ਲੋਹੜੀ ਦਾ ਤਿਉਹਾਰ (ਕਵਿਤਾ)

ਓਮਕਾਰ ਸੂਦ ਬਹੋਨਾ   

Email: omkarsood4@gmail.com
Cell: +91 96540 36080
Address: 2467,ਐੱਸ.ਜੀ.ਐੱਮ.-ਨਗਰ
ਫ਼ਰੀਦਾਬਾਦ Haryana India 121001
ਓਮਕਾਰ ਸੂਦ ਬਹੋਨਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਆਇਆ ਲੋਹੜੀ ਦਾ ਤਿਉਹਾਰ।
ਲੈ ਕੇ ਯਾਦਾਂ ਬੇਸ਼ੁਮਾਰ।

ਨਿੱਕੇ ਨਿੱਕੇ ਜਦ ਹੁੰਦੇ ਸਾਂ।
ਲੋਹੜੀ ਮੰਗਣ ਜਾਂਦੇ ਸਾਂ।
ਮੁੰਡੇ ਕੁੜੀਆਂ ਇਕੱਠੇ ਹੋਕੇ,
ਘਰ ਘਰ ਅਲਖ ਜਗਾਂਦੇ ਸਾਂ :
ਮਾਏ ਨੀ ਇੱਕ ਪਾਥੀ ਦੇਦੇ,
ਲੋਹੜੀ ਅਸਾਂ ਜਗਾਣੀ।
ਤੈਨੂੰ ਤਾਂ ਸਭ ਪਤਾ ਹੈ ਬੇਬੇ,
ਪੂਰੀ ਲੋਹੜੀ ਦੀ ਕਹਾਣੀ।
ਬਾਲ ਕੇ ਲੋਹੜੀ ਗੀਤ ਵੀ ਗਾਉਣੇ,
ਅਸੀਂ ਬਣਾਕੇ ਢਾਣੀ।
ਤੂੰ ਵੀ ਸੁਣਨੇ ਗੀਤ ਨੀ ਮਾਏ,
ਨਾਲੇ ਡਫਲੀ ਤੂੰਹੀ ਵਜਾਣੀ ।
ਸਾਡਿਆਂ ਗੀਤਾਂ ਦੀ ਲੈਅ ਉੱਤੇ,
ਨੱਚਣਾ ਰਲਕੇ ਸਭ ਨੇ ।
ਏਸ ਖ਼ੁਸ਼ੀ ਦੇ ਮੌਕੇ ਉੱਤੇ,
ਮੁੱਕਣੇ ਸਾਰੇ ਮਨ ਦੇ ਯੱਬ ਨੇ ।
ਬੱਚੇ ਬੁੱਢੇ ਭੈਣਾ ਮਾਂਵਾਂ,
ਰਲਕੇ ਗਾਉਣੇ ਮਾਹੀਏ ਟੱਪੇ,
ਸ਼ੋਰ ਸ਼ਰਾਬਾ ਕਰਦਿਆਂ ਸਭ ਨੇ,
ਛਕਣੇ ਮੂੰਗਫਲੀਆਂ ਦੇ ਗੱਫੇ ।
ਰੇਵੜੀਆਂ ਤੇ ਗੱਚਕ ਮਿੱਠੀ,
ਖਾਂਦਿਆਂ ਕੋਈ ਨਾ ਥੱਕੇ ।
ਗੁੜ ਦੀ ਰੋੜੀ ਦੇ ਵੀ ਬੇਬੇ,
ਅਸੀਂ ਛਡਾਉਣੇ ਰਲਕੇ ਛੱਕੇ ।
ਸਭਨਾਂ ਰਲਕੇ ਸੇਕ ਸੇਕਣਾ,
ਕਰਨੀ ਨਹੀਂ ਕੋਈ ਤਕਰਾਰ ।
ਆਇਆ ਲੋਹੜੀ ਦਾ ਤਿਉਹਾਰ।
ਲੈ ਕੇ ਯਾਦਾਂ ਬੇਸ਼ੁਮਾਰ......!

