ਮੇਰੀ ਯਾਦ ਵਿੱਚ ਵੱਸੇ ਮੇਰੇ ਅਧਿਆਪਕ (ਲੇਖ )

ਇਕਵਾਕ ਸਿੰਘ ਪੱਟੀ    

Email: ispatti@gmail.com
Address: ਸੁਲਤਾਨਵਿੰਡ ਰੋਡ
ਅੰਮ੍ਰਿਤਸਰ India
ਇਕਵਾਕ ਸਿੰਘ ਪੱਟੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪ੍ਰਸਿੱਧ ਦਾਰਸ਼ਨੀਕ ਅਰਸਤੂ ਦੇ ਵਿਚਾਰਾਂ ਤੋਂ ਗੱਲ ਸ਼ੁਰੂ ਕਰਦੇ ਹਾਂ ਉਹ ਲਿਖਦੇ ਹਨ ‘ਜਨਮ ਦੇਣ ਵਾਲੇ ਨਾਲੋਂ, ਚੰਗੀ ਸਿੱਖਿਆ ਦੇਣ ਵਾਲੇ ਨੂੰ ਜ਼ਿਆਦਾ ਸਨਮਾਨ ਦੇਣਾ ਚਾਹੀਦਾ ਹੈ, ਕਿਉਂਕਿ ਇੱਕ ਨੇ ਤਾਂ ਕੇਵਲ ਜਨਮ ਦਿੱਤਾ ਹੈ, ਪਰ ਦੂਜੇ ਨੇ ਜਿਊਣਾ ਸਿਖਾਇਆ ਹੈ।’
ਜਪਾਨ ਦੀ ਮਸ਼ਹੂਰ ਕਹਾਵਤ ਹੈ ਕਿ, ‘ਮਹਾਨ ਅਧਿਆਪਕ ਦੇ ਚਰਨਾਂ ਵਿੱਚ ਗੁਜ਼ਾਰਿਆ ਇੱਕ ਦਿਨ ਪੋਥੀਆਂ ਪੜ੍ਹਨ ਵਿੱਚ ਗੁਜ਼ਾਰੇ ਹਜ਼ਾਰਾਂ ਦਿਨਾਂ ਨਾਲੋਂ ਕਿਤੇ ਬਿਹਤਰ ਹੈ।’ ਮੇਰੀ ਜ਼ਿੰਦਗੀ ਦਾ ਨੇੜ ਜਪਾਨ ਵਾਲੀ ਕਹਾਵਤ ਦੇ ਵਾਹਵਾ ਨੇੜੇ ਹੈ, ਕਿਉਂਜੁ ਘਰੇਲੂ ਹਾਲਾਤਾਂ ਕਾਰਨ ਮੇਰੀ ਚੌਥੀ ਜਮਾਤ ਤੋਂ ਅੱਠਵੀਂ ਜਮਾਤ ਤੱਕ ਦੀ ਪੜ੍ਹਾਈ ਇੱਕ ਟਿਊਸ਼ਨ ਨੁਮਾ ਸੈਂਟਰ ਵਰਗੇ ਇੱਕ ਸਕੂਲ ‘ਅਕਾਸ਼ ਸ਼ਿਖਸ਼ਾ ਕੇਂਦਰ’ ਵਿੱਚ ਹੋਈ। ਜਿੱਥੇ ਇੱਕੋ-ਇੱਕ ਅਧਿਆਪਕਾ-ਕਮ-ਪ੍ਰਿੰਸੀਪਲ ਅਤੇ ਸਕੂਲ ਦੀ ਮਾਲਕ ਵੀ ਸੀ। ਉਹਨਾਂ ਦਾ ਨਾਮ ਹੈ ਇੰਦਰਜੀਤ ਕੌਰ। ਉਹੋ ਹੀ ਸਾਨੂੰ ਸਾਰੇ ਵਿਸ਼ੇ ਪੜਾਉਂਦੇ ਹੁੰਦੇ ਸਨ। ਇਹ ਸਕੂਲ ਅੱਠਵੀਂ ਤੱਕ ਸੀ, ਜਿਸ ਕਾਰਨ ਅੱਠਵੀਂ ਤੋਂ ਬਾਅਦ ਮੈਂ ਨੇੜੇ ਦੇ ਸਰਕਾਰੀ ਸਕੂਲ ਕੋਟ ਬਾਬਾ ਦੀਪ ਸਿੰਘ, ਨੇੜੇ ਸੁਲਤਾਨਵਿੰਡ ਗੇਟ, ਦਾਖ਼ਲਾ ਲਿਆ।
ਇੱਥੇ ਮੈਂ ਨੌਂਵੀ ਅਤੇ ਦਸਵੀਂ ਜਮਾਤ ਪਾਸ ਕੀਤੀ। ਇੱਥੇ ਆ ਕੇ ਪਤਾ ਲੱਗਿਆ ਕਿ ਹਰ ਵਿਸ਼ੇ ਲਈ ਵੱਖੋ-ਵੱਖ ਅਧਿਆਪਕ ਹੁੰਦਾ ਹੈ। ਉਸ ਵੇਲੇ ਸਾਡੀ ਨੌਵੀਂ ਅਤੇ ਦਸਵੀਂ ਜਮਾਤ ਦੇ ਇੰਚਾਰਜ ਸ੍ਰੀ ਮਤੀ ਵਰਿੰਦਰ ਕੌਰ ਚੌਹਾਨ ਹੁੰਦੇ ਸਨ, ਜੋ ਸਾਨੂੰ ਅੰਗਰੇਜ਼ੀ ਵੀ ਪੜ੍ਹਾੳੇੁਂਦੇ ਸਨ। ਇਸੇ ਤਰ੍ਹਾਂ ਪੰਜਾਬੀ ਸ੍ਰ. ਕੁਲਵੰਤ ਸਿੰਘ ਜੀ, ਹਿਸਾਬ ਸ੍ਰ. ਹਰਬੰਸ ਸਿੰਘ ਜੀ, ਵਿਗਿਆਨ ਸ੍ਰੀ ਸ਼ਮਿੰਦਰ ਕੁਮਾਰ ਸ਼ਰਮਾ ਅਤੇ ਤਜਿੰਦਰ ਸਿੰਘ ਜੀ, ਹਿੰਦੀ ਸ਼੍ਰੀ. ਧਰਮਪਾਲ ਸ਼ਰਮਾ ਜੀ ਅਤੇ ਪੀਟੀ ਮਾਸਟਰ ਹੁੰਦੇ ਸਨ ਸ੍ਰ. ਸੁਖਦੇਵ ਸਿੰਘ ਜੀ। ਉਸ ਵੇਲੇ ਸਕੂਲ ਦੇ ਪ੍ਰਿੰਸੀਪਲ ਦਾ ਨਾਮ ਸੀ ਸ੍ਰੀ ਯਸ਼ਪਾਲ ਮਹਿਰਾ।
ਦਸਵੀਂ ਪਾਸ ਕਰਨ ਉਪਰੰਤ ਪੜ੍ਹਾਈ ਨੂੰ ਹਮੇਸ਼ਾਂ ਲਈ ਬ੍ਰੇਕ ਲੱਗ ਗਈ ਅਤੇ ਮੈਂ ਤਬਲਾ ਵਾਦਨ ਦਾ ਡਿਪਲੋਮਾ ਕਰਨ ਲਈ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅਨੰਦਪੁਰ ਸਾਹਿਬ ਦਾ ਟੈਸਟ ਪਾਸ ਕਰਕੇ, ਉੱਥੇ ਦਾਖ਼ਲਾ ਲੈ ਲਿਆ। ਇੱਥੋਂ ਦੇ ਕੁਝ ਅਧਿਆਪਕ ਸ੍ਰ. ਚਰਨਜੀਤ ਸਿੰਘ ਪਾਸਲਾ, ਪ੍ਰੋ. ਅਮਰਜੀਤ ਸਿੰਘ, ਸ੍ਰ. ਮਨੋਹਰ ਸਿੰਘ ਜੀ, ਸ੍ਰ. ਗੁਰਬਚਨ ਸਿੰਘ, ਉਸਤਾਦ ਬਲਜੀਤ ਸਿੰਘ ਜੀ ਅਤੇ ਮੇਰੀ ਜ਼ਿੰਦਗੀ ਵਿੱਚ ਅਹਿਮ ਥਾਂ ਰੱਖਣ ਵਾਲੇ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਸਨ, ਜੋ ਸਾਨੂੰ ਇਤਿਹਾਸ ਵੀ ਪੜ੍ਹਾਉਂਦੇ ਸਨ।
ਅੱਜ ਅਚਾਨਕ ਇਹਨਾਂ ਸਭ ਅਧਿਆਪਕਾਂ ਦਾ ਚੇਤਾ ਕਿਵੇਂ ਆ ਗਿਆ, ਦਰਅਸਲ ਮੈਂ ਉਹਨਾਂ ਨੂੰ ਕਦੇ ਭੁਲਿਆ ਹੀ ਨਹੀਂ ਹੈ, ਹਾਂ ਇਹ ਜ਼ਰੂਰ ਹੈ ਕਿ ਅੱਜ ਉਹਨਾਂ ਬਾਰੇ ਲਿਖ ਰਿਹਾ ਹਾਂ। ਜਿੰਨਾਂ ਦੀਆਂ ਸਿਖਿਆਵਾਂ ਅਤੇ ਉਪਦੇਸ਼ਾਂ ਦੀ ਬਦੌਲਤ ਅੱਜ ਲਿਖਣ-ਪੜ੍ਹਨ ਜਾਂ ਬੋਲਣ ਜੋਗਾ ਹੋ ਸਕਿਆ ਹਾਂ। ਅੱਜ-ਕੱਲ੍ਹ ਜਦ ਵਿਦਿਆ ਪ੍ਰਾਪਤੀ ਦੇ ਮੰਦਰ, ਕੇਵਲ ਵਪਾਰਕ ਅੱਡੇ ਬਣਦੇ ਦਿਸਦੇ ਹਨ, ਜਿੱਥੇ ਅਧਿਆਪਕ ਪੜ੍ਹਾਈ ਵੇਚਣ ਵਾਲਾ ਵਪਾਰੀ ਹੈ ਅਤੇ ਵਿਦਿਆਰਥੀ ਪੈਸੇ ਦੇ ਕੇ ਖ੍ਰੀਦਣ ਵਾਲਾ ਗ੍ਰਾਹਕ ਬਣ ਗਿਆ ਹਾਂ ਤਾਂ ਆਪਣੇ ਉਹਨਾਂ ਸਾਰੇ ਅਧਿਆਪਕਾਂ ਅੱਗੇ ਸਿਰ ਵਾਰ-ਵਾਰ ਝੁਕ ਜਾਂਦਾ ਹੈ, ਜਿੰਨਾਂ ਦੀ ਬਦੌਲਤ ਮੇਰੀ ਕੁਝ ਹਸਤੀ ਬਣ ਸਕੀ ਹੈ।
ਉੱਪਰ ਜਪਾਨ ਦੀ ਕਹਾਵਤ ਵਾਲੀ ਗੱਲ ਕਰਾਂ ਤਾਂ ਮੇਰਾ ਸਰਮਾਇਆ ਐਨਾ ਕੁ ਹੀ ਸੀ, ਕਿਉਂਕਿ ਬਾਕੀ ਦੀ ਬੀ.ਏ., ਐੱਮ.ਏ ਤੱਕ ਦੀ ਜਾਂ ਹੋਰ ਪੜ੍ਹਾਈ ਮੈਂ ਡਾਕ ਰਾਹੀਂ ਹੀ ਕੀਤੀ ਹੈ। ਪਰ ਇਹਨਾਂ ਚੰਗੇ ਅਧਿਆਪਕਾਂ ਦੇ ਨਾਲ ਬਿਤਾਏ ਪਲ ਅੱਜ ਵੀ ਇੰਜ ਯਾਦ ਨੇ ਜਿਵੇਂ ਇਹ ਦਿਨ ਕੱਲ੍ਹ ਦੀਆਂ ਗੱਲਾਂ ਹੋਣਾ।
ਦੋਸਤੋ! ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤਾ ਮਨੁੱਖ ਜ਼ਿੰਦਗੀ ਵਿਚਲੇ ਅਹਿਮ ਰਿਸ਼ਤਿਆਂ ਵਿੱਚੋਂ ਹੁੰਦਾ ਹੈ। ਹਰ ਅਧਿਆਪਕ ਲਈ ਜ਼ਰੂਰੀ ਹੈ ਕਿ ਬੱਚਿਆਂ ਦੇ ਮਨਾਂ ਅੰਦਰ ਵਿੱਦਿਆ ਪ੍ਰਤੀ ਚਾਨਣ ਪੈਦਾ ਕਰਨ ਦੇ ਨਾਲ ਨਾਲ ਨੈਤਿਕ ਗੁਣ ਪੈਦਾ ਕੀਤੇ ਜਾਣ। ਕਮਜ਼ੋਰ ਵਿਦਿਆਰਥੀਆਂ ਦੀ ਮੱਦਦ ਲਈ ਹਮੇਸ਼ਾ ਤਿਆਰ ਰਿਹਾ ਜਾਵੇ। ਵਿਦਿਆਰਥੀਆਂ ਅੰਦਰ ਚੰਗੇ ਸਦਾਚਾਰਕ ਗੁਣ ਪੈਦਾ ਕਰਨ ਲਈ ਅਧਿਆਪਕ ਦਾ ਆਪਣਾ ਜੀਵਣ ਵਿਦਿਆਰਥੀ ਲਈ ਸੱਭ ਤੋਂ ਪਹਿਲਾ ਪ੍ਰੇਰਣਾ ਸਰੋਤ ਹੋਵੇ। ਇਸ ਦੇ ਨਾਲ ਹੀ ਅਧਿਆਪਕ ਦੁਨਿਆਵੀ ਵਿਦਿਆ ਦੇ ਨਾਲ-ਨਾਲ ਬੱਚਿਆਂ ਨੂੰ ਕਾਦਰ ਅਤੇ ਕੁਦਰਤ ਦੀ ਭੂਮਿਕਾ ਬਾਰੇ ਵੀ ਜ਼ਰੂਰ ਦੱਸੇ ਭਾਵ ਵਿਦਿਆਰਥੀਆਂ ਨੂੰ ਪ੍ਰਮਾਤਮਾ ਨਾਲ ਜੋੜਨ ਦਾ ਵੀ ਜਤਨ ਕਰੇ। ਜਿਵੇਂ ਗੁਰਬਾਣੀ ਅੰਦਰ ਗੁਰੂ ਨਾਨਕ ਪਾਤਸ਼ਾਹ ਦਾ ਫ਼ੁਰਮਾਣ ਹੈ, ‘ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ॥ ਨਾਮੁ ਸਮਾਲਹੁ ਨਾਮੁ ਸੰਗਰਹੁ ਲਾਹਾ ਜਗ ਮਹਿ ਲੇਇ॥’ ਭਾਵ: ਉਹ ਪਾਂਧਾ ਗੁਰਮੁਖਿ ਆਖਣਾ ਚਾਹੀਦਾ ਹੈ ਜੋ ਆਪਣੇ ਸ਼ਾਗਿਰਦਾਂ ਨੂੰ ਇਹ ਸਿੱਖਿਆ ਦਿੰਦਾ ਹੈ ਕਿ ਹੇ ਵਿਦਿਆਰਥੀਓ ਪ੍ਰਭੂ ਦਾ ਨਾਮ ਜਪੋ ਅਤੇ ਨਾਮ ਧਨ ਇਕੱਠਾ ਕਰੋ।
ਅਖ਼ਿਰ ਵਿੱਚ ਮੈਂ ਤਾ-ਉਮਰ ਲਈ ਧੰਨਵਾਦੀ ਹਾਂ ਆਪਣੇ ਸਮੂਹ ਅਧਿਆਪਕਾਂ ਦਾ।