ਪਿਆਰੇ ਦੋਸਤੋ ! ਪੰਜਾਬੀ ਸਾਹਿਤ ਪ੍ਰੇਮੀਆਂ ਦਾ ਇਹ ਸੁਭਾਗ ਵੀ ਹੈ ਤੇ ਖੁ਼ਸ਼ਨਸੀਬੀ ਵੀ, ਉਹ ਭਾਵੇਂ ਕਿਸੇ ਵੀ ਦੇਸ਼/ ਵਿਦੇਸ਼ ਵਿੱਚ ਵੱਸਦੇ ਹੋਣ, ਸਿੱਧੇ- ਅਸਿੱਧੇ ਰੂਪ ਵਿੱਚ ਗੁਰੂ ਸਾਹਿਬਾਨ ਦੀ ਵਰੋਸਾਈ ਧਰਤਿ ਪੰਜਾਬ ਦੀ ਮਿਲੀ ਗੁੜ੍ਹਤੀ, ਹਮੇਸ਼ਾਂ ਉਨ੍ਹਾਂ ਦੇ ਅੰਗਸੰਗ ਰਹੇਗੀ ; ਗੁਰੂ ਗ੍ਰੰਥ ਸਾਹਿਬ ਜੀ ਦੀ ਵਿਸ਼ਵਵਿਆਪੀ ਚੇਤਨਾ ਹਮੇਸ਼ਾਂ ਉਨ੍ਹਾਂ ਦੀ ਰਹਿਨੁਮਾਈ ਕਰੇਗੀ। ਇਹੋ ਕਾਰਨ ਹੈ, ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਮੁੱਦਈ ਪ੍ਰੋ. ਪੂਰਨ ਸਿੰਘ ਨੇ ਬੜੇ ਦਾਅਵੇ ਨਾਲ ਕਿਹਾ ਸੀ,' ਪੰਜਾਬ ਨਾ ਹਿੰਦੂ,ਨਾ ਮੁਸਲਮਾਨ ਪੰਜਾਬ ਜੀਂਦਾ ਗੁਰਾਂ ਦੇ ਨਾਂ 'ਤੇ '। ਪ੍ਰੋ. ਪੂਰਨ ਸਿੰਘ ਹੁਰਾਂ ਦੇ ਇਹ ਕਾਵਿ -ਬੋਲ ਕਿਸੇ ਪੇਤਲੇ ਸਿਧਾਂਤਕ ਪਰਿਪੇਖ ਦਾ ਪ੍ਰਗਟਾਵਾ/ ਪ੍ਰਤਿਕਰਮ ਨਹੀਂ , ਮਨੁੱਖੀ ਭਾਵਨਾਵਾਂ ਨਾਲ ਧੁਰ- ਅੰਦਰੋਂ ਓਤਪੋਤ ਹਨ।ਇਹ ਸ਼ਬਦ ਕੇਵਲ ਸ਼ਬਦ ਨਹੀਂ ਆਪਣੇ ਚਿੰਤਨਮੁਖੀ ਸਿਧਾਂਤ/ ਪ੍ਰਵਿਰਤੀ/ ਸੁਭਾਅ ਸਰੂਪ ਵਜੋਂ ਗੁਰਮਤਿ ਫ਼ਲਸਫ਼ੇ ਦਾ ਆਧੁਨਿਕੀਕਰਨ ਵੀ ਹਨ। ਂ----- ਸੋਚਣ/ ਘੋਖਣ ਵਾਲੀ ਗੱਲ ਤਾਂ ਇਹ ਹੈ ਕਿ ਮਨੁੱਖੀ ਭਾਵਨਾਵਾਂ ਦੀ ਅਜਿਹੀ ਅਨੁਭੂਤੀ/ ਅਭਿਵਿਅਕਤੀ ਦੀ ਕੀ ਆਧਾਰਸ਼ਿਲਾ ਬਣੀ ? ਕੀ ਇਹ ਕਾਵਿ - ਸਤਰਾਂ ਦੋ- ਧਿਰੀ ਟਕਰਾਅ ਦਾ ਪ੍ਰਤੀਕ /ਪ੍ਰਤਿਕਰਮ ਹਨ? ਕੀ ਇਹ ਹਿੰਦੂ ਜਾਂ ਮੁਸਲਮਾਨ, ਇਨ੍ਹਾਂ ਦੋਹਾਂ ਧਿਰਾਂ 'ਤੇ ਕਵੀ ਦਾ ਮੂਲ਼ੋਂ ਹੀ ਅਵਿਸ਼ਵਾਸੀ ਪ੍ਰਗਟਾਵਾ ਤਾਂ ਨਹੀਂ ? ਜੇ ਉੱਤਰ ਨਾਂਹ ਵਿੱਚ ਹੈ ਤਾਂ ਉਸ ਨੂੰ ' ਪੰਜਾਬ ਜੀਂਦਾ ਗੁਰਾਂ ਦੇ ਨਾਂ 'ਤੇ ' ਕਹਿਣ ਦੀ ਕਿਉਂ ਲੋੜ ਪਈ ? ਜਾਂ ਉਪਰੋਕਤ ਤੋਂ ਇਲਾਵਾ,ਇਹ ਮਿਥੀ ਧਾਰਨਾ/ ਸੱਚ ਉਸ ਬਸਤੀਵਾਦੀ ਦੌਰ ਦੇ, ਉਨ੍ਹਾਂ ਪ੍ਰਚਲਿਤ ਦੋਹਾਂ ਧਰਮਾਂ ਜਾਂ ਤਤਕਾਲੀਨ ਰਾਜਨੀਤਕ ਹਿੱਤਾਂ ਦੇ ਤਣਾਅਪੂਰਨ ਨਤੀਜਿਆਂ ਦਾ ਪ੍ਰਤਿਕਰਮ ਤਾਂ ਨਹੀਂ ? ਜਾਂ ਫਿਰ ਸਿੱਖ ਸਿਧਾਂਤਾਂ ਦੀਆਂ ਮੌਲਿਕ ਸਥਾਪਨਾਵਾਂ/ ਕ੍ਰਾਂਤੀਕਾਰੀ ਸੰਭਾਵਨਾਵਾਂ ਦਾ ਨਿਚੋੜ ਤਾਂ ਨਹੀਂ ? ਜਾਂ ਉਪਭਾਵਕ ਪਲਾਂ 'ਚੋਂ ਉਸਰੀ ਪ੍ਰੋ. ਪੂਰਨ ਸਿੰਘ ਦੀ ਵਿਅਕਤੀਗਤ ਪਹੁੰਚ ਤਾਂ ਨਹੀਂ ? ਇਹ ਕੁਝ ਸਵਾਲ ਹਨ ਜੋ ਆਪਣੀ ਨਿਵੇਕਲੀ ਕਾਵਿ- ਚੇਤਨਾ ਪੱਖੋਂ ਅੱਜ ਵੀ ਗ਼ੈਰ- ਪ੍ਰਾਸੰਗਿਕ ਨਹੀਂ।ਮੇਰੀ ਜਾਚੇ, ਇਨ੍ਹਾਂ ਸਮੂਹ ਸਵਾਲਾਂ ਦਾ ਕੇਂਦਰ- ਬਿੰਦੂ, ਸਮੁੱਚੀ ਮਨੁੱਖਤਾ ਨੂੰ ਆਪਣੀ ਵਲਗਣ ਵਿੱਚ ਲੈਣ ਦਾ ਸਮਰੱਥਾਵਾਨ ਹੈ ਜੋ ਆਪਣੇ ਸਿਧਾਂਤਕ ਪਰਿਪੇਖ ਅਤੇ ਵਿਵਹਾਰਿਕ ਪੈਟਰਨ ਵਜੋਂ ਮਨੁੱਖੀ ਜ਼ਿੰਦਗੀ ਦੀ ਪਰਿਭਾਸ਼ਾ ਦਾ ਇਕ ਰੋਲ ਮਾਡਲ ਬਣਨ ਦੀ ਖ਼ਾਸੀਅਤ ਵੀ ਰੱਖਦਾ ਹੈ ।-----
----- ਇਨ੍ਹਾਂ ਗੂੜ੍ਹ ਪ੍ਰਸ਼ਨਾਂ ਨੂੰ ਅਗਰ ਡੂੰਘੀ ਨੀਝ ਨਾਲ ਦੇਖਿਆ ਜਾਵੇ ਤਾਂ ਇਨ੍ਹਾਂ ਪ੍ਰਸ਼ਨਾਂ ਨੂੰ ਮੱਧਕਾਲੀ ਚਿੰਤਨ ਦੇ ਇਤਿਹਾਸਕ/ ਰਾਜਨੀਤਕ ਅਤੇ ਧਰਮ - ਜਗਤ ਵਜੋਂ ਦੋ ਰੂਪਾਂ ਵਿੱਚ ਭਲੀਭਾਂਤ ਵਿਚਾਰਿਆ ਜਾ ਸਕਦਾ ਹੈ। ਇਸਲਾਮਿਕ ਸੱਭਿਆਚਾਰ ਵਿੱਚ ਇਨ੍ਹਾਂ ਦੋਹਾਂ ਦੀ ਸਾਮਾਨਾਂਤਰ ਪ੍ਰਕਿਰਿਆ ਵੀ ਸਾਹਮਣੇ ਆਉਂਦੀ ਹੈ ਜਦੋਂ ਰਾਜ ਭਾਗ ਨੂੰ ਮੌਕੇ ਦਾ ਹਕੂਮਤੀ ਢਾਂਚਾ ਨਹੀਂ ਚਲਾਉਂਦਾ ਸਗੋਂ ਤਖ਼ਤ ਦੇ ਬਾਦਸ਼ਾਹਾਂ ਨੂੰ ਪੁਜਾਰੀ ਸ਼੍ਰੇਣੀਆਂ/ ਮੌਲਵੀ- ਮੁੱਲਾਣਿਆਂ ਦੇ ਫ਼ਤਵਿਆਂ ਦੀ ਓਟ ਤੱਕਣੀ ਪੈਂਦੀ ਹੈ ਜਾਂ ਇਉਂ ਕਹਿ ਲਵੋ ਕਿ ਰਾਜਨੀਤੀ ਦੇ ਮੁਕਾਬਲਤਨ ,ਧਰਮਗਤ ਕਦਰਾਂ- ਕੀਮਤਾਂ ਦਾ ਵਧੇਰੇ ਬੋਲਬਾਲਾ ਹੈ ; ਰਚਨਾਤਮਿਕ ਬਿਬੇਕ ਤੇ ਦਬੰਗਮਈ ਸੁਰ ਵਜੋਂ, ਇਸ ਦੇ ਪ੍ਰਮਾਣ ਭਾਈ ਗੁਰਦਾਸ ਦੀਆਂ ਵਾਰਾਂ ਅਤੇ ਗੁਰਬਾਣੀ ਵਿੱਚ ਥਾਂ- ਪੁਰ- ਥਾਂ ਮਿਲਦੇ ਹਨ ; ' ਕਾਜੀ ਹੋਇ ਰਿਸਵਤੀ ਵਢੀ ਲੈਕੇ ਹਕ ਗਵਾਈ। ' (1/30)। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਆਪਣੇ ਵਿਚਾਰਾਂ ਵਿੱਚ ਪ੍ਰਗਟਾਵਾ ਕੀਤਾ ਸੀ:
ਕਾਜੀ ਹੋਇ ਕੈ ਬਹੈ ਨਿਆਇ।।ਫੇਰੇ ਤਸਬੀ ਕਰੇ ਖੁਦਾਇ।।
ਵਢੀ ਲੈਕੇ ਹਕ ਗਵਾਏ।। ਜੇ ਕੋ ਪੁਛੈ ਤਾ ਪੜਿ ਸੁਣਾਏ।।( ਅੰਗ 951)
ਇਥੇ ਹੀ ਬਸ ਨਹੀਂ,ਮੱਧਕਾਲੀ ਪ੍ਰਸਥਿਤੀਆਂ ਦੇ ਮਾਨਵ ਵਿਰੋਧੀ ਨਿਰਣਿਆਂ ਦੇ ਅੰਤਰਗਤ ਕੇਵਲ ਇਸਲਾਮਿਕ ਸੱਭਿਆਚਾਰ ਹੀ ਨਹੀਂ ਸਗੋਂ ਹਿੰਦੂ ਮੱਤ ਦੇ ਪੈਰੋਕਾਰ ਵੀ ਬਰਾਬਰ ਦੇ ਭਾਈਵਾਲ ਹਨ। ਗੁਰਬਾਣੀ - ਚਿੰਤਨ ਅਤੇ ਭਾਈ ਗੁਰਦਾਸ ਜੀ ਦੇ ਮਿਲਦੇ ਮਹੱਤਵਪੂਰਨ ਸੰਕੇਤ ਵੀ ਇਹੋ ਸਿੱਧ ਕਰਦੇ ਹਨ । ਇਹ ਸੰਕੇਤ ਕੇਵਲ ਇਤਿਹਾਸਕ ਦਸਤਾਵੇਜ਼ ਨਹੀਂ, ਆਪਣੀ ਰੱਬ- ਕੇਂਦ੍ਰਿਤ /ਧਰਮ- ਚੇਤਨਾ ਦੇ ਨਾਲ- ਨਾਲ ਉਨ੍ਹਾਂ ਦੀ ਕਿਰਦਾਰੀ- ਪ੍ਰਤਿਭਾ ਦਾ ਵੀ ਅਹਿਸਾਸ ਕਰਵਾਉਂਦੇ ਹਨ ਕਿ ਧਰਮ ਕੇਵਲ ਨਾਥਾਂ ਜੋਗੀਆਂ ਵਾਲੀ ਸਮਾਧੀ ਦੀ ਅਵੱਸਥਾ ਨਹੀਂ, ਜ਼ਿੰਦਗੀ ਦੇ ਚੱਜ ਆਚਾਰ/ ਵਿਹਾਰ ਵਾਲੀ ਕਰਮਸ਼ੀਲਤਾ ਦਾ ਇਜ਼ਹਾਰ ਕਰਨਾ ਵੀ ਹੈ। ਇਸੇ ਤਰ੍ਹਾਂ ਰਾਜਾ/ ਰਾਜਨੀਤੀ, ਤਖ਼ਤ ਜਾਂ ਤਲਵਾਰ ਦੀ ਧਾਰ ਨਹੀਂ,ਆਮ ਲੋਕਾਈ ਪ੍ਰਤਿ ਸੰਵੇਦਨਾ/ ਸੰਵੇਦਨਸ਼ੀਲਤਾ ਵਾਲੇ ਪ੍ਰਬੰਧਕੀ ਢਾਂਚੇ ਦੀ ਉਸਾਰੀ ਕਰਨਾ ਵੀ ਹੈ:
---- ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ।।
ਕੂੜ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ।।(ਅੰਗ 145)
---- ਰਾਜੇ ਸੀਹ ਮੁਕਦਮ ਕੁਤੇ।। ਜਾਇ ਜਗਾਇਨਿ੍ ਬੈਠੇ ਸੁਤੇ।।
( ਅੰਗ 1288)
----- ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ। ( (1/30)
----- ਸਿਧ ਛਪਿ ਬੈਠੇ ਪਰਬਤੀ ਕਉਣੁ ਜਗਤ੍ਰਿ ਕਉ ਪਾਰਿ ਉਤਾਰਾ।
( 1/29)
------ ਮਨੁੱਖੀ ਅਧਿਕਾਰਾਂ/ ਹੱਕਾਂ - ਹਕੂਕਾਂ ਦੀ ਨੁਮਾਇੰਦਗੀ ਕਰਨ ਵਾਲੇ ਇਹ ਪਰਿਭਾਸ਼ਿਕ ਸਰੂਪ ਹੀ ਹਨ ਜੋ ਬਾਣੀਕਾਰਾਂ ਅਤੇ ਸਿੱਖੀ ਚੇਤਨਾ ਦੇ ਵਿਭਿੰਨ ਪਾਸਾਰਾਂ ਦੇ ਆਧਾਰ 'ਤੇ ਇਸ ਦੇ ਵਿਸ਼ੇਸ਼ ਪਛਾਣ- ਚਿੰਨ੍ਹ ਬਣਦੇ ਹਨ। ਇਹ ਸਾਰਾ ਕੁਝ ਅਕਾਰਨ ਨਹੀਂ ਜਾਂ ਸਮਕਾਲੀਨ ਪ੍ਰਸਥਿਤੀਆਂ ਦਾ ਦੋ- ਜਮ੍ਹਾਂ- ਦੋ ਬਰਾਬਰ ਚਾਰ ਵਾਲਾ ਵਿਗਿਆਨਕ ਫ਼ਾਰਮੂਲਾ ਨਹੀਂ, ਬਾਣੀ- ਆਵੇਸ਼ ਵਜੋਂ ਕਲਾਤਮਿਕ ਸੁਹਜ/ ਸੰਚਾਰ ਦਾ ਮਾਰਮਿਕ ਚਿਤ੍ਰਣ ਵੀ ਹੈ। ਵਰਨਣਯੋਗ ਵਿਚਾਰ ਤਾਂ ਇਹ ਹੈ ਕਿ ਲੌਕਿਕ ਤੇ ਅਲੌਕਿਕ ਸਾਂਝ ਦਾ ਇਹ ਰੱਬ - ਕੇਂਦ੍ਰਿਤ ਮਨੁੱਖੀ ਵਰਤਾਰਾ ਆਪਣੀ ਘਾਲਿ / ਬਿਸਮਾਦੀ ਕਰਮਸ਼ੀਲਤਾ ਵਜੋਂ ਵੀ ਨਿਆਂਪੂਰਨ ਹੈ। ਰੱਬੀ - ਵਿਸ਼ਵਾਸ ਦੀ ਇਹ ਵਿਲੱਖਣਤਾ ਹੀ ਹੈ ਜੋ ਧਰਮ- ਚੇਤਨਾ ਨੂੰ ਥੋੜ੍ਹਚਿਰੇ ਭਾਵੁਕ ਪਲਾਂ ਤੱਕ ਸੀਮਿਤ ਨਹੀਂ ਕਰਦੀ ਸਗੋਂ ਸਦੀਵ- ਕਾਲ ਵਾਲੇ ਸਿਧਾਂਤਕ ਪਰਿਪੇਖ ਦੇ ਲੜ ਲਾਉਂਦੀ ਹੈ।------
------- ਸਿੱਖ ਸਾਹਿਤ ਨਾਲ ਸੰਬੰਧਿਤ ਸਾਖੀ ਸਾਹਿਤ ਵਿੱਚ ਦਰਪੇਸ਼ ਸਾਖੀਆਂ ਤੇ ਬਾਣੀਕਾਰਾਂ ਵਲੋਂ ਮੌਕੇ ਦੀਆਂ ਪੁਜਾਰੀ ਸ਼੍ਰੇਣੀਆਂ/ ਵੱਖ- ਵੱਖ ਧਰਮਾਂ ਦੇ ਪੈਰੋਕਾਰਾਂ/ ਮੌਕੇ ਦੇ ਬਾਦਸ਼ਾਹਾਂ/ ਸੰਪ੍ਰਦਾਵਾਂ ਦੇ ਮੁੱਖੀਆਂ/ ਭੁੱਲੇ- ਭਟਕੇ ਲੋਕਾਂ ਨਾਲ ਹੋਏ ਸੰਵਾਦ ਅੱਜ ਵੀ ਆਪਣੀ ਨਿਵੇਕਲੀ ਆਭਾ ਦੇ ਜਿਉਂਦੇ- ਜਾਗਦੇ ਪ੍ਰਤੀਕ ਹਨ ਜੋ ਅਲੌਕਿਕ ਬਿਸਮਾਦੀ ਪੂੰਜੀ/ ਨਾਮ- ਤੱਤ ਦੀ ਸ਼ਾਖਸ਼ਾਤ ਸ਼ਕਤੀ ਨੂੰ ਹੀ ਮੂਰਤੀਮਾਨ ਨਹੀਂ ਕਰਦੇ, ਪਰਮਾਤਮਾ ਦੇ ਸਦੀਵੀ ਸੱਚ ਦੀ ਤਰ੍ਹਾਂ ਜ਼ਿੰਦਗੀ ਦੇ ਵੱਡਮੁੱਲੇ ਸੱਚ ਦੀ ਵੀ ਹਾਮੀ ਭਰਦੇ ਹਨ। ਉਨ੍ਹਾਂ ਦੀ ਆਧੁਨਿਕਤਾ ਅੱਜ ਵੀ ਆਪਣੀ ਨਿਰੰਤਰਤਾ ਤੋਂ ਮੁਕਤ ਨਹੀਂ। ਅੱਜ ਵੀ ਅਸੀਂ ਉਤਰ ਆਧੁਨਿਕਤਾ ਦੇ ਪਰਿਪੇਖ ਵਜੋਂ ਗੁਰੂ ਅਮਰਦਾਸ ਜੀ ਦੇ ਬਾਣੀ - ਬੋਲਾਂ ਨੂੰ ਜਿਉਂ ਦੀ ਤਿਉਂ ਆਪਣੇ ਅੰਗ ਸੰਗ ਮੰਨਦੇ ਹਾਂ:
------ ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ।।
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ।।( ਅੰਗ 853)
----- ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ।।
( ਅੰਗ 647)
ਪ੍ਰਤੀਤ ਹੁੰਦਾ ਹੈ ਕਿ ਪ੍ਰੋ. ਪੂਰਨ ਸਿੰਘ ਦਾ ਇਹ ਕਹਿਣਾ,' ਪੰਜਾਬ ਜੀਂਦਾ ਗੁਰਾਂ ਦੇ ਨਾਂ 'ਤੇ ' ਕੋਈ ਮਿੱਥ ਜਾਂ ਪ੍ਰੰਪਰਾਗਤ ਪ੍ਰਚਲਿਤ ਲੋਕ ਮੁਹਾਵਰਾ ਨਹੀਂ , ਹਿੰਦੁਸਤਾਨੀ ਇਤਿਹਾਸ ਦੀਆਂ ਪਿਰਤਾਂ- ਪਰਤਾਂ/ ਦਿਸ਼ਾਵਾਂ ਚੋਂ ਉਭਰਿਆ ਇੱਕ ਅਜਿਹਾ ਦਿਲਕਸ਼/ ਲਾਸਾਨੀ ਕਾਵਿ-ਬਿੰਬ ਹੈ ਜੋ ਸਦੀਆਂ ਦੀ ਘਾਲਣਾ ਨੂੰ ਆਪਣੇ ਆਪ ਵਿੱਚ ਹੀਰੇ ਮੋਤੀਆਂ ਦੀ ਮਾਲਾ ਦੀ ਤਰ੍ਹਾਂ ਸਮੋਈ ਬੈਠਾ ਹੈ। ਸਚਾਈ ਤਾਂ ਇਹ ਹੈ ਕਿ ਸਾਨੂੰ ' ਗੁਰਾ ਇਕ ਦੇਹਿ ਬੁਝਾਈ'--- ਤੇ ,' ਜੇ ਇਕ ਗੁਰ ਕੀ ਸਿਖ ਸੁਣੀ' ਦੀ ਅਵੱਸਥਾ ਕਦੋਂ ਨਸੀਬ ਹੁੰਦੀ ਹੈ ਅਤੇ ਅਸੀਂ,' ਮਤਿ ਵਿਚਿ ਰਤਨ ਜਵਾਹਰ ਮਾਣਿਕ '( ਅੰਗ 02) ਨੂੰ ਹਾਸਲ ਕਰਨ ਦੇ ਸਮਰੱਥ ਕਦੋਂ ਹੁੰਦੇ ਹਾਂ ਜਦੋਂ 'ਵਿਣੁ ਗੁਣ ਕੀਤੇ ਭਗਤਿ ਨਾ ਹੋਇ ' ( ਅੰਗ 04) ਦੇ ਧਾਰਨੀ ਹੁੰਦੇ ਹਾਂ।ਇਹੋ ਰੱਬੀ- ਸੰਕਲਪ ਜਦੋਂ,' ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ '(ਅੰਗ 655) ਦੀ ਰਸਾਈ ਕਰ ਲਵੇਗਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਆਪਣੇ ਆਪ ਨੂੰ ਅੰਤਰਮੁਖੀ ਰੂਪ ਵਿੱਚ' ਖ਼ਾਲਿਸਤਾਨੀ/ ਬੇਗ਼ਮਪੁਰੇ ਦੇ ਵਾਸੀ ਕਹਿਣ/ ਕਹਾਉਣ ਦਾ ਮਾਣ ਪ੍ਰਾਪਤ ਕਰਾਂਗੇ ਬਸ਼ਰਤੇ ਕਿ ਅਸੀਂ ਧੁਰ- ਅੰਦਰੋਂ ਗੁਰਬਾਣੀ ਸਿਧਾਂਤਾਂ ਦੇ ਰੰਗ ਵਿੱਚ ਰੰਗੇ ਜਾਈਏ; ਅਸੀਂ ਇਹ ਕਹਿਣ ਦੇ ਸਮਰੱਥ ਹੋ ਜਾਈਏ:
---- ਏਤੇ ਅਉਰਤ ਮਰਦਾ ਸਾਜੇ ਏ ਸਭ ਰੂਪ ਤੁਮਾ੍ਰੇ।।
ਕਬੀਰ ਪੂੰਗਰਾ ਰਾਮ ਅਲਹ ਕਾ ਸਭ ਗੁਰ ਪੀਰ ਹਮਾਰੇ।।
(ਅੰਗ 1349)
----- ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ।।
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ।।
( ਅੰਗ 1349)
ਗੁਰਬਾਣੀ ਸਿਧਾਂਤਾਂ ਦੀ ਰੌਸ਼ਨੀ ਵਿੱਚ ਬਣੀਆਂ , ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਦੀਆਂ ਇਹ ਮੌਲਿਕ ਧਾਰਨਾਵਾਂ ਪ੍ਰੋ. ਪੂਰਨ ਸਿੰਘ ਨੂੰ ਇਕ ਅਲਬੇਲਾ ਸ਼ਾਇਰ ਹੀ ਸਿੱਧ ਨਹੀਂ ਕਰਦੀਆਂ, ਸਿੱਖ- ਜਗਤ ਦੇ ਹਕੀਕੀ/ ਸਰਬਸਾਂਝੇ ਮਾਨਵੀ ਧਰਾਤਲ ਵਾਲੇ ਸੁਪਨਸਾਜ਼ ਹੋਣ ਦਾ ਵੀ ਰੁਤਬਾ ਪ੍ਰਦਾਨ ਕਰਦੀਆਂ ਹਨ। ਉਸ ਦੇ ਅਜਿਹੇ ਕਾਵਿ- ਚਿੰਤਨ ਤੇ ਮਾਨਵ ਪੱਖੀ ਚੇਤਨਾ ਨੂੰ ਅਮਲ ਵਿੱਚ ਲਿਆਉਣ ਲਈ ਆਪਣੇ ਆਪ ਪੰਜਾਬੀਅਤ ਦੇ ਮੁੱਦਈ ਕਹਾਉਣ ਵਾਲੇ ਪ੍ਰੇਮੀ ਕਿੰਨੇ ਕੁ ਯਤਨਸ਼ੀਲ ਹੁੰਦੇ ਹਾਂ ਜਾਂ ਦੇਸ਼ਾਂ/ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀਆਂ ਭਵਿੱਖਮੁਖੀ ਸੰਭਾਵਨਾਵਾਂ ਦੇ ਕਿੰਨੇ ਕੁ ਕਰਮਸ਼ੀਲ/ ਕਰਮਯੋਗੀ ਬਣਦੇ ਹਾਂ,ਇਹ ਸਾਡੇ ਸਵੈ- ਵਿਸ਼ਲੇਸ਼ਣ/ ਸਵੈ- ਚਿੰਤਨ ਦਾ ਵਿਸ਼ਾ ਹੈ ਕਿਉਂਕਿ ਭਾਸ਼ਾ ਜਾਂ ਅੱਖਰਾਂ ਦੀ ਅਹਿਮੀਅਤ ਤਾਂ ਹੀ ਮੂਰਤੀਮਾਨ ਹੁੰਦੀ ਹੈ ਜਦੋਂ ਉਨ੍ਹਾਂ ਸ਼ਬਦਾਂ ਦੇ ਪਰਿਭਾਸ਼ਾਗਤ ਸਰੂਪ ਨੂੰ, ਅਭਿਆਸੀ ਰੂਪ ਵਿੱਚ ਆਪਣੇ ਜੀਵਨ ਦਾ ਆਧਾਰ ਬਣਾਇਆ ਜਾਂਦਾ ਹੈ। ਜਿਥੋਂ ਤੱਕ ਸਾਡੇ ਅਮੀਰ ਵਿਰਸੇ/ ਸੱਭਿਆਚਾਰ ਤੇ ਭਾਸ਼ਾ/ ਮਾਂ- ਬੋਲੀ ਦਾ ਤੁਅੱਲਕ ਹੈ, ਇਸ ਦਾ ਸ਼ਬਦ -ਸੱਭਿਆਚਾਰ ਐਨਾ ਵੱਡਮੁੱਲਾ ਖਜ਼ਾਨਾ ਹੈ ਜਿਸ ਦਾ ਥਾਹ ਨਹੀਂ ਪਾਇਆ ਜਾ ਸਕਦਾ। ਕੇਵਲ ' ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ'।।