜ਼ਰੂਰੀ ਨਹੀਂ ਕਿ ਭਾਵਨਾਵਾਂ ਨੂੰ ਸ਼ਬਦਾਂ ਦੀ ਲੋੜ ਹੋਵੇ ਅਤੇ ਇਹ ਵੀ ਜ਼ਰੂਰੀ ਨਹੀਂ ਕਿ ਜਿਸ ਭਾਵਨਾ ਨੂੰ ਸੁਹਣੇ ਸ਼ਬਦ ਦਿੱਤੇ ਹੋਣ ਉਹ ਭਾਵਨਾ ਵੀ ਸੁਹਣੀ ਅਤੇ ਚੰਗੀ ਹੋਵੇ। ਖ਼ੈਰ! ਮੈਨੂੰ ਤਾਂ ਐਨਾ ਕੁ ਪਤਾ ਲੱਗਿਆ ਸਾਰੀ ਗੱਲਬਾਤ ਤੋਂ ਕਿ ਨਾ ਤੇਰੀ ਉਸ ਵਿੱਚ ਦਿਲੋਂ ਦਿਲਚਸਪੀ ਹੈ ਅਤੇ ਨਾ ਹੀ ਉਹ ਕੋਈ ਚੰਗਾ ਖਿਡਾਰੀ ਏ, ਨਹੀਂ ਤਾਂ ਪੰਜ ਸਾਲ ਕੋਈ ਥੋੜ੍ਹਾ ਸਮਾਂ ਨਹੀਂ ਹੁੰਦਾ। ਤੁਸੀਂ ਦੋਵੇਂ ਜਾਂ ਤਾਂ ਕੱਚੇ ਖਿਡਾਰੀ ਹੋ, ਜਾਂ ਪਾਗਲ ਹੋ, ਕੁੱਲ ਮਿਲਾ ਕੇ ਤੁਹਾਡਾ ਦੋਵਾਂ ਦਾ ਕੁਝ ਨਹੀਂ ਹੋ ਸਕਦਾ। ਜੇ ਦੋਵਾਂ ਵਿੱਚੋਂ ਕਿਸੇ ਇੱਕ ਨੇ ਪਹਿਲ ਨਾ ਕੀਤੀ। ਪਰ ਹਾਂ! ਜੇ ਤੇਰੀ ਦਿਲਚਸਪੀ ਨਹੀਂ ਤਾਂ ਤੂੰ ਇਸ ਵਾਰ ਥੈਂਕ ਯੂ ਵੀ ਨਾ ਲਿਖ ਕੇ ਭੇਜੀਂ, ਫਿਰ ਦੇਖਦੇ ਹਾਂ ਕਿ ਅਗਲੇ ਸਾਲ ਉਹ ਮੈਸਜ ਕਰਦਾ ਜਾਂ ਨਹੀਂ? ਕੀ ਖ਼ਿਆਲ ਏ ਤੇਰਾ? ਵੈਸੇ ਇੱਕ ਗੱਲ ਹੋਰ ਦੱਸ ਹੁਣ, ਉਹ ਇਹ ਕਿ ਤੇਰੀ ਆਖ਼ਰੀ ਮੁਲਾਕਾਤ ਤੇਰੇ ਪਿਛਲੇ ਜਨਮਦਿਨ ਤੋਂ ਪਹਿਲਾਂ ਹੋਈ ਸੀ ਜਾਂ ਬਾਅਦ ਵਿੱਚ?’ ਮੰਨਤ ਨੇ ਪੁੱਛਿਆ।
‘ਸਹੀ ਏ, ਖ਼ਿਆਲ ਤਾਂ ਠੀਕ ਹੈ’ ਨਵਦੀਪ ਬੋਲਣ ਲੱਗੀ, ‘ਆਖ਼ਰੀ ਮੁਲਾਕਾਤ ਜਨਮਦਿਨ ਤੋਂ ਪਹਿਲਾਂ ਹੋਈ ਸੀ ਅਤੇ ਗੱਲ ਹੋਈ ਨੂੰ ਕਰੀਬ ਚਾਰ ਮਹੀਨੇ ਹੋ ਗਏ ਨੇ। ਉਸਦੇ ਨਾਰਮਲ ਮੈਸਜ ਆਉਂਦੇ ਰਹਿੰਦੇ ਨੇ, ਪਰ ਮੈਂ ਕਦੀ ਮੈਸਜ ਨਹੀਂ ਕੀਤਾ। ਹਾਂ ਹੱਦ ਇੱਕ ਜਾਂ ਦੋ ਵਾਰ, ਉਸਦੇ ਸਟੇਟਸ ‘ਤੇ ਕੋਈ ਕਾਮੈਂਟ ਭਾਵੇਂ ਕੀਤਾ ਹੋਵੇ।’ ਨਵਦੀਪ ਨੇ ਗੱਲ ਮੁਕਾਈ।
‘ਓ.ਕੇ. ਠੀਕ!’ ਮੰਨਤ ਬੋਲੀ, ‘ਹੁਣ ਅੱਜ ਹੋ ਗਈ ਜੂਨ ਮਹੀਨੇ ਦੀ 28 ਤਰੀਕ ਅਤੇ ਅਗਸਤ ਮਹੀਨੇ ਦੀ  ਤੀਹ ਤਰੀਕ ਨੂੰ ਹੈ ਤੇਰਾ ਜਨਮਦਿਨ, ਦੇਖਦੇ ਹਾਂ ਪਰਸੋਂ ਤੋਂ ਮੈਸਜ਼ ਆਉਣੇ ਸ਼ੁਰੂ ਹੁੰਦੇ ਨੇ ਹਰ ਸਾਲ ਦੀ ਤਰ੍ਹਾਂ ਜਾਂ ਨਹੀਂ?’
‘…ਹਮਮਮ ਗੁੱਡ ਆਈਡੀਆ’ ਨਵਦੀਪ ਕਹਿਣ ਲੱਗੀ। ਠੀਕ ਹਾਂ ਪਰਸੋਂ ਸਵੇਰੇ ਜਦੋਂ ਉਸਦਾ ਸੁਨੇਹਾ ਆਵੇਗਾ ਤਾਂ ਮੈਂ ਤੈਨੂੰ ਦੱਸਾਂਗੀ ਜ਼ਰੂਰ।’
ਮੰਨਤ ਬੋਲੀ, ਮੈਨੂੰ ਵੀ ਉਸਦੇ ਕਾਊਂਟ ਡਾਊਨ ਦਾ ਸਕਰੀਨ ਸ਼ਾਰਟ ਜ਼ਰੂਰ ਭੇਜੀਂ। ਮੈਂ ਤਾਂ ਕੱਲ੍ਹ ਦਿੱਲੀ ਚਲੇ ਜਾਣਾ ਦੋ ਹਫ਼ਤਿਆਂ ਲਈ। ਫਿਰ ਆ ਕੇ ਹੀ ਮਿਲਾਂਗੀ ਤੈਨੂੰ।’
ਫਿਰ ਗੱਲਾਂ ਕਰਦੀਆਂ ਦੋਵੇਂ ਇੱਕ ਦੂਜੇ ਤੋਂ ਨਿੱਖੜ ਗਈਆਂ।
ਤੀਹ ਤਰੀਕ ਨੂੰ ਦੁਪਹਿਰ ਤੋਂ ਬਾਅਦ ਮੰਨਤ ਨੇ ਨਵਦੀਪ ਨੂੰ ਦਿੱਲੀ ਤੋਂ ਫ਼ੋਨ ਕਰਕੇ ਪੁੱਛਿਆ, ‘ਕਿੱਦਾਂ ਮਾਲਕੋ! ਆਇਆ ਫਿਰ ਮੈਸਜ ਰਾਂਝੇ ਦਾ?’
‘ਨਹੀਂ! ਸ਼ਾਇਦ ਇਸ ਵਾਰ ਨਾ ਹੀ ਆਵੇ।’ ਢਿੱਲੀ ਜਿਹੀ ਅਵਾਜ਼ ਵਿੱਚ ਨਵਦੀਪ ਨੇ ਕਿਹਾ। 
‘ਅੱਛਾ! ਪਰ ਇਹ ਵੀ ਹੋ ਸਕਦੈ ਉਹ ਕਿਤੇ ਮਸਰੂਫ ਹੋਵੇ ਕੋਈ ਨਾ ਪੂਰਾ ਦਿਨ ਪਿਆ, ਆ ਜਾਵੇਗਾ।’ ਮੰਨਤ ਨੇ ਦਿਲਾਸਾ ਦਿੰਦੇ ਹੋਏ ਕਿਹਾ। ਫਿਰ ਦੋਵੇਂ ਆਪੋ-ਆਪਣੀ ਥਾਂ ਆਪਣੇ ਕੰਮਾਂ ਵਿੱਚ ਲੱਗ ਗਈਆਂ।
ਅਗਲਾ ਦਿਨ ਚੜ੍ਹ ਗਿਆ ਅਤੇ ਮੁੱਕ ਗਿਆ, ਪਰ ਉਸਦਾ ਮੈਸਜ਼ ਨਾ ਆਇਆ। ਇਸ ਸਬੰਧੀ ਮੰਨਤ ਦੀ ਅਤੇ ਨਵਦੀਪ ਦੀ ਫ਼ੋਨ ’ਤੇ ਗੱਲ ਹੋ ਗਈ। ਦਿਨ ਲੰਘ ਰਹੇ ਸਨ ਪਰ ਇਸ ਵਾਰ ਕੋਈ ਮੈਸਜ਼ ਨਹੀਂ ਸੀ ਆ ਰਿਹਾ। ਮੰਨਤ ਨੇ ਕਿਹਾ, ‘ਨਵੂ ਯਾਰ! ਉਸਦੀ ਪ੍ਰੋਫਾਈਲ ਖੋਲ੍ਹ ਕੇ, ਉਸਦੇ ਸਟੇਟਸ ਦੇਖ ਖਾਂ ਭਲਾ’ ਤਾਂ ਜਵਾਬ ਵਜੋਂ ਨਵਦੀਪ ਨੇ ਕਿਹਾ ਸਟੇਟਸ ਤਾਂ ਉਹ ਕਾਫੀ ਦਿਨਾਂ ਤੋਂ ਨਹੀਂ ਪਾ ਰਿਹਾ।
