ਹੰਸਾਂ ਦੀ ਜੋੜੀ ਨੂੰ ਕਿਉਂ ਜ਼ਾਲਮਾਂ ਨੇ ਹੱਥ ਕੜੀਆਂ ਲਾਈਆਂ ,,
ਤੱਕ ਨੂਰ ਇਲਾਹੀ ਮਾਸੂਮਾਂ ਨੂੰ , ਅੱਖੀਆਂ ਚੋਂ ਰੱਤਾਂ ਆਈਆਂ ।।
ਕਿਵੇਂ ਜ਼ਾਲਮਾਂ ਨਾਲ ਟੱਕਰੇ, ਕੋਈ ਪਾਪੀ ਦੀ ਹੈ ਧੌਣ ਮਰੋੜੀ ,,
ਕਿਹਨੇ ਫੜੀ ਨੀ ਭੈਣੋਂ , ਇਹ ਜੀਤਾਂ ਦੇ ਲਾਲਾਂ ਦੀ ਜੋੜੀ ।।
ਕੁੜੀਆਂ ਗੱਲਾਂ ਕਰਦੀਆਂ ਨੇ , ਕਿਹੜੀ ਕੀਤੀ ਗਲਤੀ ਭਾਰੀ ,,
ਇੱਕ ਨਾਲ ਬਜ਼ੁਰਗ ਮਾਤਾ ਏ, ਦਿੰਦੀ ਹੌਸਲਾ ਨਾ ਸੀ ਹਾਰੀ ।।
ਨੰਗੇ ਪੈਰੀਂ ਤੋਰੀ ਜਾਂਦੇ ਨੇ, ਨਾ ਤਰਸ ਕਰਦੇ ਨੇ ਜ਼ਾਲਮ ਕੋੜ੍ਹੀ ,,
ਕਿਹਨੇ ਫੜੀ ਨੀ ਭੈਣੋਂ , ਇਹ ਜੀਤਾਂ ਦੇ ਲਾਲਾਂ ਦੀ ਜੋੜੀ ।।
ਕੁੜੀਆਂ ਰੋਂਦੀਆਂ ਫੁੱਲ ਵਰਸਾਉਂਦੀਆ ਜਿਵੇਂ ਪਰੀਆਂ ਖੜੀਆਂ,,
ਇਹ ਅਰਸ਼ੋ ਜੋੜੀ ਉਤਰੀ ਲੱਗਦੀ ਏ ਜ਼ਾਲਮਾਂ ਕਿਉਂ ਫੜੀ ਆ ।।
ਨਿਰਦੋਸ਼ ਲੱਗਦੇ ਨੇ , ਨੀਂਹ ਰੱਖਣ ਚੱਲੀ ਇਹ ਹੰਸਾਂ ਦੀ ਜੋੜੀ ,,
ਕਿਹਨੇ ਫੜੀ ਨੀ ਭੈਣੋਂ , ਇਹ ਜੀਤਾਂ ਦੇ ਲਾਲਾਂ ਦੀ ਜੋੜੀ ।।
ਪੈਰਾਂ ਵਿੱਚੋਂ ਜੋੜੇ ਨਿਕਲੇ,ਖੂਨ ਵਗ ਰਿਹਾ ਜਿਵੇਂ ਸਰਸਾ ਦਾ ਪਾਣੀ,,
ਮਾਤਾ ਨੂੰ ਦਿੰਦੇ ਸੀ ਹੌਸਲਾ, ਨਾ ਕਦੇ ਕੰਡੇ ਦੀ ਪੀੜ ਸੀ ਮਾਣੀ ।।
ਛੇਤੀ ਛੇਤੀ ਖਿੱਚੀ ਜਾਂਦੇ , ਨਾ ਜ਼ਾਲਮਾਂ ਪੁੱਛਿਆਂ ਪਾਣੀ ਹਿੰਡ ਤੋੜੀਂ,,
ਕਿਹਨੇ ਫੜੀ ਨੀ ਭੈਣੋਂ , ਇਹ ਜੀਤਾਂ ਦੇ ਲਾਲਾਂ ਦੀ ਜੋੜੀ ।।
ਮਾਤਾ ਨੂੰ ਪੁੱਛ ਦੀਆਂ ਕੁੜੀਆਂ, ਹੰਸਾਂ ਦੀ ਜੋੜੀ ਕੀਹਦੀ ਜਾਈ ਏ ,,
ਇਹ ਜਿਗਰ ਦੇ ਟੋਟੇ ਦੀ ਜੋੜੀ,ਜ਼ਾਲਮਾਂ ਨੂੰ ਧੋਖੇ ਨਾਲ ਫੜਾਈ ਏ ।।
ਨੂਰ ਇਲਾਹੀ ਫੁੱਲ ਟਾਹਣੀ ਦੇ,ਕਿਹੜੇ ਪਾਪੀ ਨੇ ਟਾਹਣੀ ਤੋੜੀ ,,
ਕਿਹਨੇ ਫੜੀ ਨੀ ਭੈਣੋਂ , ਇਹ ਜੀਤਾਂ ਦੇ ਲਾਲਾਂ ਦੀ ਜੋੜੀ ।।
ਅੰਬਰ ਡੋਲਿਆ ਧਰਤੀ ਰੋਈ, ਦਿੱਤੀਆ ਅਨੋਖੀਆਂ ਸਜ਼ਾਵਾਂ ਨੂੰ ,,
ਜ਼ਾਲਮਾਂ ਦੀ ਕਚਹਿਰੀ ਡੋਲਗੀ,ਚਿਹਰੇ ਦੇਖ ਬੱਚਿਆਂ ਦੇ ਨੂਰ ਨੂੰ ।
ਸੂਬਿਆਂ ਤੈਨੂੰ ਸਮਝ ਨੀ , ਸਾਡੇ ਇਮਤਿਹਾਨ ਦੀ ਆਖਰੀ ਪੌੜੀ,,
ਕਿਹਨੇ ਫੜੀ ਨੀ ਭੈਣੋਂ , ਇਹ ਜੀਤਾਂ ਦੇ ਲਾਲਾਂ ਦੀ ਜੋੜੀ ।।
ਨਿੱਕੀਆਂ ਜਿੰਦਾਂ ਵੱਡੇ ਸਾਕੇ ਦੇਖ ਅੱਖੀਆਂ ਚੋਂ ਹੰਝੂ ਨਾ ਰੁਕਦੇ ,,
ਧਰਤੀ ਕੰਬੀ ਅੰਬਰ ਡੋਲੇ, ਹਾਕਮ ਮੀਤ ਕੰਬਦੇ ਪਏ ਨੇ ਹਿਰਦੇ ।।
ਕੁਰਬਾਨੀ ਦੇਕੇ , ਸਿੱਖੀ ਦੀ ਨੀਂਹ ਪੱਕੀ ਕਰਗੀ ਹੰਸਾਂ ਦੀ ਜੋੜੀ ,,
ਕਿਹਨ ਫੜੀ ਨੀ ਭੈਣੋਂ , ਇਹ ਜੀਤਾਂ ਦੇ ਲਾਲਾਂ ਦੀ ਜੋੜੀ ।।