---- ' ਖਾਵਹਿ ਖਰਚਹਿ ਰਲਿ ਮਿਲਿ ਭਾਈ।। ਤੋਟਿ ਨ ਆਵੈ ਵਧਦੋ ਜਾਈ।।'( ਅੰਗ 185) ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ ਦੀ 'ਧੁਰ ਕੀ ਬਾਣੀ ' ਤੱਕ ਗੱਲ ਸੀਮਿਤ ਨਹੀਂ, ਸੂਫ਼ੀ- ਕਾਵਿ,ਵਾਰ- ਕਾਵਿ, ਕਿੱਸਾ- ਕਾਵਿ ਤੇ ਆਧੁਨਿਕ ਸਾਹਿਤ ਦੀਆਂ ਵੱਖ- ਵੱਖ ਵਿਧਾਵਾਂ/ਪ੍ਰਵਿਰਤੀਆਂ/ ਪਰਿਪਾਟੀਆਂ ਵੀ ਹਮੇਸ਼ਾਂ ਸਾਡੀਆਂ ਰਾਹ- ਦਿਸੇਰਾ ਹਨ। ਸਵਾਲ ਤਾਂ ਇਹ ਹੈ ਕਿ ਸਾਡੀਆਂ ਪੰਜਾਬੀ ਸਾਹਿਤ ਦੀ ਨੁਮਾਇੰਦਗੀ ਕਰਨ ਵਾਲੀਆਂ ਸਾਹਿਤ ਸਭਾਵਾਂ/ ਸੰਸਥਾਵਾਂ ਕਿਹੋ ਜਿਹੀ ਸਮੱਰਪਣ ਭਾਵਨਾ ਦਾ ਪ੍ਰਗਟਾਵਾ ਕਰਦੀਆਂ ਹਨ ; ਉਨ੍ਹਾਂ ਨੇ ਪੰਜਾਬੀ ਭਾਸ਼ਾ ਤੇ ਇਸ ਦੇ ਅੱਖਰੀ ਗਿਆਨ ਨੂੰ ਕਿੰਨਾ ਕੁ ਆਤਮਸਾਤ ਕੀਤਾ ਹੈ ? ਇਹ ਸਾਡੇ ਆਪਣੇ ਹੀ ਸਵਾਲ ਹਨ ਤੇ ਖ਼ੁਦ ਆਤਮ- ਚੀਨਣ ਵਾਲੇ ਆਪਣੇ ਹੀ ਸਮਾਧਾਨੀ ਜਵਾਬ ---------
---------- ਮੇਰੇ ਸਾਹਿਤਕਾਰ ਵੀਰੋ! ਸ਼ਬਦਾਂ ਦੇ ਵਣਜਾਰਿਓ !! ਤੁਸੀਂ ਹੁਣ ਕੇਵਲ ਪੰਜਾਂ ਦਰਿਆਵਾਂ ਦੀ ਧਰਤੀ ਦੇ ਵਾਰਸ/ ਪੈਰੋਕਾਰ ਨਹੀਂ, ਦੁਨੀਆਂ ਦੇ ਕੋਨੇ- ਕੋਨੇ 'ਤੇ ਪੰਜਾਬੀਅਤ ਦੀਆਂ ਸੁਗੰਧੀਆਂ ਵੰਡ ਰਹੇ ਹੋ ---- ਤੁਹਾਡਾ ਉੱਚਾ ਤੇ ਸੁੱਚਾ ਸੁਪਨਾ ਹੋਵੇ ਕਿ ਤੁਸੀਂ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਵਾਲੇ /ਵਸੀਹ ਅਗੰਮੀ- ਆਨੰਦ ਵਾਲੇ ਸ਼ਹਿਰੀ ਬਣੋ!---- ਰੱਬੀ- ਗੁਣਾਂ ਤੇ ਸੁਨਹਿਰੀ ਅੱਖਰਾਂ ਵਾਲੇ, ਇਤਿਹਾਸ ਦੇ ਅਜਿਹੇ ਸਿਰਜਕ ਕਿ ਹਰ ਗੁਰੂ ਨਾਨਕ ਨਾਮਲੇਵਾ ਸਿੱਖ ਸਹੀ ਮਾਅਨਿਆਂ ਵਿੱਚ ਗੁਰੂ ਨਾਨਕ ਸਾਹਿਬ ਦਾ ਪੈਰੋਕਾਰ ਹੀ ਨਹੀਂ ਸਗੋਂ ਪ੍ਰਚਾਰਕ ਹੋਣ ਦਾ ਵੀ ਫ਼ਖ਼ਰ ਮਹਿਸੂਸ ਕਰੇ !!----- ਲੌਕਿਕ ਤੇ ਅਲੌਕਿਕ ਰੂਪ ਵਿੱਚ ਹੋਣ ਵਾਲੀ ਇਹ ਸ਼ਬਦ- ਯਾਤਰਾ ਜਦੋਂ ਪਾਠਕਾਂ ਦੀ ਰੂਹ ਦੀ ਖ਼ੁਰਾਕ ਬਣੇਗੀ ਤਾਂ ਸਮਝੋ ਤੁਹਾਡੇ ਸਾਹਿਤਕਾਰੀ ਦੇ ਨਾਮਕਰਨ ਵਾਲੇ ' ਘੜੀਐ ਸਬਦ ਸਚੀ ਟਕਸਾਲ ।।' (ਅੰਗ 08)ਦੇ ਪ੍ਰਯੋਜਨ ਦੀ ਪੂਰਤੀ ਵੀ ਸੁਤੇ ਸਿੱਧ ਹੀ ਹੋ ਜਾਵੇਗੀ। ------ ਕਾਵਿ- ਆਵੇਸ਼/ ਕਾਵਿ- ਉਦੇਸ਼ ਵਾਲਾ ਅਜਿਹਾ ਆਨੰਦ ਵਿਰਲਿਆਂ ਦੇ ਹਿੱਸੇ ਹੀ ਆਉਂਦਾ ਹੈ----।
ਮੈਂ ਕਹਿ ਦੇਵਾਂ, ਦੇਸ਼ਾਂ / ਵਿਦੇਸ਼ਾਂ ਵਲੋਂ ਸਿਰਜੀ ਪੰਜਾਬੀ ਜ਼ੁਬਾਨ ਦੀ ਇਹ ਵਰਤਮਾਨ ਤਸਵੀਰਕਸ਼ੀ/ ਕੀਤਾ ਗਿਆ ਤੁਸੱਬਰ, ਰਾਤੋ- ਰਾਤ ਦੀ ਮੁਸ਼ੱਕਤ ਨਹੀਂ, ਸਾਡੇ ਵੱਡੇਰਿਆਂ ਦਾ ਚੁਣੌਤੀਆਂ ਭਰਿਆ ਰਾਜਨੀਤਕ ਇਤਿਹਾਸ ਵੀ ਹੈ। ਉਹ ਜਿਉਂਦੇ- ਜਾਗਦੇ ਵੱਡੇਰੇ ਜਿਨ੍ਹਾਂ ਆਪਣੇ ਪੁੱਤਰਾਂ/ ਪੋਤਰਿਆਂ ਪਰਿਵਾਰਾਂ ਦੀ ਪਰਵਰਿਸ਼ ਲਈ, ਆਪਣੇ ਜਿਉਂਦੇ ਜੀਅ ਸੁੱਖ ਦਾ ਸਾਹ ਨਹੀਂ ਲਿਆ, ਵਿਦੇਸ਼ਾਂ ਦੀ ਓਪਰੀ/ ਅਣਜਾਣੀ/ ਅਣਕਿਆਸੀ ਧਰਤਿ ਜੋ ਆਪਣੇ ਮੁੱਢੋਂ- ਸੁੱਢੋਂ ਜੰਗਲੀ/ ਉਜਾੜ/ ਰੋਹੀ ਬੀਆਬਾਨ ਵਾਲੇ ਭਿਆਨਕ ਡਰ ਭੈਅ ਵਾਲੇ ਮਾਹੌਲ ਦਾ ਸ਼ਾਖਸ਼ਾਤ ਰੂਪ ਸੀ, ਉਨ੍ਹਾਂ ਆਪਣੀ ਕਰੜੀ ਮਿਹਨਤ,ਲਗਨ, ਇਮਾਨਦਾਰੀ ਦੇ ਬਲਬੂਤੇ ਹੀ, ਅਜੋਕੇ ਬਹਿਸ਼ਤੀ ਵਾਤਾਵਰਨ ਦੀ ਖ਼ੁਸ਼ਗਵਾਰ /ਫ਼ਿਜ਼ਾ ਵਿੱਚ ਰਹਿਣ ਦਾ ਸਾਨੂੰ ਮੌਕਾ ਮਿਲਿਆ ਹੈ ; ਇਹ ਸਭ ਸਾਡੇ ਵੱਡੇਰਿਆਂ/ ਪੁਰਖਿਆਂ ਦੀ ਬਦੌਲਤ ਹੈ। ਪਹਿਲਾਂ- ਪਹਿਲ ਉਨ੍ਹਾਂ ਨੇ ਮੌਕੇ ਦੀਆਂ ਹਕੂਮਤਾਂ/ ਇਥੋਂ ਦੇ ਮੂਲ ਵਸਨੀਕਾਂ ਤਹਿਤ ਨਸਲਵਾਦ ਤੇ ਆਪਣੇ ਨਿਵੇਕਲੇ ਲਿਬਾਸ/ ਪਹਿਰਾਵੇ/ ਬੋਲ- ਚਾਲ ਦੀ ਭਾਸ਼ਾ ਦੇ ਆਧਾਰ 'ਤੇ ਕਿੰਨੇ ਸੰਕਟਾਂ/ ਦੁਸ਼ਵਾਰੀਆਂ ਦਾ ਸਾਹਮਣਾ ਕੀਤਾ, ਉਹ ਵੀ ਅਣਕਿਆਸਿਆ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਮਾਪਦੰਡ ਨਹੀਂ ਹੁੰਦਾ, ਅਹਿਸਾਸ ਨੂੰ ਅਹਿਸਾਸ ਦੇ ਮਾਧਿਅਮ ਨਾਲ ਹੀ ਸਮਝਿਆ ਜਾ ਸਕਦਾ ਹੈ।-------
------ ਦੱਸ ਦੇਵਾਂ , ਵਕ਼ਤ ਦੀ ਬੇਗਾਨੀ ਤੇ ਓਪਰੀ ਧਰਤਿ 'ਤੇ ਪੈਰ ਪਾਉਣ ਦੇ ਕੋਈ ਵੀ ਕਾਰਨ ਬਣੇ, ਰੋਜ਼ੀ- ਰੋਟੀ ਦੇ ਮੰਦਭਾਗੇ ਆਰਥਿਕ ਹਾਲਾਤ ਸਨ ਜਾਂ ਆਪਣੇ ਟੱਬਰ ਪਾਲਣ ਦੀ ਮਜ਼ਬੂਰੀ ਸੀ ਜਾਂ ਫਿਰ ਰਾਜਨੀਤਕ ਪਰਿਪੇਖ ਵਜੋਂ ਬਸਤੀਵਾਦੀ ਹਾਕਮਾਂ ਦੀਆਂ ਮਾਰੂ ਨੀਤੀਆਂ ਸਨ ਜਾਂ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਹੋ ਕੇ,ਸੁਤੰਤਰ ਰੂਪ ਵਿੱਚ ਜਿਊਂਣ ਦੀ ਤਮੰਨਾ/ ਜਜ਼ਬਾ ਸੀ, ਭਾਵੇਂ ਕੁਝ ਵੀ ਸੀ ਉਨ੍ਹਾਂ ਪਰਵਾਸੀਆਂ/ ਪੰਜਾਬੀਆਂ ਦੀ ਫ਼ਖ਼ਰ ਵਾਲੀ ਗੱਲ ਤਾਂ ਇਹ ਹੈ ਕਿ ਉਨ੍ਹਾਂ ਨੂੰ ' ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨਾ ਦੇਹਿ।। ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ।।'( ਅੰਗ 1378) ਤੇ 'ਟੈਂ ਨਾ ਮੰਨਣ ਕਿਸੇ ਦੀ ' ਦੀ ਫਿ਼ਤਰਤ ਵਾਲੇ ਉਨ੍ਹਾਂ ਦੇ ਪ੍ਰੰਪਰਾਗਤ ਸੰਸਕਾਰਾਂ ਨੇ ਹਮੇਸ਼ਾਂ ਹੱਲਾਸ਼ੇਰੀ ਦਿੱਤੀ। ਇਨ੍ਹਾਂ ਸ਼ਹੀਦੀਆਂ ਤੇ ਕੁਰਬਾਨੀਆਂ ਵਾਲੇ ਇਤਿਹਾਸ ਨੇ ਹੀ ਪੂਰੀ ਦੁਨੀਆਂ ਵਿੱਚ, ਉਨ੍ਹਾਂ ਦਾ ਕੌਮੀ ਚੇਤੰਨਤਾ ਦਾ ਅਕਸ ਬਣਾਇਆ, ਸੰਸਾਰ ਪੱਧਰ 'ਤੇ ਇੱਕ ਨਵਾਂ ਇਤਿਹਾਸ ਸਿਰਜਿਆ। ਤ੍ਰਾਸਦੀ ਤਾਂ ਇਹ ਸੀ ਕਿ ਉਹ ਬਸਤੀਵਾਦ ਦੀਆਂ ਮਾਨਵ ਵਿਰੋਧੀ ਨੀਤੀਆਂ/ ਸਾਜ਼ਿਸ਼ਾਂ ਤੋਂ ਬੇਲਾਗ ਨਹੀਂ ਰਹਿ ਸਕੇ ; ਹਰ ਆਏ ਦਿਨ ਉਨ੍ਹਾਂ ਮਰਜੀਵੜਿਆਂ ਨੇ ਸੰਕਟਾਂ/ ਦੁਸ਼ਵਾਰੀਆਂ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ।------
------- ਕਾਮਾਗਾਟਾ ਮਾਰੂ ਆਦਿ ਦਿਲ ਕੰਬਾਊ ਘਟਨਾਵਾਂ ਨੇ ਦੁਨੀਆਂ ਭਰ ਦੇ ਸੰਵੇਦਨਸ਼ੀਲ ਬੁੱਧੀਜੀਵੀਆਂ/ ਵਿਦਵਾਨਾਂ/ ਕਲਾਕਾਰਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ।ਪਰ ਮਾਣਮੱਤੀ ਪ੍ਰਾਪਤੀ ਤਾਂ ਇਹ ਹੈ ਕਿ ਸਮਾਂ ਪੈਣ 'ਤੇ ਭਾਵੇਂ ਸਦੀ ਦੇ ਲੰਘਣ ਬਾਅਦ ਹੀ, ਜਦੋਂ ਅਜੋਕੇ ਵਿਦੇਸ਼ੀ ਹੁਕਮਰਾਨਾਂ ਨੇ ਬੀਤੇ ਇਤਿਹਾਸ ਦੀਆਂ ਦੁਖਾਂਤਕ ਘਟਨਾਵਾਂ ਨੂੰ ਘੋਖਿਆ/ ਪਰਖਿਆ ਤੇ ਇਤਿਹਾਸ ਦਾ ਪੁਨਰ- ਮੁਲਾਂਕਣ ਕੀਤਾ ਤਾਂ ਉਨ੍ਹਾਂ ਦਾ ਭਲਾ ਹੋਵੇ ਉਨ੍ਹਾਂ ਦੀਆਂ ਸੁੱਤੀਆ ਜ਼ਮੀਰਾਂ ਜਾਗੀਆਂ; ਉਨ੍ਹਾਂ ਬੀਤੇ ਇਤਿਹਾਸਕ ਪਲਾਂ ਨੂੰ ਆਪਣੇ ਹੱਡੀਂ ਹੰਢਾਏ ਸੱਚ ਵਾਂਗ ਮਹਿਸੂਸਿਆ ਤਾਂ ਜਾਣੋ, ਉਨ੍ਹਾਂ ਦਾ ਇਨਸਾਨੀ ਕਦਰਾਂ- ਕੀਮਤਾਂ ਦਾ ਅੰਦਰੂਨੀ ਬਿਬੇਕ ਜਾਗ ਉਠਿਆ। ਵਕਤ ਦੀ ਧੂੜ ਵਿਚੋਂ ਉਨ੍ਹਾਂ ਨੂੰ ਆਪਣੀ ਇਤਿਹਾਸਕ ਜਿੱਤ ਨਹੀਂ ਸਗੋਂ ਹਾਰ ਦਾ ਦਰਪਣ/ ਬਿੰਬ ਦਿਸਿਆ। ਜਦੋਂ ਉਨ੍ਹਾਂ ਆਪਣੇ ਅਜੋਕੇ ਹਾਲਾਤਾਂ ਅਤੇ ਬੀਤੇ ਦੇ ਹਾਲਾਤਾਂ ਦਾ ਮੇਚਾ ਕੀਤਾ ਤਾਂ ਉਨ੍ਹਾਂ ਨੂੰ ਆਪਣੇ ਕੀਤੇ ਦਾ ਪਛਤਾਵਾ ਵੀ ਹੋਇਆ -- ਇਹ ਉਨ੍ਹਾਂ ਦੀ ਚੰਗੇਰੀ ਮਾਨਸਿਕਤਾ ਦਾ ਪ੍ਰਮਾਣ ਹੀ ਕਿਹਾ ਜਾ ਸਕਦਾ ਹੈ। ਮੇਰੀ ਜਾਚੇ , ਉਨ੍ਹਾਂ ਦੀ ਉਹ ਪਹਿਲੀ ਜਿੱਤ ਪਦਾਰਥਵਾਦੀ ਜਾਂ ਇਨਸਾਨੀਅਤ ਦਾ ਘਾਣ ਕਰਨ ਵਾਲੀ ਜਿੱਤ ਸੀ ਪਰੰਤੂ ਇਹ ਵੀ ਕੋਈ ਅਤਿਕਥਨੀ ਵਾਲੀ ਗੱਲ ਨਹੀਂ ਕਿ ਅਜੋਕੇ ਹੁਕਮਰਾਨਾਂ ਦੀ ਇਹ ਯਾਦਗਾਰੀ ਅਤੇ ਅਭੁੱਲ ਮਾਨਸਿਕ ਜਿੱਤ ਹੈ ਜਿਸ ਨੇ ਪੰਜਾਬੀਆਂ ਦੇ ਵਲੂੰਧਰੇ ਦਿਲਾਂ ਨੂੰ ਢਾਰਸ ਦੇ ਕੇ ਉਨ੍ਹਾਂ ਦੇ ਸਾਲਾਂਵੱਧੀ ਤੜਪਦੇ ਹਿਰਦਿਆਂ ਨੂੰ ਸ਼ਾਂਤ ਕੀਤਾ। ਦੇਰ ਆਏ ਦਰੁਸਤ ਆਏ --- ਸਿੱਖ ਇਤਿਹਾਸ ਦੀ ਇਹ ਹੋਰ ਵੀ ਵੱਡੀ ਜਿੱਤ ਹੈ ਜਿਸਨੇ ਕਿਤਾਬੀ ਜਾਂ ਇਤਿਹਾਸਕ ਦਸਤਾਵੇਜ਼ਾਂ ਵਾਲੇ ਇਤਿਹਾਸਕ ਪੰਨਿਆਂ ਵਿਚੋਂ ਇਤਿਹਾਸਕ ਚੇਤਨਾ ਵਾਲੇ ਨਵੇਂ ਕੀਰਤੀਮਾਨ ਸਥਾਪਤ ਕੀਤੇ, ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਦੀ ਨਿਸ਼ਾਨਦੇਹੀ ਹੋਣ ਲਈ ਸਮਾਂ ਜ਼ਰੂਰ ਲੱਗਿਆ। -------
-------- ਵਿਦਵਾਨ ਇਤਿਹਾਸਕਾਰ ਜਾਂ ਬੁੱਧੀਜੀਵੀ- ਵਰਗ ਇਸ ਇਤਿਹਾਸਕ ਸਮਝੌਤੇ ਨੂੰ ਕੁਝ ਵੀ ਅਰਥ ਦੇਣ/ ਆਪਣੀ ਮਰਜ਼ੀ ਅਨੁਸਾਰ ਇਸ ਨੂੰ ਡੀਕੋਡ ਵੀ ਕਰਨ ਕਿ ਅਜੋਕੇ ਪੰਜਾਬੀਆਂ ਦੀ ਬਹੁ- ਗਿਣਤੀ/ ਵੋਟਾਂ ਦੀ ਰਾਜਨੀਤੀ/ ਸਰਕਾਰੀ ਪ੍ਰਬੰਧਕੀ ਢਾਂਚੇ ਵਿੱਚ ਪ੍ਰਵੇਸ਼ਕਾਰੀ/ ਸ਼ਮੂਲੀਅਤ ਹੀ ਇਸ ਦਾ ਮੂਲ ਕਾਰਨ ਬਣੀ ਪਰੰਤੂ ਇਤਿਹਾਸ ਦੀ ਕੁਦਰਤੀ - ਪ੍ਰਕਿਰਿਆ ਨੂੰ ਕਦੇ ਵੀ ਠੱਲ੍ਹ ਨਹੀਂ ਪਾਈ ਜਾ ਸਕਦੀ, ਇਤਿਹਾਸ ਦਾ ਯਥਾਰਥ ਕਦੇ ਮਰਦਾ ਨਹੀਂ ਹਮੇਸ਼ਾਂ ਦਿਲਾਂ ਦੀ ਧੜਕਣ ਬਣਿਆ ਰਹਿੰਦਾ ਹੈ। ਦੋਸਤੋ! ਸੱਚ ਜਾਣਿਓ ,ਪੰਜਾਬੀ ਮਰਜੀਵੜਿਆਂ ਦੀਆਂ ਕੁਰਬਾਨੀਆਂ ਦਾ ਕੋਈ ਮੁਕਾਬਲਾ ਨਹੀਂ। ਅਣਖ਼- ਗ਼ੈਰਤ ਸੰਗ ਲਬਰੇਜ਼ ਅਤੇ ਸਰਬੱਤ ਦੇ ਭਲੇ ਨੂੰ ਸਮਰਪਿਤ,ਉਨ੍ਹਾਂ ਦਾ ਜਿਊਂਦਾ- ਜਾਗਦਾ ਇਤਿਹਾਸ ਅੱਜ ਵੀ ਦੁਨੀਆਂ ਦਾ ਚਾਨਣ ਮੁਨਾਰਾ ਹੈ। ਸਾਨੂੰ ਉਨ੍ਹਾਂ ਦੇ ਹਮੇਸ਼ਾਂ ਰਿਣੀ ਹੋਣਾ ਚਾਹੀਦਾ ਹੈ--- ਉਨ੍ਹਾਂ ਦੇ ਨਿਵੇਕਲੇ ਪਦ ਚਿੰਨ੍ਹਾਂ 'ਤੇ ਚੱਲਣ ਦੀ ਜਾਚ ਸਿੱਖਣੀ ਚਾਹੀਦੀ ਹੈ।-----
-------- ਸੋਚਣ ਵਾਲਾ ਮਸਲਾ ਤਾਂ ਇਹ ਹੈ ਕਿ ਅਸੀਂ ਆਪਣੇ ਵੱਡੇਰਿਆਂ ਵਲੋਂ ਦਹਾਕਿਆਂ ਦੀ ਕੀਤੀ ਘਾਲਣਾ ਦਾ ਕਿੰਨਾ ਕੁ ਰਿਣ ਉਤਾਰਿਆ ਹੈ? ਉਨ੍ਹਾਂ ਦੀਆਂ ਮੁੱਢਲੀਆਂ ਪ੍ਰਾਪਤੀਆਂ ਅਤੇ ਸਾਡੀਆਂ ਅਜੋਕੀਆਂ ਸੀਮਾਵਾਂ ਤੇ ਸਮੱਸਿਆਵਾਂ ਦੇ ਮਦਹਨਜ਼ਰ ਅਸੀਂ ਕਿੰਨੀਆਂ ਕੁ ਭਵਿੱਖਮੁਖੀ ਸੰਭਾਵਨਾਵਾਂ ਦੇ ਹੱਕਦਾਰ ਬਣੇ ਹਾਂ; ਸਾਡੇ ਪੀੜ੍ਹੀ- ਦਰ- ਪੀੜ੍ਹੀ ਹੋਏ ਵਿਕਾਸ ਦਾ ਅਨੁਪਾਤ ਕੀ ਹੈ? ਇਹ ਸਵੈ- ਵਿਸ਼ਲੇਸ਼ਣ/ ਮੁਲਾਂਕਣ ਕਰਨਾ ਜ਼ਰੂਰੀ ਹੀ ਨਹੀਂ , ਲਾਜ਼ਮੀ ਹੈ।-----
------------ ਇਸ ਤੋਂ ਇਲਾਵਾ ਅਸੀਂ ਆਪਣੇ ਸੱਭਿਆਚਾਰਕ ਵਿਰਸੇ/ ਪ੍ਰਬੰਧ/ ਮਾਪਦੰਡਾਂ/ ਪ੍ਰਤੀਮਾਨਾਂ ਤੋਂ ਕਿੰਨਾ ਕੁ ਦੂਰ ਅਤੇ ਨੇੜੇ ਹੋਏ ਹਾਂ ? ਇਹ ਵੀ ਬੜਾ ਮਹੱਤਵਪੂਰਨ ਸਵਾਲ ਹੈ। ਸਾਡੀ ਮੁੱਢਲੀ ਰਾਜਨੀਤਕ ਦਸ਼ਾ ਤੇ ਦਿਸ਼ਾ ਕੀ ਸੀ, ਸਾਡੀਆਂ ਅਜੋਕੀਆਂ ਰਾਜਨੀਤਕ ਪ੍ਰਸਥਿਤੀਆਂ ਕੀ ਹਨ ? ਇਸ ਤੋਂ ਇਲਾਵਾ ਸਾਡੇ ਪਰਿਵਾਰਕ ,ਸਮਾਜਿਕ ਤੇ ਭਾਈਚਾਰਕ ਸਰੋਕਾਰਾਂ ਦੀ ਕੀ ਦਸ਼ਾ ਹੈ? ਇਥੇ ਹੀ ਬਸ ਨਹੀਂ, ਸਾਹਿਤ ਪ੍ਰੇਮੀਆਂ ਦੀਆਂ ਅਕਾਦਮਿਕ ਖੇਤਰ ਦੀਆਂ ਯੋਜਨਾਵਾਂ/ ਉਪਲੱਬਧੀਆਂ ਨੇ ਗਿਣਾਤਮਕ ਅਤੇ ਗੁਣਾਤਮਕ ਪੱਖੋਂ ਕਿੰਨੀਆਂ ਕੁ ਪੁਲਾਂਘਾਂ ਪੁੱਟੀਆਂ ਹਨ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਉਨ੍ਹਾਂ ਦੀ ਸਿਰਜਣਸ਼ੀਲਤਾ/ ਮੌਲਿਕਤਾ ਨੂੰ ਅਮਲ ਵਿੱਚ ਲਿਆਉਣ/ ਪ੍ਰਫੁਲਿਤ ਕਰਨ ਲਈ ਕੀ ਉਪਰਾਲੇ ਕੀਤੇ ਹਨ? ਜਾਂ ਸਮੁੱਚੇ ਤੌਰ 'ਤੇ ਸਾਹਿਤ ਸਭਾਵਾਂ/ ਸੰਸਥਾਵਾਂ ਲਈ ਕਿੰਨੇ ਕੁ ਕੌਮੀ / ਕੌਮਾਂਤਰੀ ਸਰਬਸਾਂਝੇ ਮੰਚ ਸਥਾਪਿਤ ਕੀਤੇ ਹਨ ? ਸਾਹਿਤ ਦੀਆਂ ਵੱਖ- ਵੱਖ ਵਿਧਾਵਾਂ/ ਧਾਰਾਵਾਂ ਦੀ ਇਤਿਹਾਸਕਾਰੀ ਅਤੇ ਪੂਰਬੀ ਤੇ ਪੱਛਮੀ ਆਲੋਚਨਾ- ਪ੍ਰਣਾਲੀਆਂ ਦੇ ਸੰਦਰਭ ਵਿੱਚ ਉਨ੍ਹਾਂ ਦਾ ਆਲੋਚਨਾਤਮਕ ਅਧਿਐਨ ਕਰਨ ਦਾ ਕਿੰਨਾ ਕੁ ਖੋਜ ਕਾਰਜ ਕੀਤਾ ਹੈ ? ਖੋਜ- ਕਾਰਜ ਲਈ ਵਰਕਸ਼ਾਪਾਂ ਲਾਉਣ/ ਯੋਜਨਾਵੱਧ ਰੂਪ ਵਿੱਚ ਸੈਮੀਨਾਰ ਕਰਵਾਉਣ ਦੀ ਸਥਿਤੀ ਕਿਹੋ ਜਿਹੀ ਹੈ?ਸਾਹਿਤ ਦੀਆਂ ਵੱਖ -ਵੱਖ ਵਿਧਾਵਾਂ ਨੂੰ ਨਵੀਂ ਪੀੜ੍ਹੀ ਦੇ ਰੂਬਰੂ ਕਰਨ ਅਤੇ ਉਨ੍ਹਾਂ ਦੀ ਸਿੱਖਣ/ ਸਿਖਾਉਣ ਦੀ ਪ੍ਰਕਿਰਿਆ ਲਈ ਕਿੰਨੇ ਕੁ ਯਤਨਸ਼ੀਲ ਹੋਏ ਹਾਂ?------