ਖ਼ੈਰ! ਦੋ ਹਫ਼ਤਿਆਂ ਬਾਅਦ ਮੰਨਤ ਵੀ ਦਿੱਲੀ ਤੋਂ ਮੁੜ ਆਈ। ਅੱਗੇ ਦੋ ਹਫ਼ਤੇ ਹੀ ਨਵਦੀਪ ਦੇ ਜਨਮਦਿਨ ਵਿੱਚ ਰਹਿ ਗਏ ਸਨ। ਇਸ ਵਾਰ ਥੋੜ੍ਹਾ ਨਵਦੀਪ ਦਾ ਇਸ ਗੱਲ ਵੱਲ ਧਿਆਨ ਹੋਣ ਕਰਕੇ, ਉਹ ਥੋੜ੍ਹਾ ਇਸ ਪ੍ਰਤੀ ਚਿੰਤਤ ਸੀ, ਭਾਵੇਂ ਕਿ ਦਿਲ ਵਿੱਚ ਕੋਈ ਲਗਾਵ ਹੋਵੇ ਜਾਂ ਨਾ, ਪਰ ਫਿਰ ਵੀ ਕੋਈ ਇਨਸਾਨ ਕੁਝ ਖ਼ਾਸ ਮਹਿਸੂਸ ਕਰਵਾਉਂਦਾ ਹੋਵੇ ਤਾਂ ਉਸ ਵੱਲ ਧਿਆਨ ਕੇਂਦਿਰਤ ਹੋਣਾ ਕੁਦਰਤੀ ਹੁੰਦਾ ਹੈ।
ਅੱਜ ਮੁੜ ਨਵਦੀਪ ਅਤੇ ਮੰਨਤ ਇਕੱਠੀਆਂ ਬੈਠੀਆਂ ਸਨ। ਅੱਜ ਮਹੀਨੇ ਦੀ ਉਨੱਤੀ ਤਰੀਕ ਸੀ ਅਤੇ ਅਗਲੇ ਦਿਨ ਤੀਹ ਤਰੀਕ ਨੂੰ ਨਵਦੀਪ ਦਾ ਜਨਮਦਿਨ। ਨਵਦੀਪ ਬੋਲੀ, ‘ਦੇਖ ਮੰਨਤ! ਦੁਪਿਹਰ ਦਾ ਇੱਕ ਵੱਜ ਗਿਆ ਏ ਇਸ ਵੇਲੇ ਉਸਦਾ ਮੈਸਜ਼ ਆਉਣਾ ਸੀ, ‘ਇਲੈਵਨ ਆਰਸ ਆਰ ਲੈਫਟ’… ਪਰ ਇਸ ਵਾਰ ਮੈਨੂੰ ਨਹੀਂ ਲੱਗਦਾ ਕਿ ਉਸ ਨੂੰ ਮੇਰਾ ਜਨਮਦਿਨ ਯਾਦ ਵੀ ਹੋਵੇਗਾ।’
‘ਚੱਲ ਕੋਈ ਨਾ ਉਦਾਸ ਨਾ ਹੋ, ਅਜੇ ਕਿਹੜਾ ਤੁਹਾਡੇ ਵਿੱਚ ਕੋਈ ਰਿਸ਼ਤਾ ਸੀ। ਫ਼ਿਕਰ ਨਾ ਕਰ। ਮੈਂ ਵਿਸ਼ ਕਰਾਂਗੀ ਤੈਨੂੰ ਠੀਕ ਬਾਰਾਂ ਵਜੇ ਰਾਤ ਵੇਲੇ, ਪੱਕਾ।’ ਮੰਨਤ ਨੇ ਕਿਹਾ।
ਰਾਤ ਦੇ ਦਸ ਵੱਜ ਗਏ। ਨਵਦੀਪ ਦਾ ਧਿਆਨ ਅਜੇ ਵੀ ਉਸਦੇ ਸੁਨੇਹੇ ਦੇ ਇੰਤਜ਼ਾਰ ਵੱਲ ਸੀ। ਅੱਜ ਇਹ ਸਮਾਂ ਬਹੁਤ ਔਖਾ ਬਤੀਤ ਹੋ ਰਿਹਾ ਸੀ। ਸਹੀ ਤਾਂ ਕਹਿੰਦੇ ਨੇ ਸਿਆਣੇ ਕਿ ਉਡੀਕ ਸਭ ਤੋਂ ਔਖੀ ਹੁੰਦੀ ਹੈ। ਰੋਟੀ-ਟੁੱਕ ਖਾਣ ਨੂੰ ਵੀ ਅੱਜ ਨਵਦੀਪ ਦਾ ਮਨ ਨਹੀਂ ਸੀ ਮੰਨਿਆ। ਉਹ ਪਿਛਲੇ ਪੰਜ ਸਾਲਾਂ ਦੇ ਅਜਿਹੇ ਪਲਾਂ ਨੂੰ ਯਾਦ ਕਰ ਰਹੀ ਸੀ, ਜਦ ਉਸਦੇ ਹਰ ਪਲ ਮੈਸਜ਼ ਆਉਂਦੇ ਸਨ ਅਤੇ ਠੀਕ 12 ਵਜੇ ਤੱਕ ਆਉਂਦੇ ਰਹਿੰਦੇ ਸਨ, ਪਰ ਉਸ ਵੇਲੇ ਉਹ ਮਨ ਹੀ ਮਨ ਅੰਦਰ ਖ਼ੁਸ਼ ਹੁੰਦੀ ਹੋਈ ਵੀ ਇਸ ਸਭ ਤੋਂ ਬੇਨਿਆਜ਼ ਰਹਿੰਦੀ ਹੁੰਦੀ ਸੀ, ਪਰ ਅੱਜ ਤਾਂ ਉਸਦੀ ਰੂਹ ਅਤੇ ਦਿਲ, ਦਿਮਾਗ ਅਤੇ ਮਨ ਪੂਰੀ ਤਰ੍ਹਾਂ ਕਿਸੇ ਅਣਚਾਹੀ ਜਿਹੀ ਚਿੰਤਾ ਵਿੱਚ ਖੁਭੇ ਹੋਏ ਸਨ।
ਕਿਤੇ ਉਹ ਸੋਚਦੀ ਮੈਂ ਉਸ ਬਾਰੇ ਜਿੰਨਾ ਕੁਝ ਹੁਬ ਕੇ ਮੰਨਤ ਨੂੰ ਦੱਸਿਆ ਹੈ, ਹੁਣ ਸਭ ਕੁਝ ਕਿੰਨਾ ਕੱਚਾ ਜਿਹਾ ਹੋ ਜਾਣਾ, ਜੇ ਇਸ ਵਾਰ ਉਸਦੀਆਂ ਸ਼ੁੱਭ-ਇੱਛਾਵਾਂ ਨਾ ਆਈਆਂ ਤਾਂ। ਮੈਨੂੰ ਬਿਨ੍ਹਾਂ ਕਿਸੇ ਗੱਲ ਦੇ ਪੱਕਿਆ ਹੋਣ ਦੇ, ਉਸ ਬਾਰੇ ਇਸ ਤਰ੍ਹਾਂ ਕਿਸੇ ਨਾਲ ਖੁੱਲ੍ਹੀ ਚਰਚਾ ਨਹੀਂ ਸੀ ਕਰਨੀ ਚਾਹੀਦੀ। ਸੋਚਾਂ ਦੀ ਇਸ ਉਧੇੜ-ਬੁਣ ਵਿੱਚ ਰਾਤ ਦੇ ਠੀਕ ਬਾਰਾਂ ਵੱਜ ਗਏ ਤਾਂ ਮੋਬਾਇਲ ਫ਼ੋਨ ਦੀ ਘੰਟੀ ਵੱਜੀ ਤਾਂ ਇੱਕ ਟੈਕਸਟ ਮੈਸਜ਼ ਆਇਆ, ਫਿਰ ਉਸਦੇ ਨਾਲ ਹੀ ਵੱਟਸਐਪ ’ਤੇ ਕੁੱਝ ਮੈਸਜ ਆਏ। ਨਵਦੀਪ ਨੇ ਝੱਟ ਪਹਿਲ ਦੇ ਆਧਾਰ ’ਤੇ ਵੱਟਸਐਪ ਦੇ ਮੈਸਜ਼ ਚੈੱਕ ਕੀਤੇ ਤਾਂ ਮੰਨਤ ਵੱਲੋਂ ਜਨਮਦਿਨ ਦੀਆਂ ਵਧਾਈਆਂ ਦੇ ਸੁਨੇਹੇ ਆ ਰਹੇ ਸਨ। ਮੰਨਤ ਨੇ ਸ਼ੁਭ-ਇੱਛਾਵਾਂ ਭੇਜਣ ਤੋਂ ਬਾਅਦ ਪੁੱਛਿਆ, ‘ਆਇਆ ਮੈਸਜ ਉਸਦਾ?’
ਨਹੀਂ ਦਾ ਜੁਵਾਬ ਦਿੰਦਿਆਂ ਅਚਾਨਕ ਨਵਦੀਪ ਦਾ ਧਿਆਨ ਮੋਬਾਇਲ ਫ਼ੋਨ ’ਤੇ ਆਏ ਟੈਕਸਟ ਸੁਨੇਹੇ ਵੱਲ ਗਿਆ ਤਾਂ ਉਹ ਹੈਰਾਨ ਰਹਿ ਗਈ ਕਿ ਇਸ ਉਸੇ ਦਾ ਮੈਸਜ ਸੀ, ਜਿਸ ਦਾ ਉਹ ਪਿਛਲੇ ਤੀਹ ਦਿਨਾਂ ਤੋਂ ਇੰਤਜ਼ਾਰ ਕਰ ਰਹੀ ਸੀ। ਮੈਸਜ ਬਹੁਤ ਸੰਖੇਪ ਸੀ, ਜਿਸ ਵਿੱਚ ਨਵਦੀਪ ਦੀ ਲੰਮੀ ਉਮਰ ਅਤੇ ਤੰਦਰੁਸਤੀ ਦੀ ਦੁਆ ਸੀ, ਪਰ ਇਸ ਵਾਰ ਆਖ਼ੀਰ ਵਿੱਚ ਲਵ ਯੂ ਨਹੀਂ ਸੀ ਲਿਖਿਆ ਹੋਇਆ।
ਭਾਵੇਂ ਕਿ ਮੰਨਤ ਨੇ ਮਨ੍ਹਾਂ ਕੀਤਾ ਸੀ, ਫਿਰ ਵੀ ਕੁਝ ਸੋਚ ਕੇ, ਨਵਦੀਪ ਨੇ ਮੋਬਾਇਲ ’ਤੇ ਆਏ ਇਸ ਸੁਨੇਹੇ ਦੇ ਜਵਾਬ ਵਜੋਂ ‘ਥੈਂਕ ਯੂ’ ਟਾਈਪ ਕਰਨਾ ਚਾਹਿਆ, ਪਰ ਇਸ ਆਏ ਹੋਏ ਸੁਨੇਹੇ ਦੇ ਬਿਲਕੁਲ ਹੇਠਾਂ ਲਿਖਿਆ ਹੋਇਆ ਸੀ, ‘ਕਾਂਟ ਰਿਪਲਾਏ ਟੂ ਦਿਸ ਕੋਡ’ ਅਤੇ ਨਾ ਹੀ ਹੇਠਾਂ ਜਵਾਬੀ ਸੁਨੇਹਾ ਭੇਜਣ ਦੀ ਕੋਈ ਆਪਸ਼ਨ ਨਜ਼ਰ ਆ ਰਹੀ ਸੀ।
ਜਿੱਥੇ ਚਿੰਤਾ ਵਿੱਚ ਗ੍ਰਸੀ ਦੀ ਲੰਮੀ ਉਡੀਕ ਤੋਂ ਬਾਅਦ ਸੁਣੀ ਗਈ ਸੀ ਅਤੇ ਉਸਦਾ ਸੁਨੇਹਾ ਆ ਗਿਆ ਸੀ ਅਤੇ ਉਸਦੇ ਮਨ ਅੰਦਰ ਖ਼ੁਸ਼ੀ ਦੀ ਲਹਿਰ ਉਮੜੀ ਸੀ, ਹੁਣ ਉਹ ਮੁੜ ਇੱਕ ਹੋਰ ਉਦਾਸੀ ਵਿੱਚੋਂ ਗੁਜ਼ਰ ਰਹੀ ਸੀ ਕਿ ਉਹ ਇਸ ਨੰਬਰ ’ਤੇ ਜਵਾਬੀ ਸੁਨੇਹਾ ਕਿਉਂ ਨਹੀਂ ਭੇਜ ਪਾ ਰਹੀ, ਫਿਰ ਉਸਦੇ ਮਨ ਵਿੱਚ ਖ਼ਿਆਲ ਆਇਆ ਕਿ ਉਹ ਤਾਂ ਜਾਗ ਹੀ ਰਿਹਾ ਹੋਵੇਗਾ ਕਿਉਂ ਨਾ ਇੱਕ ਕਾਲ ਜਾਂ ਸੁਨੇਹਾ ਭੇਜ ਕੇ ਦੇਖਾਂ, ਤਾਂ ਉਸਨੇ ਹਿੰਮਤ ਕਰਕੇ ਉਸਦਾ ਨੰਬਰ ਡਾਇਲ ਕੀਤਾ ਤਾਂ ਅਗੋਂ ਡਾਇਲਰ ਟਿਊਨ ਤੋਂ ਅਵਾਜ਼ ਸੁਣਾਈ ਦੇ ਰਹੀ ਸੀ, ‘ਦਿਸ ਨੰਬਰ ਡਜ਼ਸੰਟ ਐਗਜ਼ਿਸਟ’ ਭਾਵ ਇਹ ਨੰਬਰ ਮੌਜੂਦ ਨਹੀਂ ਹੈ। ਇਹ ਸੁਣ ਕੇ ਉਹ ਹੁਣ ਹੋਰ ਵੀ ਇੱਕ ਵੱਖਰੀ ਜਿਹੀ ਚਿੰਤਾ ਵਿੱਚ ਆ ਗਈ। 
ਖ਼ੈਰ! ਰਾਤ ਬੀਤੀ ਸਵੇਰੇ ਹੋਈ। ਜਦ ਮੰਨਤ ਨਾਲ ਮੁਲਾਕਾਤ ਹੋਈ ਤਾਂ ਨਵਦੀਪ ਨੇ ਰਾਤ ਵਾਲਾ ਸਾਰਾ ਮਾਜ਼ਰਾ ਦੱਸਿਆ। ਇਹ ਸਭ ਸੁਣ ਕੇ ਮੰਨਤ ਵੀ ਹੈਰਾਨ ਹੋਈ ਅਤੇ ਨਾਲ ਹੀ ਕਹਿਣ ਲੱਗੀ ਕਿ, ‘ਤੈਨੂੰ ਤਾਂ ਮੈਂ ਮਨ੍ਹਾ ਕੀਤਾ ਸੀ ਕੋਈ ਮੈਸਜ ਜਾਂ ਕਾਲ ਕਰਨ ਤੋਂ?’
‘ਪਰ ਪਲੀਜ਼!’ ਨਵਦੀਪ ਬੋਲੀ, ‘ਮੇਰਾ ਮਨ ਡਰ ਰਿਹਾ ਹੈ, ਕੁਝ ਕਰ। ਹੁਣੇ ਚੱਲੀਏ ਆਪਾਂ ਉਸਦੇ ਘਰ?’ ਅਤੇ ਸਵਾਲੀਆ ਨਜ਼ਰਾਂ ਨਾਲ ਮੰਨਤ ਵੱਲ ਦੇਖਣ ਲੱਗੀ।
‘ਐਡੀ ਵੀ ਕੀ ਕਾਹਲੀ ਏ? ਤੂੰ ਮੇਰੇ ਫ਼ੋਨ ਤੋਂ ਡਾਇਲ ਕਰਕੇ ਦੇਖ।’ ਮੰਨਤ ਨੇ ਕਿਹਾ।
ਮੰਨਤ ਦੇ ਫ਼ੋਨ ਤੋਂ ਕੀਤੀ ਕੋਸ਼ਿਸ਼ ਵੀ ਰਾਤ ਵਾਂਗ ਨਿਸਫ਼ਲ ਰਹੀ ਤਾਂ ਨਵਦੀਪ ਦਾ ਚਿੰਤਾ ਭਰਿਆ ਚਿਹਰਾ ਦੇਖ, ਮੰਨਤ ਨੇ ਉਸਨੂੰ ਆਪਣੀ ਬੁੱਕਲ ਵਿੱਚ ਲਿਆ ਹੀ ਸੀ ਕਿ ਨਵਦੀਪ ਦੀ ਹੁਭ ਨਿੱਕਲ ਗਈ।
‘ਲੈ ਹੈਂ, ਕਮਲੀ ਨਾ ਹੋਵੇ ਤਾਂ’ ਮੰਨਤ ਕਹਿਣ ਲੱਗੀ, ‘ਚੱਲ ਮੈਂ ਕਹਿ ਦਿਆਂਗੀ ਕਿ ਮੈਂ ਉਸਦੀ ਦੋਸਤ ਹਾਂ ਅਤੇ ਉਸਦਾ ਫ਼ੋਨ ਨਹੀਂ ਲੱਗ ਰਿਹਾ ਸੀ ਤਾਂ ਮੈਂ ਘਰ ਆ ਗਈ। ਚੱਲ ਉੱਠ, ਮੂੰਹ ਸਾਫ਼ ਕਰ, ਆਪਾਂ ਹੁਣੇ ਚੱਲਦੇ ਹਾਂ, ਇਸ ਵਾਰੇ ਤੁਹਾਡਾ ਦੋਵਾਂ ਦਾ ਹੱਲ ਕਰ ਦੇਣਾ, ਇਹੀ ਮੇਰੇ ਵੱਲੋਂ ਤੈਨੂੰ ਅੱਜ ਜਨਮਦਿਨ ਦਾ ਤੋਹਫ਼ਾ। ਦੋਵੇਂ ਜਾਣੀਆਂ ਘਰ ਜਾ ਕੇ ਤਿਆਰ ਹੋਈਆਂ ਅਤੇ ਮੰਨਤ ਨੇ ਸਕੂਟੀ ਉਸਦੇ ਘਰ ਵੱਲ ਤੋਰ ਲਈ।
ਉਸਦੇ ਘਰ ਪਹੁੰਚੇ ਤਾਂ, ਉਸਦੀ ਛੋਟੀ ਭੈਣ ਅਮਨਦੀਪ ਨੇ ਇਹਨਾਂ ਦੋਵੇਂ ਕੁੜੀਆਂ ਦਾ ਸੁਵਾਗਤ ਕੀਤਾ ਅਤੇ ਆਉਣ ਦਾ ਕਾਰਨ ਪੁੱਛਿਆ। ਤਾਂ ਮੰਨਤ ਨੇ ਪਹਿਲ ਕਰਦਿਆਂ ਕਿਹਾ, ਦੀਦੀ! ਦਰਅਸਲ ਮੈਂ ਸਰ ਨੂੰ ਮਿਲਣ ਆਈ ਸੀ, ਥੋੜ੍ਹਾ ਕੰਮ ਸੀ, ਮੈਂ ਫ਼ੋਨ ਕਰ ਰਹੀ ਸੀ ਅਤੇ ਉਹਨਾਂ ਦਾ ਫ਼ੋਨ ਲੱਗ ਨਹੀਂ ਸੀ ਰਿਹਾ।’
ਇਹ ਸੁਣਦਿਆਂ ਹੀ ਅਮਨਦੀਪ ਮੁਸਕਰਾ ਪਈ ਅਤੇ ਉਹਨਾਂ ਨੇ ਦੋਵਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਨਵਦੀਪ ਵੱਲ ਦੇਖਦਿਆਂ ਪੁੱਛਣ ਲੱਗੀ, ‘ਨਵਦੀਪ ਤੈਨੂੰ ਵੀ ਕੋਈ ਕੰਮ ਸੀ ਆਪਣੇ ਸਰ ਨਾਲ?’
ਇਹ ਸੁਣਦਿਆਂ ਸਾਰ ਹੀ ਦੋਵਾਂ ਦੇ ਚਿਹਰਿਆਂ ਦੇ ਰੰਗ ਉੱਡ ਗਏ। ਦੋਵੇਂ ਹੈਰਾਨ ਸੀ ਕਿ ਅਮਨ ਨੂੰ ਨਵਦੀਪ ਬਾਰੇ ਕਿਸ ਤਰ੍ਹਾਂ ਪਤਾ ਲੱਗਿਆ।
ਦੋਵਾਂ ਦੇ ਘਬਰਾਏ ਅਤੇ ਹੈਰਾਨੀ ਨਾਲ ਭਰੇ ਚਿਹਰੇ ਦੇਖ ਕੇ, ਅਮਨ ਆਪਣੀ ਥਾਂ ਤੋਂ ਉੱਠ ਖੜ੍ਹੀ ਹੋਈ ਅਤੇ ਨਵਦੀਪ ਨੂੰ ਇਸ਼ਾਰਾ ਕਰਦਿਆਂ ਕਿਹਾ, ‘ਆਓ ਮੇਰੇ ਨਾਲ।’ ਅਤੇ ਤਿੰਨੇ ਜਣੀਆਂ ਘਰ ਦੀਆਂ ਪੌੜੀਆਂ ਚੜ੍ਹ ਰਹੀਆਂ ਸਨ। ਅਮਨ ਕਹਿਣ ਲੱਗੀ ਤੁਹਾਡੇ ਸਰ ਨੇ ਦੱਸਿਆ ਸੀ ਕਿ ਤੁਸੀਂ ਸਾਡੇ ਘਰ ਆਉਗੀਆਂ ਜ਼ਰੂਰ, ਪਰ ਕਦੋਂ ਇਹ ਨਹੀਂ ਸੀ ਪਤਾ। ਗੱਲਾਂ ਕਰਦੇ-ਕਰਦੇ ਉਹ ਪਹਿਲੀ ਮੰਜ਼ਿਲ ’ਤੇ ਪਹੁੰਚ ਚੁੱਕੀਆਂ ਸਨ। ਅਮਨ ਨੇ ਇੱਕ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਕਮਰਾ ਰੌਸ਼ਨੀ ਨਾਲ ਭਰਿਆ ਹੋਇਆ ਸੀ। ਬਹੁਤ ਸੁਹਣਾ ਕਿੰਗ ਸਾਇਜ਼ ਬੈੱਡ ਲੱਗਿਆ ਹੋਇਆ ਸੀ। ਉਸਦੇ ਸਾਹਮਣੇ ਕੰਪਿਊਟਰ ਟੇਬਲ ’ਤੇ ਕੰਪਿਊਟਰ ਚੱਲ ਰਿਹਾ ਸੀ ਅਤੇ ਕੁਝ ਤਕਨੀਕੀ ਉਪਰਕਨ ਪਏ ਹੋਏ ਸਨ ਜੋ ਲਗਾਤਾਰ ਬਲਿੰਕ ਕਰ ਰਹੇ ਸਨ ਅਤੇ ਉਹਨਾਂ ਵਿੱਚੋਂ ਟੀਂ.ਟੀਂ ਦੀ ਰੁਕ ਰੁਕ ਕੇ ਆਵਾਜ਼ ਵੀ ਆ ਰਹੀ ਾਲਸੀ। ਕੰਪਿਊਟਰ ਟੇਬਲ ’ਤੇ ਹੀ ਕੱਚ ਦੇ ਸ਼ੀਸ਼ੇ ਵਿੱਚ ਮੜ੍ਹੀ ਨਵਦੀਪ ਦੀ ਇੱਕ ਛੋਟੀ ਤਸਵੀਰ ਪਈ ਹੋਈ ਸੀ। ਜਿਸ ਵਿੱਚ ਉਸਨੇ ਗੂੜ੍ਹੇ ਨੀਲੇ ਰੰਗ ਦੀ ਜੀਨ ਨਾਲ, ਸਫ਼ੈਦ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ ਅਤੇ ਸੱਜੀ ਬਾਂਹ ਵਿੱਚ ਪਰਸ ਟੰਗਿਆ ਹੋਇਆ ਹੈ। ਉਹ ਇੱਕ ਵੱਡ ਆਕਾਰੀ ਕੁਰਸੀ ’ਤੇ ਬੈਠੀ ਹੋਈ ਹੈ।