ਅਸੀਂ ਦੂਜੀ ਗਲੀ ਵੀ ਜਾਂਦੇ ।
ਚੋਰੀ ਪਾਥੀ ਚੁੱਕ ਲਿਆਂਦੇ ।
ਨਾਲੇ ਉੱਚੀ ਛੋਰ ਮਚਾਂਦੇ :
ਥੋਡੀ ਲੋਹੜੀ ਅਸੀਂ ਵਿਆਹ ਕੇ ਲੈ ਚੱਲੇ,
ਸਾਡੀ ਹੋ ਜਾਊ ਹੁਣ ਬੱਲੇ ਬੱਲੇ ।
ਮੁੰਡੇ ਕੁੜੀਆਂ ਪੈਂਦੇ ਸਾਡੇ ਪਿੱਛੇ,
ਅਸੀਂ ਕਿਸੇ ਨੂੰ ਡਾਹ ਨਾ ਦਿੰਦੇ ।
ਪਾਥੀ ਪਾਉਂਦੇ ਆ ਕੇ ਆਪਣੀ ਲੋਹੜੀ,
ਕਰਦੇ ਹਿੱਕ ਵੀ ਥੋੜ੍ਹੀ ਚੌੜੀ ।
ਉਹੀ ਪਾਥੀ ਹੁੰਦੀ ਸੀ ਸਾਡੀ ਜਿੱਤ,
ਕਰਤੀ ਨਾਲ ਦੀ ਗਲੀ ਚਿੱਤ ।
ਉਹ ਵੀ ਹੱਸਦੇ ਮੁੰਡੇ ਕੁੜੀਆਂ,
ਨਾਲੇ ਪਏ ਵਿਖਾਵਣ ਤੜੀਆਂ !
ਅਗਲੇ ਸਾਲ ਅਸੀਂ ਵੀ ਥੋਡੀ ਵਿਹਾਉਣੀ ਲੋਹੜੀ,
ਸਾਡੇ ਸਿਰ ਜੋ ਪਾਈ ਭਾਜੀ ਲਾਹੁਣੀ ।
ਅਸੀਂ ਵੀ ਆਉਣਾ ਚੋਰੀ ਚੋਰੀ,
ਪਾਥੀਆਂ ਚੱਕਣੀਆਂ ਭਰ ਕੇ ਬੋਰੀ ।
ਅੱਜ ਤਾਂ ਅਸੀਂ ਹਾਂ ਥੋਡੇ ਦਾਸ,
ਸਾਨੂੰ ਬਿਠਾਵੋ ਆਪਣੇ ਪਾਸ ।
ਫਿਰ ਅਸੀਂ ਜਿੱਤ ਦਾ ਜਸ਼ਨ ਮਨਾਉਂਦੇ,
ਨਾਲੇ ਹੱਸਦੇ ਰਲਕੇ ਹਸਾਉਂਦੇ ।
ਫਿਰ ਅਸੀਂ ਬੁੱਕਾਂ ਭਰ ਭਰ ਖਾਂਦੇ,
ਨਾਲੇ ਦੂਜਿਆਂ ਤਾਈਂ ਖਲਾਂਦੇ ।
ਨਾਲੇ ਤਿਲ ਲੋਹੜੀ ਵਿੱਚ ਪਾਂਦੇ,
ਨਾਲੇ ਗੀਤ ਲੋਹੜੀ ਦਾ ਗਾਂਦੇ :
ਈਸਰ ਆ, ਦਲਿੱਦਰ ਜਾਹ ।
ਦਲਿੱਦਰ ਦੀ ਜੜ੍ਹ ਅਗਨੀ ਪਾ ।
ਸਾਡੇ ਕੰਮੀਂ ਬਰਕਤ ਪਾ ।
ਲੋਹੜੀ ਮਾਈ ਮਿਹਰ ਕਮਾ ।
ਸਾਡੇ ਬਿਗੜੇ ਕੰਮ ਸਵਾਰ,
ਗਾਉਂਦੇ ਰਲਕੇ ਸਾਰੇ ਯਾਰ ।
ਆਇਆ ਲੋਹੜੀ ਦਾ ਤਿਉਹਾਰ ।
ਲੈ ਕੇ ਯਾਦਾਂ ਬੇਸ਼ੁਮਾਰ......।

ਬੱਚਿਆਂ ਦੇ ਜੰਮਣ ਦੀ ਲੋਹੜੀ,
ਵੰਡਦੇ ਉਹੀ ਗੁੜ ਦੀ ਰੋੜੀ ।
ਜਿਸ ਨੇ ਮੁੰਡਾ ਕੁੜੀ ਵਿਆਹਿਆ,
ਮਿੱਠਾ ਵੰਡਣ ਉਹੀ ਆਇਆ ।
ਵੰਡੀ ਜਾਂਦੀ ਖੂਬ ਮਠਿਆਈ ।
ਸਾਥੋਂ ਜਾਂਦੀ ਨਹੀਂ ਸੀ ਖਾਈ ।
ਬੋਝੇ ਭਰ ਭਰ ਘਰ ਲੈ ਜਾਂਦੇ,
ਤੜਕੇ ਉੱਠਦਿਆਂ ਹੀ ਫਿਰ ਖਾਂਦੇ ।
ਇਹ ਸੀ ਲੋਹੜੀ ਦੀਆਂ ਕੁਝ ਯਾਦਾਂ ।
ਦੱਸਦੇ ਪਏ ਹਾਂ ਨਾਲ ਸਵਾਦਾਂ ।
ਅੱਜ ਵੀ ਲੋਹੜੀ ਦਾ ਸਤਿਕਾਰ,
ਕਰਦੇ ਲੋਹੜੀ ਤਾਈਂ ਪਿਆਰ ।
ਆਇਆ ਲੋਹੜੀ ਦਾ ਤਿਉਹਰ ।
ਲੈ ਕੇ ਯਾਦਾਂ ਬੇਸ਼ੁਮਾਰ ।