------- ਮਾਂ- ਬੋਲੀ ਦੇ ਕੌਮੀ/ ਕੌਮਾਂਤਰੀ ਵਿਕਾਸ ਅਤੇ ਸਰਕਾਰੀ/ ਗ਼ੈਰ- ਸਰਕਾਰੀ ਸੰਸਥਾਵਾਂ ਦਾ ਸਹਿਯੋਗ ਲੈਣ ਲਈ ਕੀ ਯੋਜਨਾਵਾਂ ਬਣਾਈਆਂ ਹਨ? ਪੰਜਾਬੀ ਮਾਤ- ਭਾਸ਼ਾ ਦਿਵਸ ਨੂੰ ਮਨਾਉਣ ਅਤੇ ਵੱਖ- ਵੱਖ ਸ਼ਤਾਬਦੀਆਂ/ ਪ੍ਰਕਾਸ਼ ਪੁਰਬ/ ਸ਼ਹੀਦੀ ਦਿਹਾੜੇ/ ਸਿੱਖ ਇਤਿਹਾਸ/ਮੇਲਿਆਂ / ਤਿਉਹਾਰਾਂ/ਪੰਜਾਬੀ ਸੱਭਿਆਚਾਰ ਆਦਿ ਸੰਬੰਧੀ ਕਿੰਨੇ ਕੁ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ, ਇਨ੍ਹਾਂ ਸਮਾਗਮਾਂ ਵਿੱਚ ਨਵੀਂ ਪੀੜ੍ਹੀ ਲਈ ਪ੍ਰਤਿਯੋਗਿਤਾਵਾਂ ਵਿੱਚ ਪ੍ਰਤੀਯੋਗੀਆਂ ਦੀ ਹੌਂਸਲਾ ਅਫ਼ਜ਼ਾਈ ਕਿਵੇਂ ਕੀਤੀ ਜਾਂਦੀ ਹੈ? ਪੰਜਾਬੀ ਭਾਸ਼ਾ ਸ਼ਬਦ - ਭੰਡਾਰ ਦੇ ਵਾਧੇ ਅਤੇ ਉਸ ਦੀ ਨਿਰੰਤਰਤਾ ਲਈ ਵਿਰਾਸਤੀ/ਪੁਰਾਤਨ ਵਸਤਾਂ ਦੀਆਂ ਪ੍ਰਦਰਸ਼ਨੀਆਂ ਲਾਉਣ ਦੀਆਂ ਕਿੰਨੀਆਂ ਕੁ ਸਰਗਰਮੀਆਂ ਕੀਤੀਆਂ ਜਾਂਦੀਆਂ ਹਨ? ਸਾਹਿਤ ਦੀ ਸਦੀਵੀ ਰੂਪ ਵਿੱਚ ਸਾਂਭ- ਸੰਭਾਲ ਅਤੇ ਰੋਜ਼ਾਨਾ/ਸਪਤਾਹਿਕ/ ਮਾਸਿਕ/ ਤ੍ਰੈਮਾਸਿਕ/ ਸਾਲਾਨਾ ਅਖ਼ਬਾਰਾਂ/ ਮੈਗਜ਼ੀਨ/ ਪੁਸਤਕਾਂ ਆਦਿ ਦੀ ਪ੍ਰਕਾਸ਼ਨਾ ਲਈ ਕੀ ਲੋੜੀਂਦੀਆਂ ਯੋਜਨਾਵਾਂ ਬਣਾਈਆਂ ਗਈਆਂ ਹਨ, ਇਸ ਦੇ ਨਾਲ- ਨਾਲ ਪਾਠਕਾਂ ਦੀ ਸੁਵਿਧਾ ਲਈ ਪੁਸਤਕਾਲਿਆਂ ਕੀ ਪ੍ਰਬੰਧ ਕੀਤਾ ਗਿਆ ਹੈ? ਇਸ ਤੋਂ ਇਲਾਵਾ ਨਵੀਂ ਪੀੜ੍ਹੀ ਦੇ ਹਾਣੀ ਬਣਨ ਲਈ,ਆਧੁਨਿਕ ਤਕਨਾਲੋਜੀ ਦੇ ਔਜ਼ਾਰਾਂ/ ਪ੍ਰਕਰਣਾਂ ਨਾਲ ਸੰਬੰਧਿਤ ਪ੍ਰਿੰਟ ਮੀਡੀਆ/ ਬਿਜਲਈ ਮੀਡੀਆ ਆਦਿ ਦਾ ਕਿੰਨਾ ਕੁ ਲਾਭ ਉਠਾਇਆ ਜਾ ਰਿਹਾ ਹੈ?-----
------- ਮੈਂ ਇਹ ਵੀ ਸਪੱਸ਼ਟ ਕਰਾਂ, ਇਹ ਮੇਰੇ ਵਿਅਕਤੀਗਤ ਸਵਾਲ ਨਹੀਂ , ਨਿੱਜੀ ਤਰਜ਼ੇ ਜ਼ਿੰਦਗੀ 'ਚੋਂ ਉਪਜੇ ਪ੍ਰਤਿਕਰਮ ਹਨ; ਹੋ ਸਕਦਾ ਹੈ ਕਿ ਇਹ ਸਵਾਲ ਕਿਸੇ ਵੀ ਪਾਠਕ/ ਸੰਸਥਾ ਲਈ ਪ੍ਰੇਰਨਾ- ਸ੍ਰੋਤ ਬਣਨ ਦੀ ਸਮਰੱਥਾ ਰੱਖਦੇ ਹੋਣ : ਇਹ ਮੇਰਾ ਸੁਭਾਗ ਹੋਵੇਗਾ। ਮੇਰਾ ਇਹ ਵੀ ਮੰਨਣਾ ਹੈ ਕਿ ਇਨ੍ਹਾਂ ਸਵਾਲਾਂ ਦੀ ਸੀਮਾ - ਰੇਖਾ ਵੀ ਸੰਭਵ ਹੈ, ਕਿਸੇ ਵੀ ਵਿਅਕਤੀ/ ਸੰਸਥਾ ਦੀਆਂ ਇਸ ਤੋਂ ਵੀ ਉੱਚੇਰੀਆਂ ਸੰਭਾਵੀ/ ਸੰਭਾਵਨਾਵਾਂ ਵੀ ਬਣ ਸਕਦੀਆਂ ਹਨ। ਕੋਈ ਸ਼ੱਕ ਨਹੀਂ, ਹੋ ਸਕਦਾ ਹੈ ਕਿ ਉਪਰੋਕਤ ਸਵਾਲਾਂ ਦਾ ਕੀਤਾ ਵਿਵਰਣ ਇਨ੍ਹਾਂ ਸਤਰਾਂ ਤੋਂ ਪਹਿਲਾਂ ਹੀ ਕਿਸੇ ਵਿਅਕਤੀ/ ਸੰਸਥਾ ਦੀ ਕਾਰਗੁਜ਼ਾਰੀ ਦਾ ਹਿੱਸਾ ਬਣ ਚੁੱਕਿਆ ਹੋਵੇ , ਉਨ੍ਹਾਂ ਲਈ ਇਹ ਵਿਚਾਰਾਂ ਦੀ ਪੁਨਰ-ਸੁਰਜੀਤੀ/ ਪੁਨਰ-ਵਿਚਾਰ/ ਪੁਨਰ-ਵਿਸ਼ਲੇਸ਼ਣ ਕਰਨ ਦਾ ਸਬੱਬ ਵੀ ਬਣ ਸਕਦਾ ਹੈ।
ਪਿਆਰੇ ਦੋਸਤੋ! ਉਪਰੋਕਤ ਸਵਾਲਾਂ ਦੀਆਂ ਸਮਾਧਾਨੀ- ਜੁਗਤਾਂ ਨੂੰ ਅਭਿਆਸੀ ਰੂਪ ਦੇਣ ਦੇ ਅਸੀਂ ਕਿੰਨੇ ਕੁ ਸਮਰੱਥ ਹੋਏ ਹਾਂ, ਪੰਜਾਬੀ ਸਾਹਿਤ ਜਗਤ/ ਰਾਜਨੀਤੀ ਦੇ ਨੇਤਾਵਾਂ/ ਵਿਦਵਾਨਾਂ ਨੂੰ ਉਹ ਮੁਬਾਰਕ। ਪਰ ਮੈਂ ਸੱਚ ਕਹਾਂ ਤਾਂ ਅਜੇ ਵੀ ਸਾਰਾ ਕੁਝ ਸੁਖਾਵਾਂ ਨਹੀਂ --- ਮੁੜ ਦੁਹਰਾਵਾਂ, ਬੜਾ ਕੁਝ ਕਰਨਾ ਬਾਕੀ ਹੈ -- ਸਾਡਾ ਪੰਜਾਬੀ ਭਾਈਚਾਰਾ/ ਸੱਭਿਆਚਾਰ ਜੋ ਰਾਜਨੀਤੀ ਦੇ ਸਵਾਰਥੀ ਹਿੱਤਾਂ ਦੀ ਭੇਂਟ ਚੜ੍ਹ ਗਿਆ, ਦਿਨ ਦਿਹਾੜੇ ਖੇਰੂੰ ਖੇਰੂੰ ਹੋ ਗਿਆ --- ਮਿੱਤਰੋ ਸਿਤਮ ਦੀ ਗੱਲ ਤਾਂ ਹੈ ਕਿ ਅਸੀਂ ਆਪਣੇ ਰੱਬੀ - ਰਹਿਬਰ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਤੇ ਵੀ ਰਾਜਨੀਤੀ ਕਰਨੀ ਸ਼ੁਰੂ ਕਰ ਦਿੱਤੀ ; ਸਾਨੂੰ ਇਤਿਹਾਸ ਨੇ ਕਦੇ ਵੀ ਬਖ਼ਸ਼ਣਾ ਨਹੀਂ, ਆਪਣੀ ਕਿਰਦਾਰੀ - ਪ੍ਰਤਿਭਾ ਤੇ ਮਾਣਮੱਤੇ ਵਿਰਸੇ ਦੀਆਂ ਬਾਤਾਂ ਪਾਉਂਦੇ,ਅਸੀਂ ਦੁਨੀਆਂ ਭਰ ਲਈ ਰੋਲ ਮਾਡਲ ਬਣਨ ਦਾ ਦਾਅਵਾ ਕਰਦੇ ਨਹੀਂ ਥੱਕਦੇ, ਸਿੱਖ ਕੌਮ ਲਈ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਮੁੱਦਾ ਕੀ ਹੋਵੇਗਾ? ਸਾਨੂੰ ਲਾਹਣਤ ਹੈ, ਅਸੀਂ ਇਸ ਸਰਬਸਾਂਝੇ ਤੇ ਸੰਵੇਦਨਸ਼ੀਲ ਮੁੱਦੇ 'ਤੇ ਵੀ ਜੱਥੇਬੰਦਕ ਪੰਥਕ ਧਿਰ ਵਜੋਂ ਵੀ, ਇਕ ਕੇਸਰੀ ਨਿਸ਼ਾਨ ਸਾਹਿਬ ਦੇ ਝੰਡੇ ਹੇਠ ਇੱਕਠੇ ਨਹੀਂ ਹੋ ਸਕੇ? ਕੀ ਅਸੀਂ ਇਉਂ ਆਪਣੇ ਵੱਡਿਆਂ ਦੀਆਂ ਸ਼ਹੀਦੀਆਂ ਕੁਰਬਾਨੀਆਂ ਦਾ ਰਿਣ ਉਤਾਰ ਰਹੇ ਹਾਂ? ਦੁਨੀਆਂ ਭਰ ਦੇ ਸਮੁੱਚੇ ਪੰਜਾਬੀਆਂ ਲਈ ਇਹ ਬੜੀ ਵੱਡੀ ਚੁਣੌਤੀ ਹੈ ਕਿਉਂਕਿ ਜੇਕਰ ਅਸੀਂ ਮੰਨਦੇ ਹਾਂ ' ' ਪੰਜਾਬ ਜੀਂਦਾ ਗੁਰਾਂ ਦੇ ਨਾਂ 'ਤੇ ' ਤਾਂ ਗੁਰੂ ਗ੍ਰੰਥ ਸਾਹਿਬ ਪ੍ਰਤਿ ਸਾਡੀ ਬਿਰਤੀ- ਪ੍ਰਕ੍ਰਿਤੀ/ ਆਸਥਾ ਕਿਹੋ ਜਿਹੀ ਹੈ, ਇਹ ਸ਼ਬਦ- ਸੱਭਿਆਚਾਰ ਦੇ ਪ੍ਰੇਮੀਆਂ ਲਈ ਵੀ ਬੜੀ ਡੂੰਘੀ ਚਿੰਤਾ ਦਾ ਵਿਸ਼ਾ ਹੈ। ਪੰਜਾਬੀ ਸਮਾਜ ਲਈ ਇਹ ਪ੍ਰਧਾਨ ਪਹਿਲੂ ਹੈ, ਬਾਕੀ ਮਸਲਿਆਂ ਨੂੰ ਭਾਵੇਂ ਉਨ੍ਹਾਂ ਕ੍ਰਮਵਾਰਤਾ/ ਅਨੁਪਾਤ ਅਨੁਸਾਰ ਗੌਣ ਸਮਝਿਆ ਜਾ ਸਕਦਾ ਹੈ।