ਇਹ ਸਭ ਦੇਖ ਕੇ ਨਵਦੀਪ ਚੌਕੰਨੀ ਰਹਿ ਗਈ। ਉਸ ਨੂੰ ਯਾਦ ਆਇਆ ਕਿ ਇਹ ਫ਼ੋਟੋ ਉਸ ਨੇ ਇੱਕ ਵਾਰ ਆਪੀ ਵੱਟਸਐਪ ਪ੍ਰੋਫਾਇਲ ’ਤੇ ਲਗਾਈ ਸੀ ਅਤੇ ਜਦ ਉਸਨੂੰ ਪਹਿਲੇ ਸਾਲ ਜਨਮਦਿਨ ਦੀਆਂ ਸ਼ੁੱਭ-ਇੱਛਾਵਾਂ ਉਸਨੇ ਭੇਜੀਆਂ ਸਨ ਤਾਂ ਇੱਕ ਕੋਲਾਜ ਵਿੱਚ ਜਨਮਦਿਨ ਦੀਆਂ ਇੱਛਾਵਾਂ ਨਾਲ ਇਹ ਤਸਵੀਰ ਵੀ ਜੜ੍ਹੀ ਹੋਈ ਸੀ ਅਤੇ ਉਸਨੇ ਫ਼ੋਟੋ ਦਾ ਸਕਰੀਨ ਸ਼ਾਰਟ ਲੈ ਕੇ ਰੱਖਣ ਲਈ ਮੁਆਫ਼ੀ ਵੀ ਮੰਗੀ ਸੀ। ਉਹ ਇਸ ਸਭ ਸੋਚ ਹੀ ਰਹੀ ਸੀ ਕਿ ਉਸਦੀ ਨਜ਼ਰ ਖੱਬੇ ਪਾਸੇ ਵਾਲੀ ਕੰਧ ’ਤੇ ਜਾ ਟਿਕੀ। ਜਿੱਥੇ ਉਸਦੇ ਸਰ ਦੀ ਵੱਡੀ ਸਾਰੀ ਫ਼ੋਟੋ ਟੰਗੀ ਸੀ, ਜਿਸ ਦੇ ਗਲ ਫ਼ੁੱਲਾਂ ਦਾ ਹਾਰ ਸੀ ਅਤੇ ਮੌਤ ਤਰੀਕ ਕੋਈ ਸਵਾ ਕੁ ਮਹੀਨਾ ਪੁਰਾਣੀ ਲਿਖੀ ਹੋਈ ਸੀ।
ਦੋਵੇਂ ਜਣੀਆਂ ਇਹ ਦੇਖ ਜਿਵੇਂ ਪੱਥਰ ਹੋ ਗਈਆਂ ਹੋਣ, ਪਰ ਫਿਰ ਰਾਤ ਮੈਸਜ ਕਿਸ ਨੇ ਭੇਜਿਆ? ਇਹ ਸਵਾਲ ਦੋਵਾਂ ਦੇ ਮਨਾਂ ਅੰਦਰ ਬੈਠਾ ਸੀ।
ਅਮਨ ਨੇ ਅੱਗੇ ਹੋ ਕੇ ਨਵਦੀਪ ਨੂੰ ਗਲ਼ ਲਾਇਆ ਤਾਂ ਨਵਦੀਪ ਚਾਹ ਕੇ ਵੀ ਆਪਣੇ ਹੰਝੂ ਨਾ ਰੋਕ ਸਕੀ ਅਤੇ ਮੰਨਤ ਦੀਆਂ ਅੱਖਾਂ ਵੀ ਵਗਣੋਂ ਨਾ ਰੁੱਕ ਸਕੀਆਂ। ਅਮਨ ਨੇ ਕਿਹਾ ਰੋਵੋ ਨਾ। ਤੇਰੇ ਜਨਮ ਦਿਨ ’ਤੇ ਆਉਂਦੇ ਸੌ ਸਾਲ ਤੱਕ ਤੈਨੂੰ ਠੀਕ ਰਾਤ ਬਾਰਾਂ ਵਜੇ ਮੈਸਜ਼ ਆਉਂਦਾ ਰਹੇਗਾ। ਇਹ ਕਮਰਾ ਮੇਰੇ ਵੀਰ ਦਾ ਹੈ। ਇਹ ਕੰਪਿਊਟਰ ਵੀ ਉਸੇਦਾ ਹੈ ਅਤੇ ਹਮੇਸ਼ਾਂ ਚੱਲਦਾ ਰਹਿੰਦਾ ਹੈ। ਇਸ ਵਿੱਚ ਉਸਨੇ ਆਉਂਦੇ ਸੌ ਸਾਲਾਂ ਤੱਕ ਤੇਰੇ ਨੰਬਰ ’ਤੇ ਮੈਸਜ ਭੇਜਣ ਦੀ ਤਕਨੀਕ ਫਿੱਟ ਕੀਤੀ ਹੋਈ ਹੈ। ਉਹ ਤੇਰੀਆਂ ਬਹੁਤ ਗੱਲਾਂ ਕਰਦਾ ਹੁੰਦਾ ਸੀ, ਪਰ ਹਮੇਸ਼ਾਂ ਇਹੀ ਕਹਿੰਦਾ ਸੀ ਕਿ ਉਹ ਬਹੁਤ ਖ਼ੁਦਗਰਜ਼ ਜਿਹੀ ਕੁੜੀ ਹੈ, ਉਹ ਕੋਈ ਆਮ ਕੁੜੀ ਨਹੀਂ, ਬਹੁਤ ਖ਼ਾਸ ਹੈ। ਜੇ ਮੇਰੀ ਖ਼ੁਸ਼ਕਿਸਮਤੀ ਹੋਈ ਤਾਂ ਹੀ ਅਸੀਂ ਇੱਕ ਹੋ ਸਕਦੇ ਹਾਂ, ਪਰ ਸ਼ਾਇਦ ਉਹ ਐਨਾ ਖ਼ੁਸ਼ਕਿਸਮਤ ਨਹੀਂ ਸੀ।
ਅੰਤ ਦੋਵੇਂ ਜਾਣੀਆਂ ਭਾਰੇ ਪੈਰਾਂ ਨਾਲ ਉਸਦੇ ਘਰੋਂ ਬਾਹਰ ਨਿਕਲ ਆਈਆਂ। ਲਫ਼ਜ਼ ਖ਼ੁਸ਼ਕਿਸਮਤ ਨਵਦੀਪ ਦੇ ਕੰਨਾਂ ਵਿੱਚ ਗੂੰਜ ਰਿਹਾ ਸੀ…