ਵਿਸਾਖੀ (ਕਵਿਤਾ)

ਓਮਕਾਰ ਸੂਦ ਬਹੋਨਾ   

Email: omkarsood4@gmail.com
Cell: +91 96540 36080
Address: 2467,ਐੱਸ.ਜੀ.ਐੱਮ.-ਨਗਰ
ਫ਼ਰੀਦਾਬਾਦ Haryana India 121001
ਓਮਕਾਰ ਸੂਦ ਬਹੋਨਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਫੇਰ ਵਿਸਾਖੀ ਆਈ ਅਸੀਂ ਮਨਾਵਾਂਗੇ!
ਦਿੱਲੀ ਦੇ ਬਾਰਡਰ ਤੇ ਰੌਣਕ ਲਾਵਾਂਗੇ!

ਜਸ਼ਨ ਮਨਾਉਣੇ-ਭੰਗੜੇ ਪਾਉਣੇ,
ਆਪਣੇ-ਆਪਣੇ ਰੱਬ ਧਿਆਉਣੇ,
ਟੈਂ ਨਹੀਂ ਮੰਨਦੇ ਅਸੀਂ ਕਿਸੇ ਦੀ-
ਆਪਣੇ ਰੰਗ ਜਮਾਵਾਂਗੇ!
ਫੇਰ ਵਿਸਾਖੀ ਆਈ ਅਸੀਂ ਮਨਾਵਾਂਗੇ!

ਫਸਲਾਂ ਸਾਡੀਆ ਖੇਤੀਂ ਪਈਆਂ,
ਸਾਡੀ ਕਰ ਉਡੀਕ ਨੇ ਰਹੀਆਂ,
ਬਾਰਡਰ ਉੱਤੇ ਰਹਿ ਕੇ ਵੀ ਅਸੀਂ-
ਫਸਲਾਂ ਸਾਂਭਣ ਜਾਵਾਂਗੇ!
ਫੇਰ ਵਿਸਾਖੀ ਆਈ ਅਸੀਂ ਮਨਾਵਾਂਗੇ!

ਕਿੰਨਾ ਮਰਜ਼ੀ ਸਿਤਮ ਕਮਾ ਲਏ,
ਹਾਕਮ ਲੱਖ ਪਾਬੰਦੀਆਂ ਲਾ ਲਏ,
ਹੱਕਾਂ ਦੇ ਲਈ ਆ ਬੈਠੇ ਹਾਂ-
ਹੱਕ ਆਪਣੇ ਲੈ ਜਾਵਾਂਗੇ!
ਫੇਰ ਵਿਸਾਖੀ ਆਈ ਅਸੀਂ ਮਨਾਵਾਂਗੇ!

ਹਲਵੇ-ਖੀਰਾਂ ਅਤੇ ਮਿਠਾਈਆਂ,
ਰਲ ਮਿਲ ਕੇ ਅਸੀਂ ਜਦੋਂ ਬਣਾਈਆਂ,
ਨੱਚਦੇ ਗਾਉਂਦੇ ਵੰਡ ਵੰਡਾ ਕੇ-
ਸਾਰੇ ਰਲ ਕੇ ਖਾਵਾਂਗੇ!
ਫੇਰ ਵਿਸਾਖੀ ਆਈ ਅਸੀਂ ਮਨਾਵਾਂਗੇ!

ਕਿਰਸਾਨਾਂ ਨੂੰ ਤਾਂ ਨਿੱਤ ਦਿਹਾੜੇ,
ਪੈਂਦੇ ਰਹਿੰਦੇ ਨਵੇਂ ਪੁਆੜੇ,
ਸਦੀਆਂ ਤੋਂ ਹਾਂ ਸਹਿੰਦੇ ਆਏ-
ਹੁਣ ਵੀ ਸਭ ਸਹਿ ਜਾਵਾਂਗੇ!
ਫੇਰ ਵਿਸਾਖੀ ਆਈ ਅਸੀਂ ਮਨਾਵਾਂਗੇ!

ਧੀਆ ਪੁੱਤਰ ਬੜੇ ਸਿਆਣੇ,
ਸਾਂਭ ਲੈਣਗੇ ਫਸਲ ਨਿਆਣੇ,
ਅਸੀਂ ਮੁਹਿੰਮ ਚਲਾਈ ਜਿਹੜੀ-
ਉਸਨੂੰ ਸਿਰੇ ਚੜ੍ਹਾਵਾਂਗੇ!
ਫੇਰ ਵਿਸਾਖੀ ਆਈ ਅਸੀਂ ਮਨਾਵਾਂਗੇ!

ਬੇਸ਼ੱਕ ਪੈ ਗਈ ਮੁਸ਼ਕਲ ਭਾਰੀ,
ਸਾਡੇ ਨਾਲ ਹੈ ਦੁਨੀਆਂ ਸਾਰੀ,
ਨਾ ਡਰਨਾ ਨਾ ਅਸੀਂ ਡਰਾਉਣਾ-
ਗੀਤ ਪਿਆਰ ਦੇ ਗਾਵਾਂਗੇ!
ਫੇਰ ਵਿਸਾਖੀ ਆਈ ਅਸੀਂ ਮਨਾਵਾਂਗੇ!
 
ਨਵੇਂ ਕਾਨੂੰਨਾ ਦੇ ਸਭ ਧੋਖੇ,
ਸਾਡੇ ਉੱਤੇ ਜਬਰੀ ਥੋਪੇ,
ਲਾਗੂ ਕਦੇ ਵੀ ਹੋਣ ਨਹੀਂ ਦੇਣੇ-
ਵਾਪਸ ਅਸੀਂ ਕਰਾਵਾਂਗੇ!
ਫੇਰ ਵਿਸਾਖੀ ਆਈ ਅਸੀਂ ਮਨਾਵਾਂਗੇ!

ਢੋਲਾਂ ਤੇ ਅਸੀਂ ਡੱਗੇ ਲਾਉਣੇ,
ਘੁੰਮ-ਘੁਮਾਂ ਕੇ ਭੰਗੜੇ ਪਾਉਣੇ,
ਮਸਤੀ ਦੇ ਵਿੱਚ ਹੱਸ-ਹਸਾ ਕੇ-
ਦਿੱਲੀ ਫ਼ਤਹਿ ਬੁਲਾਵਾਂਗੇ!
ਫੇਰ ਵਿਸਾਖੀ ਆਈ ਅਸੀਂ ਮਨਾਵਾਂਗੇ!