ਇਕ ਹੋਰ ਗੰਭੀਰ ਮਸਲਾ ਜੋ ਸਦੀਆਂ ਤੋਂ ਸਾਡੇ ਭਾਰਤੀ ਸੱਭਿਆਚਾਰ ਦੀਆਂ ਜੜ੍ਹਾਂ ਨੂੰ ਖੋਖਲੀਆਂ ਕਰ ਰਿਹਾ ਹੈ ਉਹ ਹੈ, ਮਨੁੱਖੀ ਭਾਵਨਾਵਾਂ/ ਸਵੈ- ਮਾਣ ਨੂੰ ਠੇਸ ਪਹੁੰਚਾਉਣ ਦੀ ਮਨੁੱਖ ਵਿਰੋਧੀ ਬਿਰਤੀ। ਧਰਮ- ਚਿੰਤਨ ਦਾ ਇਤਿਹਾਸ ਧਰਮ ਦੀ ਮੂਲ ਪਰਿਭਾਸ਼ਾ ' ਤੇ ਕੇਂਦ੍ਰਿਤ ਰਹੇ ਤਾਂ ਨਤੀਜੇ ਵੀ ਸਾਰਥਿਕ ਨਿਕਲਦੇ ਹਨ ਪਰੰਤੂ ਉਸ ਦੇ ਲਿਖਤ - ਪਾਠ ਦੀ ਮਰਿਆਦਾ/ ਸਦੀਵਤਾ/ ਸਿਧਾਂਤ ਜਦੋਂ ਆਪਣੀ ਕੱਟੜਵਾਦੀ ਭਾਵਨਾ ਦਾ ਇਜ਼ਹਾਰ ਕਰਕੇ ਮਨੁੱਖੀ ਕਦਰਾਂ- ਕੀਮਤਾਂ ਦਾ ਘਾਣ ਕਰਦੇ ਹਨ ਤਾਂ ਸੰਬੰਧਿਤ ਧਰਮ ਦੀ ਧਰਮ- ਚੇਤਨਾ 'ਤੇ ਵੀ ਸਵਾਲ ਉਠਦੇ ਹਨ ਤੇ ਵਿਸ਼ਵਾਸੀ- ਭਾਵਨਾ 'ਤੇ ਕਿੰਤੂ -ਪਰੰਤੂ ਹੋਣਾ ਸੁਭਾਵਿਕ ਹੁੰਦਾ ਹੈ। ਮਨੂ- ਸਿਮਰਤੀ ਦਾ ਜਾਤ- ਵਿਧਾਨ ਹੋਵੇ ਜਾਂ ਸਿੱਖੀ ਸਿਧਾਂਤਾਂ ਦੀਆਂ ਮੁਦੱਈ ਡੇਰਿਆਂ ਆਧਾਰਿਤ ਸੰਪ੍ਰਦਾਵਾਂ/ ਸੰਸਥਾਵਾਂ, ਜਾਤ ਪਾਤ ਦੇ ਕੋਹੜ ਤੋਂ ਅਜੇ ਵੀ ਮੁਕਤ ਨਹੀਂ ਹੋ ਸਕੀਆਂ। ----
------- ਮੈਂ ਕਹਿ ਦੇਵਾਂ ਸਥਾਨ ਬਦਲਣ ਨਾਲ ਸਾਡੇ ਸੰਸਕਾਰ ਨਹੀਂ ਬਦਲਦੇ । ਰਾਸ਼ਟਰੀ ਗੀਤ ਦੇ ਨਿਰਮਾਤਾ ਡਾਕਟਰ ਰਵਿੰਦਰ ਨਾਥ ਟੈਗੋਰ ਦੇ ਕਹਿਣ ਅਨੁਸਾਰ ਪ੍ਰੰਪਰਾ ਅਖੰਡਿਤ ਹੁੰਦੀ ਹੈ। ਉਹ ਪ੍ਰੰਪਰਾ ਕਦੇ ਵੀ ਫ਼ਲੀਭੂਤ ਨਹੀਂ ਹੁੰਦੀ ਜੋ ਕਿਸੇ ਤਲਵਾਰ ਦੇ ਜ਼ੋਰ ਨੂੰ ਆਪਣਾ ਆਧਾਰ ਮਿਥਦੀ ਹੈ ਤੇ ਆਪਣੀ ਕਿਰਿਆਸ਼ੀਲਤਾ ਦਾ ਮੂਲ- ਬਿੰਦੂ ਮੰਨਦੀ ਹੈ; ਸਿਧਾਂਤਕ ਤੌਰ 'ਤੇ ਇਹ ਥੋੜ੍ਹਚਿਰਾ ਪ੍ਰਭਾਵ ਪਾਉਂਦੀਆਂ ਹਨ ਅੰਤ ਸਮੇਂ ਦੀ ਧੂੜ ਵਿਚ ਰਲ ਜਾਂਦੀਆਂ ਹਨ ਬਸ਼ਰਤੇ ਕਿ ਉਨ੍ਹਾਂ 'ਤੇ ਸਵਾਰਥੀ ਹਿਤਾਂ ਦਾ ਬੋਲਬਾਲਾ ਨਾ ਹੋਵੇ। ਸੰਵਿਧਾਨਕ ਤੌਰ 'ਤੇ ਵੀ ਦੇਖਿਆ ਜਾਵੇ ਤਾਂ ਇਥੇ ਤਾਂ ਕੋਈ ਰਾਖਵੇਂਕਰਨ ਆਦਿ ਦੀ ਸੁਵਿਧਾ ਮਿਲਣ ਜਾਂ ਨਾ ਮਿਲਣ ਦਾ ਸਵਾਲ ਵੀ ਨਹੀਂ। ਸਾਹਿਤਕਾਰੀ ਦੇ ਲਿਖਤੀ ਪ੍ਰਮਾਣਾਂ ਤੋਂ ਇਹ ਦਵੰਦ ਪ੍ਰਗਟ ਜ਼ਰੂਰ ਹੁੰਦਾ ਹੈ -----
------- ਮੈਨੂੰ ਪਿਛਲੇ ਕੁਝ ਸਾਲਾਂ ਵਿੱਚ ਜਿੰਨੇ ਕੁ ਪਰਵਾਸੀ ਸਾਹਿਤ ਨੂੰ ਅਧਿਐਨ ਕਰਨ ਦਾ ਮੌਕਾ ਮਿਲਿਆ ਤੇ ਮੈਂ ਕੁਝ ਸਿਰਜਣਾਤਮਕ ਸਾਹਿਤ/ ਪੁਸਤਕਾਂ ਦਾ ਖੋਜ- ਪੱਤਰਾਂ ਵਾਲਾ ਵਿਸ਼ਲੇਸ਼ਣ/ ਮੁਲਾਂਕਣ ਵੀ ਕੀਤਾ, ਉਹ ਖੋਜ- ਪੱਤਰ ਪ੍ਰਕਾਸ਼ਿਤ ਵੀ ਹੋਏ, ਮੈਨੂੰ ਪ੍ਰਤੀਤ ਹੋਇਆ ਕਿ ਸਾਡਾ ਅਜੋਕਾ ਵਿਦਿਆਰਥੀ - ਵਰਗ ਤਾਂ ਇਨ੍ਹਾਂ ਜਾਤ -ਪਾਤੀ ਸਵਾਲਾਂ ਦੇ ਗੇੜ ਵਿੱਚ ਨਹੀਂ ਪੈਂਦਾ। ਅਫ਼ਸੋਸ ਤਾਂ ਇਹ ਹੈ ਕਿ ਇਹ ਕੋਈ ਗੁੱਝੀ ਗੱਲ ਵੀ ਨਹੀਂ,ਇਸ ਤੋਂ ਪਹਿਲੀ ਪੀੜ੍ਹੀ ਇਨ੍ਹਾਂ ਜਾਤ- ਪਾਤ ਦੀਆਂ ਵੰਡੀਆਂ ਤੋਂ ਮੁਕਤ ਨਹੀਂ ਹੋ ਸਕੀ। 'ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ।।'( ਅੰਗ 349) ਜਾਂ 'ਅਵਲ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ '।।( ਅੰਗ1349) ਦਾ ਰੱਬ - ਸਿਧਾਂਤ ਨੂੰ ਅਸੀਂ ਕਿਉਂ ਨਹੀਂ ਅਜੇ ਤੱਕ ਆਪਣੀ ਜੀਵਨ- ਸ਼ੈਲੀ/ ਚੱਜ ਆਚਾਰ ਦਾ ਅੰਗ ਬਣਾ ਸਕੇ, ਸ਼ਬਦ - ਸੱਭਿਆਚਾਰ ਦੇ ਪ੍ਰੇਮੀਆਂ ਲਈ ਇਹ ਵਿਚਾਰਨਯੋਗ/ ਸਮਝਣਯੋਗ ਮਸਲਾ ਹੈ। ਇਥੋਂ ਤੱਕ ਗੁਰਦੁਆਰਿਆਂ ਦੇ ਨਾਮਕਰਨ ਵੀ ਜਾਤ- ਪਾਤੀ ਪ੍ਰਣਾਲੀ 'ਤੇ ਆਧਾਰਿਤ ਹਨ , ਇਹ ਕੋਈ ਹਵਾ ਵਿੱਚ ਤੀਰ ਮਾਰਨ ਵਾਲੀ ਗੱਲ ਨਹੀਂ ---- ਰਵਿਦਾਸੀਆ ਭਾਈਚਾਰੇ ਨੇ ਤਾਂ ਮਈ- 2009 ਤੋਂ ਬਾਅਦ ਹੋਰ ਵੀ ਕ੍ਰਿਸ਼ਮਾ ਕਰ ਵਿਖਾਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਵੱਖਰਾ ਕਰਕੇ ਵੱਖਰਾ ਗ੍ਰੰਥ ਬਣਾ ਲਿਆ --ਇਹ ਉਨ੍ਹਾਂ ਵੀਰਾਂ ਨੂੰ ਮੁਬਾਰਕ। ਪਰੰਤੂ ਸਿੱਖ ਕੌਮ ਦੇ ਵਿਦਵਾਨਾਂ/ ਬੁੱਧੀਜੀਵੀਆਂ/ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ/ ਪੈਰੋਕਾਰਾਂ ਅੱਗੇ ਸਵਾਲੀਆ ਚਿੰਨ੍ਹ ਜ਼ਰੂਰ ਹੈ। ਖ਼ੈਰ ----।
------ ਮੁੜ ਦੁਹਰਾਵਾਂ , ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਫ਼ਲਾਂ ਥਾਂ 'ਤੇ ਸਿੱਖੀ ਸਰੂਪ ਵਾਲੇ ਨੌਜਵਾਨ ਜਾਂ ਭਾਰਤੀ ਮੂਲ ਦੀ ਵਿਸ਼ੇਸ਼ ਪਛਾਣ ਵਾਲੀ ਔਰਤ/ ਮਹਿਲਾ ਨੂੰ ਵਿਦੇਸ਼ਾਂ ਵਿੱਚ ਉੱਚ- ਅਹੁਦਾ ਸੰਭਾਲਣ ਦਾ ਮਾਣ ਹਾਸਲ ਹੋਇਆ ਹੈ ਤਾਂ ਅਸੀਂ ਅਤਿਅੰਤ ਖ਼ੁਸ਼ੀ ਮਹਿਸੂਸ ਕਰਦੇ ਹਾਂ, ਖ਼ੁਸ਼ੀ ਹੋਣੀ ਵੀ ਚਾਹੀਦੀ ਹੈ ਪਰੰਤੂ ਸਾਨੂੰ ਲੋੜ ਹੈ ਕਿ ਅਸੀਂ ਇਸ ਨਰੋਈ ਪ੍ਰੰਪਰਾ ਦੀ ਨਿਰੰਤਰਤਾ ਲਈ ਹਮੇਸ਼ਾਂ ਯਤਨਸ਼ੀਲ ਹੀ ਨਹੀਂ ਸਗੋਂ ਸੰਘਰਸ਼ਸ਼ੀਲ ਹੋਈਏ ; ਸਵਾਰਥੀ ਹਿੱਤਾਂ ਦੀ ਝੋਲੀ ਪੈ ਕੇ, ਆਪਣੇ ਅਕਸ ਨੂੰ ਵਿਗਾੜਨ ਦੀ ਬਜਾਏ,ਪੰਜਾਬੀ ਮਾਣ ਮਰਿਆਦਾ ਨੂੰ ਅੱਗੇ ਤੋਰਨ ਲਈ ਹੋਰ ਵੀ ਉਦਮ ਕਰੀਏ।ਕਈ ਵਾਰ ਅਜਿਹੀਆਂ ਅਖ਼ਬਾਰੀ ਸੁਰਖੀ਼ਆਂ ਸਾਹਮਣੇ ਆਉਂਦੀਆਂ ਹਨ ਜੋ ਪੂਰੀ ਦੀ ਪੂਰੀ ਕਮਿਊਨਿਟੀ ਨੂੰ ਠੇਸ ਪਹੁੰਚਾਉਂਦੀਆਂ ਹਨ। ---- ਇਹ ਮੰਦਭਾਗੀਆਂ ਘਟਨਾਵਾਂ ਭਾਵੇਂ ਨਸ਼ਿਆਂ ਨਾਲ ਸੰਬੰਧਿਤ ਹੋਣ ਜਾਂ ਵਿਆਹ/ ਸ਼ਾਦੀਆਂ ਦੇ ਝਗੜਿਆਂ ਨਾਲ-- ਇਨ੍ਹਾਂ ਦਾ ਅਣਸੁਖਾਵਾਂਪਣ ਕਦੇ ਵੀ ਤਣਾਓਮੁਕਤ ਨਹੀਂ ਹੁੰਦਾ। ਸਰਕਾਰਾਂ ਦੇ ਭਾਵੇਂ ਆਪਣੇ ਹੀ ਨਿਰਣੇ ਹੁੰਦੇ ਹਨ ਪਰੰਤੂ ਨਵੇਂ ਵਿਦਿਆਰਥੀ- ਵਰਗ ਦੇ ਆਪਣੇ ਮਸਲੇ ਹਨ, ਉਨ੍ਹਾਂ ਦਾ ਸਹੀ ਸਮਾਧਾਨ ਕਰਨ ਲਈ ਸਾਡੇ ਵਿਦੇਸ਼ੀ ਨੁਮਾਇੰਦੇ ਕੀ ਯੋਗਦਾਨ ਪਾ ਸਕਦੇ ਹਨ, ਇਹ ਨਵੀਂ ਦਾ ਸੁਭਾਗ ਹੋਵੇਗਾ ਪਰ ਵਿਦਿਆਰਥੀ ਆਪਣੀ ਔਕਾਤ ਨਾ ਭੁੱਲਣ ਆਪਣੇ ਸੰਵਿਧਾਨਕ ਦਾਇਰੇ ਵਿਚ ਰਹਿ ਕੇ ਆਪਣੇ ਮੁੱਦੇ ਰੱਖਣ ਤਦ ਹੀ ਉਨ੍ਹਾਂ ਨੂੰ ਸੰਜੀਦਗੀ ਨਾਲ ਸਮਝਿਆ ਤੇ ਵਿਚਾਰਿਆ ਜਾ ਸਕਦਾ ਹੈ। ਜੇ ਆਪਣੇ ਆਪ ਨੂੰ ਸਹੀ ਮਾਅਨਿਆਂ ਵਿੱਚ ਪੰਜਾਬੀ ਹੋਣਾ ਤਸਲੀਮ ਕਰਦੇ ਹਨ ਤਾਂ ਉਹ ਆਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਨੂੰ ਵੀ ਤਨਦੇਹੀ ਨਾਲ ਨਿਭਾਉਣ। 'ਪੰਜਾਬ ਜੀਂਦਾ ਗੁਰਾਂ ਦੇ ਨਾਂ 'ਤੇ ' ਦੇ ਸਿਧਾਂਤ ਦੀ ਪਰਿਪੱਕਤਾ/ ਪਾਕੀਜ਼ਗੀ ਦਾ ਨਮੂਨਾ ਉਨ੍ਹਾਂ ਕਿਹੋ ਜਿਹਾ ਪੇਸ਼ ਕਰਨਾ ਹੈ, ਨਵੇਂ ਦੇਸ਼ ਦੇ ਸੱਭਿਆਚਾਰਕ ਪ੍ਰਬੰਧ ਅਨੁਸਾਰ ਉਨ੍ਹਾਂ ਕਿਵੇਂ ਆਪਣੇ ਆਪ ਨੂੰ ਢਾਲਣਾ ਹੈ ਤੇ ਆਪਣੇ ਪਛਾਣ ਚਿੰਨ੍ਹਾਂ ਨੂੰ ਕਿਵੇਂ ਕਾਇਮ ਰੱਖਣਾ ਹੈ; ਉਹ ਖ਼ੁਦ ਸੋਚਣ।---
ਆਪਣੇ ਵਿਚਾਰਾਧੀਨ ਵਿਸ਼ੇ ਦੇ ਅੰਤਿਮ ਸਿੱਟਿਆਂ ਤੋਂ ਪਹਿਲਾਂ ਮੈਂ ਇਹ ਵੀ ਕਹਿ ਦੇਵਾਂ, ਤੁਹਾਡਾ ਪਰਵਾਸ ਮਹਿਜ਼ ਕੋਸ਼ਿਕ/ ਸ਼ਾਬਦਿਕ ਅਰਥਾਂ ਵਾਲਾ ਪਰਵਾਸ ਨਹੀਂ, ਜਾਂ ਕੇਵਲ ਇਕ ਥਾਂ ਤੋਂ ਦੂਜੀ ਥਾਂ ਦਾ ਪ੍ਰਸਥਾਨ ਨਹੀਂ ਜਾਂ ਆਪਣੇ ਸੱਭਿਆਚਾਰ ਤੋਂ ਦੂਰੀ ਬਣਾ ਕੇ ਕਿਸੇ ਹੋਰ ਸੱਭਿਆਚਾਰ ਦੇ ਅਨੁਸਾਰੀ ਹੋਣਾ ਨਹੀਂ ਜਾਂ ਕਿਸੇ ਆਮ ਪਰਵਾਸੀ ਜੀਆਂ ਵਾਂਗ ਆਪਣੇ ਐਸ਼ੋ- ਇਸ਼ਰਤ ਦੇ ਲੜ ਲੱਗਣਾ ਨਹੀਂ। ਦੋਸਤੋ !ਤੁਸੀਂ ਵਿਦਵਾਨਾਂ/ ਬੁੱਧੀਜੀਵੀਆਂ ਦੀ ਮੁੱਢਲੀ ਕਤਾਰ ਦੇ ਪਰਵਾਸੀ ਵੀ ਹੋ ਤੇ ਬਤੌਰ ਲੇਖਕ ਕਾਵਿ- ਸਾਧਨਾ ਵਾਲੇ ਪਰਵਾਜੀ਼ - ਸ਼ਬਦ- ਸਾਧਕ ਅਤੇ ਫ਼ਰਸ਼ਾਂ ਤੋਂ ਅਰਸ਼ਾਂ ਵਾਲੇ ਸੁਪਨਸਾਜ਼ ਵੀ ਹੋ।---- ਤੁਹਾਡੀ ਹਜ਼ਾਰਾਂ ਮੀਲਾਂ ਦੀ ਦੂਰੀ ਨੇ ਤੁਹਾਡੀ ਜਨਮ- ਭੋਇਂ ਵਾਲੇ ਪੰਜਾਬ ਦੇ ਸੱਭਿਆਚਾਰਕ ਸਰੋਕਾਰਾਂ ਦੀ ਕੋਈ ਪਰਿਭਾਸ਼ਾ ਨਹੀਂ ਬਦਲ ਦਿੱਤੀ ; ਵਾਸ ਤੇ ਪਰਵਾਸ ਦਾ ਇਹ ਖ਼ੂਨੀ ਰਿਸ਼ਤਾ ਜਿਉਂ ਦਾ ਤਿਉਂ ਕਾਇਮ ਹੈ ਜੋ ਜਿਊਂਦੇ- ਜੀਅ ਟੁੱਟਣ ਵਾਲਾ ਨਹੀਂ ਕਿਉਂਕਿ ਦੇਸ਼ ਤੋਂ ਦੇਸ਼ ਦੀ ਦੂਰੀ ਸੰਵਿਧਾਨ ਜਾਂ ਪ੍ਰਬੰਧਕੀ ਢਾਂਚਾ ਜ਼ਰੂਰ ਬਦਲ ਸਕਦੀ ਹੈ ਪਰੰਤੂ ਮਨੁੱਖੀ ਭਾਵਨਾਵਾਂ 'ਤੇ ਉਸਰਿਆ ਮਨੁੱਖੀ - ਵਿਧਾਨ ਨਹੀਂ। ਸੰਕਲਪਵਾਚੀ ਅਰਥਾਂ ਦਾ ਪਰਿਵਰਤਨ ਹੋਣਾ ਸੁਭਾਵਿਕ ਹੈ ਪਰੰਤੂ ਭਾਵਨਾਤਮਕ ਸੰਸਾਰ ਦੇ ਮੂਲ ਮਾਅਨੇ ਹਮੇਸ਼ਾਂ ਜੀਵੰਤ ਹੋਣ ਦਾ ਦਾਅਵਾ ਕਰਦੇ ਹਨ।ਇਸ ਲਈ ਸਾਡੇ ਅੱਜ ਦੇ ਸੰਦਰਭ ਵਿੱਚ ਪੰਜਾਬ ਤੋਂ ਪਰਵਾਸ ਹੋਣਾ ਪੰਜਾਬ ਤੋਂ ਵਿਯੋਗੇ ਜਾਣਾ ਨਹੀਂ ਸਗੋਂ ਪੰਜਾਬ ਦੇ ਅੰਤਰਮੁਖੀ ਤੇ ਬਾਹਰਮੁਖੀ ਉਦਗਾਰਾਂ/ਆਸਾਰਾਂ/ ਸੰਸਕਾਰਾਂ ਨੂੰ ਸੁਤੇ- ਸਿੱਧ ਹੀ ਆਪਣੇ ਜ਼ਿਹਨ ਵਿੱਚ ਵਸਾਉਣਾ ਹੈ ਜਾਂ ਇਉਂ ਕਹਿ ਲਵੋ ਬਤੌਰ ਸੰਵੇਦਨਸ਼ੀਲ ਤੇ ਬਿਬੇਕੀ ਸ਼ਖ਼ਸੀਅਤ ਉਨ੍ਹਾਂ ਦੇ ਸਮਰੱਥਕ ਹੋਣਾ ਹੈ। ਜਦੋਂ ਤੱਕ ਅਸੀਂ ਇਸ ਧਾਰਨਾ ਦੀ ਪੁਸ਼ਟੀ/ ਪੈਰਵਾਈ ਨਹੀਂ ਕਰਾਂਗੇ, ਸਾਡੀ ਇਸ ਸਾਹਿਤਕ- ਪਹੁੰਚ ਦੀ ਕਾਰਗੁਜ਼ਾਰੀ ਤਾਂ ਜ਼ਰੂਰ ਹੁੰਦੀ ਦਿਸੇਗੀ ਪਰੰਤੂ ਆਪਣੇ ਅਮਲ ਵਜੋਂ ਕਿਸੇ ਬੇਗਾਨੀ ਭਾਸ਼ਾ ਵਾਲੇ ਇਕ ਅਣਸਿੱਖਿਅਤ ਅਜਨਬੀ ਵਾਂਗ ਜੋ ਮਜ਼ਬੂਰੀ ਵੱਸ ਹਾਜ਼ਰ ਜ਼ਰੂਰ ਹੁੰਦਾ ਹੈ ਪਰੰਤੂ ਉਸ ਦੀ ਅਜਿਹੀ ਹਾਜ਼ਰੀ ਵੀ ਗ਼ੈਰਹਾਜ਼ਰ ਹੋਣ ਦਾ ਸਬੂਤ ਹੁੰਦੀ ਕਿਉਂਕਿ ਵਕਤੇ ਅਤੇ ਸ੍ਰੋਤੇ ਦੇ ਦਰਮਿਆਨ ਪਈਆਂ ਸੰਚਾਰ- ਵਿੱਥਾਂ ਦੀ ਵਜ੍ਹਾ ਕਰਕੇ , ਉਸ ਦੀ ਇਕਸਾਰਤਾ ਅਤੇ ਇਕਾਗਰਤਾ ਕਾਇਮ ਨਹੀਂ ਹੋ ਸਕੇਗੀ। ਇਹੋ ਕਾਰਨ ਹੈ, ਸਹੀ ਸਮਝ ਨੂੰ ਆਪਣੇ ਜ਼ਿਹਨ ਦਾ ਅੰਗ ਬਣਾਉਣ ਲਈ,ਅਧਿਐਨ ਤੇ ਅਧਿਆਪਨ ਭਾਵ ਵਿਦਿਆਰਥੀ ਤੇ ਅਧਿਆਪਕ ਦੇ ਰਿਸ਼ਤਾ ਦਾ ਪੀਡਾ ਹੋਣਾ ਵੀ ਅਤਿ ਜ਼ਰੂਰੀ ਹੁੰਦਾ ਹੈ। ਇਉਂ ਵਾਸ ਤੇ ਪਰਵਾਸ ਦੇ ਇਨ੍ਹਾਂ ਮੂਲ ਰਿਸ਼ਤਿਆਂ ਨੂੰ ਅਸੀਂ ਕਿਵੇਂ ਨਿਭਾ ਰਹੇ ਹਾਂ, ਇਹ ਬੜਾ ਵਿਚਾਰਨਯੋਗ ਮਸਲਾ ਹੈ। -----
------ ਦੋਸਤੋ! ਵਾਸ ਤੇ ਪਰਵਾਸ ਦਾ ਇਹ ਸੰਕਲਪ ਕੇਵਲ ਅਕਾਦਮਿਕ ਦਾਇਰੇ ਤੱਕ ਸੀਮਿਤ ਨਹੀਂ ਧਰਮ- ਚਿੰਤਨ ਦੇ ਬ੍ਰਹਿਮੰਡੀ ਪਾਸਾਰੇ ਦੇ ਅੰਤਰਗਤ ਪਰਮਾਤਮਾ ਦੇ ਨਿਰਗੁਣ ਤੇ ਸਰਗੁਣ ਸਰੂਪ ਦੀ ਸਰਬਸਾਂਝੀ ਝਲਕ ਦਾ ਵੀ ਇਹ ਰੌਸ਼ਨ ਚਿਰਾਗ਼ ਹੈ, ਇਹੋ ਕਾਰਨ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰ ਸਿੱਖਾਂ ਦੀ ਨਿੱਤਨੇਮ ਦੀ ਬਾਣੀ ' ਜਾਪੁ ਸਾਹਿਬ ' ਇਕ ਵਾਰ ਨਹੀਂ ਸਗੋਂ ਲੱਗ- ਭੱਗ ਛੇ ਵਾਰ ਦੇਸ਼/ ਵਿਦੇਸ਼ ਦੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਹੈ। ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ' ਕਿ ਸਰਬੱਤ੍ਰ ਦੇਸੈ।। ਕਿ ਸਰਬੱਤ੍ਰ ਭੇਸੈ।।' ਨੂੰ ਤਾਂ ਤਿੰਨ ਥਾਵਾਂ 'ਤੇ ਹੂਬਹੂ ਰੂਪ ਵਿੱਚ ਮੂਰਤੀਮਾਨ ਕੀਤਾ ਗਿਆ। ਇਨ੍ਹਾਂ ਬਾਣੀ- ਤੁਕਾਂ ਨੂੰ ਸਾਡੇ ਵਿਚਾਰਾਧੀਨ ਵਿਸ਼ੇ ਦੀ ਲੋਅ ਵਿੱਚ ਦੇਖਿਆ ਜਾਵੇ ਤਾਂ ਪਰਮਾਤਮਾ ਦੀ ਏਕਤਾ ਤੇ ਅਨੇਕਤਾ ਦਾ ਇਹ ਪੱਖ ਕੇਵਲ ਆਪਣੇ ਧਰਮ- ਸਿਧਾਂਤ ਕਰਕੇ ਨਹੀਂ ਸਗੋਂ ਮਨੁੱਖੀ ਜੀਵਨ ਦਾ ਵੰਨ- ਸੁਵੰਨਤਾ ਦੀ ਕੁਦਰਤੀ- ਪ੍ਰਕਿਰਿਆ ਦਾ ਵੀ ਪ੍ਰਤੀਕ ਹੈ ਕਿ ਕਿਸੇ ਵੀ ਦੇਸ਼ ਦੀ ਸਰਹੱਦਬੰਦੀ ਹੋਣੀ ਜਾਂ ਉਸ ਦੀ ਭੂਗੋਲਿਕ ਸੀਮਾਵਾਂ ਬਣਨੀਆਂ ਅਲੱਗ ਗੱਲ ਹੈ ਪਰੰਤੂ ਉਸ ਦੀਆਂ ਵੱਖ- ਵੱਖ ਪ੍ਰੰਪਰਾਵਾਂ/ ਸੱਭਿਆਚਾਰਕ ਵੱਖ਼ਰੇਵੇਂ / ਬੋਲੀਆਂ/ ਭਾਸ਼ਾਵਾਂ/ ਵਾਤਾਵਰਨ ਦੀਆਂ ਸਥਿਤੀਆਂ ਰੱਬੀ ਏਕਤਾ/ ਅਨੇਕਤਾ ਦੇ ਸ੍ਰਿਸ਼ਟੀ- ਵਿਧਾਨ ਨੂੰ ਭੰਗ ਨਹੀਂ ਕਰਦੀਆਂ ਹਨ, ਉਨ੍ਹਾਂ ਦੀ ਅੰਤਰਮੁਖੀ ਸਾਂਝ ਨਿਰੰਤਰ ਕਾਰਜਸ਼ੀਲ ਰਹਿੰਦੀ ਹੈ। ਇਹ ਵੀ ਸੱਚ ਹੈ ਕਿ ਅਜੋਕੇ ਗਲੋਬਲੀ ਪਾਸਾਰਾਂ ਵਾਲੀ ਇਹ ਬਿਰਤੀ ਸਾਡੀ ਜੀਵਨ- ਸ਼ੈਲੀ ਨੂੰ, ਆਧੁਨਿਕ ਤਕਨਾਲੋਜੀ ਦੇ ਮਾਰਮਿਕ ਸਾਧਨਾਂ ਦੇ ਮਾਧਿਅਮ ਰਾਹੀਂ ਮਿੰਟ- ਮਿੰਟ 'ਤੇ ਖ਼ਬਰਦਾਰ ਵੀ ਕਰਦੀ ਹੈ ਤੇ ਅਧਿਕਾਰਾਂ ਦੀ ਲੋੜੋਂ ਵੱਧ ਖੁਲ੍ਹ ਲੈਣ 'ਤੇ ਕਈ ਵਾਰ ਨੁਕਸਾਨਦੇਹ ਵੀ ਸਾਬਤ ਹੁੰਦੀ ਹੈ। ਇਹੋ ਕਾਰਨ ਹੈ ਕਿ ਗੁਰਬਾਣੀ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਰੋਜ਼ੀ- ਰੋਟੀ ਕਮਾਉਣ ਲਈ ਦੇਸ਼ਾਂ/ ਵਿਦੇਸ਼ਾਂ ਵਿੱਚ ਜਾਣਾ ਗੁਨਾਹ ਨਹੀਂ ਪਰੰਤੂ ਗੁਰਮਤਿ ਦੀ ਕਸਵੱਟੀ ਅਨੁਸਾਰ ਮਨੁੱਖੀ ਪਰਿਭਾਸ਼ਾ ਤੋਂ ਮੁੱਖ ਮੋੜਨਾ, ਇਹ ਕਿਸੇ ਤਰ੍ਹਾਂ ਸੁਖਦਾਈ ਨਹੀਂ ਹੁੰਦਾ ' ਸੁਖ ਨਾਹੀਂ ਬਹੁ ਦੇਸ ਕਮਾਏ ।।ਸਰਬ ਸੁਖਾ ਹਰਿ ਹਰਿ ਗੁਣ ਗਾਏ।।' ( ਅੰਗ 1147) -----
------ 'ਪੰਜਾਬ ਜੀਂਦਾ ਗੁਰਾਂ ਦੇ ਨਾਂ 'ਤੇ ' ਦਾ ਇਹ ਗੁਰਬਾਣੀ- ਸੂਤ੍ਰ / ਸੰਕਲਪ ਜਦੋਂ ਧਰਮ ਤੇ ਕਿਰਤ ਦੇ ਫ਼ਲਸਫ਼ੇ ਨੂੰ ਆਪਣਾ ਵਿਸ਼ਾ ਬਣਾਉਂਦਾ ਹੈ ਤੇ ਉਸ ਦੀ ਪੁਨਰ- ਵਿਆਖਿਆ ਕਰਦਾ ਹੈ ਤਾਂ ਉਹ ਮਨੁੱਖ ਦਾ ਸਵੈ - ਸਿਰਜਿਆ ਵਿਧਾਨ ਜਾਂ ਸਵੈ- ਸਿਰਜੀ ਯੋਜਨਾ 'ਤੇ ਆਧਾਰਿਤ ਨਹੀਂ ਸਗੋਂ ਉਸ ਵਿੱਚ ਅਲੌਕਿਕ ਸ਼ਕਤੀ ਦੀ ਸਾਕਾਰਾਤਮਿਕ ਦਖ਼ਲਅੰਦਾਜ਼ੀ ਵੀ ਹੈ, ਜੇਕਰ ਸੰਕੇਤ ' ਘਾਲਿ ਖਾਇ ਕਿਛੁ ਹਥਹੁ ਦੇਇ।। ਨਾਨਕ ਰਾਹੁ ਪਛਾਣਹਿ ਸੇਇ'।।(ਅੰਗ 1245) ਵੱਲ ਕੀਤਾ ਗਿਆ ਹੈ ਤਾਂ,' ਨਕਿ ਨਥ ਖਸਮ ਹਥ ਕਿਰਤੁ ਧਕੇ ਦੇ।।ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ।।' (ਅੰਗ 653) ਵੀ ਹੈ। ਪ੍ਰਤੱਖ ਹੈ, ਮਨੁੱਖ ਦੀ ਹੋਂਦ/ ਹਸਤੀ ਜਾਂ ਉਸ ਦਾ ਅਸਤਿੱਤਵ ਉਸ ਦੀ ਕਰਮਸ਼ੀਲਤਾ 'ਤੇ ਤਾਂ ਨਿਰਭਰ ਕਰਦਾ ਹੈ ਪਰੰਤੂ ਉਸ ਦੇ ਭਵਿੱਖ ਦੀਆਂ ਕੁਦਰਤੀ - ਪ੍ਰਕ੍ਰਿਆਵਾਂ ਕੀ ਹਨ ਜਾਂ ਉਨ੍ਹਾਂ ਦੇ ਨਤੀਜੇ ਕੀ ਹੋ ਸਕਦੇ ਹਨ ? ਇਨ੍ਹਾਂ ਬਾਰੇ ਕਿਆਸਅਰਾਈਆਂ ਤਾਂ ਜ਼ਰੂਰ ਹੋ ਸਕਦੀਆਂ ਹਨ ਕਿਉਂਕਿ ਇਨ੍ਹਾਂ ਅਦਿੱਖ ਫ਼ੈਸਲਿਆਂ 'ਤੇ ਮਨੁੱਖ ਦਾ ਕੋਈ ਅਧਿਕਾਰ ਨਹੀਂ ਤੇ ਨਾ ਹੀ ਨਿੱਠ ਕੇ ਕੀਤਾ ਕੋਈ ਦਾਅਵਾ ਜਾਂ ਵਾਅਦਾ। ਗੁਰਮਤਿ ਫ਼ਲਸਫ਼ੇ ਦੀ ਮੂਲ ਸ਼ਰਤ ਇਹ ਵੀ ਹੈ ਕਿ ਇਹ ਮਨੁੱਖ ਸੁਸੀਮ ਸ਼ਕਤੀ ਦਾ ਮਾਲਕ ਹੈ ਅਤੇ ਪਰਮਾਤਮਾ ਅਸੀਮ ਸ਼ਕਤੀਆਂ /ਸੰਭਾਵਨਾਵਾਂ ਵਾਲੀ ਪਰਮਹਸਤੀ ਹੈ। ਇਹ ਸਪੱਸ਼ਟ ਹੈ ਕਿ ਉਸ ਦੇ ਹੁਕਮ ਦੀ ਕਲਮ ਵੀ ਜੀਵ ਦੇ ਕਰਮਾਂ ਅਨੁਸਾਰ ਚੱਲਦੀ ਹੈ,' ਸਭੇ ਪੁਰੀਆ ਖੰਡ ਸਭਿ ਸਭੇ ਜੀਅ ਜਹਾਨ।।ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ '।। ( ਅੰਗ 1241) । ਗੁਰੂ ਨਾਨਕ ਸਾਹਿਬ ਦਾ ਕੇਵਲ ਕਰਤਾਰਪੁਰ ਸਾਹਿਬ ਵਾਲਾ ਹੀ ਨਹੀਂ ਸਗੋਂ ਉਹਨਾਂ ਦੀ ਜੀਵਨ-ਸ਼ੈਲੀ ਦਾ ਤ੍ਰੈ -ਸੂਤਰੀ ਫ਼ਾਰਮੂਲਾ (ਕਿਰਤ ਕਰਨਾ,ਵੰਡ ਛਕਣਾ ਅਤੇ ਨਾਮ ਜੱਪਣਾ ) ਕਿਸੇ ਪੇਤਲੇ ਸੱਚ ਦਾ ਨਾਮਕਰਨ ਨਹੀਂ, ਸਮੁੱਚੀ ਮਨੁੱਖਤਾ ਦੀ ਰਹਿਨੁਮਾਈ ਕਰਨ ਵਾਲਾ ਕ੍ਰਾਂਤੀਕਾਰੀ ਸਿਧਾਂਤ ਹੈ ਜੋ ਲੌਕਿਕ ਤੇ ਅਲੌਕਿਕ ਸਮਨਵੈ ਦੇ ਆਧਾਰ 'ਤੇ 'ਇਹ ਲੋਕ ਸੁਖੀਏ ਪਰਲੋਕ ਸੁਹੇਲੇ '(292) ਅਤੇ ਸਰਬੱਤ ਦੇ ਭਲੇ ਤੱਕ ਪਹੁੰਚ ਕਰਦਾ ਹੈ।
ਪਿਆਰੇ ਦੋਸਤੋ! ਉਪਰੋਕਤ ਵਿਸ਼ਾਗਤ ਪਰਿਪੇਖ ਅਨੁਸਾਰ ਮੇਰੀ ਇੱਛਾ ਸੀ ਤੇ ਹੁਣ ਵੀ ਹੈ ਕਿ ਅਸੀਂ ਇਹ ਜਾਣੀਏ ਕਿ ਪ੍ਰੋ. ਪੂਰਨ ਸਿੰਘ ਨੇ ਜੇ ਇਹ ਕਿਹਾ,' ਪੰਜਾਬ ਜੀਂਦਾ ਗੁਰਾਂ ਦੇ ਨਾਂ 'ਤੇ ' ਤਾਂ ਅਸੀਂ ਉਸ ਦੇ ਇਸ ਕਥਨ ਨੂੰ ਕਿੰਨਾ ਕੁ ਸੱਚ ਕਰ ਵਿਖਾਇਆ ਹੈ ? ਉਸ ਦੇ ਇਨ੍ਹਾਂ ਮੁਹੱਬਤੀ ਬੋਲਾਂ ਨੇ ਗੁਰਬਾਣੀ ਸਿਧਾਂਤਾਂ ਤੋਂ ਕਿਵੇਂ ਆਪਣਾ ਸਫ਼ਰ ਤੈਅ ਕੀਤਾ ਹੈ। ਪ੍ਰੋ. ਪੂਰਨ ਸਿੰਘ ਦਾ ਸੰਕਲਪਿਆ ਪੰਜਾਬ ਕਿੰਨਾ ਕੁ ਜੀਊਂਦਾ ਹੈ ਤੇ ਕਿੰਨਾ ਕੁ --- ? ਇਹ ਕਹਿਣ ਮਾਤ੍ਰ ਨਹੀਂ, ਇਸ ਦਾ ਇਤਿਹਾਸਕ ਅਤੇ ਦਾਰਸ਼ਨਿਕ ਪਿਛੋਕੜ ਸਮੁੱਚੇ ਭਾਰਤੀ ਧਰਮਾਂ/ਸੱਭਿਆਚਾਰਾਂ/ ਸੱਭਿਆਤਾਵਾਂ/ ਪ੍ਰੰਪਰਾਵਾਂ ਦੇ ਪੂਰਬਲੇ ਸਿਧਾਂਤਾਂ/ ਸਰੋਕਾਰਾਂ ਵਿੱਚੋਂ ਨਵੇਂ ਅਰਥਾਂ ਦੀ ਤਲਾਸ਼ ਕਰਦਾ ਹੈ। ਕੁਲ ਮਿਲਾ ਕੇ ਉਨ੍ਹਾਂ ਸੰਗਠਿਤ ਧਾਰਨਾਵਾਂ/ ਸਥਾਪਨਾਵਾਂ ਦੇ ਖੰਡਨ ਤੇ ਮੰਡਨ ਦੀ ਪ੍ਰਕਿਰਿਆ ਕੇਵਲ ਦਿਸਦੇ- ਜਗਤ ਦੇ ਪਰਿਪੱਕ ਨਤੀਜਿਆਂ 'ਤੇ ਹੀ ਕੇਂਦ੍ਰਿਤ ਨਹੀਂ ਹੁੰਦੀ ਸਗੋਂ ਅਣਦਿਸਦੇ- ਜਗਤ ਦੇ ਧਰਮਗਤ ਧਰਾਤਲਾਂ ਦਾ ਸੰਗਮ ਵੀ ਬਣਦੀ ਹੈ। ਜਾਂ ਇਉਂ ਕਹਿ ਲਵੋ ਇਸ ਦਾ ਲੌਕਿਕ ਤੇ ਅਲੌਕਿਕ ਪਰਿਪੇਖ ਇਕ ਸਰਬਸਾਂਝੇ ਸਚਿਆਰੁ ਪਦ ਵਾਲੇ ਆਦਰਸ਼ਕ ਮਨੁੱਖ ਦਾ ਸਿਰਜਕ ਹੈ ਜੋ ਆਪਣੀ ਕਰਮਸ਼ੀਲਤਾ ਵਜੋਂ ਸਵੈ- ਕੇਂਦ੍ਰਿਤ ਹੋਣ ਦਾ ਦਾਅਵਾ ਨਹੀਂ ਕਰਦਾ ਸਗੋਂ ਸਮੁੱਚੀ ਮਨੁੱਖਤਾ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦਾ ਇੱਛਾਵਾਨ ਹੈ। ਪ੍ਰੋ. ਪੂਰਨ ਸਿੰਘ ਦੇ ਇਨ੍ਹਾਂ ਅਗੰਮੀ ਸਿਧਾਂਤਾਂ 'ਤੇ ਉਸਰੇ, ਉਸ ਦੇ ਮੌਲਿਕ ਕਾਵਿ- ਬੋਲਾਂ ਨੂੰ ਹਮੇਸ਼ਾ ਜੀ ਆਇਆਂ ਕਹਿਣਾ ਬਣਦਾ ਹੈ ਕਿਉਂਕਿ ਇਸ ਦੀ ਖ਼ੂਬਸੂਰਤੀ ਤੇ ਖ਼ਾਸੀਅਤ ਇਹ ਹੈ ਕਿ ਇਹ ਮੱਧਕਾਲੀ ਚਿੰਤਨ ਤੋਂ ਆਧੁਨਿਕ ਮਨੁੱਖ ਤੱਕ ਦੀਆਂ ਵੇਦਨਾਵਾਂ/ ਸੰਵੇਦਨਾਵਾਂ/ ਅਕਾਖਿਆਵਾਂ ਦਾ ਸਮਾਧਾਨ ਵੀ ਬੜੇ ਭਾਵਪੂਰਤ/ ਸਹਿਜਭਾਵੀ ਢੰਗ ਨਾਲ ਕਰਨ ਦੀ ਸਮਰੱਥਾ ਰੱਖਦਾ ਹੈ। ਮੇਰੀ ਜਾਚੇ, ਇਸ ਤੋਂ ਵੱਡਾ ਕ੍ਰਾਂਤੀਕਾਰੀ ਸਿਧਾਂਤਕ ਚਿੰਤਨ/ਚੌਖਟਾ ਹਰ ਕੋਈ ਨਹੀਂ ਹੋ ਸਕਦਾ ਹੈ ਜੋ ਦੁਨੀਆਂ ਭਰ ਦਾ ਰੋਲ ਮਾਡਲ ਬਣ ਸਕੇ --ਕਿਤੇ ਸ਼ਾਇਦ ਹੀ ਸੰਭਵ ਹੋ ਸਕੇ। ਇਹ ਗੱਲ ਕਹਿਣ ਵਿੱਚ ਮੈਨੂੰ ਰਤੀ ਭਰ ਵੀ ਝਿਜਕ ਨਹੀਂ। ਉਨ੍ਹਾਂ ਦੀ ਘਾਲਣਾ ਅੱਗੇ ਹਮੇਸ਼ਾਂ ਨਤਮਸਤਕ ਹੋਣ ਨੂੰ ਜੀਅ ਕਰਦਾ ਹੈ ----